ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 160

ਗਉੜੀ ਗੁਆਰੇਰੀ ਮਹਲਾ ੩ ॥ ਤੂੰ ਅਕਥੁ ਕਿਉ ਕਥਿਆ ਜਾਹਿ ॥ ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥ ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥ ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥ ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ ਰਹਾਉ ॥ ਜਹ ਸਤਿਗੁਰੁ ਤਹ ਸਤਸੰਗਤਿ ਬਣਾਈ ॥ ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ ॥ ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥ ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥ ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥ ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥੩॥ ਆਪੇ ਦਾਤਿ ਕਰੇ ਦਾਤਾਰੁ ॥ ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥ ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੪॥੮॥੨੮॥ {ਪੰਨਾ 160}

ਪਦ ਅਰਥ: ਅਕਥੁ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਮਾਰਣੁ = ਮਸਾਲਾ।1।

ਜਿਸ ਕੀ = ਜਿਸ (ਪਰਮਾਤਮਾ) ਦੀ। ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ, ਸਿਫ਼ਤਿ-ਸਾਲਾਹ। ਤਿਸੁ ਮਾਹਿ = ਉਸ (ਪਰਮਾਤਮਾ) ਵਿਚ {ਨੋਟ: ਸੰਬੰਧਕ 'ਕੀ' ਦੇ ਕਾਰਨ 'ਜਿਸੁ' ਦਾ ੁ ਲੋਪ ਹੋ ਗਿਆ ਹੈ, ਪਰ ਸੰਬੰਧਕ 'ਮਾਹਿ' ਇਹ ਅਸਰ ਨਹੀਂ ਪਾ ਸਕਦਾ। ਵੇਖੋ 'ਗੁਰਬਾਣੀ ਵਿਆਕਰਣ'}। ਗੁਰ ਸਬਦਿ = ਗੁਰੂ ਦੇ ਸ਼ਬਦ ਨੇ।1। ਰਹਾਉ।

ਜਹ = ਜਿੱਥੇ, ਜਿਸ ਹਿਰਦੇ ਵਿਚ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।3।

ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮਹਲੀ = ਪ੍ਰਭੂ ਦੀ ਹਜ਼ੂਰੀ ਵਿਚ। ਨਾਮਿ = ਨਾਮ ਵਿਚ।3।

ਦਾਤਾਰੁ = ਦਾਤਾਂ ਦੇਣ ਵਾਲਾ ਪ੍ਰਭੂ। ਸਿਉ = ਨਾਲ। ਜੈਕਾਰੁ = ਵਡਿਆਈ।4।

ਅਰਥ: ਇਹ ਸਿਫ਼ਤਿ-ਸਾਲਾਹ ਜਿਸ (ਪਰਮਾਤਮਾ) ਦੀ ਹੈ ਉਸ (ਪਰਮਾਤਮਾ) ਵਿਚ (ਹੀ) ਲੀਨ ਰਹਿੰਦੀ ਹੈ (ਭਾਵ, ਜਿਵੇਂ ਪਰਮਾਤਮਾ ਬੇਅੰਤ ਹੈ ਤਿਵੇਂ ਸਿਫ਼ਤਿ-ਸਾਲਾਹ ਭੀ ਬੇਅੰਤ ਹੈ ਤਿਵੇਂ ਪਰਮਾਤਮਾ ਦੇ ਗੁਣ ਭੀ ਬੇਅੰਤ ਹਨ) ।

ਹੇ ਪ੍ਰਭੂ! ਤੇਰੇ ਗੁਣਾਂ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੇ ਸ਼ਬਦ ਨੇ ਇਹੀ ਗੱਲ ਦੱਸੀ ਹੈ।1। ਰਹਾਉ।

ਹੇ ਪ੍ਰਭੂ! ਤੂੰ ਕਥਨ ਤੋਂ ਪਰੇ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਮਨੁੱਖ ਦੇ ਪਾਸ ਗੁਰੂ ਦਾ ਸ਼ਬਦ-ਰੂਪ ਮਸਾਲਾ ਹੈ (ਉਸ ਨੇ ਆਪਣੇ ਮਨ ਨੂੰ ਮਾਰ ਲਿਆ ਹੈ, ਉਸ ਦੇ) ਮਨ ਵਿਚ ਤੂੰ ਆ ਵੱਸਦਾ ਹੈਂ। ਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ ਹਨ, ਜੀਵ ਤੇਰੇ ਗੁਣਾਂ ਦਾ ਮੁੱਲ ਨਹੀਂ ਪਾ ਸਕਦੇ।1।

ਜਿਸ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ ਉਥੇ ਸਤਸੰਗਤਿ ਬਣ ਜਾਂਦੀ ਹੈ (ਕਿਉਂਕਿ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਵੱਸਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾਂਦਾ ਹੈ। ਜਿਸ ਹਿਰਦੇ ਵਿਚ ਗੁਰੂ ਵੱਸਦਾ ਹੈ, ਉਸ ਵਿਚੋਂ ਗੁਰੂ ਦੇ ਸ਼ਬਦ ਨੇ ਹਉਮੈ ਸਾੜ ਦਿੱਤੀ ਹੈ।2।

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ, ਗੁਰੂ ਦੇ ਸਨਮੁਖ ਰਹਿ ਕੇ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਭਗਤੀ ਦੀ ਬਰਕਤਿ ਨਾਲ ਪ੍ਰਭੂ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ।3।

ਦਾਤਾਂ ਦੇਣ ਦੇ ਸਮਰੱਥ ਪਰਮਾਤਮਾ ਆਪ ਹੀ (ਜਿਸ ਮਨੁੱਖ ਨੂੰ ਸਿਫ਼ਤਿ-ਸਾਲਾਹ ਦੀ) ਦਾਤਿ ਦੇਂਦਾ ਹੈ ਉਸ ਦਾ ਪਿਆਰ ਪੂਰੇ ਗੁਰੂ ਨਾਲ ਬਣ ਜਾਂਦਾ ਹੈ।

ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ।4।8। 28।

ਗਉੜੀ ਗੁਆਰੇਰੀ ਮਹਲਾ ੩ ॥ ਏਕਸੁ ਤੇ ਸਭਿ ਰੂਪ ਹਹਿ ਰੰਗਾ ॥ ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥ ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥ ਏਕੁ ਅਚਰਜੁ ਏਕੋ ਹੈ ਸੋਈ ॥ ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ ॥ ਸਹਜਿ ਭਵੈ ਪ੍ਰਭੁ ਸਭਨੀ ਥਾਈ ॥ ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥ ਆਪੇ ਸੁਤਿਆ ਦੇਇ ਜਗਾਈ ॥੨॥ ਤਿਸ ਕੀ ਕੀਮਤਿ ਕਿਨੈ ਨ ਹੋਈ ॥ ਕਹਿ ਕਹਿ ਕਥਨੁ ਕਹੈ ਸਭੁ ਕੋਈ ॥ ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥ ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥ ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥ ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥ {ਪੰਨਾ 160}

ਪਦ ਅਰਥ: ਤੇ = ਤੋਂ। ਏਕਸੁ ਤੇ = ਇਕ (ਪਰਮਾਤਮਾ) ਤੋਂ ਹੀ। ਸਭਿ = ਸਾਰੇ। ਬੈਸੰਤਰੁ = ਅੱਗ। ਸਹਲੰਗਾ = {sh-lÀn} ਮਿਲੇ ਹੋਏ, ਜੁੜੇ ਹੋਏ। ਭਿੰਨ = ਵੱਖਰਾ।1।

ਸੋਈ = ਉਹ (ਪਰਮਾਤਮਾ) ਹੀ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।1। ਰਹਾਉ।

ਸਹਜਿ = ਆਤਮਕ ਅਡੋਲਤਾ ਵਿਚ। ਕਹਾ = ਕਿਤੇ। ਪ੍ਰਭਿ = ਪ੍ਰਭੂ ਨੇ। ਦੇਇ = ਦੇਂਦਾ ਹੈ।2।

ਕਿਨੈ = ਕਿਸੇ (ਜੀਵ) ਪਾਸੋਂ। ਕਹਿ ਕਹਿ = ਆਖ ਆਖ ਕੇ। ਸਭੁ ਕੋਈ = ਹਰੇਕ ਜੀਵ।3।

ਸੁਣਿ = ਸੁਣ ਕੇ। ਵੇਖੈ = ਸੰਭਾਲ ਕਰਦਾ ਹੈ। ਤੇ = ਤੋਂ। ਨਾਮਿ = ਨਾਮ ਵਿਚ।4।

ਅਰਥ: ਇਹ ਇਕ ਅਚਰਜ ਕੌਤਕ ਹੈ ਕਿ ਪਰਮਾਤਮਾ ਆਪ ਹੀ (ਇਸ ਬਹੁ-ਰੰਗੀ ਸੰਸਾਰ ਵਿਚ ਹਰ ਥਾਂ) ਮੌਜੂਦ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਅਚਰਜ ਕੌਤਕ ਨੂੰ) ਵਿਚਾਰਦਾ ਹੈ।1। ਰਹਾਉ।

(ਸੰਸਾਰ ਵਿਚ ਦਿੱਸਦੇ ਇਹ) ਸਾਰੇ (ਵਖ ਵਖ) ਰੂਪ ਤੇ ਰੰਗ ਉਸ ਇੱਕ ਪਰਮਾਤਮਾ ਤੋਂ ਹੀ ਬਣੇ ਹਨ। ਉਸ ਇੱਕ ਤੋਂ ਹੀ ਹਵਾ ਪੈਦਾ ਹੋਈ ਹੈ ਪਾਣੀ ਬਣਿਆ ਹੈ ਅੱਗ ਪੈਦਾ ਹੋਈ ਹੈ ਤੇ ਇਹ ਸਾਰੇ (ਤੱਤ ਵਖ ਵਖ ਰੂਪ ਰੰਗ ਵਾਲੇ ਸਭ ਜੀਵਾਂ ਵਿਚ) ਮਿਲੇ ਹੋਏ ਹਨ। ਉਹ ਪਰਮਾਤਮਾ (ਆਪ ਹੀ) ਵਖ ਵਖ ਰੰਗਾਂ (ਵਾਲੇ ਜੀਵਾਂ) ਦੀ ਸੰਭਾਲ ਕਰਦਾ ਹੈ।1।

(ਆਪਣੀ) ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ ਹੀ ਉਹ) ਪਰਮਾਤਮਾ ਸਭਨਾਂ ਥਾਵਾਂ ਵਿਚ ਵਿਆਪਕ ਹੋ ਰਿਹਾ ਹੈ। ਕਿਤੇ ਉਹ ਗੁਪਤ ਹੈ ਕਿਤੇ ਪਰਤੱਖ ਹੈ। ਇਹ ਸਾਰੀ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ। (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵਾਂ ਨੂੰ ਉਹ ਪਰਮਾਤਮਾ ਆਪ ਹੀ ਜਗਾ ਦੇਂਦਾ ਹੈ।2।

ਹਰੇਕ ਜੀਵ (ਆਪਣੇ ਵਲੋਂ ਪਰਮਾਤਮਾ ਦੇ ਗੁਣ) ਆਖ ਆਖ ਕੇ (ਉਹਨਾਂ ਗੁਣਾਂ ਦਾ) ਵਰਣਨ ਕਰਦਾ ਹੈ, ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ। (ਹਾਂ) ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ।3।

(ਇਸ ਬਹੁ-ਰੰਗੀ ਸੰਸਾਰ ਦਾ ਮਾਲਕ ਪਰਮਾਤਮਾ ਹਰੇਕ ਜੀਵ ਦੀ ਅਰਜ਼ੋਈ) ਸੁਣ ਸੁਣ ਕੇ (ਹਰੇਕ ਦੀ) ਸੰਭਾਲ ਕਰਦਾ ਹੈ, (ਤੇ ਅਰਦਾਸ ਸੁਣ ਕੇ ਹੀ ਜੀਵ ਨੂੰ) ਗੁਰੂ ਦੇ ਸ਼ਬਦ ਵਿਚ ਜੋੜਦਾ ਹੈ। (ਗੁਰ-ਸ਼ਬਦ ਵਿਚ ਜੁੜਿਆ ਮਨੁੱਖ) ਗੁਰੂ ਦੀ ਦੱਸੀ ਸੇਵਾ ਤੋਂ (ਲੋਕ ਪਰਲੋਕ ਵਿਚ) ਬੜਾ ਆਦਰ-ਮਾਣ ਪ੍ਰਾਪਤ ਕਰਦਾ ਹੈ।

ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਅਨੇਕਾਂ ਜੀਵ) ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ।4।9। 29।

ਗਉੜੀ ਗੁਆਰੇਰੀ ਮਹਲਾ ੩ ॥ ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥ ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥ ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥ ਸਹਜੇ ਜਾਗੈ ਸਵੈ ਨ ਕੋਇ ॥ ਪੂਰੇ ਗੁਰ ਤੇ ਬੂਝੈ ਜਨੁ ਕੋਇ ॥੧॥ ਰਹਾਉ ॥ ਅਸੰਤੁ ਅਨਾੜੀ ਕਦੇ ਨ ਬੂਝੈ ॥ ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥ ਅੰਧੁ ਅਗਿਆਨੀ ਕਦੇ ਨ ਸੀਝੈ ॥੨॥ ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥ ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥ ਆਪਿ ਤਰੈ ਸਗਲੇ ਕੁਲ ਉਧਾਰਾ ॥੩॥ ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥ ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥ ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥੪॥੧੦॥੩੦॥ {ਪੰਨਾ 160}

ਪਦ ਅਰਥ: ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮੋਹਿ = ਮੋਹ ਵਿਚ। ਪਿਆਰਿ = ਪਿਆਰ ਵਿਚ। ਬੀਚਾਰਿ = ਵਿਚਾਰ ਵਿਚ। ਨਾਮਿ = ਨਾਮ ਵਿਚ।1।

ਸਹਜੇ = ਆਤਮਕ ਅਡੋਲਤਾ ਵਿਚ। ਕੋਇ = ਕੋਈ ਵਿਰਲਾ।1। ਰਹਾਉ।

ਅਸੰਤੁ = ਵਿਕਾਰੀ ਮਨੁੱਖ। ਅਨਾੜੀ = ਅਮੋੜ, ਵਿਕਾਰਾਂ ਵਲੋਂ ਨਾਹ ਪਰਤਣ ਵਾਲਾ। ਤੈ = ਅਤੇ। ਲੂਝੈ = ਝਗੜਦਾ ਹੈ, ਖਚਿਤ ਹੁੰਦਾ ਹੈ। ਸੀਝੈ = ਕਾਮਯਾਬ ਹੁੰਦਾ ਹੈ।2।

ਇਸੁ ਜੁਗ ਮਹਿ = ਇਸ ਮਨੁੱਖਾ ਜਨਮ ਵਿਚ। ਨਾਮਿ = ਨਾਮ ਦੀ ਰਾਹੀਂ।3।

ਚੰਡਾਲ = ਕੁਕਰਮੀ ਮਨੁੱਖ। ਘਰਿ = ਹਿਰਦੇ ਵਿਚ।4।

ਅਰਥ: ਜੇਹੜਾ ਕੋਈ (ਵਡਭਾਗੀ ਮਨੁੱਖ) ਪੂਰੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਨਹੀਂ ਫਸਦਾ।1। ਰਹਾਉ।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਮਾਇਆ ਦੇ ਪਿਆਰ ਵਿਚ (ਆਤਮਕ ਜੀਵਨ ਵਲੋਂ) ਗ਼ਾਫ਼ਿਲ ਹੋਇਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ ਦੀ ਵਿਚਾਰ ਵਿਚ (ਟਿਕ ਕੇ ਮਾਇਆ ਵਲੋਂ) ਸੁਚੇਤ ਰਹਿੰਦਾ ਹੈ। ਜੇਹੜੇ ਮਨੁੱਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਪੈ ਜਾਂਦਾ ਹੈ, ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦੇ ਹਨ।1।

ਵਿਕਾਰੀ ਮਨੁੱਖ, ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਮਨੁੱਖ ਕਦੇ ਭੀ ਆਤਮਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ, ਉਹ ਗਿਆਨ ਦੀਆਂ ਗੱਲਾਂ (ਭੀ) ਕਰਦਾ ਰਹਿੰਦਾ ਹੈ, ਤੇ, ਮਾਇਆ ਵਿਚ ਭੀ ਖਚਿਤ ਹੁੰਦਾ ਰਹਿੰਦਾ ਹੈ। (ਇਹੋ ਜਿਹਾ ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਗਿਆਨ-ਹੀਨ ਮਨੁੱਖ (ਜ਼ਿੰਦਗੀ ਦੀ ਬਾਜ਼ੀ ਵਿਚ) ਕਦੇ ਕਾਮਯਾਬ ਨਹੀਂ ਹੁੰਦਾ।2।

ਇਸ ਮਨੁੱਖਾ ਜਨਮ ਵਿਚ ਆ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਸਕਦਾ ਹੈ। ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਵਿਚਾਰਦਾ ਹੈ। ਅਜੇਹਾ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।3।

ਕੁਕਰਮੀ ਮਨੁੱਖ ਦੇ ਹਿਰਦੇ ਵਿਚ (ਮਾਨੋ) ਕਲਿਜੁਗ ਆ ਜਾਂਦਾ ਹੈ, ਇਸ ਕਲਿਜੁਗ (ਭਾਵ, ਕੁਕਰਮ-ਦਸ਼ਾ) ਦੇ ਪੰਜੇ ਵਿਚ ਫਸਿਆਂ ਕੋਈ ਕਰਮ-ਧਰਮ ਛੁਡਾ ਨਹੀਂ ਸਕਦਾ। ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਕਲਿਜੁਗ ਤੋਂ) ਖ਼ਲਾਸੀ ਨਹੀਂ ਪਾ ਸਕਦਾ।4।10। 30।

TOP OF PAGE

Sri Guru Granth Darpan, by Professor Sahib Singh