ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 165 ਗਉੜੀ ਗੁਆਰੇਰੀ ਮਹਲਾ ੪ ॥ ਸਤਿਗੁਰ ਸੇਵਾ ਸਫਲ ਹੈ ਬਣੀ ॥ ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ ॥ ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥੧॥ ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥ ਹਰਿ ਬੋਲਤ ਸਭ ਪਾਪ ਲਹਿ ਜਾਈ ॥੧॥ ਰਹਾਉ ॥ ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥ ਧਾਵਤ ਪੰਚ ਰਹੇ ਹਰਿ ਧਿਆਇਆ ॥ ਅਨਦਿਨੁ ਨਗਰੀ ਹਰਿ ਗੁਣ ਗਾਇਆ ॥੨॥ ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ ॥ ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥ ਤੇ ਹਰਿ ਦਰਗਹ ਮੁਖ ਊਜਲ ਭਾਈ ॥੩॥ ਗੁਰ ਸੇਵਾ ਆਪਿ ਹਰਿ ਭਾਵੈ ॥ ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ ॥ ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ॥੪॥੫॥੪੩॥ {ਪੰਨਾ 165} ਪਦ ਅਰਥ: ਸਫਲ = ਫਲ ਦੇਣ ਵਾਲੀ। ਜਿਤੁ = ਜਿਸ ਦੀ ਰਾਹੀਂ। ਧਣੀ = ਮਾਲਕ। ਛੂਟੀ = ਵਿਕਾਰਾਂ ਤੋਂ ਬਚ ਗਈ। ਘਣੀ = ਬਹੁਤ (ਲੁਕਾਈ) ।1। ਬੋਲਤ = ਸਿਮਰਿਆਂ।1। ਰਹਾਉ। ਵਸਿ = ਵੱਸ ਵਿਚ। ਧਾਵਤ = ਦੌੜਦੇ, ਭਟਕਦੇ। ਪੰਚ = ਪੰਜੇ ਗਿਆਨ-ਇੰਦ੍ਰੇ। ਰਹੇ = ਰਹਿ ਗਏ, ਹਟ ਗਏ। ਅਨਦਿਨੁ = ਹਰ ਰੋਜ਼। ਨਗਰੀ = ਨਗਰ ਦੇ ਮਾਲਕ ਜੀਵ ਨੇ।2। ਪਗ ਧੂਰਿ = ਪੈਰਾਂ ਦੀ ਖ਼ਾਕ, ਚਰਨ-ਧੂੜ। ਮੁਖਿ = ਮੂੰਹ ਉਤੇ, ਮੱਥੇ ਉਤੇ। ਕੂੜ = ਝੂਠੇ ਮੋਹ। ਮੁਖ ਊਜਲ = ਉਜਲ ਮੁਖ ਵਾਲੇ, ਸੁਰਖ਼ਰੂ। ਭਾਈ = ਹੇ ਭਾਈ!।3। ਭਾਵੈ = ਪਸੰਦ ਆਉਂਦੀ ਹੈ। ਲਗਿ = ਲੱਗ ਕੇ। ਧਿਆਵੈ = ਧਿਆਉਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਤਰਾਵੈ = ਪਾਰ ਲੰਘਾਂਦਾ ਹੈ।4। ਅਰਥ: ਹੇ ਮੇਰੇ ਭਾਈ! ਗੁਰੂ ਦੇ ਸਿੱਖ ਬਣ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਸਿਮਰਨ ਕਰੋ (ਤਦੋਂ ਹੀ) ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਪਾਪ (ਮਨ ਤੋਂ) ਦੂਰ ਹੋ ਜਾਂਦਾ ਹੈ।1। ਰਹਾਉ। ਸਤਿਗੁਰੂ ਦੀ ਸਰਨ (ਮਨੁੱਖ ਦੇ ਆਤਮਕ ਜੀਵਨ ਵਾਸਤੇ) ਲਾਭਦਾਇਕ ਬਣ ਜਾਂਦੀ ਹੈ, ਕਿਉਂਕਿ ਇਸ (ਗੁਰ-ਸਰਨ) ਦੀ ਰਾਹੀਂ (ਸਾਧ ਸੰਗਤਿ ਵਿਚ) ਮਿਲ ਕੇ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਬਹੁਤ ਲੁਕਾਈ ਵਿਕਾਰਾਂ ਤੋਂ ਬਚ ਜਾਂਦੀ ਹੈ। ਜਦੋਂ (ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ (ਇਸ ਦਾ) ਮਨ ਵੱਸ ਵਿਚ ਆ ਜਾਂਦਾ ਹੈ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕਰਦਿਆਂ (ਮਨੁੱਖ ਦੇ) ਪੰਜੇ (ਗਿਆਨ-ਇੰਦ੍ਰੇ ਵਿਕਾਰਾਂ ਵਲ) ਦੌੜਨੋਂ ਰਹਿ ਜਾਂਦੇ ਹਨ, ਤੇ ਸਰੀਰ ਦਾ ਮਾਲਕ ਜੀਵਾਤਮਾ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦਾ ਹੈ।2। ਜਿਨ੍ਹਾਂ (ਵਡ-ਭਾਗੀਆਂ) ਨੇ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਲਈ, ਉਹਨਾਂ ਨੇ ਝੂਠੇ ਮੋਹ ਛੱਡ ਦਿੱਤੇ ਤੇ ਪਰਮਾਤਮਾ ਦੇ ਚਰਨਾਂ ਵਿਚ ਆਪਣੀ ਸੁਰਤਿ ਜੋੜ ਲਈ। ਪਰਮਾਤਮਾ ਦੀ ਹਜ਼ੂਰੀ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ।3। ਗੁਰੂ ਦੀ ਸਰਨ (ਪੈਣਾ) ਪਰਮਾਤਮਾ ਨੂੰ ਭੀ ਚੰਗਾ ਲੱਗਦਾ ਹੈ। ਕ੍ਰਿਸ਼ਨ (ਭੀ) ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਨੂੰ ਸਿਮਰਦਾ ਰਿਹਾ, ਬਲਭੱਦ੍ਰ ਭੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਧਿਆਉਂਦਾ ਸੀ। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ ਪਰਮਾਤਮਾ ਆਪ (ਵਿਕਾਰਾਂ ਦੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।4।5। 43। ਗਉੜੀ ਗੁਆਰੇਰੀ ਮਹਲਾ ੪ ॥ ਹਰਿ ਆਪੇ ਜੋਗੀ ਡੰਡਾਧਾਰੀ ॥ ਹਰਿ ਆਪੇ ਰਵਿ ਰਹਿਆ ਬਨਵਾਰੀ ॥ ਹਰਿ ਆਪੇ ਤਪੁ ਤਾਪੈ ਲਾਇ ਤਾਰੀ ॥੧॥ ਐਸਾ ਮੇਰਾ ਰਾਮੁ ਰਹਿਆ ਭਰਪੂਰਿ ॥ ਨਿਕਟਿ ਵਸੈ ਨਾਹੀ ਹਰਿ ਦੂਰਿ ॥੧॥ ਰਹਾਉ ॥ ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥ ਹਰਿ ਆਪੇ ਵੇਖੈ ਵਿਗਸੈ ਆਪੇ ॥ ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥੨॥ ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥ ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥ ਹਰਿ ਆਪਿ ਕਰੇ ਆਪੇ ਨਿਸਤਾਰਾ ॥੩॥ ਹਰਿ ਆਪੇ ਬੇੜੀ ਤੁਲਹਾ ਤਾਰਾ ॥ ਹਰਿ ਆਪੇ ਗੁਰਮਤੀ ਨਿਸਤਾਰਾ ॥ ਹਰਿ ਆਪੇ ਨਾਨਕ ਪਾਵੈ ਪਾਰਾ ॥੪॥੬॥੪੪॥ {ਪੰਨਾ 165} ਪਦ ਅਰਥ: ਆਪੇ = ਆਪ ਹੀ। ਡੰਡਾਧਾਰੀ = ਡੰਡਾ ਹੱਥ ਵਿਚ ਰੱਖਣ ਵਾਲਾ। ਬਨਵਾਰੀ = {vnmwlI = ਜੰਗਲ ਦੇ ਫੁਲਾਂ ਦੀ ਮਾਲਾ ਪਹਿਨਣ ਵਾਲਾ, ਕ੍ਰਿਸ਼ਨ} ਪਰਮਾਤਮਾ। ਤਾਰੀ = ਤਾੜੀ, ਸਮਾਧੀ।1। ਭਰਪੂਰਿ = ਵਿਆਪਕ, ਹਰ ਥਾਂ ਮੌਜੂਦ। ਨਿਕਟਿ = ਨੇੜੇ।1। ਰਹਾਉ। ਧੁਨਿ = ਲਗਨ। ਵਿਗਸੈ = ਖਿੜਦਾ ਹੈ, ਖ਼ੁਸ਼ ਹੁੰਦਾ ਹੈ। ਜਾਪੇ = ਜਪਦਾ ਹੈ।2। ਸਾਰਿੰਗ = ਪਪੀਹਾ। ਕਰੇ = (ਜੀਵਾਂ ਨੂੰ ਪੈਦਾ) ਕਰਦਾ ਹੈ। ਨਿਸਤਾਰਾ = ਪਾਰ-ਉਤਾਰਾ।3। ਤੁਲਹਾ = ਦਰੀਆ ਵਿਚੋਂ ਪਾਰ ਲੰਘਣ ਲਈ ਲੱਕੜਾਂ ਦਾ ਬੱਧਾ ਹੋਇਆ ਗੱਠਾ। ਤਾਰਾ = ਤਾਰਨ ਵਾਲਾ, ਪਾਰ ਲੰਘਾਣ ਵਾਲਾ। ਪਾਵੈ ਪਾਰਾ = ਪਾਰ ਲੰਘਾਂਦਾ ਹੈ।4। ਅਰਥ: (ਹੇ ਭਾਈ!) ਮੇਰਾ ਰਾਮ ਇਹੋ ਜਿਹਾ ਹੈ ਕਿ ਉਹ ਹਰ ਥਾਂ ਮੌਜੂਦ ਹੈ। ਉਹ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਭੀ ਥਾਂ ਤੋਂ) ਉਹ ਹਰੀ ਦੂਰ ਨਹੀਂ ਹੈ।1। ਰਹਾਉ। ਹੱਥ ਵਿਚ ਡੰਡਾ ਰੱਖਣ ਵਾਲਾ ਜੋਗੀ ਭੀ ਪਰਮਾਤਮਾ ਆਪ ਹੀ ਹੈ ਕਿਉਂਕਿ ਉਹ ਹਰੀ-ਪਰਮਾਤਮਾ ਆਪ ਹੀ (ਹਰ ਥਾਂ) ਵਿਆਪਕ ਹੋ ਰਿਹਾ ਹੈ (ਤਪੀਆਂ ਵਿਚ ਵਿਆਪਕ ਹੋ ਕੇ) ਹਰੀ ਆਪ ਹੀ ਤਾੜੀ ਲਾ ਕੇ ਤਪ-ਸਾਧਨ ਕਰ ਰਿਹਾ ਹੈ।1। ਪਰਮਾਤਮਾ ਆਪ ਹੀ ਸ਼ਬਦ ਹੈ ਆਪ ਹੀ ਸੁਰਤਿ ਹੈ ਆਪ ਹੀ ਲਗਨ ਹੈ। ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਬੈਠਾ ਇਹ ਜਗਤ-ਤਮਾਸ਼ਾ) ਵੇਖ ਰਿਹਾ ਹੈ (ਤੇ, ਆਪ ਹੀ ਇਹ ਤਮਾਸ਼ਾ ਵੇਖ ਕੇ) ਖ਼ੁਸ਼ ਹੋ ਰਿਹਾ ਹੈ। ਪਰਮਾਤਮਾ ਆਪ ਹੀ (ਸਭ ਵਿਚ ਬੈਠ ਕੇ ਆਪਣਾ ਨਾਮ) ਜਪ ਰਿਹਾ ਹੈ।2। ਪਰਮਾਤਮਾ ਆਪ ਹੀ ਪਪੀਹਾ ਹੈ (ਤੇ ਆਪ ਹੀ ਉਸ ਪਪੀਹੇ ਵਾਸਤੇ) ਵਰਖਾ ਦੀ ਧਾਰ ਹੈ। ਪਰਮਾਤਮਾ ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹੈ, ਤੇ ਆਪ ਹੀ ਉਹ (ਜੀਵਾਂ ਨੂੰ ਅੰਮ੍ਰਿਤ) ਪਿਲਾਣ ਵਾਲਾ ਹੈ। ਪ੍ਰਭੂ ਆਪ ਹੀ (ਜਗਤ ਦੇ ਜੀਵਾਂ ਨੂੰ) ਪੈਦਾ ਕਰਦਾ ਹੈ ਤੇ ਆਪ ਹੀ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।3। ਪਰਮਾਤਮਾ ਆਪ (ਜੀਵਾਂ ਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਬੇੜੀ ਹੈ ਤੁਲਹਾ ਹੈ, ਤੇ ਆਪ ਹੀ ਪਾਰ ਲੰਘਾਣ ਵਾਲਾ ਹੈ। ਪ੍ਰਭੂ ਆਪ ਹੀ ਗੁਰੂ ਦੀ ਮਤਿ ਤੇ ਤੋਰ ਕੇ ਵਿਕਾਰਾਂ ਤੋਂ ਬਚਾਂਦਾ ਹੈ। ਹੇ ਨਾਨਕ! ਪਰਮਾਤਮਾ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।4।6। 44। ਨੋਟ:
ਗਉੜੀ ਗੁਆਰੇਰੀ ਮ: 4 = 6 ਸ਼ਬਦ ਗਉੜੀ ਬੈਰਾਗਣਿ ਮਹਲਾ ੪ ॥ ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥ ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥੧॥ ਹਮ ਵਣਜਾਰੇ ਰਾਮ ਕੇ ॥ ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥੧॥ ਰਹਾਉ ॥ ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥ ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥੨॥ ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥ ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥੩॥ ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥ ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥੪॥੧॥੭॥੪੫॥ {ਪੰਨਾ 165} ਪਦ ਅਰਥ: ਧਣੀ = ਮਾਲਕ। ਰਾਸਿ = ਸਰਮਾਇਆ। ਤੂੰ ਦੇਹਿ = ਤੂੰ ਦੇਂਦਾ ਹੈਂ। ਲੇਹਿ = ਲੈਂਦੇ ਹਾਂ। ਵਣੰਜਹ = ਅਸੀਂ ਜੀਵ ਵਣਜ ਕਰਦੇ ਹਾਂ। ਰੰਗ ਸਿਉ = ਪ੍ਰੇਮ ਨਾਲ।1। ਵਣਜਾਰੇ = ਵਣਜ ਕਰਨ ਵਾਲੇ, ਵਪਾਰੀ। ਰੇ = ਹੇ ਭਾਈ!।1। ਰਹਾਉ। ਲਾਹਾ = ਲਾਭ, ਨਫ਼ਾ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ। ਜਾਗਾਤੀ = ਮਸੂਲੀਆ।2। ਅਨੰਤ ਤਰੰਗੀ = ਅਨੇਕਾਂ ਲਹਰਾਂ ਵਿਚ ਫਸ ਕੇ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) । ਜੇਹੈ ਵਣਜਿ = ਜਿਹੋ ਜਿਹੇ ਵਣਜ ਵਿਚ।3। ਦੇਈ = ਦੇਂਦਾ ਹੈ (ਨੋਟ: ਲਫ਼ਜ਼ 'ਦੇਹਿ' ਅਤੇ 'ਦੇਇ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ) ।4। ਅਰਥ: ਹੇ ਭਾਈ! ਅਸੀਂ ਜੀਵ ਪਰਮਾਤਮਾ (ਸ਼ਾਹੂਕਾਰ) ਦੇ (ਭੇਜੇ ਹੋਏ) ਵਪਾਰੀ ਹਾਂ। ਉਹ ਸ਼ਾਹ (ਆਪਣੇ ਨਾਮ ਦਾ) ਸਰਮਾਇਆ ਦੇ ਕੇ (ਅਸਾਂ ਜੀਵਾਂ ਪਾਸੋਂ) ਵਪਾਰ ਕਰਾਂਦਾ ਹੈ।1। ਰਹਾਉ। ਹੇ ਪ੍ਰਭੂ! ਤੂੰ ਸਾਡਾ ਸ਼ਾਹ ਹੈਂ ਤੂੰ ਸਾਡਾ ਮਾਲਕ ਹੈਂ, ਤੂੰ ਸਾਨੂੰ ਜਿਹੋ ਜਿਹਾ ਸਰਮਾਇਆ ਦੇਂਦਾ ਹੈਂ, ਉਹੋ ਜਿਹਾ ਸਰਮਾਇਆ ਅਸੀਂ ਲੈ ਲੈਂਦੇ ਹਾਂ। ਜੇ ਤੂੰ ਆਪ ਮਿਹਰਵਾਨ ਹੋ ਕੇ (ਸਾਨੂੰ ਆਪਣੇ ਨਾਮ ਦਾ ਸਰਮਾਇਆ) ਦੇਵੇਂ ਤਾਂ ਅਸੀਂ ਪਿਆਰ ਨਾਲ ਤੇਰੇ ਨਾਮ ਦਾ ਵਪਾਰ ਕਰਨ ਲੱਗ ਪੈਂਦੇ ਹਾਂ।1। (ਜਿਸ ਜੀਵ-ਵਣਜਾਰੇ ਨੇ) ਪਰਮਾਤਮਾ ਦੀ ਭਗਤੀ ਦੀ ਖੱਟੀ ਖੱਟੀ ਹੈ ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਉਹ ਉਸ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ। (ਜਿਸ ਜੀਵ-ਵਪਾਰੀ ਨੇ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝਿਆ ਹੈ, ਜਮ-ਮਸੂਲੀਆ ਉਸ ਦੇ ਨੇੜੇ ਭੀ ਨਹੀਂ ਢੁਕਦਾ।2। ਪਰ ਜੇਹੜੇ ਜੀਵ-ਵਣਜਾਰੇ (ਪ੍ਰਭੂ-ਨਾਮ ਤੋਂ ਬਿਨਾ) ਹੋਰ ਹੋਰ ਵਣਜ ਕਰਦੇ ਹਨ, ਉਹ ਮਾਇਆ ਦੇ ਮੋਹ ਦੀਆਂ ਬੇਅੰਤ ਲਹਰਾਂ ਵਿਚ ਫਸ ਕੇ ਦੁਖ ਸਹਾਰਦੇ ਰਹਿੰਦੇ ਹਨ। (ਉਹਨਾਂ ਦੇ ਭੀ ਕੀਹ ਵੱਸ?) ਜਿਹੋ ਜਿਹੇ ਵਣਜ ਵਿਚ ਪਰਮਾਤਮਾ ਨੇ ਉਹਨਾਂ ਨੂੰ ਲਾ ਦਿੱਤਾ ਹੈ, ਉਹੋ ਜਿਹਾ ਹੀ ਫਲ ਉਹਨਾਂ ਨੇ ਪਾ ਲਿਆ ਹੈ।3। ਪਰਮਾਤਮਾ ਦੇ ਨਾਮ ਦਾ ਵਪਾਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਹਰਵਾਨ ਹੋ ਕੇ ਦੇਂਦਾ ਹੈ। ਹੇ ਦਾਸ ਨਾਨਕ! ਜਿਸ ਮਨੁੱਖ ਨੇ (ਸਭ ਦੇ) ਸ਼ਾਹ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਹੈ, ਉਸ ਪਾਸੋਂ ਉਹ ਸ਼ਾਹ-ਪ੍ਰਭੂ ਕਦੇ ਭੀ (ਉਸ ਦੇ ਵਣਜ-ਵਪਾਰ ਦਾ) ਲੇਖਾ ਨਹੀਂ ਮੰਗਦਾ।4।1।7। 45। ਗਉੜੀ ਬੈਰਾਗਣਿ ਮਹਲਾ ੪ ॥ ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥ ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ ॥ ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ॥੧॥ ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ ॥ ਜਨ ਕੀ ਉਪਮਾ ਤੁਝਹਿ ਵਡਈਆ ॥੧॥ ਰਹਾਉ ॥ ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ ॥ ਸਭ ਰਸ ਮੀਠੇ ਮੁਖਿ ਲਗਹਿ ਜਾ ਹਰਿ ਗੁਣ ਗਾਵੈ ॥ ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ ॥੨॥ ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ ਵਡਿਆਈ ॥ ਹਰਿ ਜੀਅ ਤੇਰੇ ਤੂੰ ਵਰਤਦਾ ਹਰਿ ਪੂਜ ਕਰਾਈ ॥ ਹਰਿ ਭਗਤਿ ਭੰਡਾਰ ਲਹਾਇਦਾ ਆਪੇ ਵਰਤਾਈ ॥੩॥ ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ ॥ ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ ॥੪॥੨॥੮॥੪੬॥ {ਪੰਨਾ 165-166} ਪਦ ਅਰਥ: ਜਨਨੀ = ਜੰਮਣ ਵਾਲੀ, ਮਾਂ। ਗਰਭੁ = ਕੁੱਖ। ਪਾਲਤੀ = ਸਾਂਭ ਕੇ ਰੱਖਦੀ। ਸੁਤ = ਪੁੱਤਰ। ਹੋਇ = ਹੋ ਕੇ। ਖਾਟਿ = ਖੱਟ-ਕਮਾ ਕੇ। ਦੇਇ = ਦੇਂਦਾ ਹੈ, ਦੇਵੇਗਾ। ਕਰਿ ਭੋਗ ਬਿਲਾਸਾ = ਸੁਖ ਆਨੰਦ ਮਾਣਨ ਵਾਸਤੇ। ਹਰਿਜਨ ਪੀਤਿ = ਭਗਤ ਦੀ ਪ੍ਰੀਤਿ। ਰਾਖਦਾ = ਕਾਇਮ ਰੱਖਦਾ ਹੈ। ਹਥਾਸਾ = ਹੱਥ, ਹੱਥ ਦਾ ਆਸਰਾ।1। ਮੈ ਮੂਰਖ = ਮੈਨੂੰ ਮੂਰਖ ਨੂੰ। ਗੁਸਈਆ = ਹੇ ਗੁਸਾਈਂ! ਹੇ ਮਾਲਕ! ਉਪਮਾ = ਵਡਿਆਈ, ਇੱਜ਼ਤ।1। ਰਹਾਉ। ਮੰਦਰਿ = ਮੰਦਰ ਵਿਚ। ਘਰਿ = ਘਰ ਵਿਚ। ਮਨਿ = ਮਨ ਵਿਚ। ਮੁਖਿ = ਮੂੰਹ ਵਿਚ। ਜਾ = ਜਦੋਂ। ਸਧਾਰੁ = {szDu = to support} ਸਹਾਰਾ। ਪਰਵਾਰੁ = {pir vwr = a scabbard, a sheath} ਰਾਖਾ।2। ਜੀਅ = ਸਾਰੇ ਜੀਵ। ਭੰਡਾਰ = ਖ਼ਜ਼ਾਨੇ। ਲਹਾਇਦਾ = ਲਭਾਇੰਦਾ, ਦਿਵਾਂਦਾ। ਵਰਤਾਈ = ਵੰਡਦਾ।3। ਲਾਲਾ = ਗ਼ੁਲਾਮ। ਹਾਟਿ = ਹੱਟ ਤੇ, ਮੰਡੀ ਵਿਚੋਂ। ਵਿਹਾਝਿਆ = ਖ਼ਰੀਦਿਆ ਹੋਇਆ। ਰਾਜਿ = ਰਾਜ ਉਤੇ, ਤਖ਼ਤ ਉਤੇ। ਘਾਸੀ = ਘਾਹੀ, ਘਸਿਆਰਾ। ਕਢਾਈ = ਮੂੰਹੋਂ ਕਢਾਂਦਾ ਹੈ, ਜਪਾਂਦਾ ਹੈ।4। ਅਰਥ: ਹੇ ਮੇਰੇ ਰਾਮ! ਹੇ ਮੇਰੇ ਮਾਲਕ! ਹੇ ਹਰੀ! ਮੈਨੂੰ ਮੂਰਖ ਨੂੰ (ਆਪਣੀ ਸਰਨ ਵਿਚ) ਰੱਖ। ਤੇਰੇ ਸੇਵਕ ਦੀ ਵਡਿਆਈ ਤੇਰੀ ਹੀ ਵਡਿਆਈ ਹੈ।1। ਰਹਾਉ। ਜਿਵੇਂ ਕੋਈ ਮਾਂ ਪੁੱਤਰ (ਜੰਮਣ) ਦੀ ਆਸ ਰੱਖ ਕੇ (ਨੌ ਮਹੀਨੇ ਆਪਣੀ) ਕੁੱਖ ਦੀ ਸੰਭਾਲ ਕਰਦੀ ਰਹਿੰਦੀ ਹੈ (ਉਹ ਆਸ ਕਰਦੀ ਹੈ ਕਿ ਮੇਰਾ ਪੁੱਤਰ) ਵੱਡਾ ਹੋ ਕੇ ਧਨ ਖੱਟ-ਕਮਾ ਕੇ ਸਾਡੇ ਸੁਖ ਆਨੰਦ ਵਾਸਤੇ ਸਾਨੂੰ (ਲਿਆ ਕੇ) ਦੇਵੇਗਾ, ਇਸੇ ਤਰ੍ਹਾਂ ਪਰਮਾਤਮਾ ਆਪਣੇ ਸੇਵਕਾਂ ਦੀ ਪ੍ਰੀਤਿ ਨੂੰ ਆਪ ਆਪਣਾ ਹੱਥ ਦੇ ਕੇ ਕਾਇਮ ਰੱਖਦਾ ਹੈ।1। ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗਦੀ ਹੈ, ਉਸ ਦੇ ਹਿਰਦੇ-ਮੰਦਰ ਵਿਚ ਹਿਰਦੇ-ਘਰ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ। ਜਦੋਂ ਉਹ ਹਰੀ ਦੇ ਗੁਣ ਗਾਂਦਾ ਹੈ (ਉਸ ਨੂੰ ਇਉਂ ਜਾਪਦਾ ਹੈ ਜਿਵੇਂ) ਸਾਰੇ ਸੁਆਦਲੇ ਮਿੱਠੇ ਰਸ ਉਸ ਦੇ ਮੂੰਹ ਵਿਚ ਪੈ ਰਹੇ ਹਨ। ਪਰਮਾਤਮਾ ਦਾ ਸੇਵਕ-ਭਗਤ ਆਪਣੀਆਂ ਇੱਕੀ ਕੁਲਾਂ ਵਿਚ ਰਾਖਾ ਹੈ ਆਸਰਾ ਹੈ, ਪਰਮਾਤਮਾ ਦਾ ਸੇਵਕ ਸਾਰੇ ਜਗਤ ਨੂੰ ਹੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ।2। ਇਹ ਸਾਰਾ ਹੀ ਜਗਤ ਜੋ ਬਣਿਆ ਦਿੱਸਦਾ ਹੈ ਇਹ ਸਾਰਾ ਪਰਮਾਤਮਾ ਨੇ ਹੀ ਪੈਦਾ ਕੀਤਾ ਹੈ, ਇਹ ਸਾਰਾ ਉਸੇ ਦਾ ਮਹਾਨ ਕੰਮ ਹੈ। ਹੇ ਹਰੀ! (ਜਗਤ ਦੇ ਸਾਰੇ) ਜੀਵ ਤੇਰੇ ਪੈਦਾ ਕੀਤੇ ਹੋਏ ਹਨ, (ਸਭਨਾਂ ਜੀਵਾਂ ਵਿਚ) ਤੂੰ ਹੀ ਤੂੰ ਮੌਜੂਦ ਹੈਂ। (ਹੇ ਭਾਈ! ਸਭ ਜੀਵਾਂ ਪਾਸੋਂ) ਪਰਮਾਤਮਾ (ਆਪ ਹੀ ਆਪਣੀ) ਪੂਜਾ-ਭਗਤੀ ਕਰਾ ਰਿਹਾ ਹੈ। ਪਰਮਾਤਮਾ ਆਪ ਹੀ ਆਪਣੀ ਭਗਤੀ ਦੇ ਖ਼ਜ਼ਾਨੇ (ਸਭ ਜੀਵਾਂ ਨੂੰ) ਦਿਵਾਂਦਾ ਹੈ, ਆਪ ਹੀ ਵੰਡਦਾ ਹੈ।3। ਜੇ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਹੋਇਆ ਹੋਵੇ, ਉਸ (ਗ਼ੁਲਾਮ) ਦੀ (ਆਪਣੇ ਮਾਲਕ ਦੇ ਸਾਹਮਣੇ) ਕੋਈ ਚਾਲਾਕੀ ਨਹੀਂ ਚੱਲ ਸਕਦੀ (ਪਰਮਾਤਮਾ ਦਾ ਸੇਵਕ-ਭਗਤ ਸਤਸੰਗ ਦੀ ਹੱਟੀ ਵਿਚੋਂ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੁੰਦਾ ਹੈ, ਉਸ ਸੇਵਕ ਨੂੰ) ਜੇ ਪਰਮਾਤਮਾ ਰਾਜ-ਤਖ਼ਤ ਉਤੇ ਬਿਠਾ ਦੇਵੇ ਤਾਂ ਭੀ ਉਹ ਪਰਮਾਤਮਾ ਦਾ ਗ਼ੁਲਾਮ ਹੀ ਰਹਿੰਦਾ ਹੈ (ਆਪਣੇ ਬਣਾਏ ਹੋਏ ਸੇਵਕ) ਘਸਿਆਰੇ ਦੇ ਮੂੰਹੋਂ ਭੀ ਪਰਮਾਤਮਾ ਹਰਿ-ਨਾਮ ਹੀ ਜਪਾਂਦਾ ਹੈ। (ਹੇ ਭਾਈ!) ਦਾਸ ਨਾਨਕ ਪਰਮਾਤਮਾ ਦਾ (ਖ਼ਰੀਦਿਆ ਹੋਇਆ) ਗ਼ੁਲਾਮ ਹੈ, ਇਹ ਪਰਮਾਤਮਾ ਦੀ ਮਿਹਰ ਹੈ (ਕਿ ਉਸ ਨੇ ਨਾਨਕ ਨੂੰ ਆਪਣਾ ਗ਼ੁਲਾਮ ਬਣਾਇਆ ਹੋਇਆ ਹੈ) ।4।2।8। 46। |
![]() |
![]() |
![]() |
![]() |
Sri Guru Granth Darpan, by Professor Sahib Singh |