ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 169 ਗਉੜੀ ਪੂਰਬੀ ਮਹਲਾ ੪ ॥ ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥ ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥ ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥ ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥ ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥ ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥ ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥ ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥ ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥ ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥ {ਪੰਨਾ 169} ਪਦ ਅਰਥ: ਜਗਜੀਵਨ = ਹੇ ਜਗਤ ਦੇ ਜੀਵਨ! ਅਪਰੰਪਰ = ਪਰੇ ਤੋਂ ਪਰੇ। ਜਗਦੀਸੁਰ = (jgq` eLÓvr) ਹੇ ਜਗਤ ਦੇ ਈਸ਼ਵਰ! ਬਿਧਾਤੇ = ਹੇ ਸਿਰਜਣਹਾਰ! ਜਿਤੁ = ਜਿਸ ਵਿਚ। ਮਾਰਗਿ = ਰਸਤੇ ਵਿਚ। ਜਿਤੁ ਮਾਰਗਿ = ਜਿਸ ਰਾਹ ਉੱਤੇ।1। ਸੇਤੀ = ਨਾਲ। ਰਾਤੇ = ਰੰਗਿਆ ਹੋਇਆ। ਮਿਲਿ = ਮਿਲ ਕੇ। ਨਾਮਿ = ਨਾਮ ਵਿਚ।1। ਰਹਾਉ। ਜਗਿ = ਜਗਤ ਵਿਚ। ਅਵਖਧੁ = ਦਵਾਈ। ਸਾਤਿ = ਸ਼ਾਂਤਿ (ਦੇਣ ਵਾਲਾ) । ਦੋਖ = ਐਬ।2। ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਸਰਿ = ਸਰ ਵਿਚ। ਸੰਤੋਖ ਸਰਿ = ਸੰਤੋਖ ਦੇ ਸਰ ਵਿਚ।3। ਠਾਕੁਰ = ਹੇ ਠਾਕੁਰ! ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਤੇ = ਤੋਂ, ਨਾਲ।4। ਅਰਥ: ਹੇ ਰਾਮ (ਮਿਹਰ ਕਰ) ਮੇਰਾ ਮਨ ਤੇਰੇ (ਨਾਮ) ਵਿਚ ਰੰਗਿਆ ਰਹੇ। (ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਕਿਰਪਾ ਨਾਲ) ਸਾਧ ਸੰਗਤਿ ਵਿਚ ਮਿਲ ਕੇ ਰਾਮ-ਰਸ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦੇ ਹਨ।1। ਰਹਾਉ। ਹੇ ਜਗਤ ਦੇ ਜੀਵਨ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੁਆਮੀ! ਹੇ ਜਗਤ ਦੇ ਈਸ਼ਵਰ! ਹੇ ਸਰਬ-ਵਿਆਪਕ! ਹੇ ਸਿਰਜਣਹਾਰ! ਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ਉਤੇ (ਤੁਰਨ ਲਈ) ਪ੍ਰੇਰਦਾ ਹੈਂ, ਅਸੀਂ ਉਸ ਰਸਤੇ ਉਤੇ ਹੀ ਤੁਰਦੇ ਹਾਂ।1। (ਹੇ ਭਾਈ!) ਪਰਮਾਤਮਾ ਦਾ ਨਾਮ ਜਗਤ ਵਿਚ (ਸਭ ਰੋਗਾਂ ਦੀ) ਦਵਾਈ ਹੈ, ਪਰਮਾਤਮਾ ਦਾ ਨਾਮ (ਆਤਮਕ) ਸ਼ਾਂਤੀ ਦੇਣ ਵਾਲਾ ਹੈ। ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ-ਰਸ ਚੱਖਦੇ ਹਨ, ਉਹਨਾਂ ਦੇ ਸਾਰੇ ਪਾਪ ਸਾਰੇ ਐਬ ਨਾਸ ਹੋ ਜਾਂਦੇ ਹਨ।2। ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਭਗਤੀ ਦਾ) ਲੇਖ ਲਿਖਿਆ ਜਾਂਦਾ ਹੈ, ਉਹ ਮਨੁੱਖ ਗੁਰੂ-ਰੂਪ ਸੰਤੋਖਸਰ ਵਿਚ ਇਸ਼ਨਾਨ ਕਰਦੇ ਹਨ (ਭਾਵ, ਉਹ ਮਨੁੱਖ ਗੁਰੂ ਵਿਚ ਆਪਣਾ ਆਪ ਲੀਨ ਕਰ ਦੇਂਦੇ ਹਨ ਤੇ ਉਹ ਸੰਤੋਖ ਵਾਲਾ ਜੀਵਨ ਜੀਊਂਦੇ ਹਨ) । ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੀ ਭੈੜੀ ਮਤਿ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ।3। ਹੇ ਰਾਮ! ਹੇ ਠਾਕੁਰ! ਤੂੰ ਆਪ ਹੀ ਤੂੰ ਆਪ ਹੀ ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਜੇਡਾ ਵੱਡਾ ਕੋਈ ਹੋਰ ਦਾਤਾ ਨਹੀਂ ਹੈ। ਦਾਸ ਨਾਨਕ ਜਦੋਂ ਪਰਮਾਤਮਾ ਦਾ ਨਾਮ ਜਪਦਾ ਹੈ, ਤਾਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। (ਪਰ) ਪਰਮਾਤਮਾ ਦਾ ਨਾਮ ਪਰਮਾਤਮਾ ਦੀ ਮਿਹਰ ਨਾਲ ਹੀ ਜਪਿਆ ਜਾ ਸਕਦਾ ਹੈ।4।2।16। 54। ਗਉੜੀ ਪੂਰਬੀ ਮਹਲਾ ੪ ॥ ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥ ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥ ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥ ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥ ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥ ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥ ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥ ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥ ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥ ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥ {ਪੰਨਾ 169} ਪਦ ਅਰਥ: ਰਾਚੇ = ਰਚਿਆ ਰਹੇ, ਮਸਤ ਰਹੇ। ਸਤਿਗੁਰਿ = ਗੁਰੂ ਨੇ। ਬਚਨੁ = ਉਪਦੇਸ਼। ਮਾਚੇ = ਮੱਚਦਾ ਹੈ, ਖ਼ੁਸ਼ ਹੁੰਦਾ ਹੈ।1। ਬੇਧਿ ਲੀਓ = ਵਿੰਨ੍ਹ ਲਿਆ। ਸਾਚੇ = ਸਦਾ ਕਾਇਮ ਰਹਿਣ ਵਾਲੇ ਨੇ। ਕਾਲ = ਆਤਮਕ ਮੌਤ। ਮੁਖਿ = ਮੂੰਹ ਵਿਚ। ਗ੍ਰਸਿਆ = ਨਿਗਲਿਆ ਹੋਇਆ। ਬਾਚੇ = ਬਚ ਗਏ ਹਾਂ।1। ਰਹਾਉ। ਸੇਤੀ = ਨਾਲ। ਸਾਕਤ = ਰੱਬ ਨਾਲੋਂ ਟੁੱਟੇ ਹੋਏ, ਮਾਇਆ-ਵੇੜ੍ਹੇ। ਕਾਚੇ = ਕਮਜ਼ੋਰ ਜੀਵਨ ਵਾਲੇ। ਵਿਸਟਾ = ਵਿਕਾਰਾਂ ਦਾ ਗੰਦ। ਮਰਿ = ਆਤਮਕ ਮੌਤ ਸਹੇੜ ਕੇ। ਪਾਚੇ = ਦੁਖੀ ਹੁੰਦੇ ਹਨ।2। ਸਰਣਿ ਪ੍ਰਤਿਪਾਲਕ = ਸਰਨ ਆਏ ਦੀ ਰੱਖਿਆ ਕਰਨ ਵਾਲਾ। ਕਉ = ਨੂੰ। ਮੋ ਕਉ = ਮੈਨੂੰ। ਜਾਚੇ = ਮੰਗਦਾ ਹਾਂ। ਨਿਰਤਿ = ਨਾਚ।3। ਤਾ ਚੇ = ਉਸ ਦੇ। ਚੇ = ਦੇ। ਰਾਸਿ = ਪੂੰਜੀ, ਸਰਮਾਇਆ।4। ਅਰਥ: ਹੇ ਰਾਮ! ਹੇ ਸਦਾ ਕਾਇਮ ਰਹਿਣ ਵਾਲੇ ਹਰੀ! ਤੂੰ (ਮਿਹਰ ਕਰ ਕੇ) ਮੇਰੇ ਮਨ ਨੂੰ ਮੇਰੇ ਤਨ ਨੂੰ (ਆਪਣੇ ਚਰਨਾਂ ਵਿਚ) ਵਿੰਨ੍ਹ ਲਿਆ ਹੈ। ਜਿਸ ਆਤਮਕ ਮੌਤ ਦੇ ਮੂੰਹ ਵਿਚ ਸਾਰਾ ਸੰਸਾਰ ਨਿਗਲਿਆ ਹੋਇਆ ਹੈ, (ਉਸ ਆਤਮਕ ਮੌਤ ਤੋਂ) ਮੈਂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਬਚ ਗਿਆ ਹਾਂ।1। ਰਹਾਉ। ਹੇ ਜਗਤ ਦੇ ਜੀਵਨ! ਹੇ ਦਾਤਾਰ! ਕਿਰਪਾ ਕਰ, ਮੇਰਾ ਮਨ ਤੇਰੀ ਯਾਦ ਵਿਚ ਮਸਤ ਰਹੇ। (ਤੇਰੀ ਕਿਰਪਾ ਨਾਲ) ਸਤਿਗੁਰੂ ਨੇ ਮੈਨੂੰ ਬਹੁਤ ਪਵਿਤ੍ਰ ਉਪਦੇਸ਼ ਦਿੱਤਾ ਹੈ, ਹੁਣ ਮੇਰਾ ਮਨ ਹਰਿ-ਨਾਮ ਜਪ ਜਪ ਕੇ ਖ਼ੁਸ਼ ਹੋ ਰਿਹਾ ਹੈ।1। ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤਿ ਪ੍ਰਾਪਤ ਨਹੀਂ ਹੋਈ, ਉਹ ਮਾਇਆ-ਵੇੜ੍ਹੇ ਮੂਰਖ ਮਨੁੱਖ ਕਮਜ਼ੋਰ ਜੀਵਨ ਵਾਲੇ ਰਹਿੰਦੇ ਹਨ। ਉਹਨਾਂ ਵਾਸਤੇ ਜਨਮ ਮਰਨ ਦਾ ਦੁਖਦਾਈ ਗੇੜ ਬਣਿਆ ਰਹਿੰਦਾ ਹੈ। ਉਹ (ਵਿਕਾਰਾਂ ਦੇ) ਗੰਦ ਵਿਚ ਆਤਮਕ ਮੌਤ ਸਹੇੜ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਨ।2। ਹੇ ਦਇਆਲ ਪ੍ਰਭੂ! ਹੇ ਸਰਨ ਪਏ ਦੀ ਰੱਖਿਆ ਕਰਨ ਵਾਲੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹਾਂ, ਮੈਨੂੰ ਇਹ ਦਾਤਿ ਬਖ਼ਸ਼। ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ਤਾਂ ਜੁ ਮੇਰਾ ਮਨ (ਤੇਰੇ ਨਾਮ ਵਿਚ ਜੁੜ ਕੇ) ਸਦਾ ਨਾਚ ਕਰਦਾ ਰਹੇ (ਸਦਾ ਆਤਮਕ ਆਨੰਦ ਮਾਣਦਾ ਰਹੇ) ।3। ਪ੍ਰਭੂ ਜੀ ਆਪ ਹੀ (ਨਾਮ ਦੀ ਰਾਸਿ-ਪੂੰਜੀ ਦੇਣ ਵਾਲੇ ਸਭ ਜੀਵਾਂ ਦੇ) ਵੱਡੇ ਸ਼ਾਹ ਹਨ ਮਾਲਕ ਹਨ। ਅਸੀਂ ਸਾਰੇ ਜੀਵ ਉਸ (ਸ਼ਾਹ) ਦੇ (ਭੇਜੇ ਹੋਏ) ਵਣਜਾਰੇ ਹਾਂ (ਵਪਾਰੀ ਹਾਂ) । ਹੇ ਦਾਸ ਨਾਨਕ ਦੇ ਸਦਾ-ਥਿਰ ਸ਼ਾਹ ਤੇ ਪ੍ਰਭੂ! ਮੇਰਾ ਮਨ ਮੇਰਾ ਤਨ ਮੇਰੀ ਜਿੰਦ = ਇਹ ਸਭ ਕੁਝ ਤੇਰੀ ਬਖ਼ਸ਼ੀ ਹੋਈ ਰਾਸਿ-ਪੂੰਜੀ ਹੈ (ਮੈਨੂੰ ਆਪਣੇ ਨਾਮ ਦੀ ਦਾਤਿ ਭੀ ਬਖ਼ਸ਼) ।4।3।17। 55। ਗਉੜੀ ਪੂਰਬੀ ਮਹਲਾ ੪ ॥ ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥ ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥ ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥ ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥ ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥ ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥ ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥੩॥ ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥ ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥ {ਪੰਨਾ 169-170} ਪਦ ਅਰਥ: ਦਇਆਲ = (ਦਇਆ = ਆਲਯ) ਦਇਆ ਦਾ ਘਰ। ਸਰਬ = ਸਾਰੇ। ਭੰਜਨ = ਨਾਸ ਕਰਨਾ। ਬਿਨਉ = ਬੇਨਤੀ (ivnX) । ਦੇ ਕਾਨੇ = ਕੰਨ ਦੇ ਕੇ, ਧਿਆਨ ਨਾਲ। ਜਿਸ ਤੇ = ਜਿਸ (ਗੁਰੂ) ਪਾਸੋਂ। ਜਾਨੇ = ਜਾਣ-ਪਛਾਣ ਹੁੰਦੀ ਹੈ। ਪ੍ਰਾਨੇ = ਪ੍ਰਾਣ, ਜਿੰਦ।1। ਕਰਿ = ਕਰ ਕੇ, (ਬਰਾਬਰ ਦਾ) ਕਰ ਕੇ। ਮਾਨੇ = ਮੰਨਿਆ ਹੈ। ਅਸੁਧ = ਮੈਲੀ। ਮੁਗਧ = ਮੂਰਖ।1। ਰਹਾਉ। ਅਨ = (ANX) ਹੋਰ ਹੋਰ। ਮਿਲਿ = ਮਿਲ ਕੇ। ਗਾਨੇ = ਗੰਨਾ।2। ਭੇਟਿਆ = ਮਿਲਿਆ। ਦਿਵਾਨੇ = ਝੱਲੇ, ਕਮਲੇ। ਹੀਨ = ਨੀਚ, ਨੀਵੇਂ। ਧੁਰਿ = ਧੁਰ ਤੋਂ। ਮੋਹਿ = ਮੋਹ ਵਿਚ। ਪਚਾਨੇ = ਸੜਦੇ ਹਨ।3। ਪ੍ਰਗਟੇ = ਪਰਗਟ ਹੋਏ, ਉੱਘੜ ਪਏ, ਚਮਕ ਪਏ। ਨਾਮਿ = ਨਾਮ ਵਿਚ।4। ਅਰਥ: (ਹੇ ਭਾਈ!) ਮੈਂ ਸਤਿਗੁਰੂ ਨੂੰ (ਆਤਮਕ ਜੀਵਨ ਵਿਚ) ਰਾਮ ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ। ਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮਤਿ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ।1। ਰਹਾਉ। ਹੇ (ਜੀਵਾਂ ਦੇ) ਸਾਰੇ ਦੁਖ ਨਾਸ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਘਰ ਹੈਂ, ਮੇਰੀ ਇਕ ਅਰਜ਼ੋਈ ਧਿਆਨ ਨਾਲ ਸੁਣ। ਮੈਨੂੰ ਉਹ ਸਤਿਗੁਰੂ ਮਿਲਾ ਜੋ ਮੇਰੀ ਜਿੰਦ (ਦਾ ਸਹਾਰਾ) ਹੈ, ਜਿਸ ਦੀ ਕਿਰਪਾ ਤੋਂ ਤੇਰੇ ਨਾਲ ਡੂੰਘੀ ਸਾਂਝ ਪੈਂਦੀ ਹੈ।1। ਜਗਤ ਦੇ ਜਿਤਨੇ ਭੀ ਹੋਰ ਹੋਰ (ਕਿਸਮ ਦੇ) ਰਸ ਹਨ, ਮੈਂ ਵੇਖ ਲਏ ਹਨ, ਉਹ ਸਾਰੇ ਹੀ ਫਿੱਕੇ ਹਨ ਫਿੱਕੇ ਹਨ। ਗੁਰੂ ਨੂੰ ਮਿਲ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ, ਉਹ ਰਸ ਮਿੱਠਾ ਹੈ ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ।2। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨਹੀਂ ਮਿਲਦਾ, ਉਹ ਮੂਰਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਉਹ ਮਾਇਆ ਦੇ ਪਿੱਛੇ ਝੱਲੇ ਹੋਏ ਫਿਰਦੇ ਹਨ। (ਪਰ ਉਹਨਾਂ ਦੇ ਭੀ ਕੀਹ ਵੱਸ?) ਧੁਰੋਂ (ਪਰਮਾਤਮਾ ਨੇ) ਉਹਨਾਂ ਦੇ ਭਾਗਾਂ ਵਿਚ (ਇਹ) ਨੀਵੇਂ ਕੰਮ ਹੀ ਪਾ ਦਿੱਤੇ ਹਨ, ਉਹ ਮਾਇਆ ਦੇ ਮੋਹ ਵਿਚ ਇਉਂ ਸੜਦੇ ਰਹਿੰਦੇ ਹਨ ਜਿਵੇਂ ਦੀਵੇ ਨੂੰ ਵੇਖ ਕੇ (ਪਤੰਗੇ) ।3। ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮਿਹਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲਾਂਦਾ ਹੈਂ, ਉਹ, ਹੇ ਹਰੀ! ਤੇਰੀ ਸੇਵਾ-ਭਗਤੀ ਵਿਚ ਲਗੇ ਰਹਿੰਦੇ ਹਨ। ਹੇ ਦਾਸ ਨਾਨਕ! ਉਹ ਪਰਮਾਤਮਾ ਦਾ ਨਾਮ ਜਪ ਜਮ ਕੇ ਚਮਕ ਪੈਂਦੇ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ।4। 4।18। 56। |
Sri Guru Granth Darpan, by Professor Sahib Singh |