ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 176

ਗਉੜੀ ਗੁਆਰੇਰੀ ਮਹਲਾ ੫ ॥ ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ ॥ ਜਾ ਜਲਿ ਥਲਿ ਮਹੀਅਲਿ ਰਵਿਆ ਸੋਈ ॥ ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ॥੧॥ ਜਿਸੁ ਰਾਖੈ ਆਪਿ ਰਾਮੁ ਦਇਆਰਾ ॥ ਤਿਸੁ ਨਹੀ ਦੂਜਾ ਕੋ ਪਹੁਚਨਹਾਰਾ ॥੧॥ ਰਹਾਉ ॥ ਸਭ ਮਹਿ ਵਰਤੈ ਏਕੁ ਅਨੰਤਾ ॥ ਤਾ ਤੂੰ ਸੁਖਿ ਸੋਉ ਹੋਇ ਅਚਿੰਤਾ ॥ ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ ॥੨॥ ਮਨਮੁਖ ਮੁਏ ਜਿਨ ਦੂਜੀ ਪਿਆਸਾ ॥ ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ ॥ ਜੈਸਾ ਬੀਜਹਿ ਤੈਸਾ ਖਾਸਾ ॥੩॥ ਦੇਖਿ ਦਰਸੁ ਮਨਿ ਭਇਆ ਵਿਗਾਸਾ ॥ ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ ॥ ਜਨ ਨਾਨਕ ਕੀ ਹਰਿ ਪੂਰਨ ਆਸਾ ॥੪॥੨॥੭੧॥ {ਪੰਨਾ 176}

ਪਦ ਅਰਥ: ਭ੍ਰਮੁ = ਭਟਕਣਾ। ਭ੍ਰਮੀਐ = ਭਟਕਦੇ ਫਿਰੀਏ। ਕਿਉ ਭ੍ਰਮੀਐ = ਭਟਕਣਾ ਮੁੱਕ ਜਾਂਦੀ ਹੈ। ਜਾ = ਜਦੋਂ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਸਤਹ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਉਬਰੇ = (ਤ੍ਰਿਸ਼ਨਾ ਤੋਂ) ਬਚ ਜਾਂਦੇ ਹਨ। ਮਨਮੁਖ = ਆਪਣੇ ਮਨ ਵਲ ਰੁਖ਼ ਰੱਖਣ ਵਾਲੇ ਮਨੁੱਖ। ਪਤਿ = ਇੱਜ਼ਤ।1।

ਰਾਖੈ = (ਤ੍ਰਿਸ਼ਨਾ ਤੋਂ) ਬਚਾਂਦਾ ਹੈ। ਦਇਆਰਾ = ਦਇਆਲ, ਦਇਆ ਦਾ ਘਰ। ਪਹੁਚਨਹਾਰਾ = ਬਰਾਬਰੀ ਕਰ ਸਕਣ ਵਾਲਾ।1। ਰਹਾਉ।

ਵਰਤੈ = ਮੌਜੂਦ ਹੈ। ਤਾ = ਤਦੋਂ। ਸੁਖਿ = ਆਤਮਕ ਆਨੰਦ ਵਿਚ। ਸੋਉ = ਸੌਂ, ਲੀਨ ਰਹੁ। ਅਚਿੰਤਾ = ਚਿੰਤਾ-ਰਹਿਤ ਹੋ ਕੇ। ਓਹੁ = ਉਹ ਪਰਮਾਤਮਾ। ਵਰਤੰਤਾ = ਵਾਪਰਦਾ ਹੈ।2।

ਮੁਏ = ਆਤਮਕ ਮੌਤ ਮਰ ਗਏ। ਦੂਜੀ ਪਿਆਸਾ = ਪ੍ਰਭੂ ਤੋਂ ਬਿਨਾ ਹੋਰ ਤਾਂਘ। ਭਵਹਿ = ਭੌਂਦੇ ਹਨ। ਧੁਰਿ = ਧੁਰ ਤੋਂ। ਕਿਰਤਿ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ।3।

ਦੇਖਿ = ਵੇਖ ਕੇ। ਮਨਿ = ਮਨ ਵਿਚ। ਵਿਗਾਸਾ = ਖਿੜਾਉ। ਨਦਰੀ ਆਇਆ = ਦਿੱਸਿਆ।4।

ਅਰਥ: (ਹੇ ਭਾਈ!) ਜਿਸ ਮਨੁੱਖ ਨੂੰ ਦਇਆਲ ਪ੍ਰਭੂ ਆਪ (ਤ੍ਰਿਸ਼ਨਾ ਤੋਂ) ਬਚਾਂਦਾ ਹੈ (ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ।1। ਰਹਾਉ।

ਜਦੋਂ (ਇਹ ਯਕੀਨ ਬਣ ਜਾਏ ਕਿ) ਉਹ ਪ੍ਰਭੂ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪਕ ਹੈ ਤਦੋਂ ਮਨ ਭਟਕਣੋਂ ਹਟ ਜਾਂਦਾ ਹੈ ਕਿਉਂਕਿ ਕਿਸੇ ਮਾਇਕ ਪਦਾਰਥ ਦੀ ਖ਼ਾਤਰ ਭਟਕਣਾ ਰਹਿੰਦੀ ਹੀ ਨਹੀਂ। (ਪਰ ਤ੍ਰਿਸ਼ਨਾ ਦੇ ਪ੍ਰਭਾਵ ਤੋਂ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ) ਬਚਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਤ੍ਰਿਸ਼ਨਾ ਵਿਚ ਫਸ ਕੇ ਆਪਣੀ) ਇੱਜ਼ਤ ਗਵਾ ਲੈਂਦੇ ਹਨ (ਕਿਉਂਕਿ ਉਹ ਆਤਮਕ ਜੀਵਨ ਦੀ ਪੱਧਰ ਤੋਂ ਨੀਵੇਂ ਹੋ ਜਾਂਦੇ ਹਨ) ।1।

(ਹੇ ਭਾਈ!) ਤੂੰ ਤਦੋਂ ਹੀ ਚਿੰਤਾ-ਰਹਿਤ ਹੋ ਕੇ ਆਤਮਕ ਆਨੰਦ ਵਿਚ ਲੀਨ ਰਹਿ ਸਕਦਾ ਹੈਂ (ਜਦੋਂ ਤੈਨੂੰ ਇਹ ਨਿਸ਼ਚਾ ਹੋ ਜਾਵੇ ਕਿ) ਇਕ ਬੇਅੰਤ ਪ੍ਰਭੂ ਹੀ ਸਭ ਵਿਚ ਵਿਆਪਕ ਹੈ, ਤੇ, ਜੋ ਕੁਝ ਜਗਤ ਵਿਚ ਵਾਪਰਦਾ ਹੈ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ।2।

ਜਿਨ੍ਹਾਂ ਮਨੁੱਖਾਂ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ, ਉਹ ਆਪਣੇ ਮਨ ਦੇ ਮੁਰੀਦ ਮਨੁੱਖ ਆਤਮਕ ਮੌਤੇ ਮਰੇ ਰਹਿੰਦੇ ਹਨ ਕਿਉਂਕਿ ਉਹ ਜਿਹੋ ਜਿਹਾ (ਕਰਮ-ਬੀਜ) ਬੀਜਦੇ ਹਨ ਉਹੋ ਜਿਹਾ (ਫਲ) ਖਾਂਦੇ ਹਨ। ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਉਹਨਾਂ ਦੇ ਮੱਥੇ ਉਤੇ ਅਜੇਹਾ ਲੇਖ ਲਿਖਿਆ ਹੁੰਦਾ ਹੈ ਕਿ ਉਹ ਅਨੇਕਾਂ ਜੂਨਾਂ ਵਿਚ ਭਟਕਦੇ ਫਿਰਦੇ ਹਨ।3।

(ਹਰ ਥਾਂ) ਪਰਮਾਤਮਾ ਦਾ ਦਰਸਨ ਕਰ ਕੇ ਜਿਸ ਮਨੁੱਖ ਦੇ ਮਨ ਵਿਚ ਖਿੜਾਉ ਪੈਦਾ ਹੁੰਦਾ ਹੈ, ਉਸ ਨੂੰ ਹਰ ਥਾਂ ਪਰਮਾਤਮਾ ਹੀ ਪ੍ਰਕਾਸ਼ ਕਰ ਰਿਹਾ ਦਿੱਸਦਾ ਹੈ, ਹੇ ਨਾਨਕ! ਉਸ ਦਾਸ ਦੀ ਪਰਮਾਤਮਾ (ਹਰੇਕ) ਆਸ ਪੂਰੀ ਕਰਦਾ ਹੈ।4।2। 71।

ਨੋਟ: ਗੁਰੂ ਅਰਜਨ ਸਾਹਿਬ ਦਾ ਗਉੜੀ ਰਾਗ ਵਿਚ ਇਹ ਦੂਜਾ ਸ਼ਬਦ ਹੈ। ਪਹਿਲੇ ਸਾਰੇ ਸ਼ਬਦਾਂ ਦਾ ਜੋੜ 70 ਹੈ। ਇਥੇ ਵੱਡਾ ਜੋੜ 72 ਚਾਹੀਦਾ ਸੀ। ਗੁਰੂ ਅਰਜਨ ਸਾਹਿਬ ਦੇ ਸ਼ਬਦ ਨੰ: 105 ਤਕ ਇਹੀ ਇੱਕ ਦੀ ਘਾਟ ਤੁਰੀ ਜਾਂਦੀ ਹੈ। ਸ਼ਬਦ ਨੰ: 106 ਤੋਂ ਵੱਡਾ ਅੰਕ ਦਰਜ ਕਰਨਾ ਹੀ ਬੰਦ ਕਰ ਦਿੱਤਾ ਗਿਆ ਹੈ।

ਗਉੜੀ ਗੁਆਰੇਰੀ ਮਹਲਾ ੫ ॥ ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ {ਪੰਨਾ 176}

ਪਦ ਅਰਥ: ਕੀਟ = ਕੀੜੇ। ਗਜ = ਹਾਥੀ। ਮੀਨ = ਮੱਛੀ। ਕੁਰੰਗ = ਹਿਰਨ। ਪੰਖੀ = ਪੰਛੀ। ਸਰਪ = ਸੱਪ। ਹੈਵਰ = {hX-vr} ਵਧੀਆ ਘੋੜੇ। ਬ੍ਰਿਖ = {vã = } ਬਲਦ। ਜੋਇਓ = ਜੋਇਆ ਗਿਆ, ਜੋਤਿਆ ਗਿਆ।1।

ਜਗਦੀਸ = ਜਗਤ ਦੇ ਮਾਲਕ ਪ੍ਰਭੂ ਨੂੰ। ਬਰੀਆ = ਵਾਰੀ, ਸਮਾ। ਦੇਹ = ਸਰੀਰ। ਸੰਜਰੀਆ = ਮਿਲੀ ਹੈ।1। ਰਹਾਉ।

ਸੈਲ = ਪੱਥਰ। ਗਿਰਿ = ਪਹਾੜ। ਹਿਰਿ ਖਰਿਆ = ਛਣ ਗਏ, ਡਿੱਗ ਗਏ। ਸਾਖ = ਸ਼ਾਖਾ, ਬਨਸਪਤੀ। ਕਰਿ = ਬਣਾ ਕੇ।2।

ਸੰਗਿ = ਸੰਗਤਿ ਵਿਚ (ਆ) । ਭਜੁ = ਭਜਨ ਕਰ। ਮਰਹਿ = ਜੇ ਤੂੰ (ਆਪਾ-ਭਾਵ ਵਲੋਂ) ਮਰੇਂ।3।

ਤੁਝ ਤੇ = ਤੇਰੇ ਪਾਸੋਂ (ਹੇ ਪ੍ਰਭੂ!) ਹੋਗੁ = ਹੋਵੇਗਾ। ਕਰਣੈ ਜੋਗੁ = ਕਰਨ ਦੀ ਸਮਰੱਥਾ ਵਾਲਾ।4।

ਅਰਥ: (ਹੇ ਭਾਈ!) ਚਿਰ ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ, ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ, (ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ।1। ਰਹਾਉ।

(ਹੇ ਭਾਈ!) ਤੂੰ ਕਈ ਜਨਮਾਂ ਵਿਚ ਕੀੜੇ ਪਤੰਗੇ ਬਣਦਾ ਰਿਹਾ, ਕਈ ਜਨਮਾਂ ਵਿਚ ਹਾਥੀ ਮੱਛ ਹਿਰਨ ਬਣਦਾ ਰਿਹਾ। ਕਈ ਜਨਮਾਂ ਵਿਚ ਤੂੰ ਪੰਛੀ ਤੇ ਸੱਪ ਬਣਿਆ, ਕਈ ਜਨਮਾਂ ਵਿਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ।1।

(ਹੇ ਭਾਈ!) ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ, ਕਈ ਜਨਮਾਂ ਵਿਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ। ਕਈ ਜਨਮਾਂ ਵਿਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ, ਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿਚ ਤੈਨੂੰ ਭਵਾਇਆ ਗਿਆ।2।

(ਹੇ ਭਾਈ! ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ, ਸਾਧ ਸੰਗਤਿ ਵਿਚ (ਆ) , ਗੁਰੂ ਦੀ ਮਤਿ ਲੈ ਕੇ (ਖ਼ਲਕਤਿ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ। ਮਾਣ, ਝੂਠ ਤੇ ਅਹੰਕਾਰ ਛੱਡ ਦੇਹ। ਤੂੰ (ਪਰਮਾਤਮਾ ਦੀ) ਦਰਗਾਹ ਵਿਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ ਵਲੋਂ ਮਰੇਂਗਾ।3।

ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ) ਆਖ– (ਹੇ ਪ੍ਰਭੂ! ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ ਸਮਰੱਥਾ ਹੋ ਸਕਦੀ ਹੈ?) ਜੋ ਕੁਝ (ਜਗਤ ਵਿਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ। (ਤੈਥੋਂ ਬਿਨਾ) ਹੋਰ ਕੋਈ ਭੀ ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ। ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿਚ) ਮਿਲਾ ਲਏਂ, ਤਦੋਂ ਹੀ ਜੀਵ ਹਰਿ-ਗੁਣ ਗਾ ਸਕਦਾ ਹੈ।4।3। 72।

ਨੋਟ: ਇਥੇ ਗਿਣਤੀ ਦਾ ਅਸਲ ਨੰਬਰ 73 ਚਾਹੀਦਾ ਹੈ।

ਗਉੜੀ ਗੁਆਰੇਰੀ ਮਹਲਾ ੫ ॥ ਕਰਮ ਭੂਮਿ ਮਹਿ ਬੋਅਹੁ ਨਾਮੁ ॥ ਪੂਰਨ ਹੋਇ ਤੁਮਾਰਾ ਕਾਮੁ ॥ ਫਲ ਪਾਵਹਿ ਮਿਟੈ ਜਮ ਤ੍ਰਾਸ ॥ ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥੧॥ ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ ॥ ਸੀਘਰ ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥ ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥ ਤਾ ਤੂੰ ਦਰਗਹ ਪਾਵਹਿ ਮਾਨੁ ॥ ਉਕਤਿ ਸਿਆਣਪ ਸਗਲੀ ਤਿਆਗੁ ॥ ਸੰਤ ਜਨਾ ਕੀ ਚਰਣੀ ਲਾਗੁ ॥੨॥ ਸਰਬ ਜੀਅ ਹਹਿ ਜਾ ਕੈ ਹਾਥਿ ॥ ਕਦੇ ਨ ਵਿਛੁੜੈ ਸਭ ਕੈ ਸਾਥਿ ॥ ਉਪਾਵ ਛੋਡਿ ਗਹੁ ਤਿਸ ਕੀ ਓਟ ॥ ਨਿਮਖ ਮਾਹਿ ਹੋਵੈ ਤੇਰੀ ਛੋਟਿ ॥੩॥ ਸਦਾ ਨਿਕਟਿ ਕਰਿ ਤਿਸ ਨੋ ਜਾਣੁ ॥ ਪ੍ਰਭ ਕੀ ਆਗਿਆ ਸਤਿ ਕਰਿ ਮਾਨੁ ॥ ਗੁਰ ਕੈ ਬਚਨਿ ਮਿਟਾਵਹੁ ਆਪੁ ॥ ਹਰਿ ਹਰਿ ਨਾਮੁ ਨਾਨਕ ਜਪਿ ਜਾਪੁ ॥੪॥੪॥੭੩॥ {ਪੰਨਾ 176-177}

ਪਦ ਅਰਥ: ਭੂਮਿ = ਧਰਤੀ। ਕਰਮ ਭੂਮਿ = ਉਹ ਧਰਤੀ ਜਿਸ ਵਿਚ ਕਰਮ ਬੀਜੇ ਜਾ ਸਕਦੇ ਹਨ, ਮਨੁੱਖਾ ਸਰੀਰ। ਬੋਅਹੁ = ਬੀਜੋ। ਕਾਮੁ = ਕੰਮ, ਜੀਵਨ-ਮਨੋਰਥ। ਤ੍ਰਾਸ = ਡਰ। ਜਮ ਤ੍ਰਾਸ = ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ। ਜਾਸ = ਜਸ।1।

ਅੰਤਰਿ = ਅੰਦਰੇ। ਉਰਿ = ਹਿਰਦੇ ਵਿਚ। ਧਾਰਿ = ਰੱਖ। ਸੀਘਰ = ਛੇਤੀ। ਕਾਰਜੁ = ਜੀਵਨ-ਮਨੋਰਥ।1। ਰਹਾਉ।

ਸਿਉ = ਨਾਲ। ਸਾਵਧਾਨੁ = (s-AvDwn) ਸੁਚੇਤ। ਸ = ਸਹਿਤ, ਸਮੇਤ। ਅਵਧਾਨ = ਧਿਆਨ (attention) । ਮਾਨੁ = ਆਦਰ। ਉਕਤਿ = ਬਿਆਨ ਕਰਨ ਦੀ ਸ਼ਕਤੀ, ਦਲੀਲ। ਸਗਲੀ = ਸਾਰੀ।2।

ਜੀਅ = ਜੀਵ। ਹਾਥਿ = ਹੱਥ ਵਿਚ। ਜਾ ਕੈ ਹਾਥਿ = ਜਿਸ ਦੇ ਹੱਥ ਵਿਚ। ਸਾਥਿ = ਨਾਲ। ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ। ਸੰਸਕ੍ਰਿਤ ਲਫ਼ਜ਼ ਹੈ apwX) ਢੰਗ, ਜਤਨ। ਗਹੁ = ਫੜ। ਓਟ = ਆਸਰਾ। ਨਿਮਖ = ਅੱਖ ਝਮਕਣ ਜਿਤਨਾ ਸਮਾ। ਛੋਟਿ = ਖ਼ਲਾਸੀ।3।

ਨਿਕਟਿ = ਨੇੜੇ। ਤਿਸ ਨੋ = (ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ') ਉਸ (ਪ੍ਰਭੂ) ਨੂੰ। ਜਾਣੁ = ਸਮਝ। ਸਤਿ = (sÄX) ਅਟੱਲ, ਸੱਚ। ਬਚਨਿ = ਬਚਨ ਦੀ ਰਾਹੀਂ। ਆਪੁ = ਆਪਾ-ਭਾਵ। ਜਪਿ ਜਾਪੁ = ਜਾਪ ਜਪ।4।

ਅਰਥ: (ਹੇ ਭਾਈ!) ਆਪਣੇ ਅੰਦਰ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸੰਭਾਲ ਕੇ ਰੱਖ ਤੇ (ਇਸ ਤਰ੍ਹਾਂ) ਆਪਣਾ ਮਨੁੱਖਾ ਜੀਵਨ ਦਾ ਮਨੋਰਥ ਸਵਾਰ ਲੈ।1। ਰਹਾਉ।

(ਹੇ ਭਾਈ!) ਕਰਮ ਬੀਜਣ ਵਾਲੀ ਧਰਤੀ ਵਿਚ (ਮਨੁੱਖਾ ਸਰੀਰ ਵਿਚ) ਪਰਮਾਤਮਾ ਦਾ ਨਾਮ ਬੀਜ, ਇਸ ਤਰ੍ਹਾਂ ਤੇਰਾ (ਮਨੁੱਖਾ ਜੀਵਨ ਦਾ) ਮਨੋਰਥ ਸਿਰੇ ਚੜ੍ਹ ਜਾਇਗਾ। (ਹੇ ਭਾਈ!) ਜੇ ਤੂੰ ਨਿੱਤ ਪਰਮਾਤਮਾ ਦੇ ਗੁਣ ਗਾਵੇਂ, ਜੇ ਨਿੱਤ ਪਰਮਾਤਮਾ ਦਾ ਜਸ ਗਾਵੇਂ, ਤਾਂ ਇਸ ਦਾ ਇਹ ਫਲ ਹਾਸਲ ਕਰੇਂਗਾ ਕਿ ਤੇਰਾ ਆਤਮਕ ਮੌਤ ਦਾ ਖ਼ਤਰਾ ਮਿਟ ਜਾਇਗਾ।1।

(ਹੇ ਭਾਈ!) ਆਪਣੀਆਂ ਦਲੀਲਾਂ ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇਹ, ਗੁਰਮੁਖਾਂ ਦੀ ਸਰਨ ਪਉ (ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਦਾ ਸਦਕਾ) ਆਪਣੇ ਪਰਮਾਤਮਾ ਨਾਲ (ਪਰਮਾਤਮਾ ਦੀ ਯਾਦ ਵਿਚ) ਸੁਚੇਤ ਰਹੁ (ਜਦੋਂ ਤੂੰ ਇਹ ਉੱਦਮ ਕਰੇਂਗਾ) ਤਦੋਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੇਂਗਾ।2।

(ਹੇ ਭਾਈ!) ਸਾਰੇ ਜੀਵ ਜੰਤ ਜਿਸ ਪਰਮਾਤਮਾ ਦੇ ਵੱਸ ਵਿਚ (ਹੱਥ ਵਿਚ) ਹਨ, ਜੇਹੜਾ ਪ੍ਰਭੂ ਕਦੇ ਭੀ (ਜੀਵਾਂ ਤੋਂ) ਵੱਖ ਨਹੀਂ ਹੁੰਦਾ, (ਸਦਾ) ਸਭ ਜੀਵਾਂ ਦੇ ਨਾਲ ਰਹਿੰਦਾ ਹੈ, ਆਪਣੇ ਹੀਲੇ-ਜਤਨ ਛੱਡ ਕੇ ਉਸ ਪਰਮਾਤਮਾ ਦਾ ਆਸਰਾ-ਪਰਨਾ ਫੜ, ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਤੇਰੀ ਖ਼ਲਾਸੀ ਹੋ ਜਾਇਗੀ।3।

ਹੇ ਨਾਨਕ! ਉਸ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਸਮਝ, ਇਹ ਨਿਸ਼ਚਾ ਕਰ ਕੇ ਮੰਨ ਕਿ ਪਰਮਾਤਮਾ ਦੀ ਰਜ਼ਾ ਅਟੱਲ ਹੈ। ਗੁਰੂ ਦੇ ਬਚਨ ਵਿਚ (ਜੁੜ ਕੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ, ਸਦਾ ਪਰਮਾਤਮਾ ਦਾ ਨਾਮ ਜਪ, ਸਦਾ ਪ੍ਰਭੂ (ਦੇ ਗੁਣਾਂ) ਦਾ ਜਾਪ ਜਪ।4। 4। 73।

TOP OF PAGE

Sri Guru Granth Darpan, by Professor Sahib Singh