ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 173 ਗਉੜੀ ਮਾਝ ਮਹਲਾ ੪ ॥ ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥ ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥ ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥ ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥ ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥ ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥ ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥ ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥ ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥ ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥ ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥ ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥ ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥ ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥ ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥ ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥ {ਪੰਨਾ 173} ਪਦ ਅਰਥ: ਸਖੀ = ਹੇ ਸਹੇਲੀ! ਹੇ ਸਤਸੰਗੀ ਗੁਰਮੁਖਿ! ਕਾਮਣ = ਟੂਣੇ। ਕਰੀਹਾ = ਅਸੀਂ ਬਣਾਈਏ। ਮਿਲਿ = ਮਿਲ ਕੇ। ਮਾਣਿਹ = ਅਸੀਂ ਮਾਣੀਏ। ਰਲੀਆ = ਆਤਮਕ ਆਨੰਦ। ਦੀਪਕੁ = ਦੀਵਾ। ਗੁਰ ਗਿਆਨੁ = ਗੁਰੂ ਦਾ ਦਿੱਤਾ ਗਿਆਨ। ਮਨਿ = ਮਨ ਵਿਚ। ਬਲੀਆ = ਅਸੀਂ ਬਾਲੀਏ। ਢੁਲਿ = ਢੁਲ ਕੇ, ਸ਼ੁਕਰ ਵਿਚ ਆ ਕੇ।1। ਤਨਿ = ਤਨ ਵਿਚ। ਢੋਲਾ = ਮਿੱਤਰ। ਮੈ = ਮੈਨੂੰ। ਮੇਲੋ = ਮਿਲਾਏ। ਵੇਚੋਲੇ = ਵਕੀਲ। ਵਿਟੜਿਅਹੁ = ਤੋਂ।2। ਕਰਿ = ਕਰ ਕੇ। ਮਨਿ ਚਿੰਦਿਅੜਾ = ਮਨ ਵਿਚ ਚਿਤਵਿਆ ਹੋਇਆ। ਵੇਖਿ = ਵੇਖ ਕੇ। ਵਿਗਸੁ = ਵਿਗਾਸ, ਖ਼ੁਸ਼ੀ। ਸੋਹਾਗਣੀ = ਭਾਗਾਂ ਵਾਲੀ ਜੀਵ-ਇਸਤ੍ਰੀ ਨੂੰ। ਅਨਦਿਨੁ = ਹਰ ਰੋਜ਼। ਰਹਸੁ = ਖ਼ੁਸ਼ੀ। ਵਡਭਾਗੀਈ = ਵੱਡੇ ਭਾਗਾਂ ਵਾਲੀਆਂ ਨੇ। ਹਸੁ = ਹੱਸੁ, ਆਨੰਦ।3। ਵੇਖੈ = ਸੰਭਾਲ ਕਰਦਾ ਹੈ। ਕਾਰੈ = ਕਾਰ ਵਿਚ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) । ਬਖਸ = ਬਖ਼ਸ਼ਸ਼। ਫਕਾ = ਫੱਕਾ, ਥੋੜਾ ਕੁ ਹੀ। ਤਖਤਿ = ਤਖ਼ਤ ਉਤੇ। ਭਿਖ = ਭਿੱਛਿਆ। ਸਭੁ = ਹਰ ਥਾਂ। ਸਬਦੁ = ਹੁਕਮ।4। ਅਰਥ: ਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ) , ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ। (ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ, (ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ।1। (ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ (ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ। (ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ। ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ।2। ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ। ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ। ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ। ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ।3। ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ। ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ। ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ। ਹੇ ਦਾਸ ਨਾਨਕ! (ਆਖ–) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ।4।2। 28। 66। ਗਉੜੀ ਮਾਝ ਮਹਲਾ ੪ ॥ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗਿ ਰਤਾ ਮਨ ਮਾਹੀ ਜੀਉ ॥ ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ ॥ ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥ ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ ॥੧॥ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥ ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ ਜੀਉ ॥ ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥ ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥ ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ ॥ ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥ ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥ ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥ ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥ ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥ ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥ {ਪੰਨਾ 173-174} ਪਦ ਅਰਥ: ਮਾਹੀ = ਵਿਚ, ਮਾਹਿ। ਹਰਿ ਰੰਗਿ = ਹਰੀ ਦੇ ਨਾਮ-ਰੰਗ ਵਿਚ। ਹਰਿ ਰੰਗੁ = ਹਰੀ ਦਾ ਨਾਮ-ਰੰਗ। ਨਾਲਿ = {ਨੋਟ: ਲਫ਼ਜ਼ 'ਨਾਲਿ' ਦਾ ਸੰਬੰਧ ਲਫ਼ਜ਼ 'ਰੰਗ' ਦੇ ਨਾਲ ਨਹੀਂ ਹੈ) (ਹਰੇਕ ਜੀਵ ਦੇ) ਨਾਲ (ਹੈ) । ਨ ਲਖੀਐ = ਸਮਝਿਆ ਨਹੀਂ ਜਾ ਸਕਦਾ। ਅਲਖੁ = ਅਦ੍ਰਿਸ਼ਟ ਪ੍ਰਭੂ। ਲਖਾਹੀ = ਲਖਾਹਿ, ਲਖਦੇ ਹਨ, ਵੇਖਦੇ ਹਨ। ਦਾਲਦ = ਦਲਿਦ੍ਰ, ਗਰੀਬੀ। ਜਾਹੀ = ਜਾਹਿ। ਹਰਿ ਪਦੁ = ਪ੍ਰਭੂ ਦੇ ਮਿਲਾਪ ਦੀ ਅਵਸਥਾ। ਨਾਮਿ = ਨਾਮ ਵਿਚ।1। ਨੈਣੀ = ਅੱਖਾਂ ਨਾਲ। ਕਿਨੈ = ਕਿਸੇ ਵਿਰਲੇ ਨੇ। ਬੈਰਾਗਿਆ = ਵੈਰਾਗਵਾਨ ਹੈ। ਧਨ = ਜੀਵ-ਇਸਤ੍ਰੀ। ਕੁਮਲੈਣੀ = ਮੁਰਝਾਈ ਹੋਈ। ਮਿਲਿ = ਮਿਲ ਕੇ। ਸੈਣੀ = ਸੈਣ, ਮਿੱਤਰ। ਜਗਜੀਵਨੁ = ਜਗਤ ਦਾ ਜੀਵਨ, ਜਗਤ ਦੇ ਜੀਵਨ ਦਾ ਆਸਰਾ। ਸੁਖਿ = ਸੁਖ ਵਿਚ। ਰੈਣੀ = (ਜ਼ਿੰਦਗੀ ਦੀ) ਰਾਤ।2। ਮੈ = ਮੈਨੂੰ। ਸੰਤ = ਹੇ ਸੰਤ ਜਨੋ! ਮੈ ਮਨਿ ਤਨਿ = ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ। ਭੁਖ = (ਮਿਲਣ ਦੀ) ਤਾਂਘ। ਹਉ = ਮੈਂ। ਬਿਰਹੁ = ਵਿਛੋੜੇ ਦਾ ਦਰਦ। ਮਨੁ ਜੀਵਾਈਆ = ਮਨ ਆਤਮਕ ਜੀਵਨ ਲੱਭ ਲੈਂਦਾ ਹੈ। ਵਾਧਾਈਆ = ਚੜ੍ਹਦੀ ਕਲਾ।3। ਵਾਰੀ = ਸਦਕੇ, ਕੁਰਬਾਨ। ਹਉ = ਮੈਂ। ਵਿਟੜਿਅਹੁ = ਤੋਂ। ਸਦ = ਸਦਾ। ਪਿਰੰਮ ਕਾ = ਪਿਆਰੇ ਦਾ। ਪੂੰਜੀ = ਸਰਮਾਇਆ, ਆਤਮਕ ਗੁਣਾਂ ਦੀ ਰਾਸਿ। ਵਿਸਟੁ = ਵਿਚੋਲਾ। ਮੇਲਿ = ਮਿਲਾ। ਕਰਿ = ਕਰ ਕੇ। ਰੈਬਾਰੀ = ਰਾਹਬਰੀ, ਅਗਵਾਈ। ਦਇਆ ਕਰਿ = ਦਇਆ ਦੀ ਬਰਕਤਿ ਨਾਲ।4। ਅਰਥ: ਹੇ ਮੇਰੇ ਗੋਵਿੰਦ! (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ, ਉਹ ਮਨੁੱਖ ਆਪਣੇ) ਮਨ ਵਿਚ ਹੀ, ਮਨ ਵਿਚ ਹੀ, ਮਨ ਵਿਚ ਹੀ, ਹਰਿ-ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਮੇਰੇ ਗੋਵਿੰਦ! ਹਰਿ-ਨਾਮ ਦਾ ਆਨੰਦ ਹਰੇਕ ਜੀਵ ਦੇ ਨਾਲ (ਉਸ ਦੇ ਅੰਦਰ ਮੌਜੂਦ) ਹੈ, ਪਰ ਇਹ ਆਨੰਦ (ਹਰੇਕ ਜੀਵ ਪਾਸੋਂ) ਮਾਣਿਆ ਨਹੀਂ ਜਾ ਸਕਦਾ। ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਉਸ ਅਦ੍ਰਿਸ਼ਟ ਪਰਮਾਤਮਾ ਨੂੰ ਲੱਭ ਲੈਂਦੇ ਹਨ। ਹੇ ਮੇਰੇ ਗੋਵਿੰਦ! ਜਿਨ੍ਹਾਂ ਦੇ ਅੰਦਰ ਤੂੰ ਹਰਿ-ਨਾਮ ਦਾ ਪਰਕਾਸ਼ ਕਰਦਾ ਹੈਂ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ। ਹੇ ਮੇਰੇ ਗੋਵਿੰਦ! ਜਿਨ੍ਹਾਂ ਮਨੁੱਖਾਂ ਨੂੰ ਹਰਿ-ਮਿਲਾਪ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਵਡ-ਭਾਗੀ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।1। ਹੇ ਮੇਰੇ ਪਿਆਰੇ ਗੋਵਿੰਦ! ਤੈਨੂੰ ਹਰਿ-ਪ੍ਰਭੂ ਨੂੰ ਕਿਸੇ ਵਿਰਲੇ (ਵਡ-ਭਾਗੀ ਨੇ ਆਪਣੀਆਂ) ਅੱਖਾਂ ਨਾਲ ਵੇਖਿਆ ਹੈ। ਹੇ ਮੇਰੇ ਗੋਵਿੰਦ! (ਤੇਰੇ ਵਿਛੋੜੇ ਵਿਚ) ਮੇਰਾ ਮਨ ਮੇਰਾ ਹਿਰਦਾ ਬਹੁਤ ਵੈਰਾਗਵਾਨ ਹੋ ਰਿਹਾ ਹੈ। ਹੇ ਹਰੀ! ਤੈਥੋਂ ਬਿਨਾ ਮੈਂ ਜੀਵ-ਇਸਤ੍ਰੀ ਕੁਮਲਾਈ ਪਈ ਹਾਂ। ਹੇ ਮੇਰੇ ਗੋਵਿੰਦ! ਮੇਰਾ ਹਰਿ-ਪ੍ਰਭੂ ਮੇਰਾ (ਅਸਲੀ) ਸੱਜਣ ਮਿੱਤਰ (ਜਿਨ੍ਹਾਂ ਨੇ ਭੀ ਲੱਭਾ ਹੈ) ਸੰਤ ਜਨਾਂ ਨੂੰ ਮਿਲ ਕੇ (ਹੀ) ਲੱਭਾ ਹੈ। ਹੇ ਮੇਰੇ ਗੋਵਿੰਦ! (ਸੰਤ ਜਨਾਂ ਦੀ ਮਿਹਰ ਨਾਲ ਹੀ) ਮੈਨੂੰ (ਭੀ) ਉਹ ਹਰੀ ਆ ਮਿਲਿਆ ਹੈ ਜੋ ਸਾਰੇ ਜਗਤ ਦੇ ਜੀਵਨ ਦਾ ਆਸਰਾ ਹੈ, ਹੁਣ ਮੇਰੀ (ਜ਼ਿੰਦਗੀ-ਰੂਪ) ਰਾਤ ਆਨੰਦ ਵਿਚ ਬੀਤ ਰਹੀ ਹੈ।2। ਹੇ ਸੰਤ ਜਨੋ! ਮੈਨੂੰ ਮੇਰਾ ਸੱਜਣ ਹਰਿ-ਪ੍ਰਭੂ ਮਿਲਾ ਦਿਉ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਉਸਦੇ ਮਿਲਣ ਦੀ ਤਾਂਘ ਪੈਦਾ ਹੋ ਰਹੀ ਹੈ। ਮੈਂ ਆਪਣੇ ਪ੍ਰੀਤਮ ਨੂੰ ਵੇਖਣ ਤੋਂ ਬਿਨਾ ਧੀਰਜ ਨਹੀਂ ਫੜ ਸਕਦਾ, ਮੇਰੇ ਅੰਦਰ ਉਸ ਦੇ ਵਿਛੋੜੇ ਦਾ ਦਰਦ ਉੱਠ ਰਿਹਾ ਹੈ। ਪਰਮਾਤਮਾ ਹੀ ਮੇਰਾ ਰਾਜਾ ਹੈ ਮੇਰਾ ਪਿਆਰਾ ਸੱਜਣ ਹੈ, ਜਦੋਂ (ਉਸ ਨਾਲ) ਗੁਰੂ (ਮੈਨੂੰ) ਮਿਲਾ ਦੇਂਦਾ ਹੈ ਤਾਂ ਮੇਰਾ ਮਨ ਜੀਊ ਪੈਂਦਾ ਹੈ। ਹੇ ਮੇਰੇ ਗੋਵਿੰਦ! ਜਦੋਂ ਤੂੰ ਹਰੀ ਮੈਨੂੰ ਮਿਲ ਪੈਂਦਾ ਹੈ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਚਿਰਾਂ ਤੋਂ ਟਿਕੀ) ਆਸ ਪੂਰੀ ਹੋ ਜਾਂਦੀ ਹੈ, ਤਾਂ ਮੇਰੇ ਮਨ ਵਿਚ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ।3। ਹੇ ਮੇਰੇ ਗੋਵਿੰਦ! ਹੇ ਮੇਰੇ ਪਿਆਰੇ! ਮੈਂ ਸਦਕੇ, ਮੈਂ ਤੈਥੋਂ ਸਦਾ ਸਦਕੇ। ਹੇ ਮੇਰੇ ਗੋਵਿੰਦ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਂ ਪਿਆਰੇ ਦਾ ਪ੍ਰੇਮ ਜਾਗ ਉਠਿਆ ਹੈ (ਮੈਂ ਤੇਰੀ ਸਰਨ ਆਇਆ ਹਾਂ) ਮੇਰੀ ਇਸ (ਪ੍ਰੇਮ ਦੀ) ਰਾਸ ਦੀ ਤੂੰ ਰਾਖੀ ਕਰ। ਹੇ ਮੇਰੇ ਗੋਵਿੰਦ! ਮੈਨੂੰ ਵਿਚੋਲਾ ਗੁਰੂ ਮਿਲਾ, ਜੇਹੜਾ ਮੇਰੀ (ਜੀਵਨ ਵਿਚ) ਅਗਵਾਈ ਕਰ ਕੇ ਮੈਨੂੰ ਤੈਂ ਹਰੀ ਨਾਲ ਮਿਲਾ ਦੇਵੇ। ਹੇ ਮੇਰੇ ਗੋਵਿੰਦ! ਮੈਂ ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਤੇਰੀ ਦਇਆ ਦਾ ਸਦਕਾ ਹੀ ਮੈਨੂੰ ਤੇਰਾ ਹਰਿ-ਨਾਮ ਪ੍ਰਾਪਤ ਹੋਇਆ ਹੈ।4।3। 29। 67। |
Sri Guru Granth Darpan, by Professor Sahib Singh |