ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 158 ਗਉੜੀ ਗੁਆਰੇਰੀ ਮਹਲਾ ੩ ॥ ਗੁਰ ਤੇ ਗਿਆਨੁ ਪਾਏ ਜਨੁ ਕੋਇ ॥ ਗੁਰ ਤੇ ਬੂਝੈ ਸੀਝੈ ਸੋਇ ॥ ਗੁਰ ਤੇ ਸਹਜੁ ਸਾਚੁ ਬੀਚਾਰੁ ॥ ਗੁਰ ਤੇ ਪਾਏ ਮੁਕਤਿ ਦੁਆਰੁ ॥੧॥ ਪੂਰੈ ਭਾਗਿ ਮਿਲੈ ਗੁਰੁ ਆਇ ॥ ਸਾਚੈ ਸਹਜਿ ਸਾਚਿ ਸਮਾਇ ॥੧॥ ਰਹਾਉ ॥ ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ ॥ ਗੁਰ ਤੇ ਸਾਂਤਿ ਵਸੈ ਮਨਿ ਆਏ ॥ ਗੁਰ ਤੇ ਪਵਿਤ ਪਾਵਨ ਸੁਚਿ ਹੋਇ ॥ ਗੁਰ ਤੇ ਸਬਦਿ ਮਿਲਾਵਾ ਹੋਇ ॥੨॥ ਬਾਝੁ ਗੁਰੂ ਸਭ ਭਰਮਿ ਭੁਲਾਈ ॥ ਬਿਨੁ ਨਾਵੈ ਬਹੁਤਾ ਦੁਖੁ ਪਾਈ ॥ ਗੁਰਮੁਖਿ ਹੋਵੈ ਸੁ ਨਾਮੁ ਧਿਆਈ ॥ ਦਰਸਨਿ ਸਚੈ ਸਚੀ ਪਤਿ ਹੋਈ ॥੩॥ ਕਿਸ ਨੋ ਕਹੀਐ ਦਾਤਾ ਇਕੁ ਸੋਈ ॥ ਕਿਰਪਾ ਕਰੇ ਸਬਦਿ ਮਿਲਾਵਾ ਹੋਈ ॥ ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥ ਨਾਨਕ ਸਾਚੇ ਸਾਚਿ ਸਮਾਵਾ ॥੪॥੨॥੨੨॥ {ਪੰਨਾ 158} ਪਦ ਅਰਥ: ਤੇ = ਤੋਂ ਪਾਸੋਂ। ਗਿਆਨੁ = ਡੂੰਘੀ ਸਾਂਝ। ਸੀਝੈ = ਕਾਮਯਾਬ ਹੋ ਜਾਂਦਾ ਹੈ। ਸਹਜੁ = ਆਤਮਕ ਅਡੋਲਤਾ।1। ਭਾਗਿ = ਕਿਸਮਤ ਨਾਲ। ਸਹਜਿ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ।1। ਰਹਾਉ। ਆਏ = ਆਇ, ਆ ਕੇ। ਸੁਚਿ = ਪਵਿਤ੍ਰਤਾ।2। ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪਈ ਹੋਈ। ਪਤਿ = ਇੱਜ਼ਤ।3। ਨੋ = ਨੂੰ। ਇਕੁ ਸੋਈ = ਸਿਰਫ਼ ਉਹ ਪ੍ਰਭੂ ਹੀ। ਮਿਲਿ = ਮਿਲ ਕੇ। ਗਾਵਾਂ = ਮੈਂ ਗਾਵਾਂ।4। ਅਰਥ: ਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਆ ਕੇ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਉਹ ਸਦਾ-ਥਿਰ ਰਹਿਣ ਵਾਲੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।1। ਰਹਾਉ। ਕੋਈ (ਭਾਗਾਂ ਵਾਲਾ) ਮਨੁੱਖ ਗੁਰੂ ਪਾਸੋਂ ਪਰਮਾਤਮਾ ਨਾਲ ਡੂੰਘੀ ਸਾਂਝ ਹਾਸਲ ਕਰਦਾ ਹੈ। ਜੇਹੜਾ ਮਨੁੱਖ ਗੁਰੂ ਪਾਸੋਂ (ਇਹ ਰਾਜ਼) ਸਮਝ ਲੈਂਦਾ ਹੈ, ਉਹ (ਜੀਵਨ-ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ। ਉਹ ਮਨੁੱਖ ਗੁਰੂ ਪਾਸੋਂ ਟਿਕਵੀਂ ਆਤਮਕ ਅਡੋਲਤਾ ਪ੍ਰਾਪਤ ਕਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਦੇ ਗੁਣਾਂ) ਦੀ ਵਿਚਾਰ ਹਾਸਲ ਕਰ ਲੈਂਦਾ ਹੈ ਉਹ ਮਨੁੱਖ ਗੁਰੂ ਪਾਸੋਂ (ਵਿਕਾਰਾਂ ਤੋਂ) ਖ਼ਲਾਸੀ (ਹਾਸਲ ਕਰਨ) ਦਾ ਦਰਵਾਜ਼ਾ ਲੱਭ ਲੈਂਦਾ ਹੈ।1। ਜੇ ਗੁਰੂ ਮਿਲ ਪਏ ਤਾਂ (ਮਨੁੱਖ ਆਪਣੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ, ਗੁਰੂ ਦੀ ਰਾਹੀਂ ਹੀ (ਮਨੁੱਖ ਦੇ) ਮਨ ਵਿਚ ਸ਼ਾਂਤੀ ਆ ਵੱਸਦੀ ਹੈ, ਗੁਰੂ ਪਾਸੋਂ ਹੀ ਆਤਮਕ ਪਵਿਤ੍ਰਤਾ ਆਤਮਕ ਸੁੱਚ ਮਿਲਦੀ ਹੈ। ਗੁਰੂ ਦੀ ਰਾਹੀਂ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ।2। ਗੁਰੂ ਤੋਂ ਬਿਨਾ ਸਾਰੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ (ਤੇ ਪ੍ਰਭੂ ਤੇ ਨਾਮ ਤੋਂ ਖੁੰਝੀ ਰਹਿੰਦੀ ਹੈ) , ਪ੍ਰਭੂ ਦੇ ਨਾਮ ਤੋਂ ਬਿਨਾ (ਲੁਕਾਈ) ਬਹੁਤ ਦੁੱਖ ਪਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ। ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆਂ ਸਦਾ-ਥਿਰ ਪ੍ਰਭੂ ਵਿਚ ਟਿਕਿਆਂ ਉਸ ਨੂੰ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ।3। (ਪਰ, ਹੇ ਭਾਈ! ਪ੍ਰਭੂ-ਨਾਮ ਦੀ ਇਸ ਦਾਤਿ ਵਾਸਤੇ ਪ੍ਰਭੂ ਤੋਂ ਬਿਨਾ ਹੋਰ) ਕਿਸ ਨੂੰ ਬੇਨਤੀ ਕੀਤੀ ਜਾਏ? ਸਿਰਫ਼ ਪਰਮਾਤਮਾ ਹੀ ਇਹ ਦਾਤਿ ਦੇਣ ਦੇ ਸਮਰੱਥ ਹੈ। ਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ। ਨਾਨਕ (ਦੀ ਭੀ ਇਹੀ ਅਰਦਾਸ ਹੈ ਕਿ) ਪ੍ਰੀਤਮ ਗੁਰੂ ਨੂੰ ਮਿਲ ਕੇ ਮੈਂ (ਭੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਾਂ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਾਂ।4।2। 22। ਗਉੜੀ ਗੁਆਰੇਰੀ ਮਹਲਾ ੩ ॥ ਸੁ ਥਾਉ ਸਚੁ ਮਨੁ ਨਿਰਮਲੁ ਹੋਇ ॥ ਸਚਿ ਨਿਵਾਸੁ ਕਰੇ ਸਚੁ ਸੋਇ ॥ ਸਚੀ ਬਾਣੀ ਜੁਗ ਚਾਰੇ ਜਾਪੈ ॥ ਸਭੁ ਕਿਛੁ ਸਾਚਾ ਆਪੇ ਆਪੈ ॥੧॥ ਕਰਮੁ ਹੋਵੈ ਸਤਸੰਗਿ ਮਿਲਾਏ ॥ ਹਰਿ ਗੁਣ ਗਾਵੈ ਬੈਸਿ ਸੁ ਥਾਏ ॥੧॥ ਰਹਾਉ ॥ ਜਲਉ ਇਹ ਜਿਹਵਾ ਦੂਜੈ ਭਾਇ ॥ ਹਰਿ ਰਸੁ ਨ ਚਾਖੈ ਫੀਕਾ ਆਲਾਇ ॥ ਬਿਨੁ ਬੂਝੇ ਤਨੁ ਮਨੁ ਫੀਕਾ ਹੋਇ ॥ ਬਿਨੁ ਨਾਵੈ ਦੁਖੀਆ ਚਲਿਆ ਰੋਇ ॥੨॥ ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ ॥ ਗੁਰ ਕਿਰਪਾ ਤੇ ਸਚਿ ਸਮਾਇ ॥ ਸਾਚੇ ਰਾਤੀ ਗੁਰ ਸਬਦੁ ਵੀਚਾਰ ॥ ਅੰਮ੍ਰਿਤੁ ਪੀਵੈ ਨਿਰਮਲ ਧਾਰ ॥੩॥ ਨਾਮਿ ਸਮਾਵੈ ਜੋ ਭਾਡਾ ਹੋਇ ॥ ਊਂਧੈ ਭਾਂਡੈ ਟਿਕੈ ਨ ਕੋਇ ॥ ਗੁਰ ਸਬਦੀ ਮਨਿ ਨਾਮਿ ਨਿਵਾਸੁ ॥ ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ॥੪॥੩॥੨੩॥ {ਪੰਨਾ 158} ਪਦ ਅਰਥ: ਸੁ = ਉਹ। ਸਚੁ = ਸਦਾ-ਥਿਰ। ਸਚਿ = ਸਦਾ-ਥਿਰ ਪ੍ਰਭੂ ਵਿਚ। ਜਾਪੈ = ਪਰਗਟ ਹੁੰਦੀ ਹੈ। ਆਪੈ = ਆਪਣੇ ਆਪ ਤੋਂ।1। ਕਰਮੁ = ਮਿਹਰ। ਸਤਸੰਗਿ = ਸਤਸੰਗ ਵਿਚ। ਬੈਸਿ = ਬੈਠ ਕੇ। ਥਾਏ = ਥਾਇ, ਥਾਂ ਵਿਚ।1। ਰਹਾਉ। ਜਲਉ = ਸੜ ਜਾਏ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ, ਹੋਰ ਹੋਰ ਸੁਆਦ ਵਿਚ। ਆਲਾਇ = ਬੋਲਦੀ ਹੈ। ਬਿਨੁ ਬੂਝੈ = (ਹਰਿ ਰਸ ਦਾ ਸੁਆਦ) ਸਮਝਣ ਤੋਂ ਬਿਨਾ। ਰੋਇ = ਰੋ ਕੇ, ਦੁਖੀ ਹੋ ਕੇ।2। ਰਸਨਾ = ਜੀਭ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।3। ਭਾਂਡਾ = ਯੋਗ ਪਾਤਰ, ਸੁੱਧ ਹਿਰਦਾ। ਊਂਧੈ ਭਾਂਡੈ = ਹਿਰਦੇ ਵਿਚ, ਉਸ ਹਿਰਦੇ ਵਿਚ ਜੋ ਪ੍ਰਭੂ ਵਲੋਂ ਉਲਟਿਆ ਹੋਇਆ ਹੈ। ਨਾਮਿ ਨਿਵਾਸੁ = ਨਾਮਿ ਦਾ ਨਿਵਾਸੁ।4। ਅਰਥ: (ਜਿਸ ਮਨੁੱਖ ਉਤੇ ਪਰਮਾਤਮਾ ਦੀ) ਕਿਰਪਾ ਹੋਵੇ (ਉਸ ਨੂੰ ਉਹ) ਸਤਸੰਗ ਵਿਚ ਮਿਲਾਂਦਾ ਹੈ, ਉਸ ਥਾਂ ਵਿਚ ਉਹ ਮਨੁੱਖ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ।1। ਰਹਾਉ। ਉਹ (ਸਤਸੰਗ) ਥਾਂ ਸੱਚਾ ਥਾਂ ਹੈ, (ਉਥੇ ਬੈਠਿਆਂ ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ, ਸਦਾ-ਥਿਰ ਪ੍ਰਭੂ ਵਿਚ (ਮਨੁੱਖ ਦਾ ਮਨ) ਨਿਵਾਸ ਕਰਦਾ ਹੈ (ਸਤ ਸੰਗ ਦੀ ਬਰਕਤਿ ਨਾਲ ਮਨੁੱਖ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ। (ਸਤਸੰਗ ਵਿਚ ਰਹਿ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਚੌਹਾਂ ਜੁਗਾਂ ਵਿਚ ਪ੍ਰਸਿੱਧ ਹੋ ਜਾਂਦਾ ਹੈ, (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਇਹ ਸਾਰਾ ਆਕਾਰ ਸਦਾ-ਥਿਰ ਪ੍ਰਭੂ ਆਪ ਹੀ ਆਪਣੇ ਆਪ ਤੋਂ ਬਣਾਣ ਵਾਲਾ ਹੈ।1। ਸੜ ਜਾਏ ਇਹ ਜੀਭ ਜੇ ਇਹ ਹੋਰ ਹੋਰ ਸੁਆਦਾਂ ਵਿਚ ਹੀ ਰਹਿੰਦੀ ਹੈ, ਜੇ ਇਹ ਪ੍ਰਭੂ ਦੇ ਨਾਮ ਦਾ ਸੁਆਦ ਤਾਂ ਨਹੀਂ ਚੱਖਦੀ, ਪਰ (ਨਿੰਦਾ ਆਦਿਕ ਦੇ) ਫਿੱਕੇ ਬੋਲ ਹੀ ਬੋਲਦੀ ਹੈ। ਪਰਮਾਤਮਾ ਦੇ ਨਾਮ ਦਾ ਸੁਆਦ ਸਮਝਣ ਤੋਂ ਬਿਨਾ ਮਨੁੱਖ ਦਾ ਮਨ ਫਿੱਕਾ (ਪ੍ਰੇਮ ਤੋਂ ਸੱਖਣਾ) ਹੋ ਜਾਂਦਾ ਹੈ, ਸਰੀਰ ਭੀ ਫਿੱਕਾ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਭੀ ਦੁਨੀਆ ਦੇ ਹੋਛੇ ਪਦਾਰਥਾਂ ਵਲ ਦੌੜਨ ਦੇ ਆਦੀ ਹੋ ਜਾਂਦੇ ਹਨ) । ਨਾਮ ਤੋਂ ਵਾਂਜਿਆ ਰਹਿ ਕੇ ਮਨੁੱਖ ਦੁਖੀ ਜੀਵਨ ਬਿਤੀਤ ਕਰਦਾ ਹੈ, ਦੁਖੀ ਹੋ ਕੇ ਹੀ ਇਥੋਂ ਆਖ਼ਰ ਚਲਾ ਜਾਂਦਾ ਹੈ।2। (ਜਿਸ ਮਨੁੱਖ ਦੀ) ਜੀਭ ਨੇ ਹਰਿ-ਨਾਮ ਦਾ ਸੁਆਦ ਚੱਖਿਆ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਗਨ ਰਹਿੰਦਾ ਹੈ, ਗੁਰੂ ਦੀ ਮਿਹਰ ਨਾਲ ਉਹ ਸਦਾ-ਥਿਰ ਪ੍ਰਭੂ (ਦੀ ਸਿਫ਼ਤਿ-ਸਾਲਾਹ) ਵਿਚ ਰੰਗੀ ਰਹਿੰਦੀ ਹੈ, ਗੁਰੂ ਦਾ ਸ਼ਬਦ ਹੀ ਉਸ ਦੀ ਵਿਚਾਰ ਬਣਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਨਾਮ-ਜਲ ਦੀ ਪਵਿਤ੍ਰ ਧਾਰ ਪੀਂਦਾ ਹੈ।3। (ਗੁਰੂ ਦੀ ਕਿਰਪਾ ਨਾਲ) ਜੇਹੜਾ ਹਿਰਦਾ ਸੁੱਧ ਹੋ ਜਾਂਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ। ਪਰਮਾਤਮਾ ਵਲੋਂ ਉਲਟੇ ਹੋਏ ਹਿਰਦੇ ਵਿਚ ਕੋਈ ਗੁਣ ਨਹੀਂ ਟਿਕਦਾ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਹੇ ਨਾਨਕ! ਉਸ ਮਨੁੱਖ ਦਾ ਹਿਰਦਾ ਅਸਲ ਹਿਰਦਾ ਹੈ ਜਿਸ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਤਾਂਘ ਲੱਗੀ ਰਹਿੰਦੀ ਹੈ।4।3। 23। ਗਉੜੀ ਗੁਆਰੇਰੀ ਮਹਲਾ ੩ ॥ ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥ ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥ ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥ ਸਾਚੀ ਬਾਣੀ ਸਬਦ ਬੀਚਾਰੁ ॥੧॥ ਗਾਵਤ ਰਹੈ ਜੇ ਸਤਿਗੁਰ ਭਾਵੈ ॥ ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ ਰਹਾਉ ॥ ਇਕਿ ਗਾਵਹਿ ਇਕਿ ਭਗਤਿ ਕਰੇਹਿ ॥ ਨਾਮੁ ਨ ਪਾਵਹਿ ਬਿਨੁ ਅਸਨੇਹ ॥ ਸਚੀ ਭਗਤਿ ਗੁਰ ਸਬਦ ਪਿਆਰਿ ॥ ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥੨॥ ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥ ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥ ਨਚਿਐ ਟਪਿਐ ਭਗਤਿ ਨ ਹੋਇ ॥ ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥੩॥ ਭਗਤਿ ਵਛਲੁ ਭਗਤਿ ਕਰਾਏ ਸੋਇ ॥ ਸਚੀ ਭਗਤਿ ਵਿਚਹੁ ਆਪੁ ਖੋਇ ॥ ਮੇਰਾ ਪ੍ਰਭੁ ਸਾਚਾ ਸਭ ਬਿਧਿ ਜਾਣੈ ॥ ਨਾਨਕ ਬਖਸੇ ਨਾਮੁ ਪਛਾਣੈ ॥੪॥੪॥੨੪॥ {ਪੰਨਾ 158-159} ਪਦ ਅਰਥ: ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮਨਿ = ਮਨ ਵਿਚ। ਸਾਦੁ = ਆਨੰਦ, ਸੁਆਦ। ਜਾਇ = ਜਾਂਦਾ ਹੈ।1। ਸਤਿਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ। ਨਾਮਿ = ਨਾਮ ਵਿਚ। ਸੁਹਾਵੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।1। ਰਹਾਉ। ਭਗਤਿ ਕਰੇਹਿ = ਰਾਸਾਂ ਪਾਂਦੇ ਹਨ। ਅਸਨੇਹ = {Ônyh} ਪਿਆਰ। ਪਿਆਰਿ = ਪਿਆਰ ਵਿਚ। ਉਰਿ = ਹਿਰਦੇ ਵਿਚ।2। ਆਪੁ = ਆਪਣੇ ਆਪ ਨੂੰ। ਆਪੁ ਜਣਾਵਹਿ = ਆਪਣੇ ਆਪ ਨੂੰ ਭਗਤ ਜ਼ਾਹਰ ਕਰਦੇ ਹਨ। ਮਰੈ = ਆਪਾ-ਭਾਵ ਵਲੋਂ ਮਰਦਾ ਹੈ। ਸੋਇ = ਉਹ ਹੀ।3। ਵਛਲੁ = {vÄsl} ਪਿਆਰ ਕਰਨ ਵਾਲਾ। ਸਚੀ = ਸਦਾ-ਥਿਰ ਰਹਿਣ ਵਾਲੀ, ਪਰਵਾਨ। ਸਭ ਬਿਧਿ = ਹਰੇਕ ਢੰਗ।4। ਅਰਥ: ਜੇ ਗੁਰੂ ਨੂੰ ਚੰਗਾ ਲੱਗੇ (ਜੇ ਗੁਰੂ ਮਿਹਰ ਕਰੇ ਤਾਂ ਉਸ ਦੀ ਮਿਹਰ ਦਾ ਸਦਕਾ ਉਸ ਦੀ ਸਰਨ ਆਇਆ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ ਉਸ ਦਾ ਤਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ ਤੇ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।1। ਰਹਾਉ। ਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ (ਤਾਂ) ਰਹਿੰਦੇ ਹਨ (ਪਰ ਉਹਨਾਂ ਦੇ) ਮਨ ਵਿਚ ਕੋਈ ਆਨੰਦ ਪੈਦਾ ਨਹੀਂ ਹੁੰਦਾ (ਕਿਉਂਕਿ ਉਹ ਆਪਣੇ ਭਗਤ ਹੋਣ ਦੀ) ਹਉਮੈ ਵਿਚ (ਭਗਤੀ ਦੇ ਗੀਤ) ਗਾਂਦੇ ਹਨ (ਉਹਨਾਂ ਦਾ ਇਹ ਉੱਦਮ) ਵਿਅਰਥ ਚਲਾ ਜਾਂਦਾ ਹੈ। (ਸਿਫ਼ਤਿ-ਸਾਲਾਹ ਦੇ ਗੀਤ) ਅਸਲ ਵਿਚ ਉਹ ਮਨੁੱਖ ਗਾਂਦੇ ਹਨ, ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ, ਜੇਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ, ਸ਼ਬਦ ਦਾ ਵਿਚਾਰ (ਆਪਣੇ ਹਿਰਦੇ ਵਿਚ ਟਿਕਾਂਦੇ ਹਨ) ।1। ਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ ਹਨ ਤੇ ਰਾਸਾਂ ਪਾਂਦੇ ਹਨ, ਪਰ ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ। ਉਹਨਾਂ ਦੀ ਹੀ ਭਗਤੀ ਪਰਵਾਨ ਹੁੰਦੀ ਹੈ, ਜੇਹੜੇ ਗੁਰੂ ਦੇ ਸ਼ਬਦ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ, ਜਿਨ੍ਹਾਂ ਨੇ ਆਪਣੇ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਿਆ ਹੋਇਆ ਹੈ।2। ਮੂਰਖ ਲੋਕ ਰਾਸਾਂ ਪਾਂਦੇ ਹਨ ਤੇ ਆਪਣੇ ਆਪ ਨੂੰ ਭਗਤ ਪਰਗਟ ਕਰਦੇ ਹਨ, (ਉਹ ਮੂਰਖ ਰਾਸਾਂ ਪਾਣ ਵੇਲੇ) ਨੱਚ ਨੱਚ ਕੇ ਟੱਪਦੇ ਹਨ (ਪਰ ਅੰਤਰ ਆਤਮੇ ਹਉਮੈ ਦੇ ਕਾਰਨ ਆਤਮਕ ਆਨੰਦ ਦੇ ਥਾਂ) ਦੁਖ ਹੀ ਦੁਖ ਪਾਂਦੇ ਹਨ। ਨੱਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ। ਪਰਮਾਤਮਾ ਦੀ ਭਗਤੀ ਉਹੀ ਮਨੁੱਖ ਪ੍ਰਾਪਤ ਕਰ ਸਕਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ, ਹਉਮੈ ਵਲੋਂ) ਮਰਦਾ ਹੈ।3। (ਪਰ ਜੀਵਾਂ ਦੇ ਕੀਹ ਵੱਸ?) ਭਗਤੀ ਨਾਲ ਪਿਆਰ ਕਰਨ ਵਾਲਾ ਉਹ ਪਰਮਾਤਮਾ ਸਭ ਜੀਵਾਂ ਦੇ ਢੰਗ ਜਾਣਦਾ ਹੈ (ਕਿ ਇਹ ਭਗਤੀ ਕਰਦੇ ਹਨ ਜਾਂ ਪਖੰਡ) । ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ ਉਹ ਮਨੁੱਖ ਉਸ ਦੇ ਨਾਮ ਨੂੰ ਪਛਾਣਦਾ ਹੈ (ਨਾਮ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ।4। 4। 24। |
Sri Guru Granth Darpan, by Professor Sahib Singh |