ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 171 ਗਉੜੀ ਪੂਰਬੀ ਮਹਲਾ ੪ ॥ ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥ ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੁ ਦੀਆ ਮਨੁ ਠਾਢੇ ॥੧॥ ਰਾਮ ਹਮ ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥ ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥ ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥੨॥ ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ॥ ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥੩॥ ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੇ ॥ ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥ {ਪੰਨਾ 171} ਪਦ ਅਰਥ: ਮਨੂਆ = ਅੰਞਾਣ ਮਨ। ਖਿਨੁ = ਰਤਾ ਭਰ ਭੀ। ਬਹੁ ਰੰਗੀ = ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) । ਦਹ = ਦਸ। ਦਿਸਿ = ਪਾਸੇ ਵਲ। ਚਲਿ = ਚੱਲ ਕੇ, ਦੌੜ ਕੇ। ਹਾਢੇ = ਭਟਕਦਾ ਹੈ। ਠਾਢੇ = ਖਲੋ ਗਿਆ ਹੈ।1। ਲਾਲੇ = ਗੁਲਾਮ। ਕਾਂਢੇ = ਅਖਵਾਂਦੇ ਹਾਂ।1। ਰਹਾਉ। ਮਸਤਕਿ = ਮੱਥੇ ਉਤੇ। ਦਾਗੁ = ਨਿਸ਼ਾਨ। ਦਗਾਨਾ = ਦਾਗਿਆ ਗਿਆ ਹੈ। ਸਾਢੇ = ਸਾਂਢੇ, ਇਕੱਠਾ ਕਰ ਲਿਆ ਹੈ। ਪੁੰਨੁ = ਭਲਾਈ, ਨੇਕੀ। ਭਉ = ਭਵ-ਸਾਗਰ। ਦੁਤਰੁ = (duÔqr) ਜਿਸ ਤੋਂ ਤਰਨਾ ਔਖਾ ਹੈ। ਪਰਾਢੇ = ਪਾਰ ਕਰ ਦਿੱਤਾ ਹੈ।2। ਰਿਦੈ = ਹਿਰਦੇ ਵਿਚ। ਕੂਰੇ = ਝੂਠੇ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਗਰਭਿ = ਗਰਭ ਵਿਚ, ਜੂਨਾਂ ਦੇ ਗੇੜ ਵਿਚ। ਗਲਾਢੇ = ਗਲਦੇ ਹਨ।3। ਨ ਜਾਨਹ = ਅਸੀਂ ਨਹੀਂ ਜਾਣਦੇ। ਆਗੈ = ਆਉਣ ਵਾਲੇ ਸਮੇ ਵਿਚ। ਠਾਢੇ = ਖੜੇ ਹਾਂ। ਕੁਤਰੇ = ਕੁੱਤੇ, ਕੂਕਰ। ਕਾਢੇ = ਅਖਵਾਂਦੇ ਹਾਂ।4। ਅਰਥ: ਹੇ ਰਾਮ! ਮੈਂ ਗੁਰੂ ਦਾ ਗ਼ੁਲਾਮ ਅਖਵਾਂਦਾ ਹਾਂ।1। ਰਹਾਉ। (ਮੇਰਾ) ਇਹ ਅੰਞਾਣ ਮਨ ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) ਰਤਾ ਭਰ ਭੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ। (ਪਰ ਹੁਣ) ਵੱਡੇ ਭਾਗਾਂ ਨਾਲ (ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਉਸ ਨੇ ਪ੍ਰਭੂ (-ਨਾਮ ਸਿਮਰਨ ਦਾ) ਉਪਦੇਸ਼ ਦਿੱਤਾ ਹੈ (ਜਿਸ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਗਿਆ ਹੈ।1। (ਪੂਰੇ ਗੁਰੂ ਨੇ ਮੇਰੇ ਉਤੇ) ਬਹੁਤ ਪਰਉਪਕਾਰ ਕੀਤਾ ਹੈ ਭਲਾਈ ਕੀਤੀ ਹੈ, ਮੈਨੂੰ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਸੀ। (ਗੁਰੂ ਦੇ ਉਪਕਾਰ ਦਾ ਇਹ) ਬਹੁਤ ਕਰਜ਼ਾ (ਮੇਰੇ ਸਿਰ ਉਤੇ) ਇਕੱਠਾ ਹੋ ਗਿਆ ਹੈ (ਇਹ ਕਰਜ਼ਾ ਉਤਰ ਨਹੀਂ ਸਕਦਾ, ਉਸ ਦੇ ਇਵਜ਼ ਮੈਂ ਗੁਰੂ ਦਾ ਗ਼ੁਲਾਮ ਬਣ ਗਿਆ ਹਾਂ, ਤੇ) ਮੇਰੇ ਮੱਥੇ ਉਤੇ (ਗ਼ੁਲਾਮੀ ਦਾ) ਨਿਸ਼ਾਨ ਦਾਗਿਆ ਗਿਆ ਹੈ।2। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ ਹੁੰਦਾ (ਜੇ ਉਹ ਬਾਹਰ ਲੋਕਾਚਾਰੀ ਪਿਆਰ ਦਾ ਕੋਈ ਵਿਖਾਵਾ ਕਰਦੇ ਹਨ, ਤਾਂ) ਉਹ ਝੂਠੇ ਗੰਢ-ਤੁਪ ਹੀ ਕਰਦੇ ਹਨ। ਜਿਵੇਂ ਪਾਣੀ ਵਿਚ (ਪਿਆ) ਕਾਗਜ਼ ਗਲ ਜਾਂਦਾ ਹੈ ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ-ਪ੍ਰੀਤਿ ਤੋਂ ਸੱਖਣੇ ਹੋਣ ਕਰਕੇ) ਜੂਨਾਂ ਦੇ ਗੇੜ ਵਿਚ (ਆਪਣੇ ਆਤਮਕ ਜੀਵਨ ਵਲੋਂ) ਗਲ ਜਾਂਦੇ ਹਨ।3। (ਪਰ ਸਾਡੀ ਜੀਵਾਂ ਦੀ ਕੋਈ ਚਤੁਰਾਈ ਸਿਆਣਪ ਕੰਮ ਨਹੀਂ ਕਰ ਸਕਦੀ) ਨਾਹ (ਹੁਣ ਤਕ) ਅਸੀਂ ਜੀਵ ਕੋਈ ਚਤੁਰਾਈ-ਸਿਆਣਪ ਕਰ ਸਕੇ ਹਾਂ, ਨਾਹ ਹੀ ਅਗਾਂਹ ਨੂੰ ਹੀ ਕਰ ਸਕਾਂਗੇ। ਜਿਵੇਂ ਪਰਮਾਤਮਾ ਸਾਨੂੰ ਰੱਖਦਾ ਹੈ ਉਸੇ ਹਾਲਤ ਵਿਚ ਅਸੀਂ ਟਿਕਦੇ ਹਾਂ। ਹੇ ਦਾਸ ਨਾਨਕ! (ਉਸ ਦੇ ਦਰ ਤੇ ਅਰਦਾਸ ਹੀ ਫਬਦੀ ਹੈ। ਅਰਦਾਸ ਕਰੋ ਤੇ ਆਖੋ =) ਹੇ ਗੁਰੂ! ਸਾਡੀਆਂ ਭੁੱਲਾਂ ਚੁੱਕਾਂ (ਅਣਡਿੱਠ ਕਰ ਕੇ ਸਾਡੇ ਉਤੇ) ਮਿਹਰ ਕਰੋ, ਅਸੀਂ (ਤੁਹਾਡੇ ਦਰ ਦੇ) ਕੂਕਰ ਅਖਵਾਂਦੇ ਹਾਂ।4।7। 21। 59। ਗਉੜੀ ਪੂਰਬੀ ਮਹਲਾ ੪ ॥ ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥ ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥ ਸਾਕਤ ਹਰਿ ਰਸ ਸਾਦੁ ਨ ਜਾਨਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥ ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥ ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥ ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੮॥੨੨॥੬੦॥ {ਪੰਨਾ 171} ਪਦ ਅਰਥ: ਕਾਮਿ = ਕਾਮ ਨਾਲ। ਕਰੋਧਿ = ਕ੍ਰੋਧ ਨਾਲ। ਨਗਰੁ = ਸਰੀਰ-ਨਗਰ। ਸਾਧੂ = ਗੁਰੂ। ਖੰਡਲ = ਟੋਟੇ, ਅੰਸ਼ (K&fl = a piece) । ਖੰਡਾ = ਨਾਸ ਕਰ ਦਿੱਤਾ। ਪੂਰਬਿ = ਪੂਰਬਲੇ ਜਨਮ ਵਿਚ। ਮਨਿ = ਮਨ ਵਿਚ। ਮੰਡਲ = ਰੌਸ਼ਨੀ ਦੇ ਚੱਕਰ (ਜਿਵੇਂ ਸੂਰਜ ਤੇ ਚੰਦ ਦੇ ਦੁਆਲੇ ਦਾ ਚੱਕਰ) । ਮੰਡਾ = ਸਜਾਇਆ।1। ਅੰਜੁਲੀ = {Azjil: ਬੁੱਕ। Azjil ø = ਦੋਵੇਂ ਹੱਥ ਜੋੜ ਕੇ ਨਮਸਕਾਰ ਕਰਨ ਲਈ ਸਿਰ ਤਕ ਅਪੜਾਣੇ} ਹੱਥ ਜੋੜ ਕੇ ਅਰਦਾਸ। ਪੁੰਨੁ = ਭਲਾਈ, ਭਲਾ ਕੰਮ। ਡੰਡਉਤ = (d&fvq`) ਡੰਡੇ ਵਾਂਗ ਸਿੱਧੇ ਲੇਟ ਕੇ ਪਰਨਾਣ।1। ਰਹਾਉ। ਸਾਕਤ = ਰੱਬ ਨਾਲੋਂ ਟੁੱਟੇ ਹੋਏ, ਮਾਇਆ-ਵੇੜ੍ਹੇ ਜੀਵ। ਚਲਹਿ = ਚਲਦੇ ਹਨ। ਜਮਕਾਲੁ = ਮੌਤ, ਆਤਮਕ ਮੌਤ। ਸਿਰਿ = ਸਿਰ ਉਤੇ।2। ਨਾਮਿ = ਨਾਮ ਵਿਚ। ਭਵ = ਸੰਸਾਰ, ਸੰਸਾਰ-ਸਮੁੰਦਰ। ਸੋਭ = ਸੋਭਾ। ਖੰਡ = ਹਿੱਸਾ।3। ਮਸਕੀਨ = ਆਜਿਜ਼। ਆਧਾਰੁ = ਆਸਰਾ। ਮੰਡਾ = ਮਿਲਦਾ।4। ਅਰਥ: (ਹੇ ਭਾਈ!) ਗੁਰੂ ਅੱਗੇ ਹੱਥ ਜੋੜ ਕੇ ਨਮਸਕਾਰ ਕਰ, ਇਹ ਵੱਡਾ ਨੇਕ ਕੰਮ ਹੈ। ਗੁਰੂ ਅੱਗੇ ਡੰਡਉਤ ਕਰ, ਇਹ ਬੜਾ ਭਲਾ ਕੰਮ ਹੈ।1। (ਹੇ ਭਾਈ!) ਇਹ ਸਰੀਰ-ਨਗਰ ਕਾਮ ਕ੍ਰੋਧ ਨਾਲ ਬਹੁਤ ਭਰਿਆ ਰਹਿੰਦਾ ਹੈ (ਗੰਦਾ ਹੋਇਆ ਰਹਿੰਦਾ ਹੈ) , ਗੁਰੂ ਨੂੰ ਮਿਲ ਕੇ (ਕਾਮ ਕ੍ਰੋਧ ਆਦਿਕ ਦੇ) ਸਾਰੇ ਅੰਸ਼ ਨਾਸ ਕਰ ਲਏ ਜਾਂਦੇ ਹਨ। ਪੂਰਬਲੇ ਜਨਮ ਵਿਚ (ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜਿਸ ਮਨੁੱਖ ਦੇ ਮੱਥੇ ਉਤੇ) ਲੇਖ ਲਿਖੇ ਜਾਂਦੇ ਹਨ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਤੇ ਉਸ ਦੇ ਮਨ ਵਿਚ ਹਰਿ-ਚਰਨਾਂ ਵਿਚ ਸੁਰਤਿ ਜੁੜਨ ਦੀ ਬਰਕਤਿ ਨਾਲ ਆਤਮਕ ਰੌਸ਼ਨੀ ਦੀ ਸਜਾਵਟ ਹੋ ਜਾਂਦੀ ਹੈ।1। ਮਾਇਆ-ਵੇੜ੍ਹੇ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਦਾ ਸੁਆਦ ਨਹੀਂ ਜਾਣਦੇ, ਉਹਨਾਂ ਦੇ ਅੰਦਰ ਹਉਮੈ ਦਾ ਕੰਡਾ (ਟਿਕਿਆ ਰਹਿੰਦਾ) ਹੈ। ਉਹ ਮਨੁੱਖ ਜਿਉਂ ਜਿਉਂ (ਜੀਵਨ-ਮਾਰਗ ਵਿਚ) ਚਲਦੇ ਹਨ ਤਿਉਂ ਤਿਉਂ (ਉਹ ਹਉਮੈ ਦਾ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁਖ ਪਾਂਦੇ ਹਨ, ਉਹ ਆਪਣੇ ਸਿਰ ਉਤੇ ਆਤਮਕ ਮੌਤ-ਰੂਪ ਡੰਡਾ (ਡੰਡੇ ਦੀ ਚੋਟ) ਸਹਾਰਦੇ ਰਹਿੰਦੇ ਹਨ।2। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਦੁਖ ਸੰਸਾਰ-ਸਮੁੰਦਰ (ਦੇ ਵਿਕਾਰਾਂ) ਦਾ ਦੁਖ ਨਾਸ ਹੋ ਜਾਂਦਾ ਹੈ। ਉਹਨਾਂ ਨੂੰ ਨਾਸ-ਰਹਿਤ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ, ਤੇ ਬ੍ਰਹਮੰਡ ਦੇ ਸਾਰੇ ਖੰਡਾਂ ਵਿਚ ਉਹਨਾਂ ਦੀ ਬਹੁਤ ਸੋਭਾ ਹੁੰਦੀ ਹੈ।3। ਹੇ ਪ੍ਰਭੂ! ਹੇ ਹਰੀ! ਅਸੀਂ ਜੀਵ ਗ਼ਰੀਬ ਹਾਂ, ਆਜਿਜ਼ ਹਾਂ, ਤੇਰੇ ਹਾਂ, ਤੂੰ ਸਾਡਾ ਸਭ ਤੋਂ ਵੱਡਾ ਆਸਰਾ ਹੈਂ, ਸਾਡੀ ਰੱਖਿਆ ਕਰ। ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਨੂੰ (ਜ਼ਿੰਦਗੀ ਦਾ) ਆਸਰਾ ਸਹਾਰਾ ਬਣਾਇਆ ਹੈ, ਉਹ ਪਰਮਾਤਮਾ ਦੇ ਨਾਮ ਵਿਚ ਹੀ ਸਦਾ ਆਤਮਕ ਆਨੰਦ ਮਾਣਦਾ ਹੈ।4।8। 22। 60। ਗਉੜੀ ਪੂਰਬੀ ਮਹਲਾ ੪ ॥ ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥ ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰ ਸਬਦੀ ਚਖਿ ਡੀਠਾ ॥੧॥ ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥੧॥ ਰਹਾਉ ॥ ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ ਮਿਲਿ ਸਤਿਗੁਰ ਲਾਗਿ ਬਸੀਠਾ ॥ ਜਿਨ ਗੁਰ ਬਚਨ ਸੁਖਾਨੇ ਹੀਅਰੈ ਤਿਨ ਆਗੈ ਆਣਿ ਪਰੀਠਾ ॥੨॥ ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥ ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥੩॥ ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ ॥ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥੪॥੯॥੨੩॥੬੧॥ {ਪੰਨਾ 171} ਪਦ ਅਰਥ: ਗੜ = (ਸਰੀਰ-) ਕਿਲ੍ਹਾ। ਰਾਇ = ਰਾਜਾ, ਪ੍ਰਕਾਸ਼-ਰੂਪ। ਸਾਦੁ = ਸੁਆਦ, ਆਨੰਦ। ਧੀਠਾ = ਢੀਠ (ਮੁੜ ਮੁੜ ਵਿਕਾਰਾਂ ਵਲ ਪਰਤਣ ਦੀ ਜ਼ਿਦ ਕਰਨ ਵਾਲਾ) । ਦਇਆਲਿ = ਦਇਆਲ ਨੇ। ਅਨੁਗ੍ਰਹੁ = ਕਿਰਪਾ।1। ਲਿਵ = ਲਗਨ।1। ਰਹਾਉ। ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾ ਹੋ ਸਕੇ। ਮਿਲਿ = ਮਿਲ ਕੇ। ਲਾਗਿ = ਲੱਗ ਕੇ। ਬਸੀਠਾ = ਵਕੀਲ, ਵਿਚੋਲਾ। ਸੁਖਾਨੇ = ਪਿਆਰੇ ਲੱਗੇ। ਹੀਅਰੈ = ਹਿਰਦੇ ਵਿਚ। ਆਣਿ = ਲਿਆ ਕੇ। ਪਰੀਠਾ = ਪਰੋਸ ਧਰਿਆ।2। ਹੀਅਰਾ = ਹਿਰਦਾ। ਕਠੋਰ = ਕਰੜਾ, ਨਿਰਦਈ। ਕਾਰ ਕਰੀਠਾ = ਕਾਲਖ ਹੀ ਕਾਲਖ। ਬਿਸੀਅਰ = ਸੱਪ। ਕਉ = ਨੂੰ। ਫੋਲਿ = ਫੋਲ ਕੇ।3। ਪ੍ਰਭ = ਹੇ ਪ੍ਰਭੂ! ਆਨਿ = ਲਿਆ ਕੇ। ਘਸਿ = ਘਸਾ ਕੇ। ਗਰੁੜੁ = ਸੱਪ ਦਾ ਜ਼ਹਿਰ ਦੂਰ ਕਰਨ ਵਾਲੀ ਦਵਾਈ। ਮੁਖਿ = ਮੂੰਹ ਵਿਚ। ਲੀਠਾ = ਚੂਸ ਲਈ। ਲਾਲੇ ਗੋਲੇ = ਗ਼ੁਲਾਮ ਸੇਵਕ। ਕਰੂਆ = ਕੌੜਾ।4। ਅਰਥ: (ਹੇ ਭਾਈ!) ਗੁਰੂ (ਦੇ ਚਰਨਾਂ ਵਿਚ) ਲਿਵ (ਲਾ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੋ। (ਦੁਨੀਆ ਦੇ ਸਭ ਰਸਾਂ ਨਾਲੋਂ ਇਹ ਰਸ) ਮਿੱਠਾ ਹੈ।1। ਰਹਾਉ। ਇਸ (ਸਰੀਰ-) ਕਿਲ੍ਹੇ ਵਿਚ (ਜਗਤ ਦਾ) ਰਾਜਾ ਹਰੀ-ਪਰਮਾਤਮਾ ਵੱਸਦਾ ਹੈ, (ਪਰ ਵਿਕਾਰਾਂ ਦੇ ਸੁਆਦਾਂ ਵਿਚ) ਢੀਠ ਹੋਏ ਮਨੁੱਖ ਨੂੰ (ਅੰਦਰ-ਵੱਸਦੇ ਪਰਮਾਤਮਾ ਦੇ ਮਿਲਾਪ ਦਾ ਕੋਈ) ਆਨੰਦ ਨਹੀਂ ਆਉਂਦਾ। ਜਿਸ ਮਨੁੱਖ ਉਤੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਕਿਰਪਾ ਕੀਤੀ, ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ-ਰਸ) ਚੱਖ ਕੇ ਵੇਖ ਲਿਆ ਹੈ (ਕਿ ਇਹ ਸਚ ਮੁਚ ਹੀ ਮਿੱਠਾ ਹੈ) ।1। ਜੇਹੜਾ ਹਰੀ-ਪਾਰਬ੍ਰਹਮ ਅਪਹੁੰਚ ਹੈ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਹਰੀ-ਪ੍ਰਭੂ ਗੁਰੂ ਨੂੰ ਮਿਲ ਕੇ ਗੁਰੂ-ਵਕੀਲ ਦੀ ਚਰਨੀਂ ਲੱਗ ਕੇ (ਹੀ ਮਿਲਦਾ ਹੈ) । ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਬਚਨ ਹਿਰਦੇ ਵਿਚ ਪਿਆਰੇ ਲੱਗਦੇ ਹਨ, ਗੁਰੂ ਉਹਨਾਂ ਦੇ ਅੱਗੇ (ਪਰਮਾਤਮਾ ਦਾ ਨਾਮ-ਅੰਮ੍ਰਿਤ) ਲਿਆ ਕੇ ਪਰੋਸ ਦੇਂਦਾ ਹੈ।2। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਹਿਰਦਾ ਬੜਾ ਕਰੜਾ ਹੁੰਦਾ ਹੈ, ਉਹਨਾਂ ਦੇ ਅੰਦਰ (ਵਿਕਾਰਾਂ ਦੀ) ਕਾਲਖ ਹੀ ਕਾਲਖ ਹੁੰਦੀ ਹੈ। ਸੱਪ ਨੂੰ ਕਿਤਨਾ ਹੀ ਦੁੱਧ ਪਿਲਾਈ ਜਾਈਏ ਪਰ ਉਸ ਦਾ ਅੰਦਰ ਫੋਲਿਆਂ ਜ਼ਹਰ ਹੀ ਨਿਕਲਦਾ ਹੈ (ਇਹੀ ਹਾਲਤ ਮਨਮੁਖ ਦੀ ਹੁੰਦੀ ਹੈ) ।3। ਹੇ ਹਰੀ! ਹੇ ਪ੍ਰਭੂ! (ਮਿਹਰ ਕਰ) ਮੈਨੂੰ ਸਾਧੂ ਗੁਰੂ ਲਿਆ ਕੇ ਮਿਲਾ, ਮੈਂ ਗੁਰੂ ਦਾ ਸ਼ਬਦ ਆਪਣੇ ਮੂੰਹ ਵਿਚ ਵਸਾਵਾਂ ਤੇ ਮੇਰੇ ਅੰਦਰੋਂ ਵਿਕਾਰਾਂ ਦੀ ਜ਼ਹਰ ਦੂਰ ਹੋਵੇ ਜਿਵੇਂ ਸੱਪ ਦਾ ਜ਼ਹਰ ਦੂਰ ਕਰਨ ਵਾਲੀ ਬੂਟੀ ਘਸਾ ਕੇ ਮੂੰਹ ਵਿਚ ਚੂਸਿਆਂ ਸੱਪ ਦਾ ਜ਼ਹਰ ਉਤਰਦਾ ਹੈ। ਹੇ ਦਾਸ ਨਾਨਕ! (ਆਖ– ਅਸੀ) ਗੁਰੂ ਦੇ ਗ਼ੁਲਾਮ ਹਾਂ ਸੇਵਕ ਹਾਂ, ਗੁਰੂ ਦੀ ਸੰਗਤਿ ਵਿਚ ਬੈਠਿਆਂ ਕੌੜਾ (ਸੁਭਾਉ) ਮਿੱਠਾ ਹੋ ਜਾਂਦਾ ਹੈ।4।9। 23। 61। ਗਉੜੀ ਪੂਰਬੀ ਮਹਲਾ ੪ ॥ ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥ ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ ॥੧॥ ਰਾਮ ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥ ਘਟਿ ਘਟਿ ਰਮਈਆ ਰਮਤ ਰਾਮ ਰਾਇ ਗੁਰ ਸਬਦਿ ਗੁਰੂ ਲਿਵ ਲਾਗੇ ॥ ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥੨॥ ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ ॥ ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥੩॥ ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ ॥ ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ ॥੪॥ ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ ॥ ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥੫॥੧੦॥੨੪॥੬੨॥ ਪਦ ਅਰਥ: ਹਰਿ ਅਰਥਿ = ਹਰੀ (ਦੇ ਮਿਲਾਪ) ਦੀ ਖ਼ਾਤਰ। ਹਮ = ਮੈਂ। ਦਾਤੈ = ਦਾਤੇ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਸਭਾਗ = ਭਾਗਾਂ ਵਾਲੇ।1। ਲਿਵ = ਲਗਨ। ਲਾਗੇ = ਲੱਗਦੀ ਹੈ।1। ਰਹਾਉ। ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ। ਰਮਤ = ਵਿਆਪਕ। ਸਬਦਿ = ਸ਼ਬਦ ਦੀ ਰਾਹੀਂ। ਹਉ = ਮੈਂ। ਦੇਵਉ = ਦੇਵਉਂ, ਮੈਂ ਦੇਂਦਾ ਹਾਂ, ਮੈਂ ਦੇਣ ਨੂੰ ਤਿਆਰ ਹਾਂ। ਕਉ = ਨੂੰ। ਕਾਟਿ = ਕੱਟ ਕੇ।2। ਅੰਧਿਆਰੈ = (ਮਾਇਆ ਦੇ ਮੋਹ ਦੇ) ਹਨੇਰੇ ਵਿਚ। ਦੀਪਕ = (ਗਿਆਨ ਦਾ) ਦੀਵਾ। ਆਨਿ = ਲਿਆ ਕੇ। ਗਿਆਨਿ = ਗਿਆਨ ਦੀ ਰਾਹੀਂ, ਪ੍ਰਭੂ ਨਾਲ ਡੂੰਘੀ ਸਾਂਝ ਦੀ ਰਾਹੀਂ। ਘਰਿ = ਹਿਰਦੇ-ਘਰ ਵਿਚ। ਲਹੀ = ਲੱਭ ਲਈ।3। ਸਾਕਤ = ਰੱਬ ਨਾਲੋਂ ਟੁੱਟੇ ਹੋਏ। ਬਧਿਕ = ਸ਼ਿਕਾਰੀ, ਹੈਂਸਿਆਰੇ, ਨਿਰਦਈ। ਜਮ = ਮੌਤ, ਆਤਮਕ ਮੌਤ। ਜੋਹਨਿ ਲਾਗੇ = ਤੱਕ ਵਿਚ ਰੱਖਦੀ ਹੈ। ਉਨ = ਉਹਨਾਂ (ਸਾਕਤਾਂ) ਨੇ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ।4। ਹਮਰਾ ਬਿਨਉ = ਮੇਰੀ ਬੇਨਤੀ। ਪ੍ਰਭ = ਹੇ ਪ੍ਰਭੂ! ਮਾਗੇ = ਮੰਗਦਾ ਹਾਂ। ਲਜ = ਲਾਜ। ਪਾਤਿ = ਪਤਿ, ਇੱਜ਼ਤ। ਅਰਥ: (ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਰਾਮ ਹਰੀ (ਦੇ ਚਰਨਾਂ) ਵਿਚ ਲਗਨ ਲੱਗਦੀ ਹੈ।1। ਰਹਾਉ। (ਹੇ ਭਾਈ!) ਹਰੀ ਦੇ ਮਿਲਾਪ ਦੀ ਖ਼ਾਤਰ ਮੈਂ ਆਪਣਾ ਸਰੀਰ ਪੂਰੇ ਗੁਰੂ ਅੱਗੇ ਵੇਚ ਦਿੱਤਾ ਹੈ, ਦਾਤੇ ਸਤਿਗੁਰੂ ਨੇ (ਮੇਰੇ ਹਿਰਦੇ ਵਿਚ) ਹਰੀ ਦਾ ਨਾਮ ਪੱਕਾ ਕਰ ਦਿੱਤਾ ਹੈ, ਮੇਰੇ ਮੂੰਹ ਉਤੇ ਮੇਰੇ ਮੱਥੇ ਉਤੇ ਭਾਗ ਜਾਗ ਪਏ ਹਨ, ਮੈਂ ਭਾਗਾਂ ਵਾਲਾ ਹੋ ਗਿਆ ਹਾਂ।1। (ਭਾਵੇਂ ਉਹ) ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਉਸ ਨਾਲ) ਲਗਨ ਲੱਗਦੀ ਹੈ। ਮੈਂ ਗੁਰੂ ਨੂੰ ਆਪਣਾ ਮਨ ਆਪਣਾ ਤਨ ਦੇਣ ਨੂੰ ਤਿਆਰ ਹਾਂ (ਆਪਣਾ ਸਿਰ) ਕੱਟ ਕੇ ਦੇਣ ਨੂੰ ਤਿਆਰ ਹਾਂ। ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ ਮੇਰਾ ਡਰ ਦੂਰ ਹੋ ਸਕਦਾ ਹੈ।2। (ਮਾਇਆ ਦੇ ਮੋਹ ਦੇ) ਹਨੇਰੇ ਵਿਚ (ਫਸੇ ਹੋਏ ਜੀਵ ਦੇ ਅੰਦਰ ਗੁਰੂ ਹੀ ਗਿਆਨ ਦਾ) ਦੀਵਾ ਲਿਆ ਕੇ ਬਾਲਦਾ ਹੈ, ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਹੀ (ਪ੍ਰਭੂ-ਚਰਨਾਂ ਵਿਚ) ਲਗਨ ਲੱਗਦੀ ਹੈ, ਅਗਿਆਨਤਾ ਦਾ ਹਨੇਰਾ ਪੂਰੇ ਤੌਰ ਤੇ ਨਾਸ ਹੋ ਜਾਂਦਾ ਹੈ, ਹਿਰਦੇ-ਘਰ ਵਿਚ ਪ੍ਰਭੂ ਦਾ ਨਾਮ-ਪਦਾਰਥ ਲੱਭ ਪੈਂਦਾ ਹੈ, ਮਨ (ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ।3। ਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਣ ਵਾਲੇ ਮਨੁੱਖ ਰੱਬ ਨਾਲੋਂ ਟੁੱਟ ਜਾਂਦੇ ਹਨ, ਨਿਰਦਈ ਹੋ ਜਾਂਦੇ ਹਨ, ਆਤਮਕ ਮੌਤ ਉਹਨਾਂ ਨੂੰ ਆਪਣੀ ਤੱਕ ਵਿਚ ਰੱਖਦੀ ਹੈ। ਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।4। ਹੇ ਪ੍ਰਭੂ! ਹੇ ਠਾਕੁਰ! ਮੇਰੀ ਬੇਨਤੀ ਸੁਣ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ। ਦਾਸ ਨਾਨਕ ਦੀ ਲਾਜ ਇੱਜ਼ਤ (ਰੱਖਣ ਵਾਲਾ) ਗੁਰੂ ਹੀ ਹੈ, ਮੈਂ ਸਤਿਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੱਤਾ ਹੈ (ਮੈਂ ਨਾਮ ਦੇ ਵੱਟੇ ਵਿਚ ਆਪਣੀ ਅਪਣੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ) ।5।10। 24। 62। |
Sri Guru Granth Darpan, by Professor Sahib Singh |