ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 162 ਗਉੜੀ ਗੁਆਰੇਰੀ ਮਹਲਾ ੩ ॥ ਸਤਿਗੁਰੁ ਮਿਲੈ ਵਡਭਾਗਿ ਸੰਜੋਗ ॥ ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥੧॥ ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥ ਜਨਮੁ ਜੀਤਿ ਲਾਹਾ ਨਾਮੁ ਪਾਇ ॥੧॥ ਰਹਾਉ ॥ ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ ॥ ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ ॥੨॥ ਕਰਮ ਕਾਂਡ ਬਹੁ ਕਰਹਿ ਅਚਾਰ ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥੩॥ ਬੰਧਨਿ ਬਾਧਿਓ ਮਾਇਆ ਫਾਸ ॥ ਜਨ ਨਾਨਕ ਛੂਟੈ ਗੁਰ ਪਰਗਾਸ ॥੪॥੧੪॥੩੪॥ {ਪੰਨਾ 162} ਪਦ ਅਰਥ: ਵਡ ਭਾਗਿ = ਵੱਡੀ ਕਿਸਮਤਿ ਨਾਲ।1। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜੀਤਿ = ਜਿੱਤ ਕੇ। ਲਾਹਾ = ਲਾਭ, ਖੱਟੀ।1। ਰਹਾਉ। ਗਿਆਨੁ = ਧਰਮ-ਚਰਚਾ। ਧਿਆਨੁ = ਸਮਾਧੀ। ਚਖਿ = ਚੱਖ ਕੇ।2। ਕਰਮ ਕਾਂਡ = ਉਹ ਕਰਮ ਜੋ ਸ਼ਾਸਤ੍ਰਾਂ ਅਨੁਸਾਰ ਜਨਮ ਸਮੇ, ਵਿਆਹ ਸਮੇ, ਮਰਨ ਸਮੇ ਤੇ ਜਨੇਊ ਆਦਿਕ ਹੋਰ ਸਮਿਆਂ ਤੇ ਕਰਨੇ ਜ਼ਰੂਰੀ ਸਮਝੇ ਜਾਂਦੇ ਹਨ। ਆਚਾਰ = {Awcwr} ਧਾਰਮਿਕ ਰਸਮਾਂ। ਧ੍ਰਿਗੁ = ਫਿਟਕਾਰ-ਜੋਗ।3। ਬੰਧਨਿ = ਬੰਧਨ ਵਿਚ। ਫਾਸ = ਫਾਹੀ। ਪਰਗਾਸ = ਚਾਨਣ।4। ਅਰਥ: ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ (ਜਾਂਦਾ ਹੈ, ਤੇ) ਪਰਮਾਤਮਾ ਦਾ ਨਾਮ-ਧਨ ਖੱਟੀ ਖੱਟ ਲੈਂਦਾ ਹੈ।1। ਰਹਾਉ। ਜਿਸ ਮਨੁੱਖ ਨੂੰ ਵੱਡੀ ਕਿਸਮਤਿ ਨਾਲ ਭਲੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦਾ ਹੈ।1। ਜਿਸ ਮਨੁੱਖ ਨੂੰ ਸਤਿਗੁਰੂ ਦਾ ਸ਼ਬਦ ਮਿੱਠਾ ਲੱਗਦਾ ਹੈ, (ਗੁਰੂ ਦਾ ਸ਼ਬਦ ਹੀ ਉਸ ਦੇ ਵਾਸਤੇ) ਧਰਮ-ਚਰਚਾ ਹੈ (ਗੁਰ-ਸ਼ਬਦ ਹੀ ਉਸ ਦੇ ਵਾਸਤੇ) ਸਮਾਧੀ ਹੈ। ਪਰ ਕਿਸੇ ਵਿਰਲੇ ਭਾਗਾਂ ਵਾਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਗੁਰੂ ਦੇ ਮਿੱਠੇ ਸ਼ਬਦ ਦਾ ਰਸ) ਚੱਖ ਕੇ ਵੇਖਿਆ ਹੈ।2। ਜੇਹੜੇ ਬੰਦੇ (ਜਨਮ ਜਨੇਊ ਵਿਆਹ ਮਰਨ ਕਿਰਿਆ ਆਦਿਕ ਸਮੇ ਸ਼ਾਸਤ੍ਰਾਂ ਅਨੁਸਾਰ ਮੰਨੇ ਹੋਏ) ਧਾਰਮਿਕ ਕਰਮ ਕਰਦੇ ਹਨ ਤੇ ਹੋਰ ਅਨੇਕਾਂ ਧਾਰਮਿਕ ਰਸਮਾਂ ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, (ਇਹ ਕਰਮ ਕਾਂਡ ਉਹਨਾਂ ਦੇ ਅੰਦਰ) ਅਹੰਕਾਰ (ਪੈਦਾ ਕਰਦਾ ਹੈ ਤੇ ਉਹਨਾਂ ਦਾ ਜੀਵਨ) ਫਿਟਕਾਰ-ਜੋਗ ਹੀ (ਰਹਿੰਦਾ ਹੈ) ।3। ਹੇ ਦਾਸ ਨਾਨਕ! (ਪਰਮਾਤਮਾ ਤੋਂ ਵਿੱਛੁੜਿਆ ਮਨੁੱਖ) ਮਾਇਆ ਦੀ ਫਾਹੀ ਵਿਚ ਮਾਇਆ ਦੇ ਬੰਧਨ ਵਿਚ ਹੀ ਬੱਝਾ ਰਹਿੰਦਾ ਹੈ (ਇਹ ਤਦੋਂ ਹੀ ਇਸ ਫਾਹੀ ਤੋਂ) ਆਜ਼ਾਦ ਹੁੰਦਾ ਹੈ ਜਦੋਂ ਗੁਰੂ (ਦੇ ਸ਼ਬਦ) ਦਾ ਚਾਨਣ (ਉਸ ਨੂੰ ਪ੍ਰਾਪਤ ਹੁੰਦਾ) ਹੈ।4।14। 34। ਨੋਟ:
ਗਉੜੀ ਗੁਆਰੇਰੀ ਮ: 3 = 14 ਮਹਲਾ ੩ ਗਉੜੀ ਬੈਰਾਗਣਿ ॥ ਜੈਸੀ ਧਰਤੀ ਊਪਰਿਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥ ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥੧॥ ਬਾਬਾ ਤੂੰ ਐਸੇ ਭਰਮੁ ਚੁਕਾਹੀ ॥ ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥੧॥ ਰਹਾਉ ॥ ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥ ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥ ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥ ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ॥੩॥ ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾਹੀ ॥ ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥੪॥੧॥੧੫॥੩੫॥ {ਪੰਨਾ 162} ਪਦ ਅਰਥ: ਊਪਰਿ ਮੇਘੁਲਾ = ਉਤਲਾ ਬੱਦਲ। ਮਧੇ = ਵਿਚ। ਜੈਸੇ = ਜਿਵੇਂ। ਜੈਸੀ = ਜਿਹੋ ਜਿਹੀ। ਬਿਨੁ ਪਗਾ = ਪੈਰਾਂ ਤੋਂ ਬਿਨਾ, ਬੱਦਲ। ਫਿਰਾਹੀ = ਫਿਰਹਿ, ਫਿਰਦੇ ਹਨ।1। ਬਾਬਾ = ਹੇ ਭਾਈ! ਐਸੇ = ਇਸ ਤਰ੍ਹਾਂ, ਇਹ ਸਰਧਾ ਬਣਾ ਕੇ। ਚੁਕਾਹੀ = ਚੁਕਾਹਿ, ਦੂਰ ਕਰ। ਸੋਈ = ਉਹ ਹੀ, ਉਹੋ ਜਿਹਾ। ਤੈਸੇ = ਉਸੇ ਹੀ ਪਾਸੇ। ਜਾਇ = ਜਾ ਕੇ। ਸਮਾਹੀ = ਸਮਾਹਿ, ਰੁਝੇ ਰਹਿੰਦੇ ਹਨ।1। ਰਹਾਉ। ਨਾਨਾ = ਅਨੇਕਾਂ।2। ਭੂਲਿ ਪਰੇ ਸੇ = ਭੂਲੇ ਪਏ ਸਨ। ਜਾ = ਜਦੋਂ। ਤਾ = ਤਦੋਂ। ਜਾ ਕਾ = ਜਿਸ (ਪ੍ਰਭੂ) ਦਾ। ਕਾਰਜੁ = ਜਗਤ-ਰਚਨਾ। ਪਰੁ ਜਾਣੈ = ਚੰਗੀ ਤਰ੍ਹਾਂ ਜਾਣਦਾ ਹੈ। ਸਬਦਿ = ਸ਼ਬਦ ਵਿਚ।3। ਸਬਦੁ = ਹੁਕਮ। ਕਹਾ ਹੀ = ਕਿੱਥੇ? (ਭਾਵ, ਕਿਤੇ ਨਹੀਂ ਰਹਿ ਜਾਂਦਾ) । ਸਿਉ = ਨਾਲ। ਪੁਨਰਪਿ = ਮੁੜ ਮੁੜ। ਨ ਆਹੀ = ਨਹੀਂ ਆਉਂਦੇ।4। ਅਰਥ: ਹੇ ਭਾਈ! (ਆਮ ਭੁਲੇਖਾ ਇਹ ਹੈ ਕਿ ਜੀਵ ਪ੍ਰਭੂ ਤੋਂ ਵੱਖਰੀ ਆਪਣੀ ਹਸਤੀ ਮੰਨ ਕੇ ਆਪਣੇ ਆਪ ਨੂੰ ਕਰਮਾਂ ਦੇ ਕਰਨ ਵਾਲੇ ਸਮਝਦੇ ਹਨ ਪਰ) ਤੂੰ ਆਪਣਾ (ਇਹ) ਭੁਲੇਖਾ ਇਹ ਸਰਧਾ ਬਣਾ ਕੇ ਦੂਰ ਕਰ ਕਿ ਪ੍ਰਭੂ ਜਿਹੋ ਜਿਹਾ ਕਿਸੇ ਜੀਵ ਨੂੰ ਬਣਾਂਦਾ ਹੈ ਤਿਹੋ ਜਿਹਾ ਉਹ ਜੀਵ ਬਣ ਜਾਂਦਾ ਹੈ, ਤੇ, ਉਸੇ ਹੀ ਪਾਸੇ ਜੀਵ ਰੁਝੇ ਰਹਿੰਦੇ ਹਨ।1। ਰਹਾਉ। (ਧਰਤੀ ਤੇ ਬੱਦਲ ਦਾ ਦ੍ਰਿਸ਼ਟਾਂਤ ਲੈ ਕੇ ਵੇਖ) ਜਿਹੋ ਜਿਹੀ ਧਰਤੀ ਹੈ ਤਿਹੋ ਜਿਹਾ ਇਸ ਦੇ ਉਪਰਲਾ ਬੱਦਲ ਹੈ ਜੋ ਵਰਖਾ ਕਰਦਾ ਹੈ, ਧਰਤੀ ਵਿਚ ਭੀ (ਉਹੋ ਜਿਹਾ) ਪਾਣੀ ਹੈ (ਜਿਹੋ ਜਿਹਾ ਬੱਦਲ ਵਿਚ ਹੈ) । (ਖੂਹ ਪੁੱਟਿਆਂ) ਜਿਵੇਂ ਧਰਤੀ ਵਿਚੋਂ ਪਾਣੀ ਨਿਕਲ ਆਉਂਦਾ ਹੈ, ਜਿਵੇਂ ਬੱਦਲ ਭੀ (ਪਾਣੀ ਦੀ) ਵਰਖਾ ਕਰਦੇ ਫਿਰਦੇ ਹਨ। (ਜੀਵਾਤਮਾ ਤੇ ਪਰਮਾਤਮਾ ਦਾ ਫ਼ਰਕ ਇਉਂ ਹੀ ਸਮਝੋ ਜਿਵੇਂ ਧਰਤੀ ਦਾ ਪਾਣੀ ਤੇ ਬੱਦਲਾਂ ਦਾ ਪਾਣੀ ਹੈ। ਪਾਣੀ ਇਕੋ ਹੀ, ਪਾਣੀ ਉਹੀ ਹੈ। ਜੀਵ ਚਾਹੇ ਮਾਇਆ ਵਿਚ ਫਸਿਆ ਹੋਇਆ ਹੈ ਚਾਹੇ ਉੱਚੀਆਂ ਉਡਾਰੀਆਂ ਲਾ ਰਿਹਾ ਹੈ– ਹੈ ਇਕੋ ਹੀ ਪਰਮਾਤਮਾ ਦੀ ਅੰਸ) ।1। ਕੀਹ ਇਸਤ੍ਰੀ ਤੇ ਕੀਹ ਮਰਦ = ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ। ਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ, ਤੇ ਆਖ਼ਰ ਤੇਰੇ ਵਿਚ ਹੀ ਸਮਾ ਜਾਂਦੇ ਹਨ।2। (ਪਰਮਾਤਮਾ ਦੀ ਯਾਦ ਤੋਂ) ਭੁੱਲ ਕੇ ਜੀਵ ਅਨੇਕਾਂ ਜਨਮਾਂ ਵਿਚ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਦੋਂ ਕੁਰਾਹੇ ਜਾਣੋਂ ਹਟ ਜਾਂਦੇ ਹਨ। ਜੇ ਜੀਵ ਗੁਰੂ ਦੇ ਸ਼ਬਦ ਵਿਚ ਟਿਕੇ ਰਹਿਣ, ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਪਰਮਾਤਮਾ ਦਾ ਇਹ ਜਗਤ ਬਣਾਇਆ ਹੋਇਆ ਹੈ ਉਹੀ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ।3। (ਹੇ ਪ੍ਰਭੂ! ਸਭ ਥਾਂ) ਤੇਰਾ (ਹੀ) ਹੁਕਮ (ਵਰਤ ਰਿਹਾ) ਹੈ, (ਹਰ ਥਾਂ) ਤੂੰ ਆਪ ਹੀ (ਮੌਜੂਦ) ਹੈਂ = (ਜਿਸ ਮਨੁੱਖ ਦੇ ਅੰਦਰ ਇਹ ਨਿਸ਼ਚਾ ਬਣ ਜਾਏ ਉਸ ਨੂੰ) ਭੁਲੇਖਾ ਕਿੱਥੇ ਰਹਿ ਜਾਂਦਾ ਹੈ? ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਉਹਨਾਂ ਦੀ ਸੁਰਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ਜਿਵੇਂ ਹਵਾ ਪਾਣੀ ਆਦਿਕ ਹਰੇਕ) ਤੱਤ (ਆਪਣੇ) ਤੱਤ ਨਾਲ ਮਿਲ ਜਾਂਦਾ ਹੈ। ਅਜੇਹੇ ਮਨੁੱਖ ਮੁੜ ਮੁੜ ਜਨਮ ਵਿਚ ਨਹੀਂ ਆਉਂਦੇ।4।1।15। 35। ਗਉੜੀ ਬੈਰਾਗਣਿ ਮਹਲਾ ੩ ॥ ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ ॥ ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ ॥੧॥ ਮੇਰੇ ਮਨ ਗੁਰ ਚਰਣੀ ਚਿਤੁ ਲਾਇ ॥ ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ॥੧॥ ਰਹਾਉ ॥ ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ ॥ ਗੁਰ ਕਾ ਸਬਦੁ ਨ ਚੀਨਿਓ ਫਿਰਿ ਫਿਰਿ ਜੋਨੀ ਪਾਇ ॥੨॥ ਗੁਰਮੁਖਿ ਆਪੁ ਪਛਾਣਿਆ ਹਰਿ ਨਾਮੁ ਵਸਿਆ ਮਨਿ ਆਇ ॥ ਅਨਦਿਨੁ ਭਗਤੀ ਰਤਿਆ ਹਰਿ ਨਾਮੇ ਸੁਖਿ ਸਮਾਇ ॥੩॥ ਮਨੁ ਸਬਦਿ ਮਰੈ ਪਰਤੀਤਿ ਹੋਇ ਹਉਮੈ ਤਜੇ ਵਿਕਾਰ ॥ ਜਨ ਨਾਨਕ ਕਰਮੀ ਪਾਈਅਨਿ ਹਰਿ ਨਾਮਾ ਭਗਤਿ ਭੰਡਾਰ ॥੪॥੨॥੧੬॥੩੬॥ {ਪੰਨਾ 162} ਪਦ ਅਰਥ: ਕਾਲੈ ਵਸਿ = ਮੌਤ ਦੇ ਵੱਸ ਵਿਚ, ਆਤਮਕ ਮੌਤ ਦੇ ਵੱਸ ਵਿਚ। ਬਾਧਾ = ਬੱਝਾ ਹੋਇਆ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ।1। ਮਨ = ਹੇ ਮਨ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਧਾਨੁ = ਖ਼ਜ਼ਾਨਾ।1। ਰਹਾਉ। ਹਠਿ = ਹਠ ਨਾਲ। ਮਨ ਹਠਿ = ਮਨ ਦੇ ਹਠ ਦੇ ਕਾਰਨ। ਚੀਨਿਓ = ਪਛਾਣਿਆ।2। ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣਿਆ = ਪਰਖਿਆ। ਮਨਿ = ਮਨ ਵਿਚ। ਅਨਦਿਨੁ = ਹਰ ਰੋਜ਼। ਸੁਖਿ = ਆਤਮਕ ਆਨੰਦ ਵਿਚ।3। ਸਬਦਿ = ਸ਼ਬਦ ਦੀ ਰਾਹੀਂ। ਮਰੈ = ਹਉਮੈ ਵਲੋਂ ਮਰਦਾ ਹੈ, ਹਉਮੈ ਦੂਰ ਕਰਦਾ ਹੈ। ਪਰਤੀਤਿ = ਸਰਧਾ। ਕਰਮੀ = (ਪਰਮਾਤਮਾ ਦੀ) ਮਿਹਰ ਨਾਲ ਹੀ {ਕਰਮੁ = ਬਖ਼ਸ਼ਸ਼}। ਪਾਈਅਨਿ = ਪਾਏ ਜਾਂਦੇ ਹਨ, ਮਿਲਦੇ ਹਨ। ਭੰਡਾਰ = ਖ਼ਜ਼ਾਨੇ।4। ਅਰਥ: ਹੇ ਮੇਰੇ ਮਨ! ਗੁਰੂ ਦੇ ਚਰਨਾਂ ਵਿਚ ਸੁਰਤਿ ਜੋੜ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਇਕੱਠਾ ਕਰ ਲੈ, (ਇਹ ਤੈਨੂੰ) ਪਰਮਾਤਮਾ ਦੀ ਹਜ਼ੂਰੀ ਵਿਚ (ਤੇਰੇ ਕੀਤੇ ਕਰਮਾਂ ਦਾ ਲੇਖਾ ਕਰਨ ਵੇਲੇ) ਸੁਰਖ਼ਰੂ ਕਰੇਗਾ।1। ਰਹਾਉ। (ਜਦ ਤਕ) ਇਹ ਜਗਤ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ (ਤਦ ਤਕ ਇਹ) ਸਾਰਾ ਜਗਤ ਆਤਮਕ ਮੌਤ ਦੇ ਕਾਬੂ ਵਿਚ ਆਇਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਾਰੇ) ਕੰਮ ਹਉਮੈ ਦੇ ਆਸਰੇ ਕਰਦੇ ਹਨ ਤੇ ਉਹਨਾਂ ਨੂੰ (ਆਤਮਕ ਮੌਤ ਦੀ ਹੀ) ਸਜ਼ਾ ਮਿਲਦੀ ਹੈ।1। (ਮਾਇਆ ਦੇ ਮੋਹ ਵਿਚ ਬੱਝੇ ਹੋਏ ਜੀਵ) ਚੌਰਾਸੀ ਲੱਖ ਜੂਨਾਂ ਵਿਚ ਫਿਰਦੇ ਰਹਿੰਦੇ ਹਨ। ਆਪਣੇ ਮਨ ਦੇ ਹਠ ਦੇ ਕਾਰਨ (ਮਾਇਆ ਦੇ ਮੋਹ ਵਿਚ ਫਸਿਆ ਜੀਵ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ ਉਹ ਮੁੜ ਮੁੜ ਜੂਨਾਂ ਵਿਚ ਪੈਂਦਾ ਹੈ।2। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਪੜਤਾਲਦਾ ਰਹਿੰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਹਰ ਰੋਜ਼ ਪਰਮਾਤਮਾ ਦੀ ਭਗਤੀ (ਦੇ ਰੰਗ ਵਿਚ) ਰੰਗਿਆ ਰਹਿਣ ਕਰਕੇ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ।3। ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਜੁੜਨ ਕਰਕੇ ਆਪਾ-ਭਾਵ ਵਲੋਂ ਮਰਦਾ ਹੈ, ਉਸ ਦੀ (ਗੁਰੂ ਦੇ ਸ਼ਬਦ ਵਿਚ) ਸਰਧਾ ਬਣ ਜਾਂਦੀ ਹੈ ਤੇ ਉਹ ਆਪਣੇ ਅੰਦਰੋਂ ਹਉਮੈ (ਆਦਿਕ) ਵਿਕਾਰ ਤਿਆਗਦਾ ਹੈ। ਹੇ ਦਾਸ ਨਾਨਕ! ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦੇ ਹਨ।4।2।16। 36। ਗਉੜੀ ਬੈਰਾਗਣਿ ਮਹਲਾ ੩ ॥ ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ ॥ ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ ॥ ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ ॥ ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ ॥੧॥ ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ ॥ ਆਪਿ ਨਿਰੰਜਨੁ ਅਲਖੁ ਹੈ ਆਪੇ ਮੇਲਾਈਐ ॥੧॥ ਰਹਾਉ ॥ ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ ॥ ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ ॥ ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ ॥ ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥੨॥ ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥ ਸਤਿਗੁਰ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ ॥ ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥ ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੩॥ ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥ ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥ ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥ ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥ {ਪੰਨਾ 162-163} ਪਦ ਅਰਥ: ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਦਿਨ ਚਾਰਿ ਹੈ– ਚਾਰ ਦਿਨ (ਰਹਿਣ ਵਾਸਤੇ ਮਿਲੇ) ਹਨ। ਲਿਖਿ = ਲਿਖ ਕੇ। ਪਾਇਆ = (ਹਰੇਕ ਜੀਵ ਦੇ ਮੱਥੇ ਉਤੇ) ਰੱਖ ਦਿੱਤਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਪੇਵਕੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਸੰਮਲੈ = ਸੰਭਾਲਦੀ ਹੈ। ਵਾਸੁ = ਥਾਂ। ਸਹਜਿ = ਆਤਮਕ ਅਡੋਲਤਾ ਵਿਚ। ਮਨਿ = ਮਨ ਵਿਚ।1। ਸਸੁਰੈ = ਸਹੁਰੇ ਘਰ ਵਿਚ, ਪਰਲੋਕ ਵਿਚ। ਪੇਈਐ = ਇਸ ਲੋਕ ਵਿਚ। ਕਹੁ = ਦੱਸੋ। ਕਿਤੁ ਬਿਧਿ = ਕਿਸ ਤਰੀਕੇ ਨਾਲ? ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਰਹਿਤ। ਅਲਖੁ = ਅਦ੍ਰਿਸ਼ਟ। ਆਪੇ = ਆਪ ਹੀ।1। ਰਹਾਉ। ਦੇਹਿ = ਤੂੰ ਦੇਂਦਾ ਹੈਂ {ਦੇਇ = ਦੇਂਦਾ ਹੈ}। ਮੁਖਿ = ਮੂੰਹ ਵਿਚ। ਦੁਬਿਧਾ = ਦੁਚਿੱਤਾ-ਪਨ, ਡਾਵਾਂ-ਡੋਲ ਮਾਨਸਕ ਦਸ਼ਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਸੁਖਿ = ਆਤਮਕ ਆਨੰਦ ਵਿਚ। ਨਾਇ = ਨਾਮ ਵਿਚ।2। ਗਰਬਿ = ਅਹੰਕਾਰ ਦੇ ਕਾਰਨ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਗਰਭੇ = ਗਰਭ ਵਿਚ ਹੀ। ਏਵੈ = ਇਸੇ ਤਰ੍ਹਾਂ।3। ਪ੍ਰਭਿ = ਪ੍ਰਭੂ ਨੇ। ਧੁਰਿ = ਧੁਰ ਤੋਂ, ਆਪਣੀ ਹਜ਼ੂਰੀ ਤੋਂ। ਮਸਤਕਿ = ਮੱਥੇ ਉੱਤੇ। ਸੂਰਾ = ਸੂਰਮਾ। ਬੰਧਪੁ = ਰਿਸ਼ਤੇਦਾਰ। ਬੀਰਾ = ਵੀਰ, ਭਰਾ। ਪ੍ਰਭ = ਹੇ ਪ੍ਰਭੂ! ਕੀਰਾ = ਕੀੜਾ, ਨਾ-ਚੀਜ਼, ਨਿਮਾਣਾ।4। ਅਰਥ: (ਹੇ ਸਤਸੰਗੀ! ਹੇ ਭੈਣ!) ਦੱਸ, ਉਹ ਪਤੀ-ਪ੍ਰਭੂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਜੇਹੜਾ ਇਸ ਲੋਕ ਵਿਚ ਪਰਲੋਕ ਵਿਚ (ਸਭ ਥਾਂ) ਵੱਸਦਾ ਹੈ? (ਹੇ ਜਿਗਿਆਸੂ ਜੀਵ-ਇਸਤ੍ਰੀ!) ਉਹ ਪ੍ਰਭੂ-ਪਤੀ (ਹਰ ਥਾਂ ਮੌਜੂਦ ਹੁੰਦਿਆਂ ਭੀ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਅਦ੍ਰਿਸ਼ਟ ਭੀ ਹੈ। ਉਹ ਆਪ ਹੀ ਆਪਣਾ ਮੇਲ ਕਰਾਂਦਾ ਹੈ।1। ਰਹਾਉ। ਪਰਮਾਤਮਾ ਨੇ (ਹਰੇਕ ਜੀਵ ਦੇ ਮੱਥੇ ਉਤੇ ਇਹੀ ਲੇਖ) ਲਿਖ ਕੇ ਰੱਖ ਦਿੱਤਾ ਹੈ ਕਿ ਹਰੇਕ ਨੂੰ ਇਸ ਲੋਕ ਵਿੱਚ ਰਹਿਣ ਵਾਸਤੇ ਥੋੜੇ ਹੀ ਦਿਨ ਮਿਲੇ ਹੋਏ ਹਨ (ਫਿਰ ਭੀ ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ) । ਉਹ ਜੀਵ-ਇਸਤ੍ਰੀ (ਲੋਕ ਪਰਲੋਕ ਵਿਚ) ਸੋਭਾ ਖੱਟਦੀ ਹੈ, ਜੇਹੜੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਗਾਂਦੀ ਹੈ। ਜੇਹੜੀ ਜੀਵ-ਇਸਤ੍ਰੀ ਇਸ ਪੇਕੇ ਘਰ ਵਿਚ ਰਹਿਣ ਸਮੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਸੰਭਾਲਦੀ ਹੈ ਉਸ ਨੂੰ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਵਾਲਾ ਥਾਂ ਮਿਲ ਜਾਂਦਾ ਹੈ। ਗੁਰੂ ਦੇ ਸਨਮੁਖ ਰਹਿ ਕੇ ਉਹ ਜੀਵ-ਇਸਤ੍ਰੀ (ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ, ਪਰਮਾਤਮਾ (ਦਾ ਨਾਮ) ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ।1। (ਹੇ ਪਰਮਾਤਮਾ!) ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਜਿਸ ਜੀਵ ਨੂੰ ਤੂੰ ਆਪ ਹੀ ਮਤਿ ਦੇਂਦਾ ਹੈਂ, ਉਸੇ ਪਾਸੋਂ ਹਰਿ-ਨਾਮ ਸਿਮਰਿਆ ਜਾ ਸਕਦਾ ਹੈ। ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਂਦਾ ਹੈ। ਉਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਾਨਸਕ ਡਾਵਾਂਡੋਲ ਦਸ਼ਾ ਮੁੱਕ ਜਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ। (ਹੇ ਭਾਈ!) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ, ਉਹ ਆਪ ਹੀ (ਜੀਵਾਂ ਨੂੰ) ਆਪਣੇ ਨਾਮ ਵਿਚ ਜੋੜਦਾ ਹੈ।2। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗਿਆਨ ਤੋਂ ਸੱਖਣੇ ਹੁੰਦੇ ਹਨ (ਜੀਵਨ-ਜੁਗਤਿ ਤੋਂ) ਅੰਞਾਣ ਹੁੰਦੇ ਹਨ ਉਹ ਅਹੰਕਾਰ ਵਿਚ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦਾ ਮੇਲ ਨਹੀਂ ਹੁੰਦਾ। ਉਹ (ਆਪਣੇ ਮਾਣ ਵਿਚ ਰਹਿ ਕੇ) ਸਤਿਗੁਰੂ ਦੀ ਸਰਨ ਨਹੀਂ ਪੈਂਦੇ (ਕੁਰਾਹੇ ਪੈ ਕੇ) ਮੁੜ ਮੁੜ ਪਛੁਤਾਂਦੇ ਭੀ ਰਹਿੰਦੇ ਹਨ। ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚ ਉਹਨਾਂ ਦਾ ਆਤਮਕ ਜੀਵਨ ਗਲ ਜਾਂਦਾ ਹੈ। ਮੇਰੇ ਕਰਤਾਰ ਨੂੰ ਇਹੀ ਚੰਗਾ ਲੱਗਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਨਮ ਮਰਨ ਵਿਚ ਹੀ ਭਟਕਦੇ ਰਹਿਣ।3। (ਜਿਸ ਵਡਭਾਗੀ ਮਨੁੱਖ ਦੇ) ਮੱਥੇ ਉਤੇ ਮੇਰੇ ਹਰਿ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ (ਬਖ਼ਸ਼ਸ਼ ਦਾ) ਅਟੱਲ ਲੇਖ ਲਿਖ ਦਿੱਤਾ, ਉਸ ਨੂੰ (ਸਭ ਵਿਕਾਰਾਂ ਤੋਂ ਹੱਥ ਦੇ ਕੇ ਬਚਾਣ ਵਾਲਾ) ਸੂਰਮਾ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਕਿਰਪਾ ਨਾਲ) ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ। (ਹੇ ਭਾਈ!) ਪਰਮਾਤਮਾ ਦਾ ਨਾਮ ਹੀ ਮੇਰਾ ਪਿਉ ਹੈ ਨਾਮ ਹੀ ਮੇਰੀ ਮਾਂ ਹੈ, ਪਰਮਾਤਮਾ (ਦਾ ਨਾਮ) ਹੀ ਮੇਰਾ ਸਨਬੰਧੀ ਹੈ ਮੇਰਾ ਵੀਰ ਹੈ (ਮੈਂ ਸਦਾ ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕਰਦਾ ਹਾਂ ਕਿ) ਹੇ ਪ੍ਰਭੂ! ਹੇ ਹਰੀ! ਇਹ ਨਾਨਕ ਤੇਰਾ ਨਿਮਾਣਾ ਦਾਸ ਹੈ, ਇਸ ਉਤੇ ਬਖ਼ਸ਼ਸ਼ ਕਰ ਤੇ ਇਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ।4।।3।17। 37। ਗਉੜੀ ਬੈਰਾਗਣਿ ਮਹਲਾ ੩ ॥ ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥ ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥ ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥ ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥ ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥ ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥ ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥ ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥ ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥ ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥ ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥ ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥ ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥ ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥ ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥ ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥ ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ॥ ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥ ਪਦ ਅਰਥ: ਤੇ = ਤੋਂ, ਪਾਸੋਂ। ਗਿਆਨੁ = ਪਰਮਾਤਮਾ ਦੀ ਜਾਣ-ਪਛਾਣ, ਡੂੰਘੀ ਸਾਂਝ। ਤਤੁ = ਅਸਲੀਅਤ। ਬੀਚਾਰਾ = ਵਿਚਾਰੁ। ਪਰਗਟੁ ਭਈ = ਉੱਘੜ ਪਈ, ਨਿਖਰ ਪਈ। ਮੁਰਾਰਾ = ਮੁਰਾਰਿ, {ਮੁਰ ਦੈਂਤ ਦਾ ਵੈਰੀ। ਮੁਰ-ਅਰਿ} ਪਰਮਾਤਮਾ। ਸਿਵਿ = ਸ਼ਿਵ ਨੇ, ਕਲਿਆਣ-ਸਰੂਪ ਪ੍ਰਭੂ ਨੇ। ਸਕਤਿ = ਸ਼ਕਤਿ, ਮਾਇਆ। ਧੁਰਿ = ਧੁਰੋਂ।1। ਕਿਤੁ = ਕਿਸ ਦੀ ਰਾਹੀਂ? ਕਿਤੁ ਬਿਧਿ = ਕਿਸ ਤਰੀਕੇ ਨਾਲ? ਦੇਖਿ = ਵੇਖ ਕੇ। ਹਉ = ਮੈਂ। ਜੀਵਾ = ਜੀਵਾਂ, ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਚਸਾ = ਪਲ ਦਾ ਤੀਹਵਾਂ ਹਿੱਸਾ, ਸਮਾ, ਰਤਾ ਭਰ ਭੀ। ਗੁਰ ਮੇਲਿਹੁ = ਗੁਰੂ (ਨਾਲ) ਮਿਲਾ ਦਿਹੋ।1। ਰਹਾਉ। ਗਾਵਾ = ਗਾਵਾਂ, ਮੈਂ ਗਾਵਾਂ। ਸੁਣੀ = ਸੁਣੀਂ, ਮੈਂ ਸੁਣਾਂ। ਗਤਿ = ਉੱਚੀ ਆਤਮਕ ਅਵਸਥਾ। ਤੇ = ਪਾਸੋਂ। ਲੀਨੀ = ਲੀਨ ਹੋ ਗਿਆ ਹੈ। ਧਨੁ ਧਨੁ = ਸਲਾਹੁਣ-ਜੋਗ {DNX}। ਜਿਨਿ = ਜਿਸ ਨੇ।2। ਮੂੜ ਮੁਗਧ = ਮੂਰਖ, ਮਹਾ ਮੂਰਖ। ਨਿਸਤਾਰੇ = ਨਿਸਤਾਰਿ, ਪਾਰ ਲੰਘਾ।3। ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ। ਘਰਿ = ਹਿਰਦੇ-ਘਰ ਵਿਚ। ਸੋਹਿਲਾ = ਸਿਫ਼ਤਿ-ਸਾਲਾਹ ਦਾ ਗੀਤ, ਖ਼ੁਸ਼ੀ ਦਾ ਗੀਤ। ਪ੍ਰਭੁ = ਹੇ ਪ੍ਰਭੂ! ਨਾਨਕੁ ਮੰਗੈ = ਨਾਨਕ ਮੰਗਦਾ ਹੈ {ਨਾਨਕ = ਹੇ ਨਾਨਕ}। ਜਿਨ = ਜਿਨ੍ਹਾਂ ਨੇ {ਲਫ਼ਜ਼ 'ਜਿਨ' ਬਹੁ-ਵਚਨ ਹੈ, ਲਫ਼ਜ਼ 'ਜਿਨਿ' ਇਕ-ਵਚਨ ਹੈ}।4। ਅਰਥ: ਹੇ ਸੰਤ ਜਨੋ! ਜਿਸ ਪਰਮਾਤਮਾ ਦਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਦੱਸੋ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ। ਉਸ ਪ੍ਰਭੂ ਤੋਂ ਵਿੱਛੁੜ ਕੇ ਮੈਂ ਰਤਾ ਭਰ ਸਮੇ ਲਈ ਭੀ (ਆਤਮਕ ਜੀਵਨ) ਜੀਊਂ ਨਹੀਂ ਸਕਦੀ। (ਹੇ ਸੰਤ ਜਨੋ!) ਮੈਨੂੰ ਗੁਰੂ (ਨਾਲ) ਮਿਲਾਵੋ (ਤਾਂ ਜੁ ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਨਾਮ ਦਾ ਰਸ ਪੀ ਸਕਾਂ।1। ਰਹਾਉ। ਜਿਨ੍ਹਾਂ ਮਨੁੱਖਾਂ ਨੇ ਗੁਰੂ ਪਾਸੋਂ (ਪਰਮਾਤਮਾ ਨਾਲ) ਡੂੰਘੀ ਸਾਂਝ (ਪਾਣੀ) ਸਿੱਖ ਲਈ, (ਜਗਤ ਦੇ) ਮੂਲ ਪਰਮਾਤਮਾ (ਦੇ ਗੁਣਾਂ) ਨੂੰ ਵਿਚਾਰਨਾ (ਸਿੱਖ ਲਿਆ) , ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹਨਾਂ ਦੀ ਮਤਿ (ਜੋ ਪਹਿਲਾਂ ਵਿਕਾਰਾਂ ਦੇ ਕਾਰਨ) ਮੈਲੀ (ਹੋਈ ਪਈ ਸੀ) ਨਿਖਰ ਪਈ। ਕਲਿਆਣ-ਸਰੂਪ ਪਰਮਾਤਮਾ ਨੇ (ਉਹਨਾਂ ਦੇ ਅੰਦਰੋਂ) ਮਾਇਆ (ਦਾ ਪ੍ਰਭਾਵ) ਮਿਟਾ ਦਿੱਤਾ, (ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ। (ਪਰ) ਪਰਮਾਤਮਾ ਦਾ ਨਾਮ ਉਹਨਾਂ ਨੂੰ ਹੀ ਪਿਆਰਾ ਲੱਗਦਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ (ਆਪ ਪਰਮਾਤਮਾ ਨੇ ਆਪਣੇ ਨਾਮ ਦੀ ਦਾਤਿ ਦਾ ਲੇਖ) ਲਿਖ ਦਿੱਤਾ।1। (ਹੇ ਸੰਤ ਜਨੋ! ਪਿਆਰੇ ਗੁਰੂ ਦੀ ਮਿਹਰ ਨਾਲ) ਮੈਂ ਨਿੱਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਮੈਂ ਨਿੱਤ ਪਰਮਾਤਮਾ ਦਾ ਨਾਮ ਸੁਣਦਾ ਰਹਿੰਦਾ ਹਾਂ, ਉਸ ਪਰਮਾਤਮਾ ਨੇ ਮੈਨੂੰ ਉੱਚੀ ਆਤਮਕ ਅਵਸਥਾ ਬਖ਼ਸ ਦਿੱਤੀ ਹੈ। ਗੁਰੂ ਪਾਸੋਂ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਹਾਸਲ ਕੀਤਾ ਹੈ, (ਹੁਣ) ਮੇਰਾ ਮਨ ਮੇਰਾ ਤਨ (ਉਸ ਸੁਆਦ ਵਿਚ) ਮਗਨ ਰਹਿੰਦਾ ਹੈ। (ਹੇ ਸੰਤ ਜਨੋ!) ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਭਗਤੀ (ਦੀ ਦਾਤਿ) ਦਿੱਤੀ ਹੈ (ਮੇਰੇ ਵਾਸਤੇ ਤਾਂ ਉਹ) ਸਤਪੁਰਖ ਗੁਰੂ (ਸਦਾ ਹੀ) ਸਲਾਹੁਣ-ਯੋਗ ਹੈ। ਜਿਸ ਗੁਰੂ ਪਾਸੋਂ ਮੈਂ ਪਰਮਾਤਮਾ (ਦਾ ਨਾਮ) ਪ੍ਰਾਪਤ ਕੀਤਾ ਹੈ ਉਸ ਗੁਰੂ ਨੂੰ ਮੈਂ ਆਪਣਾ ਬਣਾ ਲਿਆ ਹੈ।2। (ਹੇ ਭਾਈ! ਸਾਰੇ ਜਗਤ ਦਾ) ਸ਼ਹਿਨਸ਼ਾਹ ਪਰਮਾਤਮਾ (ਸਭ ਜੀਵਾਂ ਨੂੰ ਸਭ) ਗੁਣਾਂ ਦੀ ਦਾਤਿ ਦੇਣ ਵਾਲਾ ਹੈ, ਅਸੀਂ (ਜੀਵ) ਅਉਗਣਾਂ ਨਾਲ ਭਰੇ ਰਹਿੰਦੇ ਹਾਂ। (ਜਿਵੇਂ) ਪੱਥਰ (ਪਾਣੀ ਵਿਚ ਡੁੱਬ ਜਾਂਦੇ ਹਨ, ਤਿਵੇਂ ਅਸੀ) ਪਾਪੀ (ਜੀਵ ਵਿਕਾਰਾਂ ਦੇ ਸਮੁੰਦਰ ਵਿਚ) ਡੁੱਬੇ ਰਹਿੰਦੇ ਹਾਂ, ਪਰਮਾਤਮਾ (ਸਾਨੂੰ) ਗੁਰੂ ਦੀ ਮਤਿ ਦੇ ਕੇ (ਉਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ। ਹੇ ਪ੍ਰਭੂ! ਤੂੰ ਪਵਿਤ੍ਰ-ਸਰੂਪ ਹੈਂ ਤੂੰ ਗੁਣ ਬਖ਼ਸ਼ਣ ਵਾਲਾ ਹੈਂ, ਅਸੀਂ ਜੀਵ ਅਉਗਣਾਂ ਨਾਲ ਭਰੇ ਪਏ ਹਾਂ। ਹੇ ਹਰੀ! ਅਸੀਂ ਤੇਰੀ ਸਰਨ ਆਏ ਹਾਂ, (ਸਾਨੂੰ ਅਉਗਣਾਂ ਤੋਂ) ਬਚਾ ਲੈ, (ਸਾਨੂੰ) ਮੂਰਖਾਂ ਨੂੰ ਮਹਾ ਮੂਰਖਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾ ਲੈ।3। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ (ਆਪਣੇ) ਮਨ ਵਿਚ (ਸਦਾ) ਸਿਮਰਿਆ ਹੈ, ਉਹ ਗੁਰੂ ਦੀ ਮਤਿ ਤੇ ਤੁਰ ਕੇ ਸਦਾ ਆਤਮਕ ਅਡੋਲਤਾ ਮਾਣਦੇ ਹਨ (ਆਤਮਕ) ਆਨੰਦ ਮਾਣਦੇ ਹਨ। ਜਿਨ੍ਹਾਂ ਨੂੰ ਹਰਿ-ਪ੍ਰਭੂ ਸੱਜਣ ਮਿਲ ਪੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ। ਹੇ ਹਰੀ! ਹੇ ਪ੍ਰਭੂ! ਮਿਹਰ ਕਰ, (ਮੇਰੀ) ਬੇਨਤੀ (ਸੁਣ) , (ਮੈਨੂੰ) ਆਪਣੇ ਨਾਮ ਦਾ ਸਿਮਰਨ ਦੇਹ। (ਹੇ ਪ੍ਰਭੂ! ਤੇਰਾ) ਦਾਸ ਨਾਨਕ (ਤੇਰੇ ਦਰ ਤੋਂ) ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੂੰ (ਤੇਰੀ ਮਿਹਰ ਨਾਲ) ਗੁਰੂ ਮਿਲ ਪਿਆ ਹੈ।4। 4।18। 38। ਨੋਟ:
ਗਉੜੀ ਬੈਰਾਗਣਿ ਮ: 3 = 4 |
Sri Guru Granth Darpan, by Professor Sahib Singh |