ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 167

ਗਉੜੀ ਬੈਰਾਗਣਿ ਮਹਲਾ ੪ ॥ ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ ॥ ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ ॥ ਹਉ ਕੁਰਬਾਨੀ ਗੁਰ ਆਪਣੇ ਜਿਨਿ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ ॥੧॥ ਮੇਰੇ ਰਾਮ ਹਮ ਪਾਪੀ ਸਰਣਿ ਪਰੇ ਹਰਿ ਦੁਆਰਿ ॥ ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥੧॥ ਰਹਾਉ ॥ ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ ॥ ਤੂੰ ਗੁਣਵੰਤਾ ਹਰਿ ਹਰਿ ਦਇਆਲੁ ਹਰਿ ਆਪੇ ਬਖਸਿ ਲੈਹਿ ਹਰਿ ਭਾਵੈ ॥ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ॥੨॥ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥ ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥ ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥ ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥ {ਪੰਨਾ 167}

ਪਦ ਅਰਥ: ਮਨਿ = ਮਨ ਵਿਚ। ਚਿਤਿ = ਚਿਤ ਵਿਚ। ਹਰਿ = ਹੇ ਹਰੀ! ਦੇਖਾ = ਦੇਖਾਂ, ਮੈਂ ਵੇਖਾਂ। ਜਿਨਿ = ਜਿਸ (ਹਰੀ) ਨੇ।1।

ਦੁਆਰਿ = ਦਰ ਤੇ। ਮਤੁ = ਸ਼ਾਇਦ।1। ਰਹਾਉ।

ਗਣਤ ਨ ਆਵੈ = ਗਿਣਤੀ ਕੀਤੀ ਨਹੀਂ ਜਾ ਸਕਦੀ।2।

ਕਹਾ = ਕਹਾਂ, ਮੈਂ ਆਖਾਂ। ਗੁਰੁ ਬੋਲਹ = ਅਸੀਂ 'ਗੁਰੂ ਗੁਰੂ' ਬੋਲਦੇ ਹਾਂ। ਬਿਸਮੁ = ਅਸਚਰਜ ਆਤਮਕ ਹਾਲਤ। ਸਤਿਗੁਰਿ = ਸਤਿਗੁਰ ਨੇ। ਬੰਧਪੁ = ਰਿਸ਼ਤੇਦਾਰ। ਸਖਾ = ਮਿੱਤਰ।3।

ਬਿਧਿ = ਹਾਲਤ। ਸਾ ਬਿਧਿ = ਉਹ ਹਾਲਤ। ਕੀਰੇ = ਕੀੜੇ। ਥਾਪੇ = ਥਾਪਨਾ ਦਿੱਤੀ, ਵਡਿਆਈ ਦਿੱਤੀ। ਕੇਰਾ = ਦਾ। ਸਭਿ = ਸਾਰੇ।4।

ਅਰਥ: ਹੇ ਮੇਰੇ ਮਨ! ਮੈਂ ਪਾਪੀ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆ ਡਿੱਗਾ ਹਾਂ ਕਿ ਸ਼ਾਇਦ (ਇਸ ਤਰ੍ਹਾਂ) ਤੂੰ ਆਪਣੀ ਮਿਹਰ ਕਰ ਕੇ ਮੈਨੂੰ ਗੁਣ-ਹੀਨ ਨੂੰ ਆਪਣੇ ਚਰਨਾਂ ਵਿਚ ਜੋੜ ਲਏਂ।1। ਰਹਾਉ।

ਹੇ ਹਰੀ! ਮੇਰੇ ਮਨ ਵਿਚ ਚਿੱਤ ਵਿਚ ਸਦਾ ਇਹ ਆਸ ਰਹਿੰਦੀ ਹੈ ਕਿ ਮੈਂ ਕਿਸੇ ਤਰ੍ਹਾਂ ਤੇਰਾ ਦਰਸਨ ਕਰ ਸਕਾਂ। (ਹੇ ਭਾਈ!) ਜਿਸ ਹਰੀ ਨੇ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ ਉਹੀ ਜਾਣਦਾ ਹੈ, ਮੈਨੂੰ ਆਪਣੇ ਮਨ ਵਿਚ ਚਿੱਤ ਵਿਚ ਹਰੀ ਬਹੁਤ ਪਿਆਰਾ ਲੱਗ ਰਿਹਾ ਹੈ। ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰਾ ਵਿੱਛੁੜਿਆ ਹੋਇਆ ਸਿਰਜਣਹਾਰ ਹਰੀ ਮਿਲਾ ਦਿੱਤਾ ਹੈ।1।

ਹੇ ਹਰੀ! ਮੇਰੇ ਅੰਦਰ ਬੇਅੰਤ ਅਉਗਣ ਹਨ, ਗਿਣੇ ਨਹੀਂ ਜਾ ਸਕਦੇ, ਮੈਂ ਮੁੜ ਮੁੜ ਔਗਣ ਕਰਦਾ ਹਾਂ। ਤੂੰ ਗੁਣਾਂ ਦਾ ਮਾਲਕ ਹੈਂ, ਦਇਆ ਦਾ ਘਰ ਹੈਂ ਜਦੋਂ ਤੇਰੀ ਰਜ਼ਾ ਹੁੰਦੀ ਹੈ ਤੂੰ ਆਪ ਹੀ ਬਖ਼ਸ਼ ਲੈਂਦਾ ਹੈਂ। (ਹੇ ਭਾਈ!) ਸਾਡੇ ਵਰਗੇ ਪਾਪੀਆਂ ਨੂੰ ਹਰੀ ਗੁਰੂ ਦੀ ਸੰਗਤਿ ਵਿਚ ਰੱਖਦਾ ਹੈ, ਉਪਦੇਸ਼ ਦੇਂਦਾ ਹੈ, ਤੇ ਉਸ ਦਾ ਨਾਮ ਵਿਕਾਰਾਂ ਤੋਂ ਖ਼ਲਾਸੀ ਕਰਾ ਦੇਂਦਾ ਹੈ।2।

ਹੇ ਮੇਰੇ ਸਤਿਗੁਰੂ! ਮੈਂ ਤੇਰੇ ਗੁਣ ਕੀਹ ਕੀਹ ਦੱਸਾਂ? ਜਦੋਂ ਮੈਂ 'ਗੁਰੂ ਗੁਰੂ' ਜਪਦਾ ਹਾਂ, ਮੇਰੀ ਅਸਚਰਜ ਆਤਮਕ ਹਾਲਤ ਬਣ ਜਾਂਦੀ ਹੈ। ਸਾਡੇ ਵਰਗੇ ਪਾਪੀਆਂ ਨੂੰ ਜਿਵੇਂ ਸਤਿਗੁਰੂ ਨੇ ਰੱਖ ਲਿਆ ਹੈ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ਹੋਰ ਕੌਣ (ਇਸ ਤਰ੍ਹਾਂ) ਰੱਖ ਸਕਦਾ ਹੈ? ਹੇ ਹਰੀ! ਤੂੰ ਹੀ ਮੇਰਾ ਗੁਰੂ ਹੈਂ, ਮੇਰਾ ਪਿਤਾ ਹੈਂ, ਮੇਰਾ ਰਿਸ਼ਤੇਦਾਰ ਹੈਂ, ਮੇਰਾ ਮਿੱਤਰ ਹੈਂ।3।

ਹੇ ਮੇਰੇ ਸਤਿਗੁਰੂ! ਹੇ ਮੇਰੇ ਹਰੀ! ਜੇਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ। ਮੈਂ ਰੁਲਦਾ ਫਿਰਦਾ ਸਾਂ ਕੋਈ ਮੇਰੀ ਵਾਤ ਨਹੀਂ ਸੀ ਪੁੱਛਦਾ ਤੂੰ ਮੈਨੂੰ ਕੀੜੇ ਨੂੰ ਗੁਰੂ ਸਤਿਗੁਰੂ ਦੇ ਚਰਨਾਂ ਵਿਚ ਲਿਆ ਕੇ ਵਡਿਆਈ ਬਖ਼ਸ਼ੀ। (ਹੇ ਭਾਈ!) ਦਾਸ ਨਾਨਕ ਦਾ ਗੁਰੂ ਧੰਨ ਹੈ ਧੰਨ ਹੈ ਜਿਸ (ਗੁਰੂ) ਨੂੰ ਮਿਲ ਕੇ ਮੇਰੇ ਸਾਰੇ ਸੋਗ ਮੁੱਕ ਗਏ ਮੇਰੇ ਸਾਰੇ ਕਲੇਸ਼ ਦੂਰ ਹੋ ਗਏ।4।5।11। 49।

ਗਉੜੀ ਬੈਰਾਗਣਿ ਮਹਲਾ ੪ ॥ ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥ ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥ ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥੧॥ ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥ ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥ ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ ॥ ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ ॥ ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥੨॥ ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ ॥ ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥ ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥੩॥ ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥ ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ ॥ ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥ {ਪੰਨਾ 167}

ਪਦ ਅਰਥ: ਕੰਚਨ = ਸੋਨਾ। ਜੀਉ = ਜਿੰਦ, ਮਨ। ਅਨ ਰਸਿ = ਹੋਰ ਹੋਰ (ਪਦਾਰਥਾਂ ਦੇ) ਰਸ ਵਿਚ। ਚਿਤਿ = ਚਿੱਤ ਵਿਚ। ਛੂਟਾ = ਛੂਟਾਂ, ਮੈਂ (ਇਸ ਮੋਹ ਵਿਚੋਂ) ਨਿਕਲਾਂ।1।

ਕਰਮ = ਕੰਮ। ਸਭਿ = ਸਾਰੇ।1। ਰਹਾਉ।

ਢੰਗੁ = ਸੁਚੱਜ। ਬੋਲਹ = ਅਸੀਂ ਬੋਲੀਏ। ਬਿਹੂਨ = ਸੱਖਣੇ। ਸੰਗਿ = ਸੰਗਤਿ ਵਿਚ। ਪੁੰਨੁ = ਨੇਕੀ। ਕੇਰਾ = ਦਾ।2।

ਜੀਉ = ਜਿੰਦ। ਪਿੰਡੁ = ਸਰੀਰ। ਕਉ = ਵਾਸਤੇ। ਅਨਿ = ਅਨਿਕ, ਅਨੇਕਾਂ। ਜਿਨਿ = ਜਿਸ ਨੇ। ਹਉ = ਮੈਂ।3।

ਕਰਹ = ਕਰੀਏ। ਤੁਮ = ਤੁਮਾਰਾ, ਤੇਰਾ। ਹਾਟਿ = ਹੱਟੀ ਵਿਚੋਂ, ਮੰਡੀ ਵਿਚ। ਗੁਲਮ ਗੁਲਾਮੀ = ਗ਼ੁਲਾਮਾਂ ਦਾ ਗ਼ੁਲਾਮ।4।

ਅਰਥ: ਹੇ ਮੇਰੇ ਰਾਮ! ਮੇਰੇ ਹਰੀ! ਮੇਰੇ ਇਹ ਨੀਚ ਕੰਮ ਹਨ। ਪਰ ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਦਇਆ ਦਾ ਘਰ ਹੈਂ, ਮਿਹਰ ਕਰ ਤੇ ਮੇਰੇ ਸਾਰੇ ਅਉਗਣ ਬਖ਼ਸ਼।1। ਰਹਾਉ।

ਮੇਰੀ ਜਿੰਦ ਸੋਨੇ (ਦੇ ਮੋਹ) ਵਿਚ ਇਸਤ੍ਰੀ (ਦੇ ਮੋਹ) ਵਿਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ। ਘਰ, ਪੱਕੇ ਮਹਲ ਘੋੜੇ (ਵੇਖ ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿਚ ਲੱਗਾ ਹੋਇਆ ਹੈ। ਹੇ ਮੇਰੇ ਹਰੀ! ਹੇ ਮੇਰੇ ਰਾਜਨ! (ਤੂੰ) ਪਰਮਾਤਮਾ ਕਦੇ ਮੇਰੇ ਚਿੱਤ ਵਿਚ ਨਹੀਂ ਆਉਂਦਾ। ਮੈਂ (ਇਸ ਮੋਹ ਵਿਚੋਂ) ਕਿਵੇਂ ਨਿਕਲਾਂ?।1।

ਨਾਹ ਮੇਰਾ (ਸੁੰਦਰ) ਰੂਪ ਹੈ, ਨਾਹ ਮੇਰੀ ਉੱਚੀ ਜਾਤਿ ਹੈ, ਨਾਹ ਮੇਰੇ ਵਿਚ ਕੋਈ ਸੁਚੱਜ ਹੈ। ਹੇ ਪ੍ਰਭੂ! ਮੈਂ ਗੁਣਾਂ ਤੋਂ ਸੱਖਣਾ ਹਾਂ, ਮੈਂ ਤੇਰਾ ਨਾਮ ਨਹੀਂ ਜਪਿਆ, ਮੈਂ ਕੇਹੜਾ ਮੂੰਹ ਲੈ ਕੇ (ਤੇਰੇ ਸਾਹਮਣੇ) ਗੱਲ ਕਰਨ ਜੋਗਾ ਹਾਂ? ਇਹ ਸਤਿਗੁਰੂ ਦੀ ਮਿਹਰ ਹੋਈ ਹੈ ਕਿ ਮੈਂ ਪਾਪੀ ਗੁਰੂ ਦੀ ਸੰਗਤਿ ਵਿਚ ਰਹਿ ਕੇ (ਪਾਪਾਂ ਤੋਂ) ਬਚ ਗਿਆ ਹਾਂ।2।

ਇਹ ਜਿੰਦ ਇਹ ਸਰੀਰ ਇਹ ਮੂੰਹ ਇਹ ਨੱਕ ਆਦਿਕ ਅੰਗ ਇਹ ਸਭ ਕੁਝ ਪਰਮਾਤਮਾ ਨੇ ਮੈਨੂੰ ਦਿੱਤਾ ਹੈ, ਪਾਣੀ (ਹਵਾ ਅੱਗ ਆਦਿਕ) ਮੈਨੂੰ ਉਸ ਨੇ ਵਰਤਣ ਲਈ ਦਿੱਤੇ ਹਨ। ਉਸ ਨੇ ਮੈਨੂੰ ਅੰਨ ਖਾਣ ਨੂੰ ਦਿੱਤਾ ਹੈ, ਕੱਪੜਾ ਪਹਿਨਣ ਨੂੰ ਦਿੱਤਾ ਹੈ, ਹੋਰ ਅਨੇਕਾਂ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ ਹਨ। ਪਰ ਜਿਸ ਪਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਉਹ ਮੈਨੂੰ ਕਦੇ ਚੇਤੇ ਭੀ ਨਹੀਂ ਆਉਂਦਾ ਹੈ। ਮੈਂ (ਮੂਰਖ-) ਪਸ਼ੂ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹਾਂ।3।

(ਹੇ ਪ੍ਰਭੂ! ਸਾਡੇ ਜੀਵਾਂ ਦੇ ਵੱਸ ਭੀ ਕੀਹ ਹੈ? ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਤੂੰ ਹਰੇਕ ਜੀਵ ਦੇ ਦਿਲ ਦੀ ਜਾਣਦਾ ਹੈਂ। ਅਸੀਂ ਨਿਮਾਣੇ ਜੀਵ (ਤੈਥੋਂ ਆਕੀ ਹੋ ਕੇ) ਕੀਹ ਕਰ ਸਕਦੇ ਹਾਂ? ਹੇ ਸੁਆਮੀ! ਇਹ ਸਾਰਾ ਤੇਰਾ ਹੀ ਖੇਲ ਹੋ ਰਿਹਾ ਹੈ। (ਜਿਵੇਂ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਜਾਂਦਾ ਹੈ, ਤਿਵੇਂ) ਇਹ ਤੇਰਾ ਦਾਸ ਨਾਨਕ (ਤੇਰੀ ਸਾਧ-ਸੰਗਤਿ) ਹੱਟੀ ਵਿਚ (ਤੇਰੇ ਸੋਹਣੇ ਨਾਮ ਤੋਂ) ਵਿਕਿਆ ਹੋਇਆ ਹੈ, ਤੇਰੇ ਗ਼ੁਲਾਮਾਂ ਦਾ ਗ਼ੁਲਾਮ ਹੈ।4।6।12। 50।

TOP OF PAGE

Sri Guru Granth Darpan, by Professor Sahib Singh