ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 168

ਗਉੜੀ ਬੈਰਾਗਣਿ ਮਹਲਾ ੪ ॥ ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥ ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥ ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥੧॥ ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ ਰਹਾਉ ॥ ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥ ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥ ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥੨॥ ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥ ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥ ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥ ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥ ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥ ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥੪॥੭॥੧੩॥੫੧॥ {ਪੰਨਾ 168}

ਪਦ ਅਰਥ: ਜਨਨੀ = ਮਾਂ। ਜਣਿ = ਜੰਮ ਕੇ, ਜਨਮ ਦੇ ਕੇ। ਨਦਰਿ ਮਝਾਰਿ = ਨਜ਼ਰ ਹੇਠ। ਮੁਖਿ = ਮੂੰਹ ਵਿਚ। ਦੇ = ਦੇਂਦੀ ਹੈ। ਗਿਰਾਸੁ = ਗਿਰਾਹੀ। ਪੋਚਾਰਿ = ਪੁਚਕਾਰ ਕੇ, ਪਿਆਰ ਕਰ ਕੇ। ਸਿਖ ਰਾਖਤਾ = ਸਿੱਖਾਂ ਨੂੰ ਰੱਖਦਾ ਹੈ। ਪਿਆਰਿ = ਪਿਆਰ ਨਾਲ।1।

ਰਾਮ = ਹੇ ਰਾਮ! ਪਾਧਾ = ਪਾਂਧਾ, ਪੜ੍ਹਾਣ ਵਾਲਾ। ਜਿਨਿ = ਜਿਸ ਨੇ। ਦੇ = ਦੇ ਕੇ।1। ਰਹਾਉ।

ਗਗਨਿ = ਆਕਾਸ਼ ਵਿਚ। ਬਾਗੇ = ਬੱਗੇ, ਚਿੱਟੇ। ਕਪਰੇ ਵਾਲੀ = ਕੱਪੜਿਆਂ ਵਾਲੀ, ਖੰਭਾਂ ਵਾਲੀ। ਬਿਚਿ = ਵਿਚ। ਬਚਰੇ = ਨਿੱਕੇ ਨਿੱਕੇ ਬੱਚੇ। ਸਾਰਿ = ਸਾਂਭ ਕੇ। ਜੀਅ ਨਾਲੀ = ਜਿੰਦ ਨਾਲ।2।

ਕਾਤੀ ਤੀਸ ਬਤੀਸ = ਤੀਹਾਂ ਬੱਤੀਆਂ (ਦੰਦਾਂ) ਦੀ ਕੈਂਚੀ। ਰਸਨਾ = ਜੀਭ। ਰਤੁ = ਲਹੂ। ਕੇਰੀ = ਦੀ। ਵਸਗਤਿ = ਇਖ਼ਤਿਆਰ ਵਿਚ। ਪੈਜ = ਇੱਜ਼ਤ।3।

ਹਾਥਿ = ਹੱਥ ਵਿਚ। ਜਰਾ = ਬੁਢੇਪਾ। ਮਰਾ = ਮੌਤ। ਤਾਪੁ ਸਾਪੁ = ਤਾਪ ਸ੍ਰਾਪ, ਤਾਪ ਆਦਿਕ। ਸਿਰਤਿ = ਸਿਰ-ਪੀੜ। ਮਨਿ = ਮਨ ਵਿਚ। ਚਿਤਿ = ਚਿੱਤ ਵਿਚ। ਅੰਤੀ ਅਉਸਰਿ = ਅਖ਼ੀਰਲੇ ਸਮੇ।4।

ਅਰਥ: ਹੇ ਮੇਰੇ ਰਾਮ! ਹੇ ਹਰੀ! ਹੇ ਪ੍ਰਭੂ! ਅਸੀਂ ਤੇਰੇ ਅੰਞਾਣ ਬੱਚੇ ਹਾਂ। ਸ਼ਾਬਾਸ਼ੇ ਉਪਦੇਸ਼-ਦਾਤੇ ਗੁਰੂ ਸਤਿਗੁਰੂ ਨੂੰ, ਜਿਸ ਨੇ ਹਰਿ-ਨਾਮ ਦਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ ਹੈ।1। ਰਹਾਉ।

ਜਿਵੇਂ ਮਾਂ ਪੁੱਤਰ ਨੂੰ ਜਨਮ ਦੇ ਕੇ (ਉਸ ਨੂੰ) ਆਪਣੀ ਨਜ਼ਰ ਹੇਠ ਰੱਖਦੀ ਹੈ ਤੇ ਪਾਲਦੀ ਹੈ (ਘਰ ਵਿਚ) ਅੰਦਰ ਬਾਹਰ (ਕੰਮ ਕਰਦੀ ਹੋਈ ਭੀ) ਖਿਨ ਖਿਨ ਪਿਆਰ ਕਰ ਕੇ (ਉਸ ਪੁੱਤਰ ਦੇ) ਮੂੰਹ ਵਿਚ ਗਿਰਾਹੀ ਦੇਂਦੀ ਰਹਿੰਦੀ ਹੈ। ਇਸੇ ਤਰ੍ਹਾਂ ਗੁਰੂ ਸਤਿਗੁਰੂ ਸਿੱਖਾਂ ਨੂੰ ਪਰਮਾਤਮਾ ਦੀ ਪ੍ਰੀਤਿ (ਦੀ ਆਤਮਕ ਖ਼ੁਰਾਕ) ਦੇ ਕੇ ਪਿਆਰ ਨਾਲ ਸੰਭਾਲਦਾ ਹੈ।1।

ਜਿਵੇਂ ਚਿੱਟੇ ਖੰਭਾਂ ਵਾਲੀ (ਕੂੰਜ) ਆਸਮਾਨ ਵਿਚ ਉੱਡਦੀ ਫਿਰਦੀ ਹੈ, ਪਰ ਉਹ ਪਿੱਛੇ (ਰਹੇ ਹੋਏ ਆਪਣੇ) ਨਿੱਕੇ ਨਿੱਕੇ ਬੱਚਿਆਂ ਵਿਚ ਆਪਣਾ ਚਿੱਤ ਰੱਖਦੀ ਹੈ, ਸਦਾ ਉਹਨਾਂ ਨੂੰ ਆਪਣੇ ਹਿਰਦੇ ਵਿਚ ਸਾਂਭਦੀ ਹੈ ਸੰਭਾਲਦੀ ਹੈ; ਇਸੇ ਤਰ੍ਹਾਂ ਗੁਰੂ ਤੇ ਸਿੱਖ ਦੀ ਪ੍ਰੀਤਿ ਹੈ, ਗੁਰੂ ਆਪਣੇ ਸਿੱਖਾਂ ਨੂੰ ਹਰੀ ਦੀ ਪ੍ਰੀਤਿ ਦੇ ਕੇ ਉਹਨਾਂ ਨੂੰ ਆਪਣੀ ਜਿੰਦ ਦੇ ਨਾਲ ਰੱਖਦਾ ਹੈ।2।

ਜਿਵੇਂ ਤੀਹਾਂ ਬੱਤੀਆਂ (ਦੰਦਾਂ) ਦੀ ਕੈਂਚੀ ਹੈ (ਉਸ ਕੈਂਚੀ) ਵਿਚ (ਪਰਮਾਤਮਾ) ਮਾਸ ਤੇ ਲਹੂ ਦੀ ਬਣੀ ਹੋਈ ਜੀਭ ਨੂੰ (ਬਚਾ ਕੇ) ਰੱਖਦਾ ਹੈ। ਕੋਈ ਮਨੁੱਖ ਪਿਆ ਸਮਝੇ ਕਿ (ਬਚ ਕੇ ਰਹਿਣਾ ਜਾਂ ਬਚਾ ਕੇ ਰੱਖਣਾ) ਮਾਸ ਦੀ ਜੀਭ ਦੇ ਹੱਥ ਵਿਚ ਹੈ ਜਾਂ (ਦੰਦਾਂ ਦੀ) ਕੈਂਚੀ ਦੇ ਵੱਸ ਵਿਚ ਹੈ, ਇਹ ਤਾਂ ਪਰਮਾਤਮਾ ਦੇ ਵੱਸ ਵਿਚ ਹੀ ਹੈ। ਇਸੇ ਤਰ੍ਹਾਂ ਲੋਕ ਤਾਂ ਸੰਤ ਜਨਾਂ ਦੀ ਨਿੰਦਾ ਕਰਦੇ ਹਨ, ਪਰ ਪਰਮਾਤਮਾ ਆਪਣੇ ਸੇਵਕਾਂ ਦੀ ਲਾਜ (ਹੀ) ਰੱਖਦਾ ਹੈ।3।

(ਹੇ ਭਾਈ!) ਮਤਾਂ ਕੋਈ ਸਮਝੋ ਕਿ ਕਿਸੇ ਮਨੁੱਖ ਦੇ ਕੁਝ ਵੱਸ ਵਿਚ ਹੈ। ਇਹ ਤਾਂ ਸਭ ਕੁਝ ਪਰਮਾਤਮਾ ਆਪ ਹੀ ਕਰਦਾ ਹੈ ਆਪ ਹੀ ਕਰਾਂਦਾ ਹੈ। ਬੁਢੇਪਾ, ਮੌਤ, ਸਿਰ-ਪੀੜ, ਤਾਪ ਆਦਿਕ ਹਰੇਕ (ਦੁਖ-ਕਲੇਸ਼) ਪਰਮਾਤਮਾ ਦੇ ਵੱਸ ਵਿਚ ਹੈ। ਪਰਮਾਤਮਾ ਦੇ ਲਾਣ ਤੋਂ ਬਿਨਾ ਕੋਈ ਰੋਗ (ਕਿਸੇ ਜੀਵ ਨੂੰ) ਲੱਗ ਨਹੀਂ ਸਕਦਾ।

ਹੇ ਦਾਸ ਨਾਨਕ! ਜੇਹੜਾ ਹਰਿ-ਨਾਮ ਅਖ਼ੀਰਲੇ ਸਮੇ (ਜਮ ਆਦਿਕਾਂ ਤੋਂ) ਛੁਡਾ ਲੈਂਦਾ ਹੈ ਉਸ ਨੂੰ ਆਪਣੇ ਮਨ ਵਿਚ ਚਿੱਤ ਵਿਚ ਸਦਾ ਸਿਮਰਦੇ ਰਹੋ।4।7।13। 51।

ਗਉੜੀ ਬੈਰਾਗਣਿ ਮਹਲਾ ੪ ॥ ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥ ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ॥੧॥ ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ॥ ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥ ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥ ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥੨॥ ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥ ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥੩॥ ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥ ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ॥੪॥੮॥੧੪॥੫੨॥ {ਪੰਨਾ 168}

ਪਦ ਅਰਥ: ਮਨਿ = ਮਨ ਵਿਚ। ਦੁਬਿਧਾ = ਦੁਚਿੱਤਾ-ਪਨ, ਡਾਵਾਂ-ਡੋਲ ਦਸ਼ਾ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।1।

ਕਿਤੁ ਬਿਧਿ = ਕਿਸ ਤਰੀਕੇ ਨਾਲ? ਕਰੀ = ਕਰੀਂ, ਮੈਂ ਕਰਦਾ ਹਾਂ। ਕਿਉ = ਕਿਵੇਂ?।1। ਰਹਾਉ।

ਕਰਿ = ਕਰ ਕੇ। ਪੁੰਨੀ = ਪੂਰੀ ਹੋ ਗਈ। ਕੇਰੀਆ = ਦੀ। ਲੇ = ਲੈ ਕੇ।2।

ਦ੍ਰਿੜਾਵੈ = (ਹਿਰਦੇ ਵਿਚ) ਪੱਕੀ ਕਰ ਦੇਂਦਾ ਹੈ। ਤੋਟਾ = ਘਾਟਾ। ਮੂਲਿ ਨ = ਬਿਲਕੁਲ ਨਹੀਂ। ਆਵਈ = ਆਵੈ, ਆਉਂਦਾ।3।

ਰਿਦੈ = ਹਿਰਦੇ ਦਾ। ਵਿਗਾਸੁ = ਖਿੜਾਉ। ਭਾਉ ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਮੋਹ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਗਾਵਾਹੀ = ਗਾਵਹਿ, ਗਾਂਦੇ ਹਨ।4।

ਅਰਥ: (ਹੇ ਭਾਈ! ਦੱਸ) ਮੇਰਾ ਪਿਆਰਾ ਗੁਰੂ (ਮੈਨੂੰ) ਕਿਸ ਤਰੀਕੇ ਨਾਲ ਮਿਲ ਸਕਦਾ ਹੈ? (ਜੇਹੜਾ ਮਨੁੱਖ ਮੈਨੂੰ ਇਹ ਦੱਸੇ ਕਿ) ਮੇਰਾ ਗੁਰੂ ਮੈਨੂੰ ਕਿਵੇਂ ਮਿਲ ਸਕਦਾ ਹੈ (ਉਸ ਦੇ ਅੱਗੇ) ਮੈਂ ਹਰ ਖਿਨ ਸਿਰ ਨਿਵਾਂਦਾ ਹਾਂ।1। ਰਹਾਉ।

ਜਿਸ ਦੇ ਮਿਲਿਆਂ ਮਨ ਵਿਚ ਆਨੰਦ ਪੈਦਾ ਹੋ ਜਾਏ, ਮਨ ਦੀ ਡਾਵਾਂ ਡੋਲ ਹਾਲਤ ਮੁੱਕ ਜਾਏ, ਪਰਮਾਤਮਾ ਦੇ ਮਿਲਾਪ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਪੈਦਾ ਹੋ ਜਾਏ, ਉਸ ਨੂੰ ਹੀ ਗੁਰੂ ਕਿਹਾ ਜਾ ਸਕਦਾ ਹੈ।1।

ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਮੇਰਾ ਪੂਰਾ ਗੁਰੂ ਮਿਲਾ ਦਿੱਤਾ, ਗੁਰੂ ਦੇ ਚਰਨਾਂ ਦੀ ਧੂੜ ਹਾਸਲ ਕਰ ਕੇ ਉਸ ਮਨੁੱਖ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਜਾਂਦੀ ਹੈ।2।

(ਹੇ ਭਾਈ!) ਉਸ ਗੁਰੂ ਨੂੰ ਮਿਲਣਾ ਚਾਹੀਦਾ ਹੈ ਜੇਹੜਾ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਬਿਠਾ ਦੇਂਦਾ ਹੈ (ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਸ਼ੌਕ ਨਾਲ) ਸੁਣਦਾ ਹੈ, (ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਨਾਮ-ਧਨ ਦੀ ਖੱਟੀ ਸਦਾ ਖੱਟਦਾ ਹੈ (ਤੇ ਇਸ ਖੱਟੀ ਵਿਚ) ਕਦੇ ਘਾਟਾ ਨਹੀਂ ਪੈਂਦਾ।3।

ਹੇ ਨਾਨਕ! ਜਿਸ ਗੁਰੂ ਨੂੰ (ਧੁਰੋਂ ਪ੍ਰਭੂ ਵਲੋਂ) ਹਿਰਦੇ ਦਾ ਖਿੜਾਉ ਮਿਲਿਆ ਹੋਇਆ ਹੈ (ਜਿਸ ਦੇ ਅੰਦਰ) ਪਰਮਾਤਮਾ ਤੋਂ ਬਿਨਾ ਕੋਈ ਹੋਰ ਮੋਹ ਨਹੀਂ, ਉਸ ਗੁਰੂ ਨੂੰ ਮਿਲ ਕੇ ਮਨੁੱਖ (ਵਿਕਾਰਾਂ ਤੋਂ) ਬਚ ਨਿਕਲਦਾ ਹੈ (ਉਸ ਗੁਰੂ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਗੁਣ ਗਾਂਦੇ ਹਨ।4।8।14। 52।

ਨੋਟ:

ਗਉੜੀ ਬੈਰਾਗਣਿ = 8 ਸ਼ਬਦ
ਗਉੜੀ ਗੁਆਰੇਰੀ = 6 ਸ਼ਬਦ
ਗਉੜੀ ਮ: 3 = 18 ਸ਼ਬਦ
ਗਉੜੀ ਮ: 1 = 20 ਸ਼ਬਦ
. . ਕੁੱਲ ਜੋੜ . . 52

ਮਹਲਾ ੪ ਗਉੜੀ ਪੂਰਬੀ ॥ ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥ ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥ ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥ ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥ ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ ॥ ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥੨॥ ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥ ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥ ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥ ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥ {ਪੰਨਾ 168-169}

ਪਦ ਅਰਥ: ਦਇਆਲਿ = ਦਇਆਲ ਨੇ। ਪ੍ਰਭਿ = ਪ੍ਰਭੂ ਨੇ। ਮਨਿ = ਮਨ ਵਿਚ। ਤਨਿ = ਤਨ ਵਿਚ। ਮੁਖਿ = ਮੂੰਹ ਵਿਚ। ਹਰਿ ਬੋਲੀ = ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰੰਗਿ = ਰੰਗ ਵਿਚ। ਭੀਨੀ = ਭਿੱਜ ਗਈ।1।

ਹਉ = ਮੈਂ। ਗੋਲੀ = ਦਾਸੀ। ਸੇਤੀ = ਨਾਲ। ਗੋਲ = ਗੋਲਾ, ਸੇਵਕ। ਅਮੋਲੀ = ਬਿਨਾ ਮੁੱਲ ਦਿੱਤਿਆਂ।1। ਰਹਾਉ।

ਬਿਬੇਕੁ = ਪਰਖ। ਖੋਜਿ = ਖੋਜ ਕੇ। ਦੇਖਿ = ਵੇਖ। ਢੰਢੋਲੀ = ਢੰਢੋਲਿ, ਭਾਲ ਕਰ ਕੇ। ਸਬਾਈ = ਸਾਰੀ ਸ੍ਰਿਸ਼ਟੀ ਵਿਚ। ਨਿਕਟਿ = ਨੇੜੇ। ਕੋਲੀ = ਕੋਲ।2।

ਅਪਰੰਪਰ = ਪਰੇ ਤੋਂ ਪਰੇ। ਗੁਰਿ = ਗੁਰੂ ਨੇ। ਮੋਲੀ = ਮੁੱਲ ਤੋਂ।3।

ਤੁਮ ਸਰਣਾਗਤਿ = ਤੇਰੀ ਸਰਨ ਆਇਆ ਹਾਂ। ਵਡੋਲੀ = ਵੱਡਾ। ਅਨਦਿਨੁ = ਹਰ ਰੋਜ਼। ਵੇਚੋਲੀ = ਵਕੀਲ, ਵਿਛੋਲਾ।4।

ਅਰਥ: ਮੈਂ ਆਪਣੇ ਹਰੀ ਦੀ ਪ੍ਰਭੂ ਦੀ ਦਾਸੀ (ਬਣ ਗਈ) ਹਾਂ। ਜਦੋਂ ਮੇਰਾ ਮਨ ਪਰਮਾਤਮਾ (ਦੀ ਯਾਦ ਦੇ) ਨਾਲ ਗਿੱਝ ਗਿਆ, ਪਰਮਾਤਮਾ ਨੇ ਸਾਰੇ ਜਗਤ ਨੂੰ ਮੇਰਾ ਬੇ-ਮੁੱਲਾ ਦਾਸ ਬਣਾ ਦਿੱਤਾ।1। ਰਹਾਉ।

ਦਇਆਲ ਹਰਿ-ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ ਤੇ ਉਸ ਮੇਰੇ ਮਨ ਵਿਚ ਤਨ ਵਿਚ ਮੇਰੇ ਮੂੰਹ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਰੱਖ ਦਿੱਤੀ। ਮੇਰੇ ਹਿਰਦੇ ਦੀ ਚੋਲੀ (ਭਾਵ, ਮੇਰਾ ਹਿਰਦਾ) ਪ੍ਰਭੂ-ਨਾਮ ਦੇ ਰੰਗ ਵਿਚ ਭਿੱਜ ਗਈ, ਗੁਰੂ ਦੀ ਸਰਨ ਪੈ ਕੇ ਉਹ ਰੰਗ ਬਹੁਤ ਗੂੜ੍ਹਾ ਹੋ ਗਿਆ।1।

ਹੇ ਸੰਤ ਜਨ ਭਰਾਵੋ! ਤੁਸੀ ਆਪਣੇ ਹਿਰਦੇ ਵਿਚ ਖੋਜ-ਭਾਲ ਕਰ ਕੇ ਵੇਖ ਕੇ ਵਿਚਾਰ ਕਰੋ (ਤੁਹਾਨੂੰ ਇਹ ਗੱਲ ਪਰਤੱਖ ਦਿੱਸ ਪਏਗੀ ਕਿ ਇਹ ਸਾਰਾ ਜਗਤ) ਪਰਮਾਤਮਾ ਦਾ ਹੀ ਰੂਪ ਹੈ, ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਦੀ ਹੀ ਜੋਤਿ ਵੱਸ ਰਹੀ ਹੈ। ਪਰਮਾਤਮਾ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਕੋਲ ਵੱਸਦਾ ਹੈ।2।

ਉਹ ਪਰਮਾਤਮਾ, ਜੋ ਪਰੇ ਤੋਂ ਪਰੇ ਹੈ ਜੋ ਸਰਬ-ਵਿਆਪਕ ਹੈ ਜਿਸ ਦੇ ਗੁਣ-ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਾਰੇ ਜਗਤ ਦੇ ਨੇੜੇ ਵੱਸ ਰਿਹਾ ਹੈ। ਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪਰਗਟ ਕੀਤਾ ਹੈ, (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਪਾਸ ਮੁੱਲ ਤੋਂ ਵੇਚ ਦਿੱਤਾ ਹੈ (ਭਾਵ, ਆਪਣਾ ਕੋਈ ਹੱਕ-ਦਾਅਵਾ ਨਹੀਂ ਰੱਖਿਆ ਜਿਵੇਂ ਮੁੱਲ ਲੈ ਕੇ ਵੇਚੀ ਕਿਸੇ ਚੀਜ਼ ਉੱਤੇ ਹੱਕ ਨਹੀਂ ਰਹਿ ਜਾਂਦਾ) ।3।

ਹੇ ਹਰੀ! (ਸਾਰੇ ਜਗਤ ਵਿਚ ਸਭ ਜੀਵਾਂ ਦੇ) ਅੰਦਰ ਬਾਹਰ ਤੂੰ ਵੱਸ ਰਿਹਾ ਹੈਂ। ਮੈਂ ਤੇਰੀ ਸਰਨ ਆਇਆ ਹਾਂ। ਮੇਰੇ ਵਾਸਤੇ ਤੂੰ ਹੀ ਸਭ ਤੋਂ ਵੱਡਾ ਮਾਲਕ ਹੈਂ। ਦਾਸ ਨਾਨਕ ਗੁਰੂ-ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਹਰੀ ਦੇ ਗੁਣ ਗਾਂਦਾ ਹੈ।4।1।15। 53।

TOP OF PAGE

Sri Guru Granth Darpan, by Professor Sahib Singh