ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 161

ਗਉੜੀ ਮਹਲਾ ੩ ਗੁਆਰੇਰੀ ॥ ਸਚਾ ਅਮਰੁ ਸਚਾ ਪਾਤਿਸਾਹੁ ॥ ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥ ਸਚੈ ਮਹਲਿ ਸਚਿ ਨਾਮਿ ਸਮਾਹੁ ॥੧॥ ਸੁਣਿ ਮਨ ਮੇਰੇ ਸਬਦੁ ਵੀਚਾਰਿ ॥ ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥੧॥ ਰਹਾਉ ॥ ਭਰਮੇ ਆਵੈ ਭਰਮੇ ਜਾਇ ॥ ਇਹੁ ਜਗੁ ਜਨਮਿਆ ਦੂਜੈ ਭਾਇ ॥ ਮਨਮੁਖਿ ਨ ਚੇਤੈ ਆਵੈ ਜਾਇ ॥੨॥ ਆਪਿ ਭੁਲਾ ਕਿ ਪ੍ਰਭਿ ਆਪਿ ਭੁਲਾਇਆ ॥ ਇਹੁ ਜੀਉ ਵਿਡਾਣੀ ਚਾਕਰੀ ਲਾਇਆ ॥ ਮਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ ॥੩॥ ਕਿਰਪਾ ਕਰਿ ਸਤਿਗੁਰੂ ਮਿਲਾਏ ॥ ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ ॥ ਨਾਨਕ ਨਾਮੁ ਜਪੇ ਨਾਉ ਨਉ ਨਿਧਿ ਪਾਏ ॥੪॥੧੧॥੩੧॥ {ਪੰਨਾ 161}

ਪਦ ਅਰਥ: ਸਚਾ = ਸਦਾ-ਥਿਰ ਕਾਇਮ ਰਹਿਣ ਵਾਲਾ, ਅਟੱਲ। ਅਮਰੁ = ਹੁਕਮ। ਮਨਿ = ਮਨ ਦੀ ਰਾਹੀਂ। ਸਚੈ = ਸਦਾ-ਥਿਰ ਪ੍ਰਭੂ ਵਿਚ। ਮਹਲਿ = ਮਹਲ ਵਿਚ। ਸਮਾਹੁ = ਸਮਾਈ, ਲੀਨਤਾ।1।

ਮਨ = ਹੇ ਮਨ! ਵੀਚਾਰਿ = ਸੋਚ-ਮੰਡਲ ਵਿਚ ਟਿਕਾ ਰੱਖ। ਰਹਾਉ।

ਭਰਮੇ = ਭਟਕਣਾ ਵਿਚ ਹੀ। ਆਵੈ = ਜੰਮਦਾ ਹੈ। ਜਾਇ = ਮਰਦਾ ਹੈ। ਦੂਜੈ ਭਾਇ = ਹੋਰ ਹੋਰ ਪਿਆਰ ਵਿਚ।2।

ਕਿ = ਜਾਂ, ਭਾਵੇਂ। ਪ੍ਰਭਿ = ਪ੍ਰਭੂ ਨੇ। ਵਿਡਾਣੀ = ਬਿਗਾਨੀ।3।

ਨਉਨਿਧਿ = (ਜਗਤ ਦੇ ਸਾਰੇ) ਨੌ ਖ਼ਜ਼ਾਨੇ।4।

ਅਰਥ: ਹੇ ਮੇਰੇ ਮਨ! (ਗੁਰੂ ਦੀ ਸਿੱਖਿਆ) ਸੁਣ, ਗੁਰੂ ਦੇ ਸ਼ਬਦ ਨੂੰ (ਆਪਣੇ) ਸੋਚ-ਮੰਡਲ ਵਿਚ ਵਸਾ ਰੱਖ। ਜੇ ਤੂੰ ਪਰਮਾਤਮਾ ਦਾ ਨਾਮ ਸਿਮਰੇਂਗਾ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ।1। ਰਹਾਉ।

ਪਰਮਾਤਮਾ (ਜਗਤ ਦਾ) ਸਦਾ-ਥਿਰ ਰਹਿਣ ਵਾਲਾ ਪਾਤਿਸ਼ਾਹ ਹੈ, ਉਸ ਦਾ ਹੁਕਮ ਅਟੱਲ ਹੈ। ਜੇਹੜੇ ਮਨੁੱਖ (ਆਪਣੇ) ਮਨ ਦੀ ਰਾਹੀਂ ਉਸ ਸਦਾ-ਥਿਰ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਉਸ ਵੇਪਰਵਾਹ ਹਰੀ ਦਾ ਰੂਪ ਹੋ ਜਾਂਦੇ ਹਨ, ਉਹ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਰਹਿੰਦੇ ਹਨ, ਉਸ ਦੇ ਸਦਾ-ਥਿਰ ਨਾਮ ਵਿਚ ਲੀਨਤਾ ਪ੍ਰਾਪਤ ਕਰ ਲੈਂਦੇ ਹਨ।1।

ਪਰ ਇਹ ਜਗਤ (ਆਪਣੇ ਮਨ ਦੇ ਪਿੱਛੇ ਤੁਰ ਕੇ) ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਮਾਇਆ ਦੀ ਭਟਕਣਾ ਵਿਚ ਹੀ ਜੰਮਦਾ ਹੈ ਤੇ ਮਾਇਆ ਦੀ ਭਟਕਣਾ ਵਿਚ ਹੀ ਮਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਜੰਮਦਾ ਮਰਦਾ ਰਹਿੰਦਾ ਹੈ।2।

ਇਹ ਜੀਵ ਆਪ ਹੀ ਕੁਰਾਹੇ ਪਿਆ ਹੈ ਜਾਂ ਪਰਮਾਤਮਾ ਨੇ ਆਪ ਇਸ ਨੂੰ ਕੁਰਾਹੇ ਪਾ ਰੱਖਿਆ ਹੈ (ਇਕ ਗੱਲ ਪਰਤੱਖ ਹੈ ਕਿ ਇਹ ਆਪਣਾ ਅਸਲ ਹਿਤ ਭੁਲਾਈ ਬੈਠਾ ਹੈ ਤੇ ਮਾਇਆ ਦੇ ਮੋਹ ਵਿਚ ਫਸ ਕੇ) ਇਹ ਜੀਵ ਬਿਗਾਨੀ ਨੌਕਰੀ ਹੀ ਕਰ ਰਿਹਾ ਹੈ (ਜਿਸ ਤੋਂ) ਇਹ ਮਹਾਨ ਦੁੱਖ ਹੀ ਖੱਟਦਾ ਹੈ ਤੇ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ।3।

ਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ (ਮਾਇਆ ਦਾ ਮੋਹ ਛੱਡ ਕੇ) ਕੇਵਲ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ। ਹੇ ਨਾਨਕ! ਉਹ ਮਨੁੱਖ ਸਦਾ ਹਰਿ-ਨਾਮ ਸਿਮਰਦਾ ਹੈ ਤੇ ਹਰਿ-ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ ਜੋ (ਉਸ ਦੇ ਵਾਸਤੇ, ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ ਹੈ।4।11। 31।

ਗਉੜੀ ਗੁਆਰੇਰੀ ਮਹਲਾ ੩ ॥ ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥ ਗੁਰ ਸੇਵਾ ਤੇ ਮਨੁ ਪਤੀਆਇ ॥ ਸੇ ਧਨਵੰਤ ਹਰਿ ਨਾਮੁ ਕਮਾਇ ॥ ਪੂਰੇ ਗੁਰ ਤੇ ਸੋਝੀ ਪਾਇ ॥੧॥ ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ ॥ ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ਜੀਵਨ ਮੁਕਤਿ ਹਰਿ ਪਾਵੈ ਸੋਇ ॥ ਹਰਿ ਗੁਣ ਗਾਵੈ ਮਤਿ ਊਤਮ ਹੋਇ ॥ ਸਹਜੇ ਸਹਜਿ ਸਮਾਵੈ ਸੋਇ ॥੨॥ ਦੂਜੈ ਭਾਇ ਨ ਸੇਵਿਆ ਜਾਇ ॥ ਹਉਮੈ ਮਾਇਆ ਮਹਾ ਬਿਖੁ ਖਾਇ ॥ ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥ ਮਨਮੁਖਿ ਅੰਧਾ ਆਵੈ ਜਾਇ ॥੩॥ ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥ ਅਨਦਿਨੁ ਭਗਤਿ ਗੁਰ ਸਬਦੀ ਹੋਇ ॥ ਗੁਰਮਤਿ ਵਿਰਲਾ ਬੂਝੈ ਕੋਇ ॥ ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥ {ਪੰਨਾ 161}

ਪਦ ਅਰਥ: ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੂਛਉ = ਮੈਂ ਪੁੱਛਦਾ ਹਾਂ। ਜਾਇ = ਜਾ ਕੇ। ਪਤੀਆਇ = ਪਤੀਜਦਾ ਹੈ। ਤੇ = ਤੋਂ।1।

ਘਾਲ = ਮਿਹਨਤ। ਥਾਇ ਪਾਈ = ਕਬੂਲ ਕਰਦਾ ਹੈ।1। ਰਹਾਉ।

ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪੜਤਾਲਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ।2।

ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਮਹਾ ਬਿਖੁ = ਵੱਡਾ ਜ਼ਹਰ। ਖਾਇ = ਖਾ ਜਾਂਦਾ ਹੈ, ਮਾਰ ਮੁਕਾਂਦਾ ਹੈ। ਪੁਤਿ = ਪੁੱਤਰ (ਦੇ ਮੋਹ) ਦੀ ਰਾਹੀਂ। ਕੁਟੰਬਿ = ਪਰਵਾਰ (ਦੇ ਮੋਹ) ਦੀ ਰਾਹੀਂ। ਗ੍ਰਿਹਿ = ਘਰ (ਦੇ ਮੋਹ) ਦੀ ਰਾਹੀਂ। ਮਾਇ = ਮਾਇਆ।3।

ਜਨੁ = ਸੇਵਕ। ਅਨਦਿਨੁ = ਹਰ ਰੋਜ਼।4।

ਅਰਥ: ਹੇ ਮੇਰੇ ਭਾਈ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ। ਗੁਰੂ ਦੀ ਰਾਹੀਂ ਕੀਤੀ ਹੋਈ ਸੇਵਾ-ਭਗਤੀ ਦੀ ਮਿਹਨਤ ਪਰਮਾਤਮਾ ਕਬੂਲ ਕਰ ਲੈਂਦਾ ਹੈ।1। ਰਹਾਉ।

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਦੋਂ) ਮੈਂ ਉਹਨਾਂ ਪਾਸੋਂ (ਸਿਮਰਨ ਦੀ ਜਾਚ) ਪੁੱਛਦਾ ਹਾਂ (ਤਾਂ ਉਹ ਦੱਸਦੇ ਹਨ ਕਿ) ਗੁਰੂ ਦੀ ਦੱਸੀ ਹੋਈ ਸੇਵਾ ਨਾਲ (ਹੀ) ਮਨੁੱਖ ਦਾ ਮਨ (ਪ੍ਰਭੂ-ਸਿਮਰਨ ਵਿਚ) ਪਤੀਜਦਾ ਹੈ। (ਗੁਰੂ ਦੀ ਸਰਨ ਪੈਣ ਵਾਲੇ) ਉਹ ਮਨੁੱਖ ਪਰਮਾਤਮਾ ਦਾ ਨਾਮ-ਧਨ ਖੱਟ ਕੇ ਧਨਾਢ ਹੋ ਜਾਂਦੇ ਹਨ। ਇਹ ਅਕਲ ਪੂਰੇ ਗੁਰੂ ਪਾਸੋਂ ਹੀ ਮਿਲਦੀ ਹੈ।1।

(ਗੁਰੂ ਦੀ ਰਾਹੀਂ ਜੇਹੜਾ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਇਸ ਜਨਮ ਵਿਚ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।2।

(ਹੇ ਮੇਰੇ ਭਾਈ!) ਮਾਇਆ ਦੇ ਮੋਹ ਵਿਚ ਫਸੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ। ਹਉਮੈ ਇਕ ਵੱਡਾ ਜ਼ਹਰ ਹੈ ਮਾਇਆ ਦਾ ਮੋਹ ਵੱਡਾ ਜ਼ਹਰ ਹੈ (ਇਹ ਜ਼ਹਰ ਮਨੁੱਖ ਦੇ ਆਤਮਕ ਜੀਵਨ ਨੂੰ) ਮਾਰ ਮੁਕਾਂਦਾ ਹੈ। ਮਾਇਆ (ਮਨੁੱਖ ਨੂੰ) ਪੁੱਤਰ (ਦੇ ਮੋਹ) ਦੀ ਰਾਹੀਂ, ਪਰਵਾਰ (ਦੇ ਮੋਹ) ਦੀ ਰਾਹੀਂ, ਘਰ (ਦੇ ਮੋਹ) ਦੀ ਰਾਹੀਂ ਠੱਗਦੀ ਰਹਿੰਦੀ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।3।

ਪਰਮਾਤਮਾ (ਗੁਰੂ ਦੀ ਰਾਹੀਂ ਜਿਸ ਮਨੁੱਖ ਨੂੰ) ਆਪਣੇ ਨਾਮ ਦੀ ਦਾਤਿ ਦੇਂਦਾ ਹੈ, ਉਹ ਮਨੁੱਖ (ਉਸ ਦਾ) ਸੇਵਕ ਬਣ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰ ਰੋਜ਼ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ। ਗੁਰੂ ਦੀ ਮਤਿ ਲੈ ਕੇ ਹੀ ਕੋਈ ਵਿਰਲਾ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ, ਤੇ, ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।4।12। 32।

ਗਉੜੀ ਗੁਆਰੇਰੀ ਮਹਲਾ ੩ ॥ ਗੁਰ ਸੇਵਾ ਜੁਗ ਚਾਰੇ ਹੋਈ ॥ ਪੂਰਾ ਜਨੁ ਕਾਰ ਕਮਾਵੈ ਕੋਈ ॥ ਅਖੁਟੁ ਨਾਮ ਧਨੁ ਹਰਿ ਤੋਟਿ ਨ ਹੋਈ ॥ ਐਥੈ ਸਦਾ ਸੁਖੁ ਦਰਿ ਸੋਭਾ ਹੋਈ ॥੧॥ ਏ ਮਨ ਮੇਰੇ ਭਰਮੁ ਨ ਕੀਜੈ ॥ ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥ ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ ॥ ਆਪਿ ਉਧਰੇ ਕੁਲ ਸਗਲ ਨਿਸਤਾਰੇ ॥ ਹਰਿ ਕਾ ਨਾਮੁ ਰਖਹਿ ਉਰ ਧਾਰੇ ॥ ਨਾਮਿ ਰਤੇ ਭਉਜਲ ਉਤਰਹਿ ਪਾਰੇ ॥੨॥ ਸਤਿਗੁਰੁ ਸੇਵਹਿ ਸਦਾ ਮਨਿ ਦਾਸਾ ॥ ਹਉਮੈ ਮਾਰਿ ਕਮਲੁ ਪਰਗਾਸਾ ॥ ਅਨਹਦੁ ਵਾਜੈ ਨਿਜ ਘਰਿ ਵਾਸਾ ॥ ਨਾਮਿ ਰਤੇ ਘਰ ਮਾਹਿ ਉਦਾਸਾ ॥੩॥ ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ ॥ ਜੁਗੁ ਜੁਗੁ ਭਗਤੀ ਆਖਿ ਵਖਾਣੀ ॥ ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥ ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ॥੪॥੧੩॥੩੩॥ {ਪੰਨਾ 161}

ਪਦ ਅਰਥ: ਗੁਰ ਸੇਵਾ = ਗੁਰੂ ਦੀ ਦੱਸੀ ਸੇਵਾ-ਭਗਤੀ। ਐਥੈ = ਇਸ ਲੋਕ ਵਿਚ। ਦਰਿ = ਪ੍ਰਭੂ ਦੀ ਹਜ਼ੂਰੀ ਵਿਚ।1।

ਭਰਮੁ = ਸ਼ੱਕ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ।1। ਰਹਾਉ।

ਸੰਸਾਰੇ = ਸੰਸਾਰਿ, ਸੰਸਾਰ ਵਿਚ। ਉਰ = ਹਿਰਦਾ {ars`}। ਭਉਜਲ = ਸੰਸਾਰ-ਸਮੁੰਦਰ।2।

ਮਨਿ = ਮਨ ਵਿਚ। ਕਮਲੁ = ਹਿਰਦਾ-ਕਮਲ। ਅਨਹਦੁ = ਇਕ-ਰਸ {Anwhq = ਬਿਨਾ ਵਜਾਏ}।3।

ਸਚੀ = ਸਦਾ-ਥਿਰ। ਭਗਤੀ = ਭਗਤਾਂ ਨੇ। ਆਖਿ = ਆਖ ਕੇ, ਉਚਾਰ ਕੇ। ਸਾਰੰਗਪਾਣੀ = ਪਰਮਾਤਮਾ {ਸਾਰੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ}। ਨਿਰਬਾਣੀ = ਵਾਸਨਾ-ਰਹਿਤ। ਨਿਹਕੇਵਲ = ਸੁੱਧ {inÕkYvÑX}।4।

ਅਰਥ: ਹੇ ਮੇਰੇ ਮਨ! (ਗੁਰੂ ਦੀ ਦੱਸੀ ਸਿੱਖਿਆ ਉਤੇ) ਸ਼ੱਕ ਨਹੀਂ ਕਰਨਾ ਚਾਹੀਦਾ, ਗੁਰੂ ਦੀ ਦੱਸੀ ਸੇਵਾ-ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ।1। ਰਹਾਉ।

ਗੁਰੂ ਦੀ ਦੱਸੀ ਸੇਵਾ ਕਰਨ ਦਾ ਨਿਯਮ ਸਦਾ ਤੋਂ ਹੀ ਚਲਿਆ ਆ ਰਿਹਾ ਹੈ (ਚੌਹਾਂ ਜੁਗਾਂ ਵਿਚ ਹੀ ਪਰਵਾਨ ਹੈ) । ਕੋਈ ਪੂਰਨ ਮਨੁੱਖ ਹੀ ਗੁਰੂ ਦੀ ਦੱਸੀ ਕਾਰ (ਪੂਰੀ ਸ਼ਰਧਾ ਨਾਲ) ਕਰਦਾ ਹੈ (ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਪੂਰੀ ਸ਼ਰਧਾ ਨਾਲ ਕਰਦਾ ਹੈ ਉਹ) ਕਦੇ ਨਾਹ ਮੁਕਣ ਵਾਲਾ ਹਰਿ-ਨਾਮ-ਧਨ (ਇਕੱਠਾ ਕਰ ਲੈਂਦਾ ਹੈ, ਉਸ ਧਨ ਵਿਚ ਕਦੇ) ਘਾਟਾ ਨਹੀਂ ਪੈਂਦਾ। (ਇਹ ਨਾਮ-ਧਨ ਇਕੱਠਾ ਕਰਨ ਵਾਲਾ ਮਨੁੱਖ) ਇਸ ਲੋਕ ਵਿਚ ਸਦਾ ਆਤਮਕ ਆਨੰਦ ਮਾਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਭੀ ਉਸ ਨੂੰ ਸੋਭਾ ਮਿਲਦੀ ਹੈ।1।

ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸੰਸਾਰ ਵਿਚ ਮਹਾ ਪੁਰਖ ਮੰਨੇ ਜਾਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ, ਉਹ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸੰਭਾਲ ਰੱਖਦੇ ਹਨ। ਪ੍ਰਭੂ-ਨਾਮ (ਦੇ ਰੰਗ) ਵਿਚ ਰੰਗੇ ਹੋਏ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।2।

ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਪਣੇ ਮਨ ਵਿਚ ਸਦਾ (ਸਭਨਾਂ ਦੇ) ਦਾਸ ਬਣੇ ਰਹਿੰਦੇ ਹਨ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ਤੇ ਉਹਨਾਂ ਦਾ ਹਿਰਦਾ-ਕਮਲ ਖਿੜਿਆ ਰਹਿੰਦਾ ਹੈ। ਉਹਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦਾ, ਮਾਨੋ, ਵਾਜਾ) ਇਕ-ਰਸ ਵੱਜਦਾ ਰਹਿੰਦਾ ਹੈ, ਉਹਨਾਂ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ। ਪ੍ਰਭੂ-ਨਾਮ ਵਿਚ ਰੰਗੇ ਹੋਏ ਉਹ ਮਨੁੱਖ ਗ੍ਰਿਹਸਤ ਵਿਚ ਰਹਿੰਦੇ ਹੋਏ ਭੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ।3।

ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਉਚਾਰੀ ਹੋਈ) ਉਹਨਾਂ ਦੀ ਬਾਣੀ ਸਦਾ ਲਈ ਅਟੱਲ ਹੋ ਜਾਂਦੀ ਹੈ, ਹਰੇਕ ਜੁਗ ਵਿਚ (ਸਦਾ ਹੀ) ਭਗਤ ਜਨ ਉਹ ਬਾਣੀ ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦੇ ਹਨ। ਉਹ ਮਨੁੱਖ ਹਰ ਰੋਜ਼ ਸਾਰੰਗ-ਪਾਣੀ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ। ਹੇ ਨਾਨਕ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਹ ਵਾਸਨਾ-ਰਹਿਤ ਹੋ ਜਾਂਦੇ ਹਨ।4।13। 33।

TOP OF PAGE

Sri Guru Granth Darpan, by Professor Sahib Singh