ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 166 ਗਉੜੀ ਗੁਆਰੇਰੀ ਮਹਲਾ ੪ ॥ ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥ ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ ॥੧॥ ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ ॥ ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥੧॥ ਰਹਾਉ ॥ ਲੈ ਤੁਰੇ ਸਉਦਾਗਰੀ ਸਉਦਾਗਰੁ ਧਾਵੈ ॥ ਧਨੁ ਖਟੈ ਆਸਾ ਕਰੈ ਮਾਇਆ ਮੋਹੁ ਵਧਾਵੈ ॥ ਤਿਉ ਹਰਿ ਜਨੁ ਹਰਿ ਹਰਿ ਬੋਲਤਾ ਹਰਿ ਬੋਲਿ ਸੁਖੁ ਪਾਵੈ ॥੨॥ ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ ॥ ਮੋਹ ਝੂਠੁ ਪਸਾਰਾ ਝੂਠ ਕਾ ਝੂਠੇ ਲਪਟਾਇ ॥ ਤਿਉ ਹਰਿ ਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ ॥੩॥ ਇਹੁ ਮਾਇਆ ਮੋਹ ਕੁਟੰਬੁ ਹੈ ਭਾਇ ਦੂਜੈ ਫਾਸ ॥ ਗੁਰਮਤੀ ਸੋ ਜਨੁ ਤਰੈ ਜੋ ਦਾਸਨਿ ਦਾਸ ॥ ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ ॥੪॥੩॥੯॥੪੭॥ {ਪੰਨਾ 166} ਪਦ ਅਰਥ: ਕਿਰਸਾਣੀ = ਖੇਤੀ ਦਾ ਕੰਮ। ਲੋਚੈ = ਤਾਂਘ ਕਰਦਾ ਹੈ। ਜੀਉ ਲਾਇ = ਜੀ ਲਾ ਕੇ, ਮਿਹਨਤ ਨਾਲ। ਜੋਤੈ = ਜੋਂਦਾ ਹੈ। ਅੰਤਿ = ਅੰਤ ਵਿਚ।1। ਗਤਿ = ਮੁਕਤੀ, ਉੱਚੀ ਆਤਮਕ ਅਵਸਥਾ।1। ਰਹਾਉ। ਤੁਰੇ = ਘੋੜੇ। ਧਾਵੈ = ਦੌੜਦਾ ਹੈ, ਜਾਂਦਾ ਹੈ। ਬੋਲਿ = ਬੋਲ ਕੇ।2। ਬਿਖੁ = (ਮਾਇਆ-) ਜ਼ਹਰ। ਸੰਚੈ = ਇਕੱਠਾ ਕਰਦਾ ਹੈ। ਹਾਟਿ = ਹੱਟੀ ਵਿਚ। ਹਰਿ ਜਨਿ = ਹਰਿ ਦੇ ਜਨ ਨੇ।3। ਕੁਟੰਬੁ = ਪਰਵਾਰ, ਢੇਰ, ਖਿਲਾਰਾ। ਭਾਇ ਦੂਜੈ = ਮਾਇਆ ਦੇ ਮੋਹ ਵਿਚ, ਹੋਰ ਹੋਰ ਪਿਆਰ ਵਿਚ। ਫਾਸ = ਫਾਹੀ। ਜਨਿ ਨਾਨਕਿ = ਦਾਸ ਨਾਨਕ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸ = ਆਤਮਕ ਚਾਨਣ।4। ਅਰਥ: ਹੇ ਮੇਰੇ ਰਾਮ! ਮੈਨੂੰ ਮੂਰਖ ਨੂੰ ਉੱਚੀ ਆਤਮਕ ਅਵਸਥਾ ਬਖ਼ਸ਼, ਮੈਨੂੰ ਗੁਰੂ ਦੇ ਸੇਵਾ ਦੇ ਕੰਮ ਵਿਚ ਜੋੜ।1। ਰਹਾਉ। ਕਿਸਾਨ ਖੇਤੀ ਦਾ ਕੰਮ ਜੀ ਲਾ ਕੇ (ਪੂਰੀ ਮਿਹਨਤ ਨਾਲ) ਕਰਦਾ ਹੈ, ਹਲ ਵਾਹੁੰਦਾ ਹੈ ਉੱਦਮ ਕਰਦਾ ਹੈ ਤੇ ਤਾਂਘ ਕਰਦਾ ਹੈ (ਕਿ ਫ਼ਸਲ ਚੰਗਾ ਲੱਗੇ, ਤਾਂ ਜੁ) ਮੇਰਾ ਪੁੱਤਰ ਖਾਏ ਮੇਰੀ ਧੀ ਖਾਏ। ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ (ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਅੰਤ ਵੇਲੇ (ਜਦੋਂ ਹੋਰ ਕੋਈ ਸਾਥੀ ਨਹੀਂ ਰਹਿ ਜਾਂਦਾ) ਪਰਮਾਤਮਾ ਉਸ ਨੂੰ (ਮੋਹ ਆਦਿਕ ਦੇ ਪੰਜੇ ਤੋਂ) ਛੁਡਾਂਦਾ ਹੈ।1। ਸੌਦਾਗਰ ਸੌਦਾਗਰੀ ਕਰਨ ਵਾਸਤੇ ਘੋੜੇ ਲੈ ਕੇ ਤੁਰ ਪੈਂਦਾ ਹੈ (ਸੌਦਾਗਰੀ ਵਿਚ ਉਹ) ਧਨ ਖੱਟਦਾ ਹੈ (ਹੋਰ ਧਨ ਦੀ) ਆਸ ਕਰਦਾ ਹੈ (ਜਿਉਂ ਜਿਉਂ ਕਮਾਈ ਕਰਦਾ ਹੈ ਤਿਉਂ ਤਿਉਂ) ਮਾਇਆ ਦਾ ਮੋਹ ਵਧਾਂਦਾ ਜਾਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦਾ ਨਾਮ ਸਿਮਰਦਾ ਹੈ, ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦਾ ਹੈ।2। ਦੁਕਾਨਦਾਰ ਦੁਕਾਨ ਵਿਚ ਬੈਠ ਕੇ ਦੁਕਾਨ ਦਾ ਕੰਮ ਕਰਦਾ ਹੈ ਤੇ (ਮਾਇਆ) ਇਕੱਠੀ ਕਰਦਾ ਹੈ (ਜੋ ਉਸ ਦੇ ਆਤਮਕ ਜੀਵਨ ਵਾਸਤੇ) ਜ਼ਹਰ (ਦਾ ਕੰਮ ਕਰਦੀ ਜਾਂਦੀ) ਹੈ (ਕਿਉਂਕਿ ਇਹ ਤਾਂ ਨਿਰਾ) ਮੋਹ ਦਾ ਝੂਠਾ ਖਿਲਾਰਾ ਹੈ, ਝੂਠ ਦਾ ਪਸਾਰਾ ਹੈ (ਜਿਉਂ ਜਿਉਂ ਇਸ ਵਿਚ ਵਧੀਕ ਰੁੱਝਦਾ ਹੈ ਤਿਉਂ ਤਿਉਂ) ਇਸ ਨਾਸਵੰਤ ਦੇ ਮੋਹ ਵਿਚ ਫਸਦਾ ਜਾਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਦਾਸ ਨੇ (ਭੀ) ਧਨ ਇਕੱਠਾ ਕੀਤਾ ਹੁੰਦਾ ਹੈ ਪਰ ਉਹ ਹਰਿ-ਨਾਮ ਦਾ ਧਨ ਹੈ, ਇਹ ਨਾਮ-ਧਨ ਉਹ ਆਪਣੀ ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚ (ਦੇ ਤੌਰ ਤੇ) ਲੈ ਜਾਂਦਾ ਹੈ।3। ਮਾਇਆ ਦੇ ਮੋਹ ਦਾ ਇਹ ਖਿਲਾਰਾ (ਤਾਂ) ਮਾਇਆ ਦੇ ਮੋਹ ਵਿਚ ਫਸਾਣ ਲਈ ਫਾਹੀ ਹੈ। ਇਸ ਵਿਚੋਂ ਉਹ ਮਨੁੱਖ ਪਾਰ ਲੰਘਦਾ ਹੈ, ਜੇਹੜਾ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਾਸਾਂ ਦਾ ਦਾਸ ਬਣਦਾ ਹੈ। ਦਾਸ ਨਾਨਕ ਨੇ (ਭੀ) ਗੁਰੂ ਦੀ ਸਰਨ ਪੈ ਕੇ (ਆਤਮਕ ਜੀਵਨ ਵਾਸਤੇ) ਚਾਨਣ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ।4।3।9। 47। ਗਉੜੀ ਬੈਰਾਗਣਿ ਮਹਲਾ ੪ ॥ ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ ॥ ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ ॥ ਜੋ ਗੁਰ ਕੀ ਜਨੁ ਸੇਵਾ ਕਰੇ ਸੋ ਘਰ ਕੈ ਕੰਮਿ ਹਰਿ ਲਾਇਆ ॥੧॥ ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ ਲਾਇ ॥ ਨਿਤ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ ॥੧॥ ਰਹਾਉ ॥ ਨਰੁ ਪ੍ਰਾਣੀ ਚਾਕਰੀ ਕਰੇ ਨਰਪਤਿ ਰਾਜੇ ਅਰਥਿ ਸਭ ਮਾਇਆ ॥ ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ ॥ ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ ਜਿਤੁ ਹਰਿ ਹਰਿ ਨਾਮੁ ਜਪਿ ਹਰਿ ਸੁਖੁ ਪਾਇਆ ॥੨॥ ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥ ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ ॥ ਜੋ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖੁ ਪਾਈ ॥੩॥ ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ ॥ ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ ॥ ਜਨ ਨਾਨਕ ਹਰਿ ਰਸਿ ਤ੍ਰਿਪਤਿਆ ਫਿਰਿ ਭੂਖ ਨ ਲਾਗੈ ॥੪॥੪॥੧੦॥੪੮॥ {ਪੰਨਾ 166-167} ਪਦ ਅਰਥ: ਭਰਮੈ = ਭਟਕਦਾ ਹੈ। ਸਿਰਿ = ਸਿਰ ਉੱਤੇ। ਘਰ ਕੈ ਕੰਮਿ = ਘਰ ਦੇ ਕੰਮ ਵਿਚ, ਆਪਣੇ ਅਸਲੀ ਕੰਮ ਵਿਚ।1। ਗਾਵਹ = ਅਸੀਂ ਗਾਵੀਏ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਕੇ।1। ਰਹਾਉ। ਨਰਪਤਿ = ਰਾਜਾ। ਅਰਥਿ = ਖ਼ਾਤਰ, ਵਾਸਤੇ। ਕੈ = ਜਾਂ। ਬੰਧੈ = ਬੰਨ੍ਹ ਲੈਂਦਾ ਹੈ। ਡਾਨਿ = ਡੰਨ, ਜੁਰਮਾਨਾ। ਲੇਇ = ਲੈਂਦਾ ਹੈ। ਜਿਤੁ = ਜਿਸ (ਸੇਵਾ) ਦੀ ਰਾਹੀਂ।2। ਕੀਚੈ = ਕਰੀਦਾ ਹੈ। ਭਾਤਿ = ਕਿਸਮ। ਕੈ ਤਾਈ = ਵਾਸਤੇ, ਦੀ ਖ਼ਾਤਰ। ਜਾ = ਜਦੋਂ। ਮਨੇ = ਮਨਿ, ਮਨ ਵਿਚ।3। ਭੂਖ ਅਨ ਰਸ ਸਾਦ = ਹੋਰ ਰਸਾਂ ਤੇ ਸੁਆਦਾਂ ਦੀ ਭੁੱਖ। ਰਸਿ = ਰਸ ਨਾਲ।4। ਅਰਥ: ਹੇ ਮੇਰੇ ਰਾਮ! (ਅਸਾਂ ਜੀਵਾਂ ਦੇ) ਮਾਇਆ ਦੇ ਬੰਧਨ ਤੋੜ ਤੇ ਸਾਨੂੰ ਸਾਡੇ ਅਸਲੀ ਆਪਣੇ ਕੰਮ ਵਿਚ ਜੋੜ, ਅਸੀਂ ਹਰਿ-ਨਾਮ ਵਿਚ ਲੀਨ ਹੋ ਕੇ ਸਦਾ ਹਰਿ-ਗੁਣ ਗਾਂਦੇ ਰਹੀਏ।1। ਰਹਾਉ। ਜੇਹੜਾ ਮਨੁੱਖ ਸਦਾ ਦਿਨ ਰਾਤ (ਮਾਇਆ ਦਾ) ਲਾਲਚ ਕਰਦਾ ਰਹਿੰਦਾ ਹੈ ਮਾਇਆ ਦੀ ਪ੍ਰੇਰਨਾ ਵਿਚ ਆ ਕੇ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ, ਉਹ ਉਸ ਵੇਗਾਰੀ ਵਾਂਗ ਹੈ ਜੋ ਆਪਣੇ ਸਿਰ ਉੱਤੇ (ਬਿਗਾਨਾ) ਭਾਰ ਚੁੱਕ ਕੇ ਵੇਗਾਰ ਕੱਢਦਾ ਫਿਰਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ (ਗੁਰੂ ਦੀ ਦੱਸੀ ਸੇਵਾ ਕਰਦਾ ਹੈ) ਉਸ ਨੂੰ ਪਰਮਾਤਮਾ ਨੇ (ਨਾਮ-ਸਿਮਰਨ ਦੇ) ਉਸ ਕੰਮ ਵਿਚ ਲਾ ਦਿੱਤਾ ਹੈ ਜੋ ਉਸ ਦਾ ਅਸਲ ਆਪਣਾ ਕੰਮ ਹੈ।1। ਨਿਰੋਲ ਮਾਇਆ ਦੀ ਖ਼ਾਤਰ ਕੋਈ ਮਨੁੱਖ ਕਿਸੇ ਰਾਜੇ-ਪਾਤਿਸ਼ਾਹ ਦੀ ਨੌਕਰੀ ਕਰਦਾ ਹੈ। ਰਾਜਾ ਕਈ ਵਾਰੀ (ਕਿਸੇ ਖ਼ੁਨਾਮੀ ਦੇ ਕਾਰਨ ਉਸ ਨੂੰ) ਕੈਦ ਕਰ ਦੇਂਦਾ ਹੈ ਜਾਂ (ਕੋਈ ਜੁਰਮਾਨਾ ਆਦਿਕ) ਸਜ਼ਾ ਦੇਂਦਾ ਹੈ, ਜਾਂ, ਰਾਜਾ (ਆਪ ਹੀ) ਮਰ ਜਾਂਦਾ ਹੈ (ਤੇ ਉਸ ਮਨੁੱਖ ਦੀ ਨੌਕਰੀ ਹੀ ਮੁੱਕ ਜਾਂਦੀ ਹੈ) । ਪਰ ਸਤਿਗੁਰੂ ਦੀ ਸੇਵਾ ਸਦਾ ਫਲ ਦੇਣ ਵਾਲੀ ਹੈ ਸਦਾ ਸਲਾਹੁਣ-ਯੋਗ ਹੈ, ਕਿਉਂਕਿ ਇਸ ਸੇਵਾ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ।2। ਮਾਇਆ ਕਮਾਣ ਦੀ ਖ਼ਾਤਰ ਕਈ ਤਰ੍ਹਾਂ ਦਾ ਸਦਾ ਵਣਜ-ਵਿਹਾਰ ਭੀ ਕਰੀਦਾ ਹੈ, ਜਦੋਂ (ਉਹ ਵਣਜ-ਵਪਾਰ) ਨਫ਼ਾ ਦੇਂਦਾ ਹੈ ਤਾਂ ਮਨ ਵਿਚ ਖ਼ੁਸ਼ੀ ਹੁੰਦੀ ਹੈ, ਪਰ ਘਾਟਾ ਪੈਣ ਤੇ ਮਨੁੱਖ (ਹਾਹੁਕੇ ਨਾਲ) ਮਰ ਜਾਂਦਾ ਹੈ। ਪਰ ਜੇਹੜਾ ਮਨੁੱਖ ਆਪਣੇ ਗੁਰੂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੌਦੇ ਦੀ ਸਾਂਝ ਪਾਂਦਾ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ।3। ਹੋਰ ਹੋਰ ਰਸਾਂ ਦੀ ਹੋਰ ਹੋਰ ਸੁਆਦਾਂ ਦੀ ਜਿਤਨੀ ਭੀ ਤ੍ਰਿਸ਼ਨਾ (ਮਨੁੱਖ ਨੂੰ ਲੱਗਦੀ) ਹੈ, (ਜਿਉਂ ਜਿਉਂ ਰਸ ਸੁਆਦ ਮਾਣੀਦੇ ਹਨ) ਉਤਨੀ ਹੀ ਵਧੀਕ ਤ੍ਰਿਸ਼ਨਾ ਮੁੜ ਮੁੜ ਲੱਗਦੀ ਜਾਂਦੀ ਹੈ (ਮਾਇਕ ਰਸਾਂ ਵਲੋਂ ਮਨੁੱਖ ਕਦੇ ਭੀ ਰੱਜਦਾ ਨਹੀਂ) । ਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਅਗੇ (ਆਪਣਾ) ਸਿਰ ਵੇਚ ਦੇਂਦਾ ਹੈ (ਉਹ ਆਪਣਾ ਆਪ ਗੁਰੂ ਦੇ ਹਵਾਲੇ ਕਰਦਾ ਹੈ) । ਹੇ ਦਾਸ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦਾ ਹੈ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।4। 4।10। 48। |
Sri Guru Granth Darpan, by Professor Sahib Singh |