ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 177

ਗਉੜੀ ਗੁਆਰੇਰੀ ਮਹਲਾ ੫ ॥ ਗੁਰ ਕਾ ਬਚਨੁ ਸਦਾ ਅਬਿਨਾਸੀ ॥ ਗੁਰ ਕੈ ਬਚਨਿ ਕਟੀ ਜਮ ਫਾਸੀ ॥ ਗੁਰ ਕਾ ਬਚਨੁ ਜੀਅ ਕੈ ਸੰਗਿ ॥ ਗੁਰ ਕੈ ਬਚਨਿ ਰਚੈ ਰਾਮ ਕੈ ਰੰਗਿ ॥੧॥ ਜੋ ਗੁਰਿ ਦੀਆ ਸੁ ਮਨ ਕੈ ਕਾਮਿ ॥ ਸੰਤ ਕਾ ਕੀਆ ਸਤਿ ਕਰਿ ਮਾਨਿ ॥੧॥ ਰਹਾਉ ॥ ਗੁਰ ਕਾ ਬਚਨੁ ਅਟਲ ਅਛੇਦ ॥ ਗੁਰ ਕੈ ਬਚਨਿ ਕਟੇ ਭ੍ਰਮ ਭੇਦ ॥ ਗੁਰ ਕਾ ਬਚਨੁ ਕਤਹੁ ਨ ਜਾਇ ॥ ਗੁਰ ਕੈ ਬਚਨਿ ਹਰਿ ਕੇ ਗੁਣ ਗਾਇ ॥੨॥ ਗੁਰ ਕਾ ਬਚਨੁ ਜੀਅ ਕੈ ਸਾਥ ॥ ਗੁਰ ਕਾ ਬਚਨੁ ਅਨਾਥ ਕੋ ਨਾਥ ॥ ਗੁਰ ਕੈ ਬਚਨਿ ਨਰਕਿ ਨ ਪਵੈ ॥ ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ ॥੩॥ ਗੁਰ ਕਾ ਬਚਨੁ ਪਰਗਟੁ ਸੰਸਾਰਿ ॥ ਗੁਰ ਕੈ ਬਚਨਿ ਨ ਆਵੈ ਹਾਰਿ ॥ ਜਿਸੁ ਜਨ ਹੋਏ ਆਪਿ ਕ੍ਰਿਪਾਲ ॥ ਨਾਨਕ ਸਤਿਗੁਰ ਸਦਾ ਦਇਆਲ ॥੪॥੫॥੭੪॥ {ਪੰਨਾ 177}

ਪਦ ਅਰਥ: ਅਬਿਨਾਸੀ = ਨਾਹ ਨਾਸ ਹੋਣ ਵਾਲਾ, ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ। ਬਚਨਿ = ਬਚਨ ਦੀ ਰਾਹੀਂ। ਜਮ ਫਾਸੀ = ਮੌਤ ਦੀ ਫਾਹੀ, ਆਤਮਕ ਮੌਤ ਲਿਆਉਣ ਵਾਲੀ ਮੋਹ ਦੀ ਫਾਹੀ। ਜੀਅ ਕੈ ਸੰਗਿ = ਜਿੰਦ ਦੇ ਨਾਲ। ਰਚੈ = ਰਚਦਾ ਹੈ, ਜੁੜਿਆ ਰਹਿੰਦਾ ਹੈ। ਰੰਗਿ = ਰੰਗ ਵਿਚ, ਪ੍ਰੇਮ ਵਿਚ।1।

ਗੁਰਿ = ਗੁਰੂ ਨੇ। ਕਾਮਿ = ਕੰਮ ਵਿਚ। ਮਨ ਕੈ ਕਾਮਿ = ਮਨ ਦੇ ਕੰਮ ਵਿਚ। ਸੰਤ = ਗੁਰੂ। ਸਤਿ = ਅਟੱਲ, ਸਦਾ ਕੰਮ ਆਉਣ ਵਾਲਾ। ਮਾਨਿ = ਮੰਨ, ਜਾਣ।1। ਰਹਾਉ'।

ਅਟਲ = ਕਦੇ ਨਾਹ ਟਲਣ ਵਾਲਾ। ਅਛੇਦ = ਕਦੇ ਨਾਹ ਨਾਸ ਹੋਣ ਵਾਲਾ। ਭ੍ਰਮ = ਭਟਕਣਾ। ਭੇਦ = ਵਿਤਕਰੇ। ਕਤਹੁ = ਕਿਤੇ ਭੀ। ਜਾਇ = ਜਾਂਦਾ ਹੈ। ਗਾਇ = ਗਾਂਦਾ ਹੈ।2।

ਸਾਥਿ = ਨਾਲ। ਨਾਥੁ = ਖਸਮ, ਆਸਰਾ। ਨਰਕਿ = ਨਰਕ ਵਿਚ। ਰਸਨਾ = ਜੀਭ (ਨਾਲ) । ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਵੈ = ਮਾਣਦਾ ਹੈ।3।

ਸੰਸਾਰਿ = ਸੰਸਾਰ ਵਿਚ। ਹਾਰਿ = ਹਾਰ ਕੇ, (ਜੀਵਨ-ਬਾਜ਼ੀ) ਹਾਰ ਕੇ।4।

ਅਰਥ: (ਹੇ ਭਾਈ!) ਜੋ (ਉਪਦੇਸ਼) ਗੁਰੂ ਨੇ ਦਿੱਤਾ ਹੈ, ਉਹ (ਹਰੇਕ ਮਨੁੱਖ ਦੇ) ਮਨ ਦੇ ਕੰਮ ਆਉਂਦਾ ਹੈ, (ਇਸ ਵਾਸਤੇ, ਹੇ ਭਾਈ!) ਗੁਰੂ ਦੇ ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ।1। ਰਹਾਉ।

ਗੁਰੂ ਦਾ ਉਪਦੇਸ਼ ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ, ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ। ਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੁੜਿਆ ਰਹਿੰਦਾ ਹੈ।1।

ਗੁਰੂ ਦਾ ਉਪਦੇਸ਼ ਸਦਾ ਮਨੁੱਖ ਦੇ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ, ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ। ਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਦੀ ਭਟਕਣਾ ਮਨੁੱਖ ਦੇ ਵਿਤਕਰੇ ਕੱਟੇ ਜਾਂਦੇ ਹਨ। ਗੁਰੂ ਦਾ ਉਪਦੇਸ਼ ਕਦੇ ਵਿਅਰਥ ਨਹੀਂ ਜਾਂਦਾ। ਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ (ਰਹਿੰਦਾ) ਹੈ।2।

ਗੁਰੂ ਦਾ ਉਪਦੇਸ਼ ਜਿੰਦ ਦੇ ਨਾਲ ਨਿਭਦਾ ਹੈ। ਗੁਰੂ ਦਾ ਉਪਦੇਸ਼ ਨਿਆਸਰੀਆਂ ਜਿੰਦਾਂ ਦਾ ਸਹਾਰਾ ਬਣਦਾ ਹੈ। ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਨਰਕ ਵਿਚ ਨਹੀਂ ਪੈਂਦਾ, ਤੇ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਆਪਣੀ ਜੀਭ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹੈ।3।

ਗੁਰੂ ਦਾ ਉਪਦੇਸ਼ ਮਨੁੱਖ ਨੂੰ ਸੰਸਾਰ ਵਿਚ ਪਰਸਿੱਧ ਕਰ ਦੇਂਦਾ ਹੈ। ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਂਦਾ। ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰਬਾਨ ਹੁੰਦਾ ਹੈ ਉਸ ਉਤੇ ਸਤਿਗੁਰੂ ਸਦਾ ਦਇਆ-ਦ੍ਰਿਸ਼ਟੀ ਕਰਦਾ ਰਹਿੰਦਾ ਹੈ।4।5। 74।

ਗਉੜੀ ਗੁਆਰੇਰੀ ਮਹਲਾ ੫ ॥ ਜਿਨਿ ਕੀਤਾ ਮਾਟੀ ਤੇ ਰਤਨੁ ॥ ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ ॥ ਜਿਨਿ ਦੀਨੀ ਸੋਭਾ ਵਡਿਆਈ ॥ ਤਿਸੁ ਪ੍ਰਭ ਕਉ ਆਠ ਪਹਰ ਧਿਆਈ ॥੧॥ ਰਮਈਆ ਰੇਨੁ ਸਾਧ ਜਨ ਪਾਵਉ ॥ ਗੁਰ ਮਿਲਿ ਅਪੁਨਾ ਖਸਮੁ ਧਿਆਵਉ ॥੧॥ ਰਹਾਉ ॥ ਜਿਨਿ ਕੀਤਾ ਮੂੜ ਤੇ ਬਕਤਾ ॥ ਜਿਨਿ ਕੀਤਾ ਬੇਸੁਰਤ ਤੇ ਸੁਰਤਾ ॥ ਜਿਸੁ ਪਰਸਾਦਿ ਨਵੈ ਨਿਧਿ ਪਾਈ ॥ ਸੋ ਪ੍ਰਭੁ ਮਨ ਤੇ ਬਿਸਰਤ ਨਾਹੀ ॥੨॥ ਜਿਨਿ ਦੀਆ ਨਿਥਾਵੇ ਕਉ ਥਾਨੁ ॥ ਜਿਨਿ ਦੀਆ ਨਿਮਾਨੇ ਕਉ ਮਾਨੁ ॥ ਜਿਨਿ ਕੀਨੀ ਸਭ ਪੂਰਨ ਆਸਾ ॥ ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥੩॥ ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ ॥ ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ ॥ ਕਹੁ ਨਾਨਕ ਇਸ ਤੇ ਕਿਛੁ ਨਾਹੀ ॥ ਰਾਖਨਹਾਰੇ ਕਉ ਸਾਲਾਹੀ ॥੪॥੬॥੭੫॥ {ਪੰਨਾ 177}

ਪਦ ਅਰਥ: ਜਿਨਿ = ਜਿਸ (ਕਰਤਾਰ) ਨੇ। ਰਤਨੁ = ਅਮੋਲਕ ਮਨੁੱਖਾ ਸਰੀਰ। ਗਰਭ = ਮਾਂ ਦਾ ਪੇਟ। ਕਰਿ = ਕਰ ਕੇ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।1।

ਰਮਈਆ = ਹੇ ਰਾਮ! ਰੇਨੁ = ਚਰਨ-ਧੂੜ। ਪਾਵਉਂ, ਮੈਂ ਪਾ ਲਵਾਂ। ਮਿਲਿ = ਮਿਲ ਕੇ।1। ਰਹਾਉ।

ਮੂੜ = ਮੂਰਖ। ਤੇ = ਤੋਂ। ਬਕਤਾ = ਚੰਗਾ ਬੋਲਣ ਵਾਲਾ। ਬੇਸੁਰਤ = ਬੇਸਮਝ। ਸੁਰਤਾ = ਸਮਝ ਵਾਲਾ। ਪਰਸਾਦਿ = ਕਿਰਪਾ ਨਾਲ। ਨਵੈ ਨਿਧਿ = ਨੌ ਹੀ ਖ਼ਜ਼ਾਨੇ। ਪਾਈ = ਪਾਈਂ, ਮੈਂ ਹਾਸਲ ਕਰਦਾ ਹਾਂ।2।

ਕੀਨੀ = ਕੀਤੀ। ਸਿਮਰਉ = ਮੈਂ ਸਿਮਰਦਾ ਹਾਂ। ਰੈਨਿ = ਰਾਤ। ਗਿਰਾਸਾ = ਗਿਰਾਹੀ।3।

ਸਿਲਕ = ਫਾਹੀ। ਬਿਖੁ = ਜ਼ਹਰ। ਖਾਟੀ = (ktu) ਕੌੜੀ। ਇਸ ਤੇ = ਇਸ ਜੀਵ ਪਾਸੋਂ (ਲਫ਼ਜ਼ 'ਇਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ) । ਸਾਲਾਹੀ = ਮੈਂ ਸਾਲਾਹੁੰਦਾ ਹਾਂ।4।

ਅਰਥ: ਹੇ ਸੋਹਣੇ ਰਾਮ! (ਕਿਰਪਾ ਕਰ) ਮੈਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਵਾਂ, ਤੇ ਗੁਰੂ ਨੂੰ ਮਿਲ ਕੇ (ਤੈਨੂੰ) ਆਪਣੇ ਖਸਮ ਨੂੰ ਸਿਮਰਦਾ ਰਹਾਂ।1। ਰਹਾਉ।

(ਹੇ ਭਾਈ!) ਜਿਸ (ਪ੍ਰਭੂ) ਨੇ ਮਿੱਟੀ ਤੋਂ (ਮੇਰਾ) ਅਮੋਲਕ ਮਨੁੱਖਾ ਸਰੀਰ ਬਣਾ ਦਿੱਤਾ ਹੈ, ਜਿਸ ਨੇ ਜਤਨ ਕਰ ਕੇ ਮਾਂ ਦੇ ਪੇਟ ਵਿਚ ਮੇਰੀ ਰੱਖਿਆ ਕੀਤੀ ਹੈ, ਜਿਸ ਨੇ ਮੈਨੂੰ ਸੋਭਾ ਦਿੱਤੀ ਹੈ ਵਡਿਆਈ ਬਖ਼ਸ਼ੀ ਹੈ, ਉਸ ਪ੍ਰਭੂ ਨੂੰ ਮੈਂ (ਉਸ ਦੀ ਮਿਹਰ ਨਾਲ) ਅੱਠੇ ਪਹਰ ਸਿਮਰਦਾ ਹਾਂ।1।

(ਹੇ ਭਾਈ!) ਜਿਸ (ਪ੍ਰਭੂ) ਨੇ (ਮੈਨੂੰ) ਮੂਰਖ-ਅੰਞਾਣ ਤੋਂ ਸੁੰਦਰ ਬੋਲ ਬੋਲਣ ਵਾਲਾ ਬਣਾ ਦਿੱਤਾ ਹੈ, ਜਿਸ ਨੇ (ਮੈਨੂੰ) ਬੇਸਮਝ ਤੋਂ ਸਮਝਦਾਰ ਬਣਾ ਦਿੱਤਾ ਹੈ, ਜਿਸ (ਪ੍ਰਭੂ) ਦੀ ਕਿਰਪਾ ਨਾਲ ਮੈਂ (ਧਰਤੀ ਦੇ ਸਾਰੇ) ਨੌ ਹੀ ਖ਼ਜ਼ਾਨੇ ਹਾਸਲ ਕਰ ਰਿਹਾ ਹਾਂ, ਉਹ ਪ੍ਰਭੂ ਮੇਰੇ ਮਨ ਤੋਂ ਭੁੱਲਦਾ ਨਹੀਂ ਹੈ।2।

(ਹੇ ਭਾਈ!) ਜਿਸ (ਕਰਤਾਰ) ਨੇ (ਮੈਨੂੰ) ਨਿਥਾਵੇਂ ਨੂੰ ਥਾਂ ਦਿੱਤਾ ਹੈ, ਜਿਸ ਨੇ (ਮੈਨੂੰ) ਨਿਮਾਣੇ ਨੂੰ ਮਾਣ-ਆਦਰ ਬਖ਼ਸ਼ਿਆ ਹੈ, ਜਿਸ (ਕਰਤਾਰ) ਨੇ ਮੇਰੀ ਹਰੇਕ ਆਸ (ਹੁਣ ਤਕ) ਪੂਰੀ ਕੀਤੀ ਹੈ, ਉਸ ਨੂੰ ਮੈਂ ਦਿਨ ਰਾਤ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਸਿਮਰਦਾ ਰਹਿੰਦਾ ਹਾਂ।3।

ਹੇ ਨਾਨਕ! ਆਖ– (ਹੇ ਭਾਈ!) ਜਿਸ (ਪ੍ਰਭੂ) ਦੀ ਕਿਰਪਾ ਨਾਲ (ਮੇਰੇ ਗਲੋਂ) ਮਾਇਆ (ਦੇ ਮੋਹ) ਦੀ ਫਾਹੀ ਕੱਟੀ ਗਈ ਹੈ, (ਜਿਸ ਦੇ ਭੇਜੇ) ਗੁਰੂ ਦੀ ਕਿਰਪਾ ਨਾਲ (ਮੈਨੂੰ) ਅੰਮ੍ਰਿਤ (ਵਰਗੀ ਮਿੱਠੀ ਲੱਗਣ ਵਾਲੀ ਮਾਇਆ ਹੁਣ) ਕੌੜੀ ਜ਼ਹਰ ਭਾਸ ਰਹੀ ਹੈ, ਮੈਂ ਉਸ ਰੱਖਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹਾਂ (ਨਹੀਂ ਤਾਂ) ਇਸ ਜੀਵ ਦੇ ਵੱਸ ਕੁਝ ਨਹੀਂ ਕਿ (ਕਿ ਆਪਣੇ ਉੱਦਮ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਸਕੇ) ।4।6। 75।

ਗਉੜੀ ਗੁਆਰੇਰੀ ਮਹਲਾ ੫ ॥ ਤਿਸ ਕੀ ਸਰਣਿ ਨਾਹੀ ਭਉ ਸੋਗੁ ॥ ਉਸ ਤੇ ਬਾਹਰਿ ਕਛੂ ਨ ਹੋਗੁ ॥ ਤਜੀ ਸਿਆਣਪ ਬਲ ਬੁਧਿ ਬਿਕਾਰ ॥ ਦਾਸ ਅਪਨੇ ਕੀ ਰਾਖਨਹਾਰ ॥੧॥ ਜਪਿ ਮਨ ਮੇਰੇ ਰਾਮ ਰਾਮ ਰੰਗਿ ॥ ਘਰਿ ਬਾਹਰਿ ਤੇਰੈ ਸਦ ਸੰਗਿ ॥੧॥ ਰਹਾਉ ॥ ਤਿਸ ਕੀ ਟੇਕ ਮਨੈ ਮਹਿ ਰਾਖੁ ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥ ਅਵਰਿ ਜਤਨ ਕਹਹੁ ਕਉਨ ਕਾਜ ॥ ਕਰਿ ਕਿਰਪਾ ਰਾਖੈ ਆਪਿ ਲਾਜ ॥੨॥ ਕਿਆ ਮਾਨੁਖ ਕਹਹੁ ਕਿਆ ਜੋਰੁ ॥ ਝੂਠਾ ਮਾਇਆ ਕਾ ਸਭੁ ਸੋਰੁ ॥ ਕਰਣ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥੩॥ ਸਰਬ ਸੁਖਾ ਸੁਖੁ ਸਾਚਾ ਏਹੁ ॥ ਗੁਰ ਉਪਦੇਸੁ ਮਨੈ ਮਹਿ ਲੇਹੁ ॥ ਜਾ ਕਉ ਰਾਮ ਨਾਮ ਲਿਵ ਲਾਗੀ ॥ ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥ {ਪੰਨਾ 177-178}

ਪਦ ਅਰਥ: ਤਿਸ ਕੀ = ਉਸ (ਰਾਮ) ਦੀ (ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ) । ਸੋਗੁ = ਗ਼ਮ, ਚਿੰਤਾ। ਤੇ = ਤੋਂ। ਬਾਹਰਿ = (ਵੱਸ ਤੋਂ) ਬਾਹਰ, ਆਕੀ। ਹੋਗੁ = ਹੋਵੇਗਾ। ਤਜੀ = ਮੈਂ ਛੱਡ ਦਿੱਤੀ ਹੈ। ਬਲ = ਆਸਰਾ, ਤਾਣ। ਬੁਧਿ = ਅਕਲ। ਬਿਕਾਰ = ਭੈੜ, ਬੁਰਾਈ।1।

ਮਨ = ਹੇ ਮਨ! ਰੰਗਿ = ਪ੍ਰੇਮ ਨਾਲ। ਸੰਗਿ = ਨਾਲ।1। ਰਹਾਉ।

ਟੇਕ = ਸਹਾਰਾ, ਆਸਰਾ। ਮਨੈ ਮਹਿ = ਮਨ ਮਹਿ। ਚਾਖੁ = ਚੱਖ ਲੈ, ਮਾਣ। ਅਵਰਿ = (ਲਫ਼ਜ਼ 'ਅਵਰ' ਤੋਂ ਬਹੁ- ਵਚਨ) ਹੋਰ। ਕਹਹੁ = ਦੱਸੋ।2।

ਸੋਰੁ = ਸ਼ੋਰੁ, ਰੌਲਾ, ਫੂੰ-ਫਾਂ। ਕਰਣਹਾਰ = ਕਰਨ ਦੇ ਸਮਰੱਥ। ਕਰਾਵਨਹਾਰ = ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ। ਸਗਲ = ਸਾਰੇ। ਅੰਤਰਜਾਮੀ = {ANqrXwmI। ਯਾ = ਜਾਣਾ, ਪਹੁੰਚਣਾ}, ਅੰਦਰ ਪਹੁੰਚ ਸਕਣ ਵਾਲਾ, ਦਿਲ ਦੀ ਜਾਣਨ ਵਾਲਾ।3।

ਸਰਬ = ਸਾਰੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾ ਕਉ = ਜਿਸ ਮਨੁੱਖ ਨੂੰ।4।

ਅਰਥ: ਹੇ ਮੇਰੇ ਮਨ! ਪ੍ਰੇਮ ਨਾਲ ਰਾਮ ਦਾ ਨਾਮ ਜਪ, ਉਹ ਨਾਮ ਤੇਰੇ ਘਰ ਵਿਚ (ਹਿਰਦੇ ਵਿਚ) ਤੇ ਬਾਹਰ ਹਰ ਥਾਂ ਸਦਾ ਤੇਰੇ ਨਾਲ ਰਹਿੰਦਾ ਹੈ।1। ਰਹਾਉ।

(ਹੇ ਭਾਈ!) ਉਸ ਰਾਮ ਦੀ ਸਰਨ ਪਿਆਂ ਕੋਈ ਡਰ ਨਹੀਂ ਪੋਹ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ। (ਕਿਉਂਕਿ ਕੋਈ ਡਰ ਕੋਈ ਚਿੰਤਾ) ਕੁਝ ਭੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ (ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ) । (ਇਸ ਵਾਸਤੇ ਹੇ ਭਾਈ!) ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ (ਤੇ ਉਸ ਰਾਮ ਦਾ ਦਾਸ ਬਣ ਗਿਆ ਹਾਂ, ਉਹ ਰਾਮ) ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ।1।

(ਹੇ ਭਾਈ!) ਆਪਣੇ ਮਨ ਵਿਚ ਉਸ ਪਰਮਾਤਮਾ ਦਾ ਆਸਰਾ ਰੱਖ, (ਹੇ ਭਾਈ!) ਗੁਰੂ ਦੇ ਸ਼ਬਦ ਦਾ ਆਨੰਦ ਮਾਣ (ਗੁਰੂ ਦਾ ਸ਼ਬਦ) ਆਤਮਕ ਜੀਵਨ ਦੇਣ ਵਾਲਾ ਰਸ ਹੈ। (ਹੇ ਭਾਈ!) ਦੱਸ (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ ਉੱਦਮ ਕਿਸ ਕੰਮ ਆ ਸਕਦੇ ਹਨ? (ਪ੍ਰਭੂ ਦੀ ਸਰਨ ਪਉ, ਉਹ ਪ੍ਰਭੂ) ਮਿਹਰ ਕਰ ਕੇ (ਜੀਵ ਦੀ) ਇੱਜ਼ਤ ਆਪ ਰੱਖਦਾ ਹੈ।2।

(ਹੇ ਭਾਈ!) ਮਾਇਆ ਦੀ ਸਾਰੀ ਫੂੰ-ਫਾਂ ਝੂਠੀ ਹੈ (ਚਾਰ ਦਿਨਾਂ ਦੀ ਹੈ) । ਦੱਸੋ, ਇਹ ਬੰਦੇ ਕੀਹ ਕਰਨ ਜੋਗੇ ਹਨ? ਇਹਨਾਂ ਦੀ ਆਕੜ (ਦੀ) ਕੀਹ (ਪਾਂਇਆਂ) ਹੈ? ਮਾਲਕ-ਪ੍ਰਭੂ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੇ ਸਮਰੱਥ ਹੈ, ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ। ਉਹ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ।3।

(ਹੇ ਭਾਈ!) ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ, ਇਹੀ ਹੈ ਸਾਰੇ ਸੁਖਾਂ ਤੋਂ ਸ੍ਰੇਸ਼ਟ ਸੁਖ, ਤੇ, ਸਦਾ ਕਾਇਮ ਰਹਿਣ ਵਾਲਾ ਸੁਖ। ਹੇ ਨਾਨਕ! ਆਖ– ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਧੰਨ ਹੈ ਉਹ ਵੱਡੇ ਭਾਗਾਂ ਵਾਲਾ ਹੈ।4।7। 76।

TOP OF PAGE

Sri Guru Granth Darpan, by Professor Sahib Singh