ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 164 ਗਉੜੀ ਗੁਆਰੇਰੀ ਮਹਲਾ ੪ ॥ ਨਿਰਗੁਣ ਕਥਾ ਕਥਾ ਹੈ ਹਰਿ ਕੀ ॥ ਭਜੁ ਮਿਲਿ ਸਾਧੂ ਸੰਗਤਿ ਜਨ ਕੀ ॥ ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥ ਗੋਬਿੰਦ ਸਤਸੰਗਤਿ ਮੇਲਾਇ ॥ ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥ ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥ ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥ ਜਨ ਕੀ ਸੇਵਾ ਊਤਮ ਕਾਮਾ ॥੨॥ ਜੋ ਹਰਿ ਕੀ ਹਰਿ ਕਥਾ ਸੁਣਾਵੈ ॥ ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥ ਜਨ ਪਗ ਰੇਣੁ ਵਡਭਾਗੀ ਪਾਵੈ ॥੩॥ ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥ ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥ ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥ {ਪੰਨਾ 164} ਪਦ ਅਰਥ: ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ। ਭਜੁ = ਸਿਮਰ। ਤਰੁ = ਪਾਰ ਲੰਘ। ਅਕਥ ਕਥਾ = ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਜਿਸ ਦੇ ਗੁਣ ਦੱਸੇ ਨਹੀਂ ਜਾ ਸਕਦੇ।1। ਗੋਬਿੰਦ = ਹੇ ਗੋਬਿੰਦ! ਰਸੁ = ਸੁਆਦ। ਰਸਨਾ = ਜੀਭ। ਗਾਇ = ਗਾਵੇ।1। ਰਹਾਉ। ਜੋ ਜਨ = ਜੇਹੜੇ ਬੰਦੇ। ਦਾਸਨਿ ਦਾਸ = ਸੇਵਕਾਂ ਦਾ ਸੇਵਕ। ਰਾਮਾ = ਹੇ ਰਾਮ! ਕਾਮਾ = ਕੰਮ।2। ਹਮਰੈ ਮਨਿ ਚਿਤਿ = ਮੇਰੇ ਮਨ ਵਿਚ, ਮੇਰੇ ਚਿੱਤ ਵਿਚ। ਭਾਵੈ = ਚੰਗਾ ਲੱਗਦਾ ਹੈ। ਪਗ = ਪੈਰ। ਰੇਣੁ = ਧੂੜ। ਪਗ ਰੇਣੁ = ਪੈਰਾਂ ਦੀ ਖ਼ਾਕ।3। ਸਿਉ = ਨਾਲ। ਲਿਖਤੁ = ਲੇਖ। ਧੁਰਿ = ਧੁਰੋਂ। ਤੇ ਜਨ = ਉਹ ਬੰਦੇ। ਸਮਾਈ = ਲੀਨਤਾ।4। ਅਰਥ: ਹੇ ਗੋਬਿੰਦ! (ਮੈਨੂੰ) ਸਾਧ ਸੰਗਤਿ ਦਾ ਮਿਲਾਪ ਬਖ਼ਸ਼ (ਤਾਂ ਜੁ ਮੇਰੀ) ਜੀਭ ਹਰਿ-ਨਾਮ ਦਾ ਸੁਆਦ (ਲੈ ਕੇ) ਹਰਿ-ਗੁਣ ਗਾਂਦੀ ਰਹੇ।1। ਰਹਾਉ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਤਿੰਨਾਂ ਗੁਣਾਂ ਤੋਂ ਉਤਾਂਹ ਹਨ (ਦੁਨੀਆ ਦੇ ਲੋਕਾਂ ਦੀਆਂ ਸਿਫ਼ਤਾਂ ਦੀਆਂ ਕਹਾਣੀਆਂ ਨਾਲੋਂ ਬਹੁਤ ਉੱਚੇ ਟਿਕਾਣੇ ਦੀਆਂ ਹਨ) । (ਹੇ ਭਾਈ!) ਸਾਧੂ ਜਨਾਂ ਦੀ ਸੰਗਤਿ ਵਿਚ ਮਿਲ ਕੇ (ਉਸ ਪਰਮਾਤਮਾ ਦਾ) ਭਜਨ ਕਰਿਆ ਕਰ, ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰ, ਜਿਸ ਦੇ ਗੁਣ ਦੱਸੇ ਨਹੀਂ ਜਾ ਸਕਦੇ (ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ।1। ਹੇ ਹਰੀ! ਹੇ ਰਾਮ! ਜੇਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ। (ਤੇਰੇ) ਦਾਸਾਂ ਦੀ ਸੇਵਾ (ਮਨੁੱਖਾ ਜੀਵਨ ਵਿਚ ਸਭ ਤੋਂ) ਸ੍ਰੇਸ਼ਟ ਕੰਮ ਹੈ।2। (ਹੇ ਭਾਈ!) ਜੇਹੜਾ ਮਨੁੱਖ (ਮੈਨੂੰ) ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੀਆਂ ਗੱਲਾਂ ਸੁਣਾਂਦਾ ਹੈ, ਉਹ (ਮੈਨੂੰ) ਮੇਰੇ ਮਨ ਵਿਚ ਮੇਰੇ ਚਿੱਤ ਵਿਚ ਪਿਆਰਾ ਲੱਗਦਾ ਹੈ। (ਪਰਮਾਤਮਾ ਦੇ) ਭਗਤ ਦੇ ਪੈਰਾਂ ਦੀ ਖ਼ਾਕ ਕੋਈ ਵੱਡੇ ਭਾਗਾਂ ਵਾਲਾ ਮਨੁੱਖ (ਹੀ) ਹਾਸਲ ਕਰਦਾ ਹੈ।3। ਹੇ ਨਾਨਕ! (ਪ੍ਰਭੂ ਦੇ) ਸੰਤ ਜਨਾਂ ਨਾਲ (ਉਹਨਾਂ ਮਨੁੱਖਾਂ ਦੀ) ਪ੍ਰੀਤਿ ਨਿਭਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ (ਆਪਣੀ ਦਰਗਾਹ ਤੋਂ ਆਪਣੀ ਬਖ਼ਸ਼ਸ਼ ਦਾ) ਲੇਖ ਲਿਖ ਦਿੱਤਾ ਹੋਵੇ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ ਲਈ) ਲੀਨਤਾ ਹਾਸਲ ਕਰ ਲੈਂਦੇ ਹਨ।4।2। 40। ਗਉੜੀ ਗੁਆਰੇਰੀ ਮਹਲਾ ੪ ॥ ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥ ਮੀਨੇ ਪ੍ਰੀਤਿ ਭਈ ਜਲਿ ਨਾਇ ॥ ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥ ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥ ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ ॥ ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥ ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥ ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥ ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥ ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥ ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥ ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥ ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥ ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥ {ਪੰਨਾ 164} ਪਦ ਅਰਥ: ਪ੍ਰੀਤਿ = ਖ਼ੁਸ਼ੀ (pRwiq = pleasure pRI = to take delight) । ਪ੍ਰੀਤਿ ਕਰੇ = ਖ਼ੁਸ਼ੀ ਮਨਾਂਦੀ ਹੈ, ਖ਼ੁਸ਼ ਹੁੰਦੀ ਹੈ। ਮੀਨੇ = ਮੱਛੀ ਨੂੰ। ਜਲਿ = ਪਾਣੀ ਵਿਚ। ਨਾਇ = ਨ੍ਹਾ ਕੇ। ਮੁਖਿ = ਮੂੰਹ ਵਿਚ।1। ਹਰਿ = ਹੇ ਹਰੀ! ਹਮ = ਮੈਨੂੰ।1। ਰਹਾਉ। ਮਿਲਿ = ਮਿਲ ਕੇ। ਬਛਰੇ = ਵੱਛੇ ਨੂੰ। ਕਾਮਨਿ = ਇਸਤ੍ਰੀ। ਪਿਰੁ = ਪਤੀ। ਘਰਿ = ਘਰ ਵਿਚ।2। ਸਾਰਿੰਗ = ਪਪੀਹੇ ਨੂੰ। ਜਲ ਧਾਰਾ = ਪਾਣੀ ਦੀ ਧਾਰ, ਵਰਖਾ। ਨਰਪਤਿ = ਰਾਜਾ। ਦੇਖਿ = ਵੇਖ ਕੇ।3। ਨਰ ਪ੍ਰਾਣੀ = ਹਰੇਕ ਮਨੁੱਖ ਨੂੰ। ਗੁਰਸਿਖ = ਗੁਰੂ ਦੇ ਸਿੱਖ ਨੂੰ। ਗਲਾਟੇ = ਗਲ ਲਾ ਕੇ। ਚਾਟੇ = ਚੁੰਮਣ ਨਾਲ।4। ਅਰਥ: ਹੇ ਹਰੀ! ਮੈਨੂੰ ਆਪਣੇ ਉਹ ਸੇਵਕ ਮਿਲਾ, ਜਿਨ੍ਹਾਂ ਦੇ ਮਿਲਿਆਂ ਮੇਰੇ ਸਾਰੇ ਦੁਖ ਦੂਰ ਹੋ ਜਾਣ (ਤੇ ਮੇਰੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਏ) ।1। ਰਹਾਉ। (ਹਰੇਕ) ਮਾਂ ਖ਼ੁਸ਼ੀ ਮਨਾਂਦੀ ਹੈ ਜਦੋਂ ਉਸ ਦਾ ਪੁੱਤਰ (ਕੋਈ ਚੰਗੀ ਸ਼ੈ) ਖਾਂਦਾ ਹੈ। ਪਾਣੀ ਵਿਚ ਨ੍ਹਾ ਕੇ ਮੱਛੀ ਨੂੰ ਖ਼ੁਸ਼ੀ ਹੁੰਦੀ ਹੈ। ਗੁਰੂ ਨੂੰ ਖ਼ੁਸ਼ੀ ਹੁੰਦੀ ਹੈ, ਜਦੋਂ ਕੋਈ ਮਨੁੱਖ ਕਿਸੇ ਗੁਰਸਿੱਖ ਦੇ ਮੂੰਹ ਵਿਚ (ਭੋਜਨ) ਪਾਂਦਾ ਹੈ (ਜਦੋਂ ਕੋਈ ਕਿਸੇ ਗੁਰਸਿੱਖ ਦੀ ਸੇਵਾ ਕਰਦਾ ਹੈ) ।1। ਜਿਵੇਂ (ਆਪਣੇ) ਵੱਛੇ ਨੂੰ ਮਿਲ ਕੇ ਗਾਂ ਖ਼ੁਸ਼ ਹੁੰਦੀ ਹੈ, ਜਿਵੇਂ ਇਸਤ੍ਰੀ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਦਾ ਪਤੀ ਘਰ ਆਉਂਦਾ ਹੈ, (ਤਿਵੇਂ) ਪਰਮਾਤਮਾ ਦੇ ਸੇਵਕ ਨੂੰ ਤਦੋਂ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾਂਦਾ ਹੈ।2। ਪਪੀਹੇ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ (ਸ੍ਵਾਂਤੀ ਨਛੱਤ੍ਰ ਵਿਚ) ਮੁਹਲੇ-ਧਾਰ ਮੀਂਹ ਵੱਸਦਾ ਹੈ, ਮਾਇਆ ਦਾ ਖਿਲਾਰਾ ਵੇਖ ਕੇ (ਕਿਸੇ) ਰਾਜੇ-ਪਾਤਿਸ਼ਾਹ ਨੂੰ ਖ਼ੁਸ਼ੀ ਹੁੰਦੀ ਹੈ। (ਤਿਵੇਂ) ਪ੍ਰਭੂ ਦੇ ਦਾਸ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਹੈ।3। ਹਰੇਕ ਮਨੁੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਮਾਇਆ ਕਮਾਂਦਾ ਹੈ ਧਨ ਖੱਟਦਾ ਹੈ। ਗੁਰੂ ਦੇ ਸਿੱਖ ਨੂੰ ਖ਼ੁਸ਼ੀ (ਮਹਿਸੂਸ) ਹੁੰਦੀ ਹੈ ਜਦੋਂ ਉਸ ਨੂੰ ਉਸ ਦਾ ਗੁਰੂ ਗਲ ਲਾ ਕੇ ਮਿਲਦਾ ਹੈ। ਹੇ ਨਾਨਕ! ਪਰਮਾਤਮਾ ਦੇ ਸੇਵਕ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਕਿਸੇ ਗੁਰਮੁਖਿ ਦੇ ਪੈਰ ਚੁੰਮਦਾ ਹੈ।4।3। 41। ਗਉੜੀ ਗੁਆਰੇਰੀ ਮਹਲਾ ੪ ॥ ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥ ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥ ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥ ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥ ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ ॥ ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥ ਮਿਲੈ ਪਿਆਰੇ ਸਭ ਦੁਖ ਤਿਆਗੈ ॥ ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥ ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥ ਹਿਰਦੈ ਬਿਗਸੈ ਦੇਖੈ ਮਾਇ ॥ ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥ ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ ॥ ਬਿਨਸਿ ਜਾਇ ਕੂਰਾ ਕਚੁ ਪਾਚਾ ॥ ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥ {ਪੰਨਾ 164} ਪਦ ਅਰਥ: ਭੀਖਕ = ਮੰਗਤੇ ਨੂੰ। ਪ੍ਰੀਤਿ = ਖ਼ੁਸ਼ੀ। ਭੀਖ ਪ੍ਰਭ = ਕਿਸੇ ਗ੍ਰਿਹਸਤੀ ਦੇ ਦਰ ਤੋਂ ਭਿੱਖਿਆ। ਪਾਇ = ਪਾ ਕੇ, ਲੈ ਕੇ। ਪ੍ਰਭ = ਕਿਸੇ ਘਰ ਦਾ ਮਾਲਕ। ਖਾਇ = ਖਾ ਕੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਆਘਾਏ = ਰੱਜਦਾ ਹੈ, ਤ੍ਰਿਸ਼ਨਾ ਵਲੋਂ ਸੰਤੁਸ਼ਟ ਹੁੰਦਾ ਹੈ।1। ਹਰਿ = ਹੇ ਹਰੀ! ਲੋਚ = ਤਾਂਘ।1। ਰਹਾਉ। ਮੁਖਿ ਲਾਗੈ = ਮੂੰਹ ਲੱਗਦਾ ਹੈ, ਦਿੱਸਦਾ ਹੈ।2। ਖੀਰੁ = ਦੁੱਧ। ਮੁਖਿ = ਮੂੰਹ ਨਾਲ। ਬਿਗਸੈ = ਖਿੜਦਾ ਹੈ, ਖ਼ੁਸ਼ ਹੁੰਦਾ ਹੈ। ਮਾਇ = ਮਾਂ। ਮੁਖਿ ਲਾਇ = ਵੇਖ ਕੇ।3। ਕਾਚਾ = ਕੱਚਾ, ਛੇਤੀ ਨਾਸ ਹੋ ਜਾਣ ਵਾਲਾ। ਕੂਰਾ = ਕੂੜਾ, ਝੂਠਾ। ਕਚੁ ਪਾਚਾ = ਕੱਚ ਵਾਂਗ ਵਿਖਾਵਾ ਹੀ। ਤ੍ਰਿਪਤਿ = ਸੰਤੋਖ।4। ਅਰਥ: ਹੇ ਹਰੀ! ਕਿਰਪਾ ਕਰ, ਮੇਰੀ ਤਾਂਘ ਪੂਰੀ ਕਰ, ਤੇ ਮੈਨੂੰ ਦਰਸਨ ਦੇਹ (ਜੀਵਨ ਦੇ ਬਿਖੜੇ ਪੈਂਡੇ ਵਿਚ ਮੈਨੂੰ) ਤੇਰੀ ਹੀ (ਸਹਾਇਤਾ ਦੀ) ਆਸ ਹੈ।1। ਰਹਾਉ। ਮੰਗਤੇ ਨੂੰ (ਤਦੋਂ) ਖ਼ੁਸ਼ੀ ਹੁੰਦੀ ਹੈ (ਜਦੋਂ ਉਸ ਨੂੰ ਕਿਸੇ ਘਰ ਦੇ) ਮਾਲਕ ਪਾਸੋਂ ਭਿੱਖਿਆ ਮਿਲਦੀ ਹੈ। ਭੁੱਖੇ ਮਨੁੱਖ ਨੂੰ (ਤਦੋਂ) ਖ਼ੁਸ਼ੀ ਹੁੰਦੀ ਹੈ (ਜਦੋਂ ਉਹ) ਅੰਨ ਖਾਂਦਾ ਹੈ। (ਇਸੇ ਤਰ੍ਹਾਂ) ਗੁਰੂ ਦੇ ਸਿੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਗੁਰੂ ਨੂੰ ਮਿਲ ਕੇ ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਸੰਤੁਸ਼ਟ ਹੁੰਦਾ ਹੈ।1। ਚਕਵੀ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਸੂਰਜ ਦਿੱਸਦਾ ਹੈ (ਕਿਉਂਕਿ ਸੂਰਜ ਚੜ੍ਹਨ ਤੇ ਉਹ ਆਪਣੇ) ਪਿਆਰੇ (ਚਕਵੇ) ਨੂੰ ਮਿਲਦੀ ਹੈ (ਤੇ ਵਿਛੋੜੇ ਦੇ) ਸਾਰੇ ਦੁਖ ਭੁਲਾਂਦੀ ਹੈ। ਗੁਰਸਿੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਦਿੱਸਦਾ ਹੈ।2। ਵੱਛੇ ਨੂੰ (ਆਪਣੀ ਮਾਂ ਦਾ) ਦੁੱਧ ਮੂੰਹ ਨਾਲ ਪੀ ਕੇ ਖ਼ੁਸ਼ੀ ਹੁੰਦੀ ਹੈ, ਉਹ (ਆਪਣੀ) ਮਾਂ ਨੂੰ ਵੇਖਦਾ ਹੈ ਤੇ ਦਿਲ ਵਿਚ ਖਿੜਦਾ ਹੈ, (ਇਸ ਤਰ੍ਹਾਂ) ਗੁਰਸਿੱਖ ਨੂੰ ਗੁਰੂ ਦਾ ਦਰਸਨ ਕਰ ਕੇ ਖ਼ੁਸ਼ੀ ਹੁੰਦੀ ਹੈ।3। (ਗੁਰੂ ਪਰਮਾਤਮਾ ਤੋਂ ਬਿਨਾ) ਹੋਰ ਮੋਹ ਕੱਚਾ ਹੈ ਮਾਇਆ ਦੀ ਪ੍ਰੀਤਿ ਸਾਰੀ ਨਾਸਵੰਤ ਹੈ। ਹੋਰ ਮੋਹ ਨਾਸ ਹੋ ਜਾਂਦਾ ਹੈ, ਝੂਠਾ ਹੈ, ਨਿਰਾ ਕੱਚ ਸਮਾਨ ਹੀ ਹੈ। ਹੇ ਦਾਸ ਨਾਨਕ! ਜਿਸ ਨੂੰ ਸੱਚਾ ਗੁਰੂ ਮਿਲਦਾ ਹੈ ਉਸਨੂੰ (ਅਸਲ) ਖ਼ੁਸ਼ੀ ਹੁੰਦੀ ਹੈ (ਕਿਉਂਕਿ ਉਸ ਨੂੰ ਗੁਰੂ ਮਿਲਣ ਨਾਲ) ਸੰਤੋਖ ਪ੍ਰਾਪਤ ਹੁੰਦਾ ਹੈ।4। 4। 42। |
Sri Guru Granth Darpan, by Professor Sahib Singh |