ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 172 ਗਉੜੀ ਪੂਰਬੀ ਮਹਲਾ ੪ ॥ ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ ॥ ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥੧॥ ਰਾਮ ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥ ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥ ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥ ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੇ ਨਾਲਿ ਦਿਖਾਇਆ ॥ ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ ॥੩॥ ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥ ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥ {ਪੰਨਾ 172} ਪਦ ਅਰਥ: ਹਮ = ਅਸੀਂ ਜੀਵ। ਗੁਰਿ ਮਿਲਿਐ = ਜਦੋਂ ਗੁਰੂ ਮਿਲ ਪਏ। ਆਪੁ = ਆਪਾ-ਭਾਵ। ਸੁਖੁ = ਆਤਮਕ ਆਨੰਦ। ਧਨੁ ਧੰਨੁ = ਸਲਾਹੁਣ-ਜੋਗ।1। ਬਚਨਿ = ਬਚਨ ਦੀ ਰਾਹੀਂ, ਉਪਦੇਸ਼ ਦੀ ਬਰਕਤਿ ਨਾਲ।1। ਰਹਾਉ। ਹੀਅਰੈ = ਹਿਰਦੇ ਵਿਚ। ਰਾਇ = ਪ੍ਰਕਾਸ਼-ਰੂਪ। ਗੁਰਿ = ਗੁਰੂ ਨੇ। ਮਾਰਗੁ = ਰਸਤਾ। ਪੰਥੁ = ਰਸਤਾ। ਜੀਉ = ਜਿੰਦ। ਪਿੰਡੁ = ਸਰੀਰ। ਜਿਨਿ = ਜਿਸ ਨੇ, ਕਿਉਂਕਿ ਉਸ ਨੇ। ਗਲਿ = ਗਲ ਨਾਲ।2। ਗੁਰਿ = ਗੁਰੂ ਨੇ। ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ ਮੋਰੈ = ਮੇਰੇ ਮਨ ਵਿਚ।3। ਕੀਨੇ = ਕੀਤੇ, ਕਰਦੇ ਰਹੇ। ਦੁਸਟੀ = ਦੁਸ਼ਟਤਾਈ, ਵਿਕਾਰ। ਚੋਰ ਚੁਰਾਇਆ = ਚੋਰਾਂ ਵਾਂਗ ਚੋਰੀ ਕੀਤੀ। ਹਰਿ ਭਾਇਆ = ਜੇ, ਹੇ ਹਰੀ! ਤੈਨੂੰ ਚੰਗਾ ਲੱਗੇ, ਜੇ ਤੇਰੀ ਮਿਹਰ ਹੋਵੇ।4। ਅਰਥ: ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਰਾਮ ਨਾਲ ਹਰੀ ਨਾਲ ਮਿਲਾਪ ਹੁੰਦਾ ਹੈ।1। ਰਹਾਉ। (ਗੁਰੂ ਤੋਂ ਬਿਨਾ) ਅਸੀਂ ਜੀਵ ਅਹੰਕਾਰੀ ਹੋਏ ਰਹਿੰਦੇ ਹਾਂ, ਸਾਡੀ ਮਤਿ ਅਹੰਕਾਰ ਤੇ ਅਗਿਆਨਤਾ ਵਾਲੀ ਬਣੀ ਰਹਿੰਦੀ ਹੈ। ਜਦੋਂ ਗੁਰੂ ਮਿਲ ਪਏ, ਤਦੋਂ ਆਪਾ-ਭਾਵ ਦੂਰ ਹੋ ਜਾਂਦਾ ਹੈ। (ਗੁਰੂ ਦੀ ਮਿਹਰ ਨਾਲ ਜਦੋਂ) ਹਉਮੈ ਦਾ ਰੋਗ ਦੂਰ ਹੁੰਦਾ ਹੈ, ਤਦੋਂ ਆਤਮਕ ਆਨੰਦ ਮਿਲਦਾ ਹੈ। ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਗੁਰੂ ਦੀ ਹੀ ਹੈ।1। (ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਹਿਰਦੇ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਪੈਦਾ ਹੋਈ ਹੈ, ਗੁਰੂ ਨੇ (ਹੀ ਪਰਮਾਤਮਾ ਦੇ ਮਿਲਾਪ ਦਾ) ਰਸਤਾ ਦੱਸਿਆ ਹੈ। ਮੈਂ ਆਪਣੀ ਜਿੰਦ ਆਪਣਾ ਸਰੀਰ ਸਭ ਕੁਝ ਗੁਰੂ ਦੇ ਅੱਗੇ ਰੱਖ ਦਿੱਤਾ ਹੈ, ਕਿਉਂਕਿ ਗੁਰੂ ਨੇ ਹੀ ਮੈਨੂੰ ਵਿੱਛੁੜੇ ਹੋਏ ਨੂੰ ਪਰਮਾਤਮਾ ਦੇ ਗਲ ਨਾਲ ਲਾ ਦਿੱਤਾ ਹੈ।2। (ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਅੰਦਰ ਪਰਮਾਤਮਾ ਦਾ ਦਰਸਨ ਕਰਨ ਦੀ ਤਾਂਘ ਪੈਦਾ ਹੋਈ, ਗੁਰੂ ਨੇ (ਹੀ) ਮੈਨੂੰ ਮੇਰੇ ਹਿਰਦੇ ਵਿਚ ਵੱਸਦਾ ਮੇਰੇ ਨਾਲ ਵੱਸਦਾ ਪਰਮਾਤਮਾ ਵਿਖਾ ਦਿੱਤਾ। ਮੇਰੇ ਮਨ ਵਿਚ (ਹੁਣ) ਆਤਮਕ ਅਡੋਲਤਾ ਦਾ ਸੁਖ ਪੈਦਾ ਹੋ ਗਿਆ ਹੈ, (ਉਸ ਦੇ ਇਵਜ਼ ਵਿਚ) ਮੈਂ ਆਪਣਾ ਆਪ ਗੁਰੂ ਦੇ ਅੱਗੇ ਵੇਚ ਦਿੱਤਾ ਹੈ।3। ਮੈਂ ਬਥੇਰੇ ਪਾਪ ਅਪਰਾਧ ਕਰਦਾ ਰਿਹਾ, ਕਈ ਭੈੜ ਕਰਦਾ ਰਿਹਾ ਤੇ ਲੁਕਾਂਦਾ ਰਿਹਾ ਜਿਵੇਂ ਚੋਰ ਆਪਣੀ ਚੋਰੀ ਲੁਕਾਂਦੇ ਹਨ। ਪਰ ਹੁਣ, ਹੇ ਨਾਨਕ! (ਆਖ–) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਜੇ ਤੇਰੀ ਮਿਹਰ ਹੋਵੇ ਤਾਂ ਮੇਰੀ ਇੱਜ਼ਤ ਰੱਖ (ਮੈਨੂੰ ਵਿਕਾਰਾਂ ਤੋਂ ਬਚਾਈ ਰੱਖ) ।4।11। 25। 63। ਗਉੜੀ ਪੂਰਬੀ ਮਹਲਾ ੪ ॥ ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥ ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧੰਨੁ ਗੁਰੂ ਲਿਵ ਲਾਵੈ ॥੧॥ ਗੁਰਮੁਖਿ ਹਰਿ ਲਿਵ ਲਾਵੈ ॥੧॥ ਰਹਾਉ ॥ ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥ ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ ॥੨॥ ਹਿਰਦੈ ਗੁਰਮਤਿ ਰਾਮ ਰਸਾਇਣੁ ਜਿਹਵਾ ਹਰਿ ਗੁਣ ਗਾਵੈ ॥ ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ ਬਹੁਰਿ ਨ ਭੂਖ ਲਗਾਵੈ ॥੩॥ ਕੋਈ ਕਰੈ ਉਪਾਵ ਅਨੇਕ ਬਹੁਤੇਰੇ ਬਿਨੁ ਕਿਰਪਾ ਨਾਮੁ ਨ ਪਾਵੈ ॥ ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥੪॥੧੨॥੨੬॥੬੪॥ {ਪੰਨਾ 172} ਪਦ ਅਰਥ: ਬਾਜੈ = ਵੱਜਦਾ ਹੈ, ਪੂਰਾ ਪ੍ਰਭਾਵ ਪਾ ਲੈਂਦਾ ਹੈ (ਜਿਵੇਂ ਢੋਲ ਵੱਜਿਆਂ ਕੋਈ ਹੋਰ ਨਿੱਕਾ-ਮੋਟਾ ਖੜਾਕ ਸੁਣਿਆ ਨਹੀਂ ਜਾ ਸਕਦਾ) । ਅਨਾਹਦੁ = (Anwhq = ਬਿਨਾ ਵਜਾਏ) ਇੱਕ-ਰਸ। ਧਨੁ ਧੰਨੁ = ਸ਼ਾਬਾਸ਼-ਜੋਗ। ਲਿਵ = ਲਗਨ।1। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।1। ਰਹਾਉ। ਹਮਰਾ = ਸਾਡਾ, ਮੇਰਾ। ਮਲਿ ਮਲਿ = ਮਲ ਮਲ ਕੇ, ਬੜੇ ਪ੍ਰੇਮ ਨਾਲ। ਧੋਵਹ = ਅਸੀਂ ਧੋਂਦੇ ਹਾਂ, ਮੈਂ ਧੋਂਦਾ ਹਾਂ।2। ਰਸਾਇਣੁ = (rs-AXn) ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਜਿਹਵਾ = ਜੀਭ। ਰਸਕਿ ਰਸਕਿ = ਮੁੜ ਮੁੜ ਰਸ ਲੈ ਕੇ, ਬੜੇ ਆਨੰਦ ਨਾਲ। ਰਸਿ = ਰਸ ਵਿਚ। ਆਘਾਨੇ = ਰੱਜੇ ਹੋਏ। ਭੂਖ = ਤ੍ਰਿਸ਼ਨਾ, ਮਾਇਆ ਦੀ ਭੁੱਖ।3। ਕਉ = ਨੂੰ। ਦ੍ਰਿੜਾਵੈ = ਪੱਕਾ ਕਰ ਦੇਂਦਾ ਹੈ।4। ਅਰਥ: ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ (ਆਪਣੇ ਅੰਦਰ) ਹਰੀ ਦੇ ਮਿਲਾਪ ਦੀ ਲਗਨ ਪੈਦਾ ਕਰ ਸਕਦਾ ਹੈ।1। ਰਹਾਉ। ਗੁਰੂ ਦੀ ਮਤਿ ਉਤੇ ਤੁਰਿਆਂ ਹੀ ਗੁਰੂ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ (ਤੇ ਹੋਰ ਕੋਈ ਮਾਇਕ ਰਸ ਆਪਣਾ ਜ਼ੋਰ ਨਹੀਂ ਪਾ ਸਕਦਾ) , ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ। ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦਾ ਦਰਸਨ ਪ੍ਰਾਪਤ ਕਰਦਾ ਹੈ। ਸਦਕੇ ਗੁਰੂ ਤੋਂ, ਸਦਕੇ ਗੁਰੂ ਤੋਂ। ਗੁਰੂ (ਮਨੁੱਖ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ) ਲਗਨ ਪੈਦਾ ਕਰਦਾ ਹੈ।1। (ਹੇ ਭਾਈ!) ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਨ ਗੁਰੂ ਦੀ ਦੱਸੀ ਹੋਈ ਕਾਰ ਹੀ ਕਰਦਾ ਹੈ। ਮੈਂ ਆਪਣੇ ਗੁਰੂ ਦੇ ਪੈਰ ਮਲ ਮਲ ਕੇ ਧੋਂਦਾ ਹਾਂ, ਕਿਉਂਕਿ ਗੁਰੂ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ।2। (ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਸਭ ਰਸਾਂ ਦਾ ਘਰ ਪ੍ਰਭੂ-ਨਾਮ ਵੱਸ ਪੈਂਦਾ ਹੈ, (ਜਿਨ੍ਹਾਂ ਦੀ) ਜੀਭ ਪਰਮਾਤਮਾ ਦੇ ਗੁਣ ਗਾਂਦੀ ਹੈ, ਉਹਨਾਂ ਦੇ ਮਨ ਸਦਾ ਆਨੰਦ ਨਾਲ ਪਰਮਾਤਮਾ ਦੇ ਨਾਮ-ਰਸ ਵਿਚ ਰੱਜੇ ਰਹਿੰਦੇ ਹਨ, ਉਹਨਾਂ ਨੂੰ ਮੁੜ ਕਦੇ ਮਾਇਆ ਦੀ ਭੁੱਖ ਪੋਹ ਨਹੀਂ ਸਕਦੀ।3। ਪਰ ਕੋਈ ਭੀ ਮਨੁੱਖ ਪਰਮਾਤਮਾ ਦਾ ਨਾਮ (ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਹਾਸਲ ਨਹੀਂ ਕਰ ਸਕਦਾ, ਬੇਸ਼ੱਕ ਕੋਈ ਬਥੇਰੇ ਅਨੇਕਾਂ ਉਪਾਵ ਕਰਦਾ ਰਹੇ। ਹੇ ਨਾਨਕ! ਜਿਸ ਦਾਸ ਉਤੇ ਪਰਮਾਤਮਾ ਮਿਹਰ ਕਰਦਾ ਹੈ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਮਤਿ ਵਿਚ ਪਰਮਾਤਮਾ ਆਪਣਾ ਨਾਮ ਪੱਕਾ ਕਰ ਦੇਂਦਾ ਹੈ।4।12। 26। 64। ਨੋਟ:
ਗਉੜੀ ਪੂਰਬੀ ਮ: 4 = = 12 ਸ਼ਬਦ ਰਾਗੁ ਗਉੜੀ ਮਾਝ ਮਹਲਾ ੪ ॥ ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ ॥ ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ ॥ ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ॥ ਵਡਭਾਗੀ ਮਿਲੁ ਰਾਮਾ ॥੧॥ ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ ॥ ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ ॥ ਵਡਭਾਗੀ ਮਿਲੁ ਸੁਘੜ ਸੁਜਾਣੀ ਜੀਉ ॥ ਮੇਰਾ ਮਨੁ ਤਨੁ ਹਰਿ ਰੰਗਿ ਭਿੰਨਾ ॥੨॥ ਆਵਹੁ ਸੰਤਹੁ ਮਿਲਿ ਨਾਮੁ ਜਪਾਹਾ ॥ ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ ॥ ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ ॥ ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥ ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ ॥ ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ ॥ ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ ॥ ਜਨ ਨਾਨਕ ਪ੍ਰੇਮਿ ਰਤੰਨਾ ॥੪॥੧॥੨੭॥੬੫॥ {ਪੰਨਾ 172-173} ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਜਿੰਦੂ = ਹੇ ਜਿੰਦੇ! ਕਰੰਮਾ = ਭਾਗ (ਜਾਗ ਪਏ ਹਨ) । ਮਤਿ = (ਗੁਰੂ ਦੀ ਦਿੱਤੀ ਹੋਈ) ਅਕਲ। ਜੀਉ = ਜੀਵਨ (ਦਾ ਆਸਰਾ) । ਮੁਖਿ = ਮੂੰਹ ਨਾਲ। ਅਜਨਮਾ = ਜਨਮ-ਰਹਿਤ।1। ਜੋਗੀ = (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ। ਰੰਗੁ = ਆਤਮਕ ਆਨੰਦ। ਮਾਣੀ = ਮੈਂ ਮਾਣਦਾ ਹਾਂ। ਰੰਗਿ = ਆਨੰਦ ਵਿਚ। ਨਿਰਬਾਣੀ = ਵਾਸਨਾ-ਰਹਿਤ। ਸੁਘੜ = (ਜੀਵਨ ਦੀ) ਸੋਹਣੀ ਘਾੜਤ ਵਾਲਾ। ਸੁਜਾਣੀ = ਸਿਆਣਾ।2। ਜਪਾਹਾ = ਅਸੀਂ ਜਪੀਏ। ਮਿਲਿ = ਮਿਲ ਕੇ (ਨੋਟ: ਲਫ਼ਜ਼ 'ਮਿਲੁ' ਅਤੇ 'ਮਿਲਿ' ਦੇ ਅਰਥ ਵਿਚ ਫ਼ਰਕ ਚੇਤੇ ਰੱਖਣ ਦੀ ਲੋੜ ਹੈ) । ਲਾਹਾ = ਲਾਭ, ਖੱਟੀ। ਪਾਹਾ = ਅਸੀਂ ਪਾਈਏ। ਧੁਰਿ = ਧੁਰੋਂ, ਪ੍ਰਭੂ ਦੀ ਹਜ਼ੂਰੀ ਤੋਂ। ਕਰਮਾ = ਬਖ਼ਸ਼ਸ਼ (ਦਾ ਲੇਖ) ।3। ਸਾਵਣਿ = ਸਾਵਣ ਵਿਚ। ਵਰਸੁ = ਬੱਦਲ। ਅੰਮ੍ਰਿਤਿ = ਅੰਮ੍ਰਿਤ ਨਾਲ, ਜਲ ਨਾਲ। ਕੁਹੁਕਿਅੜਾ = 'ਕੁਹ ਕੁਹ' ਕਰਦਾ ਹੈ, ਆਪਣੀ ਮਿੱਠੀ ਬੋਲੀ ਬੋਲਦਾ ਹੈ। ਮੁਖਿ = ਮੂੰਹ ਵਿਚ। ਵੁਠੜਾ = ਆ ਵੱਸਿਆ। ਪ੍ਰੇਮਿ = ਪ੍ਰੇਮ ਵਿਚ। ਰਤੰਨਾ = ਰੱਤਾ ਹੋਇਆ।4। ਅਰਥ: ਹੇ (ਮੇਰੀ) ਜਿੰਦੇ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਜਪੋ, (ਤੇਰੇ) ਭਾਗ (ਜਾਗ ਪਏ ਹਨ) । (ਹੇ ਜਿੰਦੇ! ਗੁਰੂ ਦੀ ਦਿੱਤੀ) ਮਤਿ ਨੂੰ (ਆਪਣੀ) ਮਾਂ ਬਣਾ, ਤੇ ਮਤਿ ਨੂੰ ਹੀ ਜੀਵਨ (ਦਾ ਆਸਰਾ ਬਣਾ) , ਰਾਮ ਦਾ ਨਾਮ ਮੂੰਹ ਨਾਲ ਜਪ। (ਹੇ ਜਿੰਦੇ!) ਸੰਤੋਖ ਨੂੰ ਪਿਤਾ ਬਣਾ, ਅਜੋਨੀ ਅਕਾਲ ਪੁਰਖ ਦੇ ਰੂਪ ਗੁਰੂ ਦੀ ਸਰਨ ਪਉ। ਹੇ ਜਿੰਦੇ! ਮਿਲ ਰਾਮ ਨੂੰ, ਤੇਰੇ ਭਾਗ ਚੰਗੇ ਹੋ ਗਏ ਹਨ।1। (ਹੇ ਭਾਈ!) ਪ੍ਰਭੂ ਦਾ ਰੂਪ ਜੋਗੀ-ਰੂਪ ਮਿਲ ਪਿਆ ਹੈ (ਉਸ ਦੀ ਕਿਰਪਾ ਨਾਲ) ਮੈਂ ਆਤਮਕ ਆਨੰਦ ਮਾਣਦਾ ਹਾਂ। ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਗੁਰੂ ਸਦਾ ਵਾਸਨਾ-ਰਹਿਤ ਹੈ। ਹੇ ਵੱਡੇ ਭਾਗਾਂ ਵਾਲੇ! ਉਸ ਸੋਹਣੇ ਜੀਵਨ ਵਾਲੇ ਸੁਜਾਨ ਗੁਰੂ ਨੂੰ ਮਿਲ। (ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਮਨ ਮੇਰਾ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ਹੈ।2। ਹੇ ਸੰਤ ਜਨੋ! ਆਓ, ਅਸੀਂ ਰਲ ਕੇ ਪਰਮਾਤਮਾ ਦਾ ਨਾਮ ਜਪੀਏ। (ਹੇ ਭਾਈ!) ਸਾਧ ਸੰਗਤਿ ਵਿਚ ਮਿਲ ਕੇ ਸਦਾ ਹਰਿ-ਨਾਮ ਦੀ ਖੱਟੀ ਖੱਟ। (ਹੇ ਭਾਈ! ਆਓ, ਸਾਧ ਸੰਗਤਿ ਵਿਚ) ਗੁਰਮੁਖਾਂ ਦੀ ਸੇਵਾ ਕਰ ਕੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਭੋਜਨ ਪਾਈਏ। (ਹੇ ਜਿੰਦੇ!) ਮਿਲ ਪ੍ਰਭੂ ਨੂੰ, ਪ੍ਰਭੂ ਦੀ ਦਰਗਾਹ ਤੋਂ ਉਸ ਦੀ ਬਖ਼ਸ਼ਸ਼ ਦੇ ਪੂਰਬਲੇ ਸਮੇ ਦੇ ਲੇਖ ਜਾਗ ਪਏ ਹਨ।3। (ਜਿਵੇਂ) ਸਾਵਣ (ਦੇ ਮਹੀਨੇ) ਵਿਚ ਬੱਦਲ (ਵਰ੍ਹਦਾ ਹੈ ਤੇ) ਜਗਤ ਨੂੰ (ਧਰਤੀ ਨੂੰ) ਜਲ ਨਾਲ ਭਰਪੂਰ ਕਰ ਦੇਂਦਾ ਹੈ (ਉਸ ਬੱਦਲ ਨੂੰ ਵੇਖ ਵੇਖ ਕੇ) ਮੋਰ ਆਪਣੀ ਮਿੱਠੀ ਬੋਲੀ ਬੋਲਦਾ ਹੈ, (ਤਿਵੇਂ ਗੁਰੂ) ਨਾਮ-ਅੰਮ੍ਰਿਤ ਨਾਲ ਜਗਤ ਨੂੰ ਪ੍ਰਭਾਵਿਤ ਕਰਦਾ ਹੈ (ਜਿਸ ਵਡ-ਭਾਗੀ ਉਤੇ ਮਿਹਰ ਹੁੰਦੀ ਹੈ ਉਸ ਦਾ) ਮਨ ਉਛਾਲੇ ਮਾਰਦਾ ਹੈ (ਉਹ ਮਨੁੱਖ ਗੁਰੂ ਦੇ) ਸ਼ਬਦ ਨੂੰ ਆਪਣੇ ਮੂੰਹ ਵਿਚ ਪਾਂਦਾ ਹੈ। ਹੇ ਦਾਸ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਅੰਮ੍ਰਿਤ ਆ ਵੱਸਦਾ ਹੈ (ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ ਉਹ ਪ੍ਰਭੂ-ਪ੍ਰੇਮ ਵਿਚ ਰੰਗਿਆ ਜਾਂਦਾ ਹੈ।4।1। 27। 65। |
Sri Guru Granth Darpan, by Professor Sahib Singh |