ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 159 ਗਉੜੀ ਗੁਆਰੇਰੀ ਮਹਲਾ ੩ ॥ ਮਨੁ ਮਾਰੇ ਧਾਤੁ ਮਰਿ ਜਾਇ ॥ ਬਿਨੁ ਮੂਏ ਕੈਸੇ ਹਰਿ ਪਾਇ ॥ ਮਨੁ ਮਰੈ ਦਾਰੂ ਜਾਣੈ ਕੋਇ ॥ ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥ ਜਿਸ ਨੋ ਬਖਸੇ ਦੇ ਵਡਿਆਈ ॥ ਗੁਰ ਪਰਸਾਦਿ ਹਰਿ ਵਸੈ ਮਨਿ ਆਈ ॥੧॥ ਰਹਾਉ ॥ ਗੁਰਮੁਖਿ ਕਰਣੀ ਕਾਰ ਕਮਾਵੈ ॥ ਤਾ ਇਸੁ ਮਨ ਕੀ ਸੋਝੀ ਪਾਵੈ ॥ ਮਨੁ ਮੈ ਮਤੁ ਮੈਗਲ ਮਿਕਦਾਰਾ ॥ ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥ ਮਨੁ ਅਸਾਧੁ ਸਾਧੈ ਜਨੁ ਕੋਇ ॥ ਅਚਰੁ ਚਰੈ ਤਾ ਨਿਰਮਲੁ ਹੋਇ ॥ ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥ ਹਉਮੈ ਵਿਚਹੁ ਤਜੇ ਵਿਕਾਰ ॥੩॥ ਜੋ ਧੁਰਿ ਰਾਖਿਅਨੁ ਮੇਲਿ ਮਿਲਾਇ ॥ ਕਦੇ ਨ ਵਿਛੁੜਹਿ ਸਬਦਿ ਸਮਾਇ ॥ ਆਪਣੀ ਕਲਾ ਆਪੇ ਹੀ ਜਾਣੈ ॥ ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥ {ਪੰਨਾ 159} ਪਦ ਅਰਥ: ਮਾਰੇ = ਵੱਸ ਵਿਚ ਕਰ ਲੈਂਦਾ ਹੈ। ਧਾਤੁ = ਭਟਕਣਾ {sz: Dw}।1। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਲੋਪ ਹੋ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਪਰਸਾਦਿ = ਕਿਰਪਾ ਨਾਲ।1। ਰਹਾਉ। ਕਰਣੀ = {krxIX} ਕਰਤੱਬ, ਆਚਰਨ। ਮੈ ਮਤੁ = ਸ਼ਰਾਬ ਨਾਲ ਮਸਤ। ਮੈ = ਸ਼ਰਾਬ। ਮਿਕਦਾਰਾ = ਵਾਂਗ। ਅੰਕਸੁ = ਕੁੰਡਾ (ਜਿਸ ਨਾਲ ਹਾਥੀ ਨੂੰ ਚਲਾਈਦਾ ਹੈ) ।2। ਕੋਇ = ਕੋਈ ਵਿਰਲਾ। ਅਚਰੁ = {Acr = immoveable} ਅਮੋੜ-ਪਨ। ਚਰੈ = {cr` = to consume} ਮੁਕਾ ਲੈਂਦਾ ਹੈ।3। ਰਾਖਿਅਨੁ = ਰਾਖੇ ਉਨਿ, ਉਸ (ਪ੍ਰਭੂ) ਨੇ ਰੱਖ ਲਏ। ਕਲਾ = ਤਾਕਤ, ਸ਼ਕਤੀ।4। ਅਰਥ: (ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ (ਇਹ) ਵਡਿਆਈ ਦੇਂਦਾ ਹੈ (ਕਿ) ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।1। ਰਹਾਉ। (ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ) ਮਨ ਨੂੰ ਕਾਬੂ ਕਰ ਲੈਂਦਾ ਹੈ, ਉਸ ਮਨੁੱਖ ਦੀ (ਮਾਇਆ ਵਾਲੀ) ਭਟਕਣਾ ਮੁੱਕ ਜਾਂਦੀ ਹੈ। ਮਨ ਵੱਸ ਵਿਚ ਆਉਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਸੇ ਮਨੁੱਖ ਦਾ ਮਨ ਵੱਸ ਵਿਚ ਆਉਂਦਾ ਹੈ, ਜੇਹੜਾ ਇਸ ਨੂੰ ਵੱਸ ਲਿਆਉਣ ਦੀ ਦਵਾਈ ਜਾਣਦਾ ਹੈ, (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਉਹੀ ਸਮਝਦਾ ਹੈ ਕਿ ਮਨ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵੱਸ ਵਿਚ ਆ ਸਕਦਾ ਹੈ।1। ਜਦੋਂ ਮਨੁੱਖ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਲਾ ਆਚਰਨ ਬਣਾਣ ਦੀ ਕਾਰ ਕਰਦਾ ਹੈ, ਤਦੋਂ ਉਸ ਨੂੰ ਇਸ ਮਨ (ਦੇ ਸੁਭਾਵ) ਦੀ ਸਮਝ ਆ ਜਾਂਦੀ ਹੈ, (ਤਦੋਂ ਉਹ ਸਮਝ ਲੈਂਦਾ ਹੈ ਕਿ) ਮਨ ਹਉਮੈ ਵਿਚ ਮਸਤ ਰਹਿੰਦਾ ਹੈ ਜਿਵੇਂ ਕੋਈ ਹਾਥੀ ਸ਼ਰਾਬ ਵਿਚ ਮਸਤ ਹੋਵੇ। ਗੁਰੂ ਹੀ (ਆਤਮਕ ਮੌਤੇ ਮਰੇ ਹੋਏ ਇਸ ਮਨ ਨੂੰ ਆਪਣੇ ਸ਼ਬਦ ਦਾ) ਅੰਕੁਸ ਮਾਰ ਕੇ (ਮੁੜ) ਆਤਮਕ ਜੀਵਨ ਦੇਣ ਦੇ ਸਮਰੱਥ ਹੈ।2। (ਇਹ) ਮਨ (ਸੌਖੇ ਤਰੀਕੇ ਨਾਲ) ਵੱਸ ਵਿਚ ਨਹੀਂ ਆ ਸਕਦਾ, ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ ਇਸ ਨੂੰ) ਵੱਸ ਵਿਚ ਲਿਆਉਂਦਾ ਹੈ। ਜਦੋਂ ਮਨੁੱਖ (ਗੁਰੂ ਦੀ ਸਹਾਇਤਾ ਨਾਲ ਆਪਣੇ ਮਨ ਦੇ) ਅਮੋੜ-ਪੁਣੇ ਨੂੰ ਮੁਕਾ ਲੈਂਦਾ ਹੈ, ਤਦੋਂ ਮਨ ਪਵਿਤ੍ਰ ਹੋ ਜਾਂਦਾ ਹੈ। ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ, ਉਹ (ਆਪਣੇ ਅੰਦਰੋਂ) ਹਉਮੈ ਛੱਡ ਦੇਂਦਾ ਹੈ ਵਿਕਾਰ ਤਿਆਗ ਦੇਂਦਾ ਹੈ।3। ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੀ ਧੁਰ ਦਰਗਾਹ ਤੋਂ ਹੀ ਗੁਰੂ ਦੇ ਚਰਨਾਂ ਵਿਚ ਜੋੜ ਕੇ (ਵਿਕਾਰਾਂ ਵਲੋਂ) ਰੱਖ ਲਿਆ ਹੈ, ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿ ਕੇ ਕਦੇ ਉਸ ਪਰਮਾਤਮਾ ਨਾਲੋਂ ਵਿਛੁੜਦੇ ਨਹੀਂ। ਹੇ ਨਾਨਕ! ਪਰਮਾਤਮਾ ਆਪਣੀ ਇਹ ਗੁਝੀ ਤਾਕਤ ਆਪ ਹੀ ਜਾਣਦਾ ਹੈ। (ਇਕ ਗੱਲ ਪਰਤੱਖ ਹੈ ਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਪਛਾਣ ਲੈਂਦਾ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ) ।4।5। 25। ਗਉੜੀ ਗੁਆਰੇਰੀ ਮਹਲਾ ੩ ॥ ਹਉਮੈ ਵਿਚਿ ਸਭੁ ਜਗੁ ਬਉਰਾਨਾ ॥ ਦੂਜੈ ਭਾਇ ਭਰਮਿ ਭੁਲਾਨਾ ॥ ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ ॥ ਧੰਧਾ ਕਰਤਿਆ ਅਨਦਿਨੁ ਵਿਹਾਨਾ ॥੧॥ ਹਿਰਦੈ ਰਾਮੁ ਰਮਹੁ ਮੇਰੇ ਭਾਈ ॥ ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥੧॥ ਰਹਾਉ ॥ ਗੁਰਮੁਖਿ ਹਿਰਦੈ ਜਿਨਿ ਰਾਮੁ ਪਛਾਤਾ ॥ ਜਗਜੀਵਨੁ ਸੇਵਿ ਜੁਗ ਚਾਰੇ ਜਾਤਾ ॥ ਹਉਮੈ ਮਾਰਿ ਗੁਰ ਸਬਦਿ ਪਛਾਤਾ ॥ ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ ॥੨॥ ਸੇ ਜਨ ਸਚੇ ਜੋ ਗੁਰ ਸਬਦਿ ਮਿਲਾਏ ॥ ਧਾਵਤ ਵਰਜੇ ਠਾਕਿ ਰਹਾਏ ॥ ਨਾਮੁ ਨਵ ਨਿਧਿ ਗੁਰ ਤੇ ਪਾਏ ॥ ਹਰਿ ਕਿਰਪਾ ਤੇ ਹਰਿ ਵਸੈ ਮਨਿ ਆਏ ॥੩॥ ਰਾਮ ਰਾਮ ਕਰਤਿਆ ਸੁਖੁ ਸਾਂਤਿ ਸਰੀਰ ॥ ਅੰਤਰਿ ਵਸੈ ਨ ਲਾਗੈ ਜਮ ਪੀਰ ॥ ਆਪੇ ਸਾਹਿਬੁ ਆਪਿ ਵਜੀਰ ॥ ਨਾਨਕ ਸੇਵਿ ਸਦਾ ਹਰਿ ਗੁਣੀ ਗਹੀਰ ॥੪॥੬॥੨੬॥ ਪਦ ਅਰਥ: ਬਉਰਾਨਾ = ਝੱਲਾ ਹੋ ਰਿਹਾ ਹੈ। ਭਾਇ = ਭਾਉ ਦੇ ਕਾਰਨ। ਦੂਜੈ ਭਾਇ = ਮਾਇਆ ਦੇ ਪਿਆਰ ਦੇ ਕਾਰਨ। ਭਰਮਿ = ਭਟਕਣਾ ਵਿਚ (ਪੈ ਕੇ) । ਭੁਲਾਨਾ = ਕੁਰਾਹੇ ਪੈ ਗਿਆ ਹੈ। ਚਿੰਤਾ ਚਿਤਵੈ = ਸੋਚਾਂ ਸੋਚਦਾ ਹੈ। ਆਪੁ = ਆਪਣੇ ਆਤਮਕ ਜੀਵਨ ਨੂੰ। ਅਨਦਿਨੁ = ਹਰੇਕ ਦਿਨ।1। ਰਮਹੁ = ਸਿਮਰੋ। ਭਾਈ = ਹੇ ਭਾਈ! ਰਸਨਾ = ਜੀਭ। ਰਸਾਈ = ਰਸਾਇ, ਰਸੀਲੀ ਬਣਾ।1। ਰਹਾਉ। ਜਿਨਿ = ਜਿਸ ਨੇ। ਜਗਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਜਾਤਾ = ਪਰਗਟ ਹੋ ਗਿਆ। ਕਰਮ ਬਿਧਾਤਾ = (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ ਪੈਦਾ ਕਰਨ ਵਾਲਾ।2। ਸਚੇ = ਸਦਾ-ਥਿਰ ਪ੍ਰਭੂ ਦਾ ਰੂਪ। ਵਰਜੇ = ਰੋਕ ਲਏ। ਠਾਕਿ = ਰੋਕ ਕੇ। ਨਵ ਨਿਧਿ = ਨੌ ਖ਼ਜ਼ਾਨੇ।3। ਸੁਖੁ = ਆਤਮਕ ਆਨੰਦ। ਨ ਲਾਗੈ = ਨਹੀਂ ਪੋਹ ਸਕਦਾ। ਜਮ ਪੀਰ = ਜਮ ਦਾ ਦੁੱਖ। ਗੁਣੀ = ਗੁਣਾਂ ਦਾ ਮਾਲਕ। ਗਹੀਰ = ਡੂੰਘਾ, ਜਿਗਰੇ ਵਾਲਾ।4। ਅਰਥ: ਹੇ ਮੇਰੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਗੁਰੂ ਦੀ ਸਰਨ ਪੈ ਕੇ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ-ਰਸ ਨਾਲ ਰਸੀਲੀ ਬਣਾ।1। ਰਹਾਉ। (ਹੇ ਭਾਈ! ਪ੍ਰਭੂ-ਨਾਮ ਤੋਂ ਖੁੰਝ ਕੇ) ਹਉਮੈ ਵਿਚ (ਫਸ ਕੇ) ਸਾਰਾ ਜਗਤ ਝੱਲਾ ਹੋ ਰਿਹਾ ਹੈ, ਮਾਇਆ ਦੇ ਮੋਹ ਦੇ ਕਾਰਨ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਿਹਾ ਹੈ, ਹੋਰ ਹੋਰ ਕਈ ਸੋਚਾਂ ਸੋਚਦਾ ਰਹਿੰਦਾ ਹੈ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ, (ਇਸ ਤਰ੍ਹਾਂ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਿਆਂ (ਮਾਇਆ-ਧਾਰੀ ਜੀਵ ਦਾ) ਹਰੇਕ ਦਿਨ ਬੀਤ ਰਿਹਾ ਹੈ।1। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ ਮਨੁੱਖ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਸਦਾ ਲਈ ਪਰਗਟ ਹੋ ਜਾਂਦਾ ਹੈ। (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ (ਜੀਵਾਂ ਨੂੰ) ਪੈਦਾ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਸਾਂਝ ਪਾ ਲੈਂਦਾ ਹੈ।2। ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ, ਜਿਨ੍ਹਾਂ ਨੂੰ ਮਾਇਆ ਪਿੱਛੇ ਦੌੜਦਿਆਂ ਨੂੰ ਵਰਜਦਾ ਹੈ ਤੇ ਰੋਕ ਰੱਖਦਾ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਉਹ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦੇ ਹਨ ਜੋ ਉਹਨਾਂ ਵਾਸਤੇ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹਨ, ਆਪਣੀ ਮਿਹਰ ਨਾਲ ਪਰਮਾਤਮਾ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ।3। (ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਰੀਰ ਨੂੰ ਆਨੰਦ ਮਿਲਦਾ ਹੈ ਸ਼ਾਂਤੀ ਮਿਲਦੀ ਹੈ। ਜਿਸ ਮਨੁੱਖ ਦੇ ਅੰਦਰ (ਹਰਿ-ਨਾਮ) ਆ ਵੱਸਦਾ ਹੈ, ਉਸ ਨੂੰ ਜਮ ਦਾ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ! ਜੇਹੜਾ ਪਰਮਾਤਮਾ ਆਪ ਜਗਤ ਦਾ ਸਾਹਿਬ ਹੈ ਤੇ ਆਪ ਹੀ (ਜਗਤ ਦੀ ਪਾਲਨਾ ਆਦਿਕ ਕਰਨ ਵਿਚ) ਸਲਾਹ ਦੇਣ ਵਾਲਾ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਵੱਡੇ ਜਿਗਰੇ ਵਾਲਾ ਹੈ, ਤੂੰ ਸਦਾ ਉਸ ਦੀ ਸੇਵਾ-ਭਗਤੀ ਕਰ।4।6। 26। ਗਉੜੀ ਗੁਆਰੇਰੀ ਮਹਲਾ ੩ ॥ ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ ॥ ਸੋ ਕਿਉ ਵਿਸਰੈ ਸਭ ਮਾਹਿ ਸਮਾਨਾ ॥ ਜਿਤੁ ਸੇਵਿਐ ਦਰਗਹ ਪਤਿ ਪਰਵਾਨਾ ॥੧॥ ਹਰਿ ਕੇ ਨਾਮ ਵਿਟਹੁ ਬਲਿ ਜਾਉ ॥ ਤੂੰ ਵਿਸਰਹਿ ਤਦਿ ਹੀ ਮਰਿ ਜਾਉ ॥੧॥ ਰਹਾਉ ॥ ਤਿਨ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ ॥ ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥ ਮਨਮੁਖ ਅਗਿਆਨੀ ਜੋਨੀ ਪਾਏ ॥੨॥ ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥ ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥ ਗੁਰਮਤੀ ਹਰਿ ਨਾਮਿ ਸਮਾਏ ॥੩॥ ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥ ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥ ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥ {ਪੰਨਾ 159-160} ਪਦ ਅਰਥ: ਸੋ = ਉਹ (ਪਰਮਾਤਮਾ) । ਜੀਅ ਪਰਾਨਾ = ਜਿੰਦ ਪ੍ਰਾਣ। ਮਾਹਿ = ਵਿਚ। ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ, ਜਿਸ ਦੀ ਸੇਵਾ-ਭਗਤੀ ਕੀਤਿਆਂ। ਪਤਿ = ਇੱਜ਼ਤ। ਪਰਵਾਨਾ = ਕਬੂਲ।1। ਵਿਟਹੁ = ਤੋਂ। ਬਲਿ ਜਾਉ = ਮੈਂ ਕੁਰਬਾਨ ਜਾਂਦਾ ਹਾਂ। ਮਰਿ ਜਾਉ = ਮੈਂ ਮਰ ਜਾਂਦਾ ਹਾਂ।1। ਰਹਾਉ। ਜਿ = ਜੇਹੜੇ ਬੰਦੇ। ਤੁਧੁ = ਤੂੰ। ਦੂਜੈ ਭਾਏ = ਮਾਇਆ ਦੇ ਮੋਹ ਵਿਚ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ।2। ਇਕ ਮਨਿ = ਖ਼ਾਸ ਗਿਆਨ ਨਾਲ। ਤੁਠਾ = ਪ੍ਰਸੰਨ ਹੋਇਆ। ਤਿਨ ਮੰਨਿ = ਤਿਨ ਮਨਿ, ਉਹਨਾਂ ਦੇ ਮਨ ਵਿਚ। ਨਾਮਿ = ਨਾਮ ਵਿਚ।3। ਪੋਤੈ = ਪੱਲੇ, ਖ਼ਜ਼ਾਨੇ ਵਿਚ। ਪੁੰਨ = ਭਲਾਈ, ਚੰਗੇ ਭਾਗ।4। ਅਰਥ: ਮੈਂ ਪਰਮਾਤਮਾ ਦੇ ਨਾਮ ਤੋਂ (ਸਦਾ) ਸਦਕੇ ਜਾਂਦਾ ਹਾਂ। (ਹੇ ਪ੍ਰਭੂ!) ਜਦੋਂ ਤੂੰ ਮੈਨੂੰ ਵਿਸਰ ਜਾਂਦਾ ਹੈਂ, ਉਸੇ ਵੇਲੇ ਮੇਰੀ ਆਤਮਕ ਮੌਤ ਹੋ ਜਾਂਦੀ ਹੈ!।1। ਰਹਾਉ। (ਹੇ ਭਾਈ! ਜਿਸ ਪਰਮਾਤਮਾ ਦੇ ਦਿੱਤੇ ਹੋਏ ਇਹ ਜਿੰਦ-ਪ੍ਰਾਣ ਹਨ, ਜੇਹੜਾ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ ਜਿਸ ਦੀ ਸੇਵਾ-ਭਗਤੀ ਕੀਤਿਆਂ ਉਸ ਦੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ, ਦਰਗਾਹ ਵਿਚ ਕਬੂਲ ਹੋ ਜਾਈਦਾ ਹੈ ਉਸ ਨੂੰ ਕਦੇ ਭੀ (ਮਨ ਤੋਂ) ਭੁਲਾਣਾ ਨਹੀਂ ਚਾਹੀਦਾ।1। (ਹੇ ਪ੍ਰਭੂ!) ਜੇਹੜੇ ਬੰਦੇ ਤੂੰ ਆਪ ਹੀ ਕੁਰਾਹੇ ਪਾ ਦਿੱਤੇ ਹਨ, ਜੇਹੜੇ (ਸਦਾ) ਮਾਇਆ ਦੇ ਮੋਹ ਵਿਚ ਹੀ (ਫਸੇ ਰਹਿੰਦੇ ਹਨ) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ। ਉਹਨਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗਿਆਨ-ਹੀਨ ਬੰਦਿਆਂ ਨੂੰ ਤੂੰ ਜੂਨਾਂ ਵਿਚ ਪਾ ਦੇਂਦਾ ਹੈਂ।2। (ਹੇ ਭਾਈ!) ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਉਹ ਗੁਰੂ ਦੀ ਸੇਵਾ ਵਿਚ ਜੋੜਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ (ਆਪਣਾ ਆਪ) ਵਸਾ ਦੇਂਦਾ ਹੈ। ਉਹ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦੇ ਹਨ।3। (ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਉਹ ਉੱਚੀ ਵਿਚਾਰ ਦੇ ਮਾਲਕ ਬਣਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦੇ ਹਨ। ਹੇ ਨਾਨਕ! (ਆਖ–) ਮੈਂ ਉਹਨਾਂ ਮਨੁੱਖਾਂ ਤੋਂ (ਸਦਾ) ਸਦਕੇ ਹਾਂ, ਜੇਹੜੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ।4।7। 27। |
Sri Guru Granth Darpan, by Professor Sahib Singh |