ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 163 ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥ ਜੋਗੀ ਗੋਰਖੁ ਗੋਰਖੁ ਕਰਿਆ ॥ ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥ ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥ ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥ ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥ ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥ ਮੈ ਮੂਰਖ ਹਰਿ ਆਸ ਤੁਮਾਰੀ ॥੨॥ ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥ ਸੂਦੁ ਵੈਸੁ ਪਰ ਕਿਰਤਿ ਕਮਾਵੈ ॥ ਮੈ ਮੂਰਖ ਹਰਿ ਨਾਮੁ ਛਡਾਵੈ ॥੩॥ ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ ॥ ਗੁਰਮੁਖਿ ਨਾਨਕ ਦੇ ਵਡਿਆਈ ॥ ਮੈ ਅੰਧੁਲੇ ਹਰਿ ਟੇਕ ਟਿਕਾਈ ॥੪॥੧॥੩੯॥ {ਪੰਨਾ 163-164} ਪਦ ਅਰਥ: ਮਹਲਾ 4 ਚਉਥਾ = ਨੋਟ: ਅੰਕ 4 ਨੂੰ ਚਉਥਾ ਪੜ੍ਹਨਾ ਹੈ। ਇਸੇ ਤਰ੍ਹਾਂ 'ਮਹਲਾ 1' ਨੂੰ 'ਮਹਲਾ ਪਹਿਲਾ', 2 ਨੂੰ ਦੂਜਾ, 3 ਨੂੰ ਤੀਜਾ, 5 ਨੂੰ ਪੰਜਵਾਂ। ਗੋਰਖੁ = ਜੋਗੀ ਮਤ ਦਾ ਗੁਰੂ। ਜਪੁ ਪੜਿਆ = ਜਪ ਕਰਨਾ ਹੀ ਸਿੱਖਿਆ ਹੈ।1। ਨਾ ਜਾਨਾ = ਮੈਂ ਨਹੀਂ ਜਾਣਦਾ। ਗਤਿ = ਹਾਲਤ। ਰਾਮ = ਹੇ ਰਾਮ! ਹਮਾਰੀ = ਮੇਰੀ। ਮਨ = ਹੇ ਮਨ! ਤਰੁ = ਪਾਰ ਲੰਘ। ਭਉਜਲੁ = ਸੰਸਾਰ-ਸਮੁੰਦਰ। ਤਾਰੀ = ਬੇੜੀ, ਜਹਾਜ਼ (qir) ।1। ਰਹਾਉ। ਬਿਭੂਤ = ਸੁਆਹ। ਦੇਹ = ਸਰੀਰ। ਪਰ ਤ੍ਰਿਅ ਤਿਆਗੁ = ਪਰਾਈ ਇਸਤ੍ਰੀ ਦਾ ਤਿਆਗ। ਹਰਿ = ਹੇ ਹਰੀ!।2। ਕਰਮ = (ਸੂਰਮਤਾ ਦੇ) ਕੰਮ। ਸੂਰਤਣੁ = ਸੂਰਮਤਾ (ਦਾ ਨਾਮਣਾ) । ਪਰ ਕਿਰਤਿ = ਦੂਜਿਆਂ ਦੀ ਸੇਵਾ।3। ਸਭ = ਸਾਰੀ। ਦੇ = ਦੇਂਦਾ ਹੈ। ਟੇਕ = ਆਸਰਾ।4। ਅਰਥ: ਪੰਡਿਤ ਸ਼ਾਸਤਰ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕ) ਪੜ੍ਹਦਾ ਹੈ (ਤੇ ਇਸ ਵਿਦਵਤਾ ਦਾ ਫ਼ਖ਼ਰ ਕਰਦਾ ਹੈ) , ਜੋਗੀ (ਆਪਣੇ ਗੁਰੂ) ਗੋਰਖ (ਦੇ ਨਾਮ ਦਾ ਜਾਪ) ਕਰਦਾ ਹੈ (ਤੇ ਉਸ ਦੀਆਂ ਦੱਸੀਆਂ ਸਮਾਧੀਆਂ ਆਦਿਕ ਨੂੰ ਆਤਮਕ ਜੀਵਨ ਦੀ ਟੇਕ ਬਣਾਈ ਬੈਠਾ ਹੈ) , ਪਰ ਮੈਂ ਮੂਰਖ ਨੇ (ਪੰਡਿਤਾਂ ਤੇ ਜੋਗੀਆਂ ਦੇ ਭਾਣੇ ਮੂਰਖ ਨੇ) ਪਰਮਾਤਮਾ ਦੇ ਨਾਮ ਦਾ ਜਪ ਕਰਨਾ ਹੀ (ਆਪਣੇ ਗੁਰੂ ਪਾਸੋਂ) ਸਿੱਖਿਆ ਹੈ।1। ਹੇ ਮੇਰੇ ਰਾਮ! (ਕਿਸੇ ਨੂੰ ਧਰਮ-ਪੁਸਤਕਾਂ ਦੀ ਵਿੱਦਿਆ ਦਾ ਫ਼ਖ਼ਰ, ਕਿਸੇ ਨੂੰ ਸਮਾਧੀਆਂ ਦਾ ਸਹਾਰਾ, ਪਰ) ਮੈਨੂੰ ਸਮਝ ਨਹੀਂ ਆਉਂਦੀ (ਕਿ ਜੇ ਮੈਂ ਤੇਰਾ ਨਾਮ ਭੁਲਾ ਦਿਆਂ ਤਾਂ) ਮੇਰੀ ਕਿਹੋ ਜਿਹੀ ਆਤਮਕ ਦਸ਼ਾ ਹੋ ਜਾਇਗੀ। (ਹੇ ਰਾਮ! ਮੈਂ ਤਾਂ ਆਪਣੇ ਮਨ ਨੂੰ ਇਹੀ ਸਮਝਾਂਦਾ ਹਾਂ =) ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ (ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾ, (ਪਰਮਾਤਮਾ ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਬੇੜੀ ਹੈ।1। ਰਹਾਉ। ਸੰਨਿਆਸੀ ਨੇ ਸੁਆਹ ਮਲ ਕੇ ਆਪਣੇ ਸਰੀਰ ਨੂੰ ਸਵਾਰਿਆ ਹੋਇਆ ਹੈ, ਉਸ ਨੇ ਪਰਾਈ ਇਸਤ੍ਰੀ ਦਾ ਤਿਆਗ ਕਰ ਕੇ ਬ੍ਰਹਮ ਚਰਜ ਧਾਰਨ ਕੀਤਾ ਹੋਇਆ ਹੈ (ਉਸ ਨੇ ਨਿਰੇ ਬ੍ਰਹਮ ਚਰਜ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾਇਆ ਹੋਇਆ ਹੈ, ਉਸ ਦੀਆਂ ਨਿਗਾਹਾਂ ਵਿਚ ਮੇਰੇ ਵਰਗਾ ਗ੍ਰਿਹਸਤੀ ਮੂਰਖ ਹੈ, ਪਰ) ਹੇ ਹਰੀ! ਮੈਂ ਮੂਰਖ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ।2। (ਸਿਮ੍ਰਿਤੀਆਂ ਦੇ ਧਰਮ ਅਨੁਸਾਰ) ਖਤ੍ਰੀ (ਸੂਰਮਤਾ ਦੇ) ਕੰਮ ਕਰਦਾ ਹੈ ਤੇ ਸੂਰਮਤਾ ਦਾ ਨਾਮਣਾ ਖੱਟਦਾ ਹੈ (ਉਹ ਇਸੇ ਨੂੰ ਹੀ ਜੀਵਨ-ਨਿਸ਼ਾਨਾ ਸਮਝਦਾ ਹੈ) , ਸ਼ੂਦਰ ਦੂਜਿਆਂ ਦੀ ਸੇਵਾ ਕਰਦਾ ਹੈ, ਵੈਸ਼ ਭੀ (ਵਣਜ ਆਦਿਕ) ਕਿਰਤ ਕਰਦਾ ਹੈ (ਸ਼ੂਦਰ ਭੀ ਤੇ ਵੈਸ਼ ਭੀ ਆਪੋ ਆਪਣੀ ਕਿਰਤ ਵਿਚ ਮਗਨ ਹੈ, ਪਰ ਮੈਂ ਨਿਰੀ ਕਿਰਤ ਨੂੰ ਜੀਵਨ-ਮਨੋਰਥ ਨਹੀਂ ਮੰਨਦਾ, ਇਹਨਾਂ ਦੀਆਂ ਨਜ਼ਰਾਂ ਵਿਚ) ਮੈਂ ਮੂਰਖ ਹਾਂ (ਪਰ ਮੈਨੂੰ ਯਕੀਨ ਹੈ ਕਿ) ਪਰਮਾਤਮਾ ਦਾ ਨਾਮ (ਹੀ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚਾਂਦਾ ਹੈ।3। (ਪਰ, ਹੇ ਪ੍ਰਭੂ!) ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, (ਸਭ ਜੀਵਾਂ ਵਿਚ) ਤੂੰ ਆਪ ਹੀ ਵਿਆਪਕ ਹੈਂ (ਜੋ ਕੁਝ ਤੂੰ ਸੁਝਾਉਂਦਾ ਹੈਂ ਉਹੀ ਇਹਨਾਂ ਨੂੰ ਸੁੱਝਦਾ ਹੈ) । ਹੇ ਨਾਨਕ! (ਜਿਸ ਕਿਸੇ ਉਤੇ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ) ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਵਡਿਆਈ ਬਖ਼ਸ਼ਦਾ ਹੈ। (ਇਹਨਾਂ ਲੋਕਾਂ ਦੇ ਭਾਣੇ ਮੈਂ ਅੰਨ੍ਹਾ ਹਾਂ, ਪਰ) ਮੈਂ ਅੰਨ੍ਹੇ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੋਇਆ ਹੈ।4।1। 39। |
Sri Guru Granth Darpan, by Professor Sahib Singh |