ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 170

ਗਉੜੀ ਪੂਰਬੀ ਮਹਲਾ ੪ ॥ ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ ॥ ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ॥੧॥ ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ॥ ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥੧॥ ਰਹਾਉ ॥ ਮੇਰੇ ਮਨ ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ ॥ ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ॥੨॥ ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ॥ ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ॥੩॥ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥ ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨ ਭਿਟੀਐ ॥੪॥ ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ ॥ ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥੫॥੫॥੧੯॥੫੭॥ {ਪੰਨਾ 170}

ਪਦ ਅਰਥ: ਕਹੁ = ਦੱਸ। ਪਹੁ = ਪਾਸੋਂ, ਤੋਂ। ਸਾਚਾ = ਸਦਾ-ਥਿਰ ਰਹਿਣ ਵਾਲਾ।1।

ਮਨ = ਹੇ ਮਨ! ਮਨਿ = ਮਨ ਵਿਚ। ਭਜਿ = ਦੌੜ ਕੇ। ਪਉ = ਪੈ ਜਾ। ਪੀਛੈ = ਪਿੱਛੇ ਤੁਰਿਆਂ।1। ਰਹਾਉ।

ਸ੍ਰਬ = ਸਰਬ, ਸਾਰੇ। ਜਿਤੁ ਸੇਵਿਐ = ਜਿਸ ਦੀ ਸੇਵਾ ਕੀਤਿਆਂ। ਘਰਿ = ਘਰ ਵਿਚ। ਲਹਹੁ = ਲੱਭ ਲਵੋ। ਘਸਿ = ਘਸ ਕੇ।2।

ਲਾਹਾ = ਲਾਭ। ਮਨਿ = ਮਨ ਵਿਚ। ਹਸੀਐ = ਆਨੰਦ ਮਾਣ ਸਕੀਦਾ ਹੈ।3।

ਜਮਿ = ਜਮ ਨੇ। ਸਾਕਤ = ਰਬ ਤੋਂ ਟੁੱਟੇ ਹੋਏ, ਮਾਇਆ-ਵੇੜ੍ਹੇ। ਨਿਕਟਿ = ਨੇੜੇ। ਭਿਟੀਐ = ਛੁਹਣਾ ਚਾਹੀਏ।4।

ਅਲਖ = ਅਦ੍ਰਿਸ਼ਟ। ਨਰਹਰਿ = ਪਰਮਾਤਮਾ। ਪ੍ਰਭਿ = ਪ੍ਰਭੂ ਨੇ। ਪੂਰੇ = ਮੁਕੰਮਲ।5।

ਅਰਥ: ਹੇ ਮੇਰੇ ਮਨ! ਸਦਾ ਹਰਿ-ਨਾਮ ਜਪ। (ਹੇ ਭਾਈ!) ਹਰਿ-ਨਾਮ ਸਦਾ ਮਨ ਵਿਚ ਜਪਣਾ ਚਾਹੀਦਾ ਹੈ। ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਜਾ ਪਉ। ਗੁਰੂ ਦਾ ਆਸਰਾ ਲਿਆਂ (ਮਾਇਆ ਦੇ ਬੰਧਨਾਂ ਤੋਂ) ਬਚ ਜਾਈਦਾ ਹੈ।1। ਰਹਾਉ।

ਹੇ ਮੇਰੇ ਮਨ! ਉਹ ਸੁਆਮੀ ਹਰ ਵੇਲੇ (ਜੀਵਾਂ ਦੇ) ਨਾਲ (ਵੱਸਦਾ) ਹੈ। ਦੱਸ ਉਹ ਕੇਹੜਾ ਥਾਂ ਹੈ ਜਿਥੇ ਉਸ ਪ੍ਰਭੂ ਪਾਸੋਂ ਨੱਸ ਸਕੀਦਾ ਹੈ? ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਡੇ ਅਉਗਣ) ਬਖ਼ਸ਼ ਲੈਂਦਾ ਹੈ, ਉਹ ਹਰੀ ਆਪ ਹੀ (ਵਿਕਾਰਾਂ ਦੇ ਪੰਜੇ ਤੋਂ) ਛਡਾ ਲੈਂਦਾ ਹੈ (ਉਸੇ ਦੀ ਸਹਾਇਤਾ ਨਾਲ ਵਿਕਾਰਾਂ ਤੋਂ) ਬਚ ਸਕੀਦਾ ਹੈ।1।

ਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਦਾ ਸਿਮਰਨ ਕਰ, ਜਿਸ ਦੀ ਸਰਨ ਪਿਆਂ ਆਪਣੇ ਘਰ ਵਿਚ ਵੱਸ ਸਕੀਦਾ ਹੈ (ਮਾਇਆ ਦੀ ਭਟਕਣ ਤੋਂ ਬਚ ਕੇ ਅੰਤਰ ਆਤਮੇ ਟਿਕ ਸਕੀਦਾ ਹੈ) । (ਹੇ ਮਨ!) ਗੁਰੂ ਦੀ ਸਰਨ ਪੈ ਕੇ ਆਪਣਾ (ਅਸਲ) ਘਰ ਜਾ ਕੇ ਲੱਭ ਲੈ (ਪ੍ਰਭੂ ਦੇ ਚਰਨਾਂ ਵਿਚ ਟਿਕ) । (ਜਿਵੇਂ) ਚੰਦਨ (ਸਿਲ ਨਾਲ) ਘਸ ਕੇ (ਸੁਗੰਧੀ ਦੇਂਦਾ ਹੈ, ਤਿਵੇਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ (ਆਪਣੇ ਮਨ ਨਾਲ) ਘਸਾਣਾ ਚਾਹੀਦਾ ਹੈ (ਆਤਮਕ ਜੀਵਨ ਵਿਚ ਸੁਗੰਧੀ ਪੈਦਾ ਹੋਵੇਗੀ) ।2।

ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸਭ ਤੋਂ ਸ੍ਰੇਸ਼ਟ ਪਦਾਰਥ ਹੈ। (ਹੇ ਭਾਈ!) ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਆਤਮਕ ਆਨੰਦ ਮਾਣ ਸਕੀਦਾ ਹੈ। ਜਦੋਂ ਪਰਮਾਤਮਾ ਆਪ ਮਿਹਰ ਕਰ ਕੇ ਆਪਣੇ ਨਾਮ ਦੀ ਦਾਤਿ ਦੇਂਦਾ ਹੈ, ਤਦੋਂ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ-ਰਸ ਚੱਖ ਸਕੀਦਾ ਹੈ।3।

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਮਨੁੱਖ ਹੋਰ ਪਾਸੇ ਰੁੱਝਦੇ ਹਨ, ਉਹ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਨ, ਜਮ ਨੇ ਉਹਨਾਂ ਨੂੰ ਘੁੱਟ ਲਿਆ ਹੁੰਦਾ ਹੈ (ਆਤਮਕ ਮੌਤ ਉਹਨਾਂ ਨੂੰ ਥੋੜ੍ਹ-ਵਿਤਾ ਬਣਾ ਦੇਂਦੀ ਹੈ) । ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਉਹ ਮਾਇਆ ਦੇ ਮੋਹ ਵਿਚ ਜਕੜੇ ਗਏ, ਉਹ ਰੱਬ ਦੇ ਚੋਰ ਬਣ ਗਏ। ਹੇ ਮੇਰੇ ਮਨ! ਉਹਨਾਂ ਦੇ ਨੇੜੇ ਨਹੀਂ ਢੁਕਣਾ ਚਾਹੀਦਾ।4।

ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ਜੋ ਅਦ੍ਰਿਸ਼ਟ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਸ ਦੀ ਸੇਵਾ-ਭਗਤੀ ਕੀਤਿਆਂ (ਕੀਤੇ ਕਰਮਾਂ ਦਾ) ਲੇਖਾ ਮੁੱਕ ਜਾਂਦਾ ਹੈ (ਮਾਇਆ ਵਲ ਪ੍ਰੇਰਨ ਵਾਲੇ ਸੰਸਕਾਰ ਮਨੁੱਖ ਦੇ ਅੰਦਰੋਂ ਮੁੱਕ ਜਾਂਦੇ ਹਨ) ।

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਹਰੀ ਪ੍ਰਭੂ ਨੇ ਮੁਕੰਮਲ ਸੁੱਧ ਜੀਵਨ ਵਾਲਾ ਬਣਾ ਦਿੱਤਾ ਹੈ, ਉਹਨਾਂ ਦੇ ਆਤਮਕ ਜੀਵਨ ਵਿਚ ਇਕ ਤੋਲਾ ਭਰ ਇਕ ਮਾਸਾ ਭਰ ਰਤਾ ਭੀ ਕਮਜ਼ੋਰੀ ਨਹੀਂ ਆਉਂਦੀ।5। 5।19। 57।

ਗਉੜੀ ਪੂਰਬੀ ਮਹਲਾ ੪ ॥ ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ ॥ ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ ॥੧॥ ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥ ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥ ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ ॥ ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ॥੨॥ ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ ॥ ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ॥੩॥ ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥ ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥ {ਪੰਨਾ 170}

ਪਦ ਅਰਥ: ਤੁਮਰੈ ਵਸਗਤਿ = ਤੇਰੇ ਵੱਸ ਵਿਚ। ਪ੍ਰਭ = ਹੇ ਪ੍ਰਭੂ! ਜੀਉ = ਜੀਵਾਤਮਾ, ਜਿੰਦ। ਪਿੰਡੁ = ਸਰੀਰ। ਤੇਰੀ = ਤੇਰਾ (ਤੁਕਾਂਤ ਠੀਕ ਰੱਖਣ ਵਾਸਤੇ 'ਤੇਰਾ' ਦੇ ਥਾਂ 'ਤੇਰੀ') । ਲੋਚ = ਤਾਂਘ। ਘਣੇਰੀ = ਬਹੁਤ।1।

ਕੇਰੀ = ਦੀ। ਮਨਿ = ਮਨ ਵਿਚ। ਤਨਿ = ਤਨ ਵਿਚ। ਕ੍ਰਿਪਾਲਿ = ਕ੍ਰਿਪਾਲ ਨੇ। ਕਿੰਚਤੁ = ਥੋੜੀ ਕੁ। ਗੁਰਿ = ਗੁਰੂ ਨੇ।

ਮਨ ਚਿਤਿ = ਮਨ ਵਿਚ ਚਿਤ ਵਿਚ। ਬਿਧਿ = ਹਾਲਤ। ਅਨਦਿਨੁ = ਹਰ ਰੋਜ਼। ਜਪੀ = ਜਪੀਂ, ਮੈਂ ਜਪਾਂ। ਪਾਈ = ਪਾਈਂ, ਮੈਂ ਪਾਵਾਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ।2।

ਦਾਤੈ = ਦਾਤੇ ਨੇ। ਪੰਧੁ = ਰਸਤਾ। ਕੇਰੀ = ਦੀ।3।

ਜਗੰਨਾਥ = ਹੇ ਜਗਤ ਦੇ ਨਾਥ! ਜਗਦੀਸੁਰ = ਹੇ ਜਗਤ ਦੇ ਈਸ਼ਵਰ! ਪੈਜ = ਲਾਜ, ਇੱਜ਼ਤ।4।

ਅਰਥ: ਹੇ ਮੇਰੇ ਰਾਮ! ਹੇ ਮੇਰੇ ਹਰੀ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ (ਬੜੀ) ਤਾਂਘ ਹੈ। (ਹੇ ਭਾਈ!) ਕਿਰਪਾਲ ਗੁਰੂ ਨੇ ਜਦੋਂ ਥੋੜੀ ਜਿਹੀ ਕਿਰਪਾ ਕੀਤੀ, ਤਦੋਂ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ।1। ਰਹਾਉ।

ਹੇ ਪ੍ਰਭੂ! ਮੇਰੇ ਪ੍ਰਾਣ ਤੇਰੇ ਵੱਸ ਵਿਚ ਹੀ ਹਨ। ਮੇਰੀ ਜਿੰਦ ਤੇ ਮੇਰਾ ਸਰੀਰ ਇਹ ਸਭ ਤੇਰੇ ਹੀ ਦਿੱਤੇ ਹੋਏ ਹਨ। ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਦਰਸਨ ਦੇਹ, (ਤੇਰੇ ਦਰਸਨ ਦੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਬੜੀ ਤਾਂਘ ਹੈ।1।

ਹੇ ਹਰੀ! ਹੇ ਮੇਰੇ ਸੁਆਮੀ! ਅਸਾਂ ਜੀਵਾਂ ਦੇ ਮਨ ਵਿਚ ਚਿਤ ਵਿਚ ਜੋ ਕੁਝ ਵਰਤਦੀ ਹੈ, ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ। ਹੇ ਹਰੀ! ਮੈਨੂੰ (ਸਦਾ) ਤੇਰੀ (ਮਿਹਰ ਦੀ) ਆਸ ਰਹਿੰਦੀ ਹੈ (ਕਿ ਤੂੰ ਕਿਰਪਾ ਕਰੇਂ ਤਾਂ) ਮੈਂ ਹਰ ਰੋਜ਼ ਤੇਰਾ ਨਾਮ ਜਪਦਾ ਰਹਾਂ, ਆਤਮਕ ਆਨੰਦ ਮਾਣਦਾ ਰਹਾਂ, ਤੇ ਸਦਾ ਆਤਮਕ ਜੀਵਨ ਜੀਊਂਦਾ ਰਹਾਂ।2।

(ਨਾਮ ਦੀ) ਦਾਤਿ ਦੇਣ ਵਾਲੇ ਗੁਰੂ ਨੇ ਸਤਿਗੁਰੂ ਨੇ ਮੈਨੂੰ (ਪਰਮਾਤਮਾ ਨਾਲ ਮਿਲਣ ਦਾ) ਰਾਹ ਦੱਸਿਆ, ਤੇ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ। ਵੱਡੇ ਭਾਗਾਂ ਨਾਲ (ਮੇਰੇ ਹਿਰਦੇ ਵਿਚ) ਹਰ ਰੋਜ਼ (ਹਰ ਵੇਲੇ) ਆਤਮਕ ਆਨੰਦ ਬਣਿਆ ਰਹਿੰਦਾ ਹੈ, ਮੈਂ ਦਾਸ ਦੀ ਆਸ ਪੂਰੀ ਹੋ ਗਈ ਹੈ।3।

ਹੇ ਜਗਤ ਦੇ ਨਾਥ! ਹੇ ਜਗਤ ਦੇ ਈਸ਼ਵਰ! ਹੇ ਕਰਤਾਰ! ਇਹ ਸਾਰੀ (ਜਗਤ-ਖੇਡ) ਤੇਰੇ ਵੱਸ ਵਿਚ ਹੈ। ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ–) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਦਾਸ ਦੀ ਲਾਜ ਰੱਖ।4।6। 20। 58।

TOP OF PAGE

Sri Guru Granth Darpan, by Professor Sahib Singh