ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 175 ਗਉੜੀ ਮਾਝ ਮਹਲਾ ੪ ॥ ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥ ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ ॥ ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥ ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥ ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥ ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥ ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ ॥ ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥ ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥ ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥ ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ ॥ ਵਡਭਾਗੀ ਜਪਿ ਨਾਉ ਜੀਉ ॥੩॥ ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥ ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥ ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥ ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥ {ਪੰਨਾ 175} ਪਦ ਅਰਥ: ਮੈ = ਮੈਨੂੰ। ਹਰਿ ਨਾਮੈ ਬਿਰਹੁ = ਹਰਿ-ਨਾਮ ਦੀ ਸਿੱਕ। ਮਿਤੁ = ਮਿੱਤਰ। ਪਾਈ = ਪਾਈਂ, ਮੈਂ ਪਾਂਦਾ ਹਾਂ। ਦੇਖਿ = ਵੇਖ ਕੇ। ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੈਂ ਜੀਊ ਪੈਂਦਾ ਹਾਂ। ਮਾਈ = ਹੇ ਮਾਂ! ਸਖਾ = ਮਿੱਤਰ।1। ਸੰਤ ਜੀਉ = ਹੇ ਸੰਤ ਜੀ! ਕੇਰੇ = ਦੇ। ਜਪਿ = ਜਪ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਜੀਉ = ਹੇ ਜੀ! ਬਹੁੜਿ = ਮੁੜ। ਭਵਜਲ ਫੇਰੇ = ਸੰਸਾਰ-ਸਮੁੰਦਰ ਦੇ ਗੇੜ।2। ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਭਾਉ = ਪ੍ਰੇਮ। ਵਡਭਾਗੀ = ਵੱਡੇ ਭਾਗਾਂ ਨਾਲ।3। ਪਾਸਾ = ਜੋ ਮੇਰੇ ਪਾਸ ਹੀ ਹੈ, ਮੇਰੇ ਨਾਲ ਹੀ ਹੈ। ਪੂਰਿਅੜੀ = ਪੂਰੀ ਹੋ ਜਾਂਦੀ ਹੈ।4। ਅਰਥ: (ਹੇ ਸੰਤ ਜਨੋ!) ਹਰੀ ਨੇ ਮੈਨੂੰ (ਮੇਰੇ ਅੰਦਰ) ਹਰਿ-ਨਾਮ ਦੀ ਸਿੱਕ ਲਾ ਦਿੱਤੀ ਹੈ, ਮੈਂ (ਹੁਣ ਤਦੋਂ ਹੀ) ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰਿ-ਪ੍ਰਭੂ ਮਿਲ ਹੀ ਪਏ। ਹੇ ਮਾਂ! ਹਰਿ-ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਹਰਿ-ਨਾਮ (ਹੀ) ਮੇਰਾ ਮਿੱਤਰ ਹੈ ਮੇਰਾ ਵੀਰ ਹੈ।1। ਹੇ ਸੰਤ ਜਨੋ! ਤੁਸੀ ਮੇਰੇ ਹਰਿ-ਪ੍ਰਭੂ ਦੇ ਗੁਣ ਗਾਵੋ, ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆਂ ਵੱਡੇ ਭਾਗ ਜਾਗ ਪੈਂਦੇ ਹਨ। (ਹੇ ਸੰਤ ਜਨੋ!) ਹਰਿ ਦਾ ਨਾਮ (ਹੁਣ) ਮੇਰੀ ਜ਼ਿੰਦਗੀ ਦਾ ਆਸਰਾ ਹੈ। (ਜੇਹੜਾ ਮਨੁੱਖ ਹਰਿ-ਨਾਮ ਜਪਦਾ ਹੈ ਉਸ ਨੂੰ) ਮੁੜ ਸੰਸਾਰ-ਸਮੁੰਦਰ ਦੇ (ਜਨਮ ਮਰਨ ਦੇ) ਗੇੜ ਨਹੀਂ ਪੈਂਦੇ।2। ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਰਿ-ਪ੍ਰਭੂ ਦਾ ਦਰਸਨ ਕਰ ਸਕਾਂ। ਹੇ ਸੰਤ ਜਨੋ! ਮੇਰੇ ਮਨ ਵਿਚ (ਹਰਿ-ਪ੍ਰਭੂ ਦੇ ਦਰਸਨ ਦੀ) ਤਾਂਘ ਲੱਗ ਰਹੀ ਹੈ, ਮੈਨੂੰ ਹਰਿ-ਪ੍ਰਭੂ ਮਿਲਾ ਦਿਉ। (ਹੇ ਸੰਤ ਜਨੋ!) ਗੁਰੂ ਦੇ ਸ਼ਬਦ ਦੀ ਰਾਹੀਂ ਵੱਡੇ ਭਾਗਾਂ ਨਾਲ ਹਰਿ-ਨਾਮ ਜਪ ਕੇ ਹੀ ਹਰਿ-ਪ੍ਰੀਤਮ ਨੂੰ ਮਿਲ ਸਕੀਦਾ ਹੈ।3। ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੋਵਿੰਦ-ਪ੍ਰਭੂ (ਦੇ ਮਿਲਾਪ) ਦੀ ਬੜੀ ਆਸ ਲੱਗੀ ਹੋਈ ਹੈ। ਹੇ ਸੰਤ ਜਨੋ! ਮੈਨੂੰ ਓਹ ਗੋਵਿੰਦ-ਪ੍ਰਭੂ ਮਿਲਾ ਦਿਉ ਜੋ ਮੇਰੇ ਅੰਦਰ ਵੱਸਦਾ ਹੈ। ਹੇ ਦਾਸ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਹੀ ਸਦਾ (ਜੀਵ ਦੇ ਅੰਦਰ) ਹਰਿ ਦੇ ਨਾਮ ਦਾ ਪਰਕਾਸ਼ ਹੁੰਦਾ ਹੈ (ਜਿਸ ਨੂੰ ਗੁਰੂ ਦੀ ਮਤਿ ਪ੍ਰਾਪਤ ਹੁੰਦੀ ਹੈ ਉਸ ਦੇ) ਮਨ ਵਿਚ (ਪੈਦਾ ਹੋਈ ਪ੍ਰਭੂ-ਮਿਲਾਪ ਦੀ) ਆਸ ਪੂਰੀ ਹੋ ਜਾਂਦੀ ਹੈ।4।5। 31। 69। ਗਉੜੀ ਮਾਝ ਮਹਲਾ ੪ ॥ ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ ॥ ਮਨ ਅੰਦਰਿ ਅੰਮ੍ਰਿਤੁ ਗੁਰਮਤਿ ਹਰਿ ਲੀਵਾ ਜੀਉ ॥ ਮਨੁ ਹਰਿ ਰੰਗਿ ਰਤੜਾ ਹਰਿ ਰਸੁ ਸਦਾ ਪੀਵਾ ਜੀਉ ॥ ਹਰਿ ਪਾਇਅੜਾ ਮਨਿ ਜੀਵਾ ਜੀਉ ॥੧॥ ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਬਾਣੁ ਜੀਉ ॥ ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ ॥ ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ ॥ ਹਉ ਨਾਮ ਵਿਟਹੁ ਕੁਰਬਾਣੁ ਜੀਉ ॥੨॥ ਹਉ ਹਰਿ ਹਰਿ ਸਜਣੁ ਹਰਿ ਮੀਤੁ ਦਸਾਈ ਜੀਉ ॥ ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ ॥ ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ ॥ ਹਰਿ ਨਾਮੇ ਨਾਮਿ ਸਮਾਈ ਜੀਉ ॥੩॥ ਮੈ ਵੇਦਨ ਪ੍ਰੇਮੁ ਹਰਿ ਬਿਰਹੁ ਲਗਾਈ ਜੀਉ ॥ ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ ॥ ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ ॥ ਜਨ ਨਾਨਕ ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥ {ਪੰਨਾ 175} ਪਦ ਅਰਥ: ਬਿਰਹੀ = ਵਿੱਛੁੜਿਆ ਹੋਇਆ ਪਿਆਰਾ (ਨਾਮ) । ਤਾ = ਤਦੋਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਲੀਵਾ = ਲਵਾਂ, ਲੈਂਦਾ ਹਾਂ। ਰੰਗਿ = ਰੰਗ ਵਿਚ। ਮਨਿ = ਮਨ ਵਿਚ।1। ਬਾਣੁ = ਤੀਰ। ਸੁਜਾਣੁ = ਸਿਆਣਾ। ਮੇਲੇ ਸੰਤ ਹਰਿ = (ਗੁਰੂ) ਸੰਤ-ਹਰਿ ਨੂੰ ਮਿਲਾ ਦੇਂਦਾ ਹੈ। ਵਿਟਹੁ = ਤੋਂ।2। ਹਉ = ਮੈਂ। ਦਸਾਈ = ਦਸਾਈਂ, ਮੈਂ ਪੁੱਛਦਾ ਹਾਂ। ਖੋਜੁ = ਭਾਲ। ਪਵਾਈ = ਮੈਂ ਪਵਾਂਦਾ ਹਾਂ। ਤੁਠੜਾ = ਪ੍ਰਸੰਨ ਹੋਇਆ ਹੋਇਆ। ਪਾਈ = ਪਾਈਂ, ਮੈਂ ਲੱਭ ਲੈਂਦਾ ਹਾਂ। ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ ਹੀ।3। ਵੇਦਨ = (ਵਿਛੋੜੇ ਦੀ) ਦਰਦ। ਬਿਰਹੁ = ਮਿਲਣ ਦੀ ਸਿੱਕ। ਗੁਰੂ = ਹੇ ਗੁਰੂ! ਪੂਰਿ = ਪੂਰੀ ਕਰ। ਮੁਖਿ = ਮੂੰਹ ਵਿਚ। ਪਾਈ = ਪਾਈਂ, ਮੈਂ ਪਾਵਾਂ। ਹਰਿ = ਹੇ ਹਰੀ!।4। ਅਰਥ: ਮੈਂ ਤਦੋਂ ਹੀ ਆਤਮਕ ਜੀਵਨ ਪ੍ਰਾਪਤ ਕਰ ਸਕਦਾ ਹਾਂ ਜਦੋਂ ਮੈਨੂੰ (ਮੈਥੋਂ) ਵਿੱਛੁੜਿਆ ਹੋਇਆ ਮੇਰਾ ਹਰਿ-ਨਾਮ (ਮਿੱਤਰ) ਮਿਲ ਪਏ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਮੇਰੇ) ਮਨ ਵਿਚ ਹੀ (ਵੱਸਦਾ ਹੈ, ਪਰ) ਉਹ ਹਰਿ-ਨਾਮ-ਅੰਮ੍ਰਿਤ ਗੁਰੂ ਦੀ ਮਤਿ ਦੀ ਰਾਹੀਂ ਹੀ ਮੈਂ ਲੈ ਸਕਦਾ ਹਾਂ। (ਜੇ ਮੇਰਾ) ਮਨ (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ ਰੰਗਿਆ ਜਾਏ, ਤਾਂ ਮੈਂ ਸਦਾ ਹਰਿ-ਨਾਮ ਦਾ ਰਸ ਪੀਂਦਾ ਰਹਾਂ। ਜਦੋਂ (ਗੁਰੂ ਦੀ ਕਿਰਪਾ ਨਾਲ ਮੈਨੂੰ) ਹਰੀ ਮਿਲ ਪਏ ਤਾਂ ਮੈਂ ਆਪਣੇ ਮਨ ਵਿਚ ਜੀਊ ਪੈਂਦਾ ਹਾਂ।2। (ਹੇ ਭਾਈ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪ੍ਰੇਮ-ਤੀਰ ਵਿੱਝਾ ਹੋਇਆ ਹੈ (ਮੈਨੂੰ ਯਕੀਨ ਬਣ ਚੁਕਾ ਹੈ ਕਿ) ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ ਮੇਰਾ ਮਿੱਤਰ ਹੈ। ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ, ਤੇ ਤਦੋਂ ਮੈਂ ਹਰਿ-ਨਾਮ ਤੋਂ ਸਦਕੇ ਜਾਂਦਾ ਹਾਂ।2। ਹੇ ਸੰਤ ਜਨੋ! ਮੈਂ (ਤੁਹਾਥੋਂ) ਹਰਿ-ਸੱਜਣ ਹਰਿ-ਮਿੱਤਰ (ਦਾ ਪਤਾ) ਪੁੱਛਦਾ ਹਾਂ। ਹੇ ਸੰਤ ਜਨੋ! (ਮੈਨੂੰ ਉਸ ਦਾ ਪਤਾ) ਦੱਸੋ, ਮੈਂ ਉਸ ਹਰੀ-ਸੱਜਣ ਦੀ ਭਾਲ ਕਰਦਾ ਫਿਰਦਾ ਹਾਂ। ਹੇ ਸੰਤ ਜਨੋ! ਮੈਂ ਤਦੋਂ ਹੀ ਹਰਿ-ਮਿੱਤਰ ਨੂੰ ਮਿਲ ਸਕਦਾ ਹਾਂ ਜਦੋਂ ਪ੍ਰਸੰਨ ਹੋਇਆ ਸਤਿਗੁਰੂ (ਉਸ ਦਾ ਪਤਾ) ਦੱਸੇ, ਤਦੋਂ ਹੀ ਮੈਂ ਸਦਾ ਉਸ ਹਰੀ ਦੇ ਨਾਮ ਵਿਚ ਲੀਨ ਹੋ ਸਕਦਾ ਹਾਂ।3। ਹੇ ਸਤਿਗੁਰੂ! ਮੇਰੇ ਅੰਦਰ ਪ੍ਰਭੂ ਤੋਂ ਵਿਛੋੜੇ ਦੀ ਪੀੜ ਉੱਠ ਰਹੀ ਹੈ, ਮੇਰੇ ਅੰਦਰ ਪ੍ਰਭੂ ਦਾ ਪ੍ਰੇਮ ਜਾਗ ਪਿਆ ਹੈ, ਮੇਰੇ ਅੰਦਰ ਹਰੀ ਦੇ ਮਿਲਣ ਦੀ ਸਿੱਕ ਪੈਦਾ ਹੋ ਰਹੀ ਹੈ। ਹੇ ਗੁਰੂ! ਮੇਰੀ ਸਰਧਾ ਪੂਰੀ ਕਰ (ਤਾ ਕਿ) ਮੈਂ ਉਸ ਦਾ ਨਾਮ-ਅੰਮ੍ਰਿਤ (ਆਪਣੇ) ਮੂੰਹ ਵਿਚ ਪਾਵਾਂ। ਹੇ ਦਾਸ ਨਾਨਕ! (ਆਖ–) ਹੇ ਹਰੀ! ਮੇਰੇ ਉਤੇ ਦਿਆਲ ਹੋ, ਮੈਂ ਤੇਰਾ ਹਰਿ-ਨਾਮ ਧਿਆਵਾਂ, ਤੇ ਮੈਂ ਤੇਰਾ ਹਰਿ-ਨਾਮ-ਰਸ ਪ੍ਰਾਪਤ ਕਰਾਂ।4।6। 20।18। 32। 70। ਨੋਟ:
ਗਉੜੀ ਮਾਝ ਮ:4 = 6 ਸ਼ਬਦ ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥ ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥ ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥ ਊਚੇ ਮੰਦਰ ਸੁੰਦਰ ਛਾਇਆ ॥ ਝੂਠੇ ਲਾਲਚਿ ਜਨਮੁ ਗਵਾਇਆ ॥੧॥ ਹਸਤੀ ਘੋੜੇ ਦੇਖਿ ਵਿਗਾਸਾ ॥ ਲਸਕਰ ਜੋੜੇ ਨੇਬ ਖਵਾਸਾ ॥ ਗਲਿ ਜੇਵੜੀ ਹਉਮੈ ਕੇ ਫਾਸਾ ॥੨॥ ਰਾਜੁ ਕਮਾਵੈ ਦਹ ਦਿਸ ਸਾਰੀ ॥ ਮਾਣੈ ਰੰਗ ਭੋਗ ਬਹੁ ਨਾਰੀ ॥ ਜਿਉ ਨਰਪਤਿ ਸੁਪਨੈ ਭੇਖਾਰੀ ॥੩॥ ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ ॥ ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥ ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥ ਇਨਿ ਬਿਧਿ ਕੁਸਲ ਹੋਤ ਮੇਰੇ ਭਾਈ ॥ ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥ {ਪੰਨਾ 175-176} ਪਦ ਅਰਥ: ਕਿਨ = {ਨੋਟ: ਜਿਨ, ਤਿਨ, ਇਨ, ਕਿਨ = ਇਹ ਲਫ਼ਜ਼ ਬਹੁ-ਵਚਨ ਹਨ। ਇਹਨਾਂ ਦੇ ਇਕ- ਵਚਨ = ਜਿਨਿ, ਤਿਨਿ, ਇਨਿ, ਕਿਨਿ) ਕਿਨ੍ਹਾਂ? ਬਿਧਿ = ਤਰੀਕਾ। ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਕੁਸਲੁ = ਆਤਮਕ ਆਨੰਦ। ਕਿਉ = ਕਿਵੇਂ? ਸਹਾਈ = ਸਹਾਇਕ।1। ਰਹਾਉ। ਗ੍ਰਿਹਿ = ਘਰ (ਦੇ ਮੋਹ) ਵਿਚ। ਸੁੰਦਰ ਛਾਇਆ = ਸੁੰਦਰ (ਬਾਗ਼ਾਂ ਦੀ) ਛਾਂ। ਲਾਲਚਿ = ਲਾਲਚ ਵਿਚ।1। ਹਸਤੀ = ਹਾਥੀ। ਦੇਖਿ = ਵੇਖ ਕੇ। ਵਿਗਾਸਾ = ਖ਼ੁਸ਼ੀ। ਜੋੜੇ = ਇਕੱਠੇ ਕੀਤੇ। ਨੇਬ = ਨਾਇਬ, ਸਲਾਹਕਾਰ। ਖਵਾਸਾ = ਸ਼ਾਹੀ ਨੌਕਰ। ਗਲਿ = ਗਲ ਵਿਚ। ਫਾਸਾ = ਫਾਹੇ।2। ਦਹ ਦਿਸ = ਦਸੀਂ ਪਾਸੀਂ। ਸਾਰੀ = ਸਾਰੀ (ਸ੍ਰਿਸ਼ਟੀ) ਦਾ। ਨਰਪਤਿ = ਰਾਜਾ। ਭੇਖਾਰੀ = ਮੰਗਤਾ।3। ਮੋ ਕਉ = ਮੈਨੂੰ। ਭਾਇਆ = ਚੰਗਾ ਲੱਗਦਾ ਹੈ। ਮਾਰਿ = ਮਾਰ ਕੇ।4। ਇਨਿ ਬਿਧਿ = ਇਸ ਤਰੀਕੇ ਨਾਲ। ਇਉ = ਇਉਂ, ਇਸ ਤਰ੍ਹਾਂ। ਰਹਾਊ ਦੂਜਾ। ਨੋਟ: ਲਫ਼ਜ਼ "ਰਹਾਉ ਦੂਜਾ" ਦੇ ਅਖ਼ੀਰ ਤੇ ਇਸ ਪਹਿਲੇ ਸ਼ਬਦ ਦਾ ਅੰਕ 1 ਦਿੱਤਾ ਗਿਆ ਹੈ। ਪਰ ਪਿਛਲੇ 70 ਸ਼ਬਦਾਂ ਨੂੰ ਇਸ ਦੇ ਨਾਲ ਰਲਾ ਕੇ ਜੋੜ 71 ਨਹੀਂ ਦਿੱਤਾ ਗਿਆ। ਅਰਥ: ਹੇ ਮੇਰੇ ਵੀਰ! (ਮਨੁੱਖ ਦੇ ਅੰਦਰ) ਆਤਮਕ ਆਨੰਦ ਕਿਨ੍ਹਾਂ ਤਰੀਕਿਆਂ ਨਾਲ (ਪੈਦਾ) ਹੋ ਸਕਦਾ ਹੈ? (ਅਸਲ) ਮਿੱਤਰ ਹਰੀ-ਪਰਮਾਤਮਾ ਕਿਵੇਂ ਮਿਲ ਸਕਦਾ ਹੈ?।1। ਰਹਾਉ। ਘਰ (ਦੇ ਮੋਹ) ਵਿਚ ਆਤਮਕ ਸੁਖ ਨਹੀਂ ਹੈ, ਇਹ ਸਮਝਣ ਵਿਚ ਭੀ ਆਤਮਕ ਸੁਖ ਨਹੀਂ ਹੈ ਕਿ ਇਹ ਸਾਰੀ ਮਾਇਆ ਮੇਰੀ ਹੈ। ਉੱਚੇ ਮਹਲ-ਮਾੜੀਆਂ ਤੇ ਸੁੰਦਰ ਬਾਗਾਂ ਦੀ ਛਾਂ ਮਾਣਨ ਵਿਚ ਭੀ ਆਤਮਕ ਆਨੰਦ ਨਹੀਂ। (ਜਿਸ ਮਨੁੱਖ ਨੇ ਇਹਨਾਂ ਵਿਚ ਆਤਮਕ ਸੁਖ ਸਮਝਿਆ ਹੈ ਉਸ ਨੇ) ਝੂਠੇ ਲਾਲਚ ਵਿਚ (ਆਪਣਾ ਮਨੁੱਖਾ) ਜਨਮ ਗਵਾ ਲਿਆ ਹੈ। ਮਨੁੱਖ ਹਾਥੀ ਘੋੜੇ ਵੇਖ ਕੇ ਖ਼ੁਸ਼ੀ (ਮਹਿਸੂਸ ਕਰਦਾ ਹੈ) , ਫ਼ੌਜਾਂ ਇਕੱਠੀਆਂ ਕਰਦਾ ਹੈ, ਮੰਤਰੀ ਤੇ ਸ਼ਾਹੀ ਨੌਕਰ ਰੱਖਦਾ ਹੈ, ਪਰ ਉਸ ਦੇ ਗਲ ਵਿਚ ਹਉਮੈ ਦੀ ਰੱਸੀ ਹਉਮੈ ਦੇ ਫਾਹੇ ਹੀ ਪੈਂਦੇ ਹਨ।2। (ਰਾਜਾ ਬਣ ਕੇ ਮਨੁੱਖ) ਦਸੀਂ ਪਾਸੀਂ ਸਾਰੀ ਧਰਤੀ ਦਾ ਰਾਜ ਕਮਾਂਦਾ ਹੈ, ਮੌਜਾਂ ਮਾਣਦਾ ਹੈ, ਇਸਤ੍ਰੀਆਂ ਭੋਗਦਾ ਹੈ (ਪਰ ਇਹ ਸਭ ਕੁਝ ਇਉਂ ਹੀ ਹੈ) ਜਿਵੇਂ ਕੋਈ ਰਾਜਾ ਮੰਗਤਾ ਬਣ ਜਾਂਦਾ ਹੈ (ਤੇ ਦੁਖੀ ਹੁੰਦਾ ਹੈ, ਆਤਮਕ ਸੁਖ ਦੇ ਥਾਂ ਰਾਜ ਵਿਚ ਤੇ ਭੋਗਾਂ ਵਿਚ ਭੀ ਦੁੱਖ ਹੀ ਦੁੱਖ ਹੈ) ।3। ਸਤਿਗੁਰੂ ਨੇ ਮੈਨੂੰ ਅਸਲ ਆਤਮਕ ਸੁਖ (ਦਾ ਮੂਲ) ਦੱਸਿਆ ਹੈ (ਉਹ ਹੈ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ) । ਜੋ ਕੁਝ ਪਰਮਾਤਮਾ ਕਰਦਾ ਹੈ ਉਸ ਦੇ ਭਗਤਾਂ ਨੂੰ ਉਹ ਮਿੱਠਾ ਲੱਗਦਾ ਹੈ (ਤੇ ਉਹ ਇਸ ਤਰ੍ਹਾਂ ਆਤਮਕ ਸੁਖ ਮਾਣਦੇ ਹਨ) । ਹੇ ਦਾਸ ਨਾਨਕ! ਹਉਮੈ ਮਾਰ ਕੇ (ਵਡ-ਭਾਗੀ ਮਨੁੱਖ ਪਰਮਾਤਮਾ ਵਿਚ ਹੀ) ਲੀਨ ਰਹਿੰਦਾ ਹੈ।4। ਹੇ ਮੇਰੇ ਵੀਰ! ਇਸ ਤਰੀਕੇ ਨਾਲ (ਭਾਵ, ਰਜ਼ਾ ਵਿਚ ਰਾਜ਼ੀ ਰਹਿਣ ਨਾਲ) ਆਤਮਕ ਆਨੰਦ ਪੈਦਾ ਹੁੰਦਾ ਹੈ, ਇਸ ਤਰ੍ਹਾਂ (ਹੀ) ਅਸਲ ਮਿੱਤਰ ਹਰੀ-ਪਰਮਾਤਮਾ ਮਿਲਦਾ ਹੈ।1। ਰਹਾਉ ਦੂਜਾ।1। |
Sri Guru Granth Darpan, by Professor Sahib Singh |