ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 178

ਗਉੜੀ ਗੁਆਰੇਰੀ ਮਹਲਾ ੫ ॥ ਸੁਣਿ ਹਰਿ ਕਥਾ ਉਤਾਰੀ ਮੈਲੁ ॥ ਮਹਾ ਪੁਨੀਤ ਭਏ ਸੁਖ ਸੈਲੁ ॥ ਵਡੈ ਭਾਗਿ ਪਾਇਆ ਸਾਧਸੰਗੁ ॥ ਪਾਰਬ੍ਰਹਮ ਸਿਉ ਲਾਗੋ ਰੰਗੁ ॥੧॥ ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥ ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥ ਕਰਿ ਕੀਰਤਨੁ ਮਨ ਸੀਤਲ ਭਏ ॥ ਜਨਮ ਜਨਮ ਕੇ ਕਿਲਵਿਖ ਗਏ ॥ ਸਰਬ ਨਿਧਾਨ ਪੇਖੇ ਮਨ ਮਾਹਿ ॥ ਅਬ ਢੂਢਨ ਕਾਹੇ ਕਉ ਜਾਹਿ ॥੨॥ ਪ੍ਰਭ ਅਪੁਨੇ ਜਬ ਭਏ ਦਇਆਲ ॥ ਪੂਰਨ ਹੋਈ ਸੇਵਕ ਘਾਲ ॥ ਬੰਧਨ ਕਾਟਿ ਕੀਏ ਅਪਨੇ ਦਾਸ ॥ ਸਿਮਰਿ ਸਿਮਰਿ ਸਿਮਰਿ ਗੁਣਤਾਸ ॥੩॥ ਏਕੋ ਮਨਿ ਏਕੋ ਸਭ ਠਾਇ ॥ ਪੂਰਨ ਪੂਰਿ ਰਹਿਓ ਸਭ ਜਾਇ ॥ ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥ ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥ {ਪੰਨਾ 178}

ਪਦ ਅਰਥ: ਸੁਣਿ = ਸੁਣ ਕੇ। ਮੈਲੁ = (ਲਫ਼ਜ਼ 'ਮੈਲੁ' ਇਸਤ੍ਰੀ ਲਿੰਗ ਹੈ, ਪਰ ਇਸ ਦੀ ਸ਼ਕਲ ਪੁਲਿੰਗ ਵਰਗੀ ਹੈ) । ਪੁਨੀਤ = ਪਵਿਤ੍ਰ। ਸੈਲੁ = ਪਹਾੜ। ਸੁਖ ਸੈਲੁ = ਸੁਖਾਂ ਦਾ ਪਹਾੜ, ਅਨੇਕਾਂ ਹੀ ਸੁਖ। ਭਾਗਿ = ਕਿਸਮਤ ਨਾਲ। ਸਿਉ = ਨਾਲ। ਰੰਗੁ = ਪ੍ਰੇਮ।1।

ਜਨੁ = ਸੇਵਕ। ਅਗਨਿ = ਅੱਗ। ਸਾਗਰੁ = ਸਮੁੰਦਰ। ਗੁਰਿ = ਗੁਰੂ ਨੇ।1। ਰਹਾਉ।

ਕਰਿ = ਕਰ ਕੇ। ਸੀਤਲ = ਠੰਡੇ। ਕਿਲਵਿਖ = ਪਾਪ। ਨਿਧਾਨ = ਖ਼ਜ਼ਾਨੇ। ਪੇਖੇ = ਵੇਖ ਲਏ। ਕਾਹੇ ਕਉ = ਕਾਹਦੇ ਲਈ? ਕਿਉਂ? ਜਾਹਿ = ਉਹ ਜਾਂਦੇ ਹਨ, ਉਹ ਜਾਣ।2।

ਸੇਵਕ ਘਾਲ = ਸੇਵਕ ਦੀ ਮਿਹਨਤ। ਕਾਟਿ = ਕੱਟ ਕੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।3।

ਏਕੋ = ਇਕ (ਪ੍ਰਭੂ) ਹੀ। ਮਨਿ = ਮਨ ਵਿਚ, ਹਿਰਦੇ ਵਿਚ। ਠਾਇ = ਥਾਂ ਵਿਚ। ਜਾਇ = ਥਾਂ। ਗੁਰਿ = ਗੁਰੂ ਨੇ।4।

ਅਰਥ: ਹਰਿ-ਨਾਮ ਸਿਮਰਦੇ ਸੇਵਕ ਨੂੰ (ਗੁਰੂ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ। ਗੁਰੂ ਨੇ (ਸੇਵਕ ਨੂੰ) ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ।1। ਰਹਾਉ।

ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ (ਆਪਣੇ ਮਨ ਤੋਂ ਵਿਕਾਰਾਂ ਦੀ) ਮੈਲ ਲਾਹ ਲਈ ਉਹ ਬੜੇ ਹੀ ਪਵਿਤ੍ਰ (ਜੀਵਨ ਵਾਲੇ) ਹੋ ਗਏ, ਉਹਨਾਂ ਅਨੇਕਾਂ ਹੀ ਸੁਖ ਪ੍ਰਾਪਤ ਕਰ ਲਏ। ਉਹਨਾਂ ਨੇ ਵੱਡੀ ਕਿਸਮਤਿ ਨਾਲ ਗੁਰੂ ਦਾ ਮਿਲਾਪ ਹਾਸਲ ਕਰ ਲਿਆ, ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਬਣ ਗਿਆ।1।

ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਜਿਨ੍ਹਾਂ ਦੇ ਮਨ ਠੰਢੇ-ਠਾਰ ਹੋ ਗਏ, (ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਹੋ ਗਏ। ਉਹਨਾਂ ਨੇ ਸਾਰੇ ਖ਼ਜ਼ਾਨੇ ਆਪਣੇ ਮਨ ਵਿਚ ਹੀ ਵੇਖ ਲਏ, (ਇਸ ਵਾਸਤੇ ਸੁਖ) ਢੂੰਡਣ ਲਈ ਹੁਣ ਉਹ (ਹੋਰ ਕਿਤੇ) ਕਿਉਂ ਜਾਣ? (ਭਾਵ, ਸੁਖ ਦੀ ਭਾਲ ਬਾਹਰ ਜਗਤ ਦੇ ਪਦਾਰਥਾਂ ਵਿਚੋਂ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ) ।2।

ਜਦੋਂ ਪ੍ਰਭੂ ਜੀ ਆਪਣੇ ਦਾਸਾਂ ਉਤੇ ਦਿਆਲ ਹੁੰਦੇ ਹਨ, ਤਦੋਂ ਦਾਸਾਂ ਦੀ (ਕੀਤੀ ਹੋਈ ਸੇਵਾ-ਸਿਮਰਨ ਦੀ) ਮਿਹਨਤ ਸਫਲ ਹੋ ਜਾਂਦੀ ਹੈ। (ਸੇਵਕਾਂ ਦੇ ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਪ੍ਰਭੂ ਉਹਨਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ। ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ) ।3।

ਪੂਰੇ ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਸਾਰੀ ਭਟਕਣਾ ਦੂਰ ਕਰ ਦਿੱਤੀ, ਉਸ ਨੂੰ ਹਰ ਥਾਂ ਵਿਚ ਪਰਮਾਤਮਾ ਹੀ ਪਰਮਾਤਮਾ ਵਿਆਪਕ ਭਰਪੂਰ ਦਿੱਸਦਾ ਹੈ, ਉਸ ਨੂੰ ਇਕ ਪਰਮਾਤਮਾ ਹੀ ਆਪਣੇ ਹਿਰਦੇ ਵਿਚ ਵੱਸਦਾ ਦਿੱਸਦਾ ਹੈ, ਇਕ ਪਰਮਾਤਮਾ ਹੀ ਹਰੇਕ ਥਾਂ ਵਿਚ ਦਿੱਸਦਾ ਹੈ। ਹੇ ਨਾਨਕ! ਪਰਮਾਤਮਾ ਦਾ ਸਿਮਰਨ ਕਰ ਕੇ ਉਸ ਮਨੁੱਖ ਨੇ ਆਤਮਕ ਆਨੰਦ ਲੱਭ ਲਿਆ ਹੈ।4।8। 77।

ਗਉੜੀ ਗੁਆਰੇਰੀ ਮਹਲਾ ੫ ॥ ਅਗਲੇ ਮੁਏ ਸਿ ਪਾਛੈ ਪਰੇ ॥ ਜੋ ਉਬਰੇ ਸੇ ਬੰਧਿ ਲਕੁ ਖਰੇ ॥ ਜਿਹ ਧੰਧੇ ਮਹਿ ਓਇ ਲਪਟਾਏ ॥ ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥ ਓਹ ਬੇਲਾ ਕਛੁ ਚੀਤਿ ਨ ਆਵੈ ॥ ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥ ਆਸਾ ਬੰਧੀ ਮੂਰਖ ਦੇਹ ॥ ਕਾਮ ਕ੍ਰੋਧ ਲਪਟਿਓ ਅਸਨੇਹ ॥ ਸਿਰ ਊਪਰਿ ਠਾਢੋ ਧਰਮ ਰਾਇ ॥ ਮੀਠੀ ਕਰਿ ਕਰਿ ਬਿਖਿਆ ਖਾਇ ॥੨॥ ਹਉ ਬੰਧਉ ਹਉ ਸਾਧਉ ਬੈਰੁ ॥ ਹਮਰੀ ਭੂਮਿ ਕਉਣੁ ਘਾਲੈ ਪੈਰੁ ॥ ਹਉ ਪੰਡਿਤੁ ਹਉ ਚਤੁਰੁ ਸਿਆਣਾ ॥ ਕਰਣੈਹਾਰੁ ਨ ਬੁਝੈ ਬਿਗਾਨਾ ॥੩॥ ਅਪੁਨੀ ਗਤਿ ਮਿਤਿ ਆਪੇ ਜਾਨੈ ॥ ਕਿਆ ਕੋ ਕਹੈ ਕਿਆ ਆਖਿ ਵਖਾਨੈ ॥ ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ਅਪਨਾ ਭਲਾ ਸਭ ਕਾਹੂ ਮੰਗਨਾ ॥੪॥ ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥ ਅੰਤੁ ਨਾਹੀ ਕਿਛੁ ਪਾਰਾਵਾਰੁ ॥ ਦਾਸ ਅਪਨੇ ਕਉ ਦੀਜੈ ਦਾਨੁ ॥ ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥ {ਪੰਨਾ 178}

ਪਦ ਅਰਥ: ਅਗਲੇ = ਆਪਣੇ ਤੋਂ ਪਹਿਲੇ, ਆਪਣੇ ਵੱਡੇ ਵਡੇਰੇ। ਸਿ = ਉਹ ਵੱਡੇ ਵਡੇਰੇ। ਪਾਛੈ ਪਰੇ = ਭੁੱਲ ਗਏ। ਉਬਰੇ = ਬਚੇ ਹੋਏ ਹਨ, ਜੀਊਂਦੇ ਹਨ। ਸੇ = ਉਹ ਬੰਦੇ। ਬੰਧਿ = ਬੰਨ੍ਹ ਕੇ। ਖਰੇ = ਖਲੋਤੇ ਹੋਏ ਹਨ। ਮਹਿ = ਵਿਚ। ਓਇ = ਉਹ ਮਰ ਚੁਕੇ ਵੱਡੇ ਵਡੇਰੇ। ਲਪਟਾਏ = ਫਸੇ ਹੋਏ ਸਨ। ਤੇ = ਤੋਂ। ਦੁਗੁਣ = ਦੂਣੀ। ਦਿੜੀ = ਪੱਕੀ ਕਰ ਕੇ ਬੰਨ੍ਹੀ ਹੋਈ ਹੈ। ਉਨ = ਉਹਨਾਂ ਨੇ ਜੋ ਹੁਣ ਜੀਊਂਦੇ ਹਨ। ਮਾਏ = ਮਾਇਆ।1।

ਬੇਲਾ = ਸਮਾ। ਚੀਤਿ = ਚਿੱਤ ਵਿਚ। ਬਿਨਸਿ ਜਾਇ = ਮਰ ਜਾਂਦਾ ਹੈ। ਤਾਹੂ = ਉਸ ਮਾਇਆ ਨਾਲ ਹੀ।1। ਰਹਾਉ।

ਬੰਧੀ = ਬੱਝੀ ਹੋਈ। ਮੂਰਖ ਦੇਹ = ਮੂਰਖ ਦਾ ਸਰੀਰ। ਅਸਨੇਹ = ਮੋਹ (Ônyh) । ਠਾਢੋ = ਖਲੋਤਾ ਹੋਇਆ ਹੈ। ਬਿਖਿਆ = ਮਾਇਆ।2।

ਹਉ = ਮੈਂ। ਬੰਧਉ = ਬੰਧਉਂ, ਮੈਂ ਬੰਨ੍ਹ ਲੈਂਦਾ ਹਾਂ, ਮੈਂ ਬੰਨ੍ਹ ਲਵਾਂਗਾ। ਸਾਧਉ ਬੈਰੁ = ਮੈਂ ਵੈਰ ਲਵਾਂਗਾ। ਭੂਮਿ = ਜ਼ਮੀਨ (ਉਤੇ) । ਘਾਲੈ ਪੈਰੁ = ਪੈਰ ਰੱਖ ਸਕਦਾ ਹੈ। ਬਿਗਾਨਾ = ਬੇ-ਗਿਆਨਾ, ਮੂਰਖ।3।

ਗਤਿ = ਅਵਸਥਾ, ਹਾਲਤ। ਮਿਤਿ = ਮਰਯਾਦਾ, ਮਾਪ। ਆਖਿ = ਆਖ ਕੇ। ਕੋ = ਕੋਈ ਮਨੁੱਖ। ਜਿਤੁ = ਜਿਸ ਪਾਸੇ। ਸਭ ਕਾਹੂ = ਹਰ ਕਿਸੇ ਨੇ।4।

ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ।5।

ਅਰਥ: ਜੇਹੜੇ ਆਪਣੇ ਵੱਡੇ-ਵਡੇਰੇ ਮਰ ਚੁਕੇ ਹੁੰਦੇ ਹਨ ਉਹ ਭੁੱਲ ਜਾਂਦੇ ਹਨ (ਭਾਵ, ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਹੋਈ ਮਾਇਆ ਇੱਥੇ ਹੀ ਛੱਡ ਗਏ) , ਜੇਹੜੇ ਹੁਣ ਜੀਊਂਦੇ ਹਨ ਉਹ (ਮਾਇਆ ਜੋੜਨ ਲਈ) ਲੱਕ ਬੰਨ੍ਹ ਕੇ ਖਲੋ ਜਾਂਦੇ ਹਨ। ਜਿਸ ਧੰਧੇ ਵਿਚ ਉਹ (ਮਰ ਚੁਕੇ ਵੱਡੇ ਵਡੇਰੇ) ਫਸੇ ਹੋਏ ਸਨ, ਉਹਨਾਂ ਤੋਂ ਦੂਣੀ ਮਾਇਆ ਦੀ ਪਕੜ ਉਹ ਜੀਊਂਦੇ ਮਨੁੱਖ ਆਪਣੇ ਮਨ ਵਿਚ ਬਣਾ ਲੈਂਦੇ ਹਨ।1।

(ਮੂਰਖ ਮਨੁੱਖ ਨੂੰ) ਉਹ ਸਮਾ ਰਤਾ ਭੀ ਚੇਤੇ ਨਹੀਂ ਆਉਂਦਾ (ਜਦੋਂ ਵੱਡੇ-ਵਡੇਰਿਆਂ ਵਾਂਗ ਸਭ ਕੁਝ ਇੱਥੇ ਹੀ ਛੱਡ ਜਾਣਾ ਹੈ) । ਮਨੁੱਖ (ਮੁੜ ਮੁੜ) ਉਸੇ (ਮਾਇਆ) ਨਾਲ ਚੰਬੜਦਾ ਹੈ ਜਿਸ ਨੇ ਨਾਸ ਹੋ ਜਾਣਾ ਹੈ (ਜਿਸ ਨਾਲ ਸਾਥ ਨਹੀਂ ਨਿਭਣਾ) ।1। ਰਹਾਉ।

ਮੂਰਖ ਮਨੁੱਖ ਦਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ ਮਾਇਆ ਦੀਆਂ) ਆਸਾਂ ਨਾਲ ਜਕੜਿਆ ਰਹਿੰਦਾ ਹੈ, ਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿਚ ਫਸਿਆ ਰਹਿੰਦਾ ਹੈ। ਸਿਰ ਉੱਤੇ ਧਰਮਰਾਜ ਖਲੋਤਾ ਹੋਇਆ ਹੈ (ਭਾਵ, ਮੌਤ ਦਾ ਸਮਾ ਨੇੜੇ ਆ ਰਿਹਾ ਹੈ, ਪਰ) ਮੂਰਖ ਮਨੁੱਖ (ਆਤਮਕ ਮੌਤ ਲਿਆਉਣ ਵਾਲੀ) ਮਾਇਆ (-ਜ਼ਹਰ) ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ।2।

(ਮਾਇਆ-ਮੱਤਾ ਮੂਰਖ ਮਨੁੱਖ ਇਉਂ ਅਹੰਕਾਰ-ਭਰੀਆਂ ਗੱਲਾਂ ਕਰਦਾ ਹੈ:) ਮੈਂ (ਉਸ ਨੂੰ) ਬੰਨ੍ਹ ਲਵਾਂਗਾ, ਮੈਂ (ਉਸ ਪਾਸੋਂ ਆਪਣਾ) ਵੈਰ (ਦਾ ਬਦਲਾ) ਲਵਾਂਗਾ, ਮੇਰੀ ਭੁਇਂ ਉਤੇ ਕੌਣ ਪੈਰ ਰੱਖਦਾ ਹੈ? ਮੈਂ ਵਿਦਵਾਨ ਹਾਂ, ਮੈਂ ਚਤੁਰ ਹਾਂ ਮੈਂ ਸਿਆਣਾ ਹਾਂ। (ਆਪਣੇ ਅਹੰਕਾਰ ਵਿਚ) ਮੂਰਖ ਮਨੁੱਖ ਆਪਣੇ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਭੀ ਨਹੀਂ ਸਮਝਦਾ (ਚੇਤੇ ਰੱਖਦਾ) ।3।

(ਪਰ ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਆਪ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ। ਜੀਵ (ਉਸ ਪਰਮਾਤਮਾ ਦੀ ਗਤਿ ਮਿਤਿ ਬਾਰੇ) ਕੁਝ ਭੀ ਕਹਿ ਨਹੀਂ ਸਕਦਾ, ਕੁਝ ਭੀ ਆਖ ਕੇ ਬਿਆਨ ਨਹੀਂ ਕਰ ਸਕਦਾ। ਹੇ ਪ੍ਰਭੂ! ਤੂੰ ਜੀਵ ਨੂੰ ਜਿਸ ਜਿਸ ਪਾਸੇ ਲਾਂਦਾ ਹੈਂ, ਉਧਰ ਉਧਰ ਹੀ ਇਹ ਲੱਗ ਸਕਦਾ ਹੈ। ਹਰੇਕ ਜੀਵ ਨੇ ਤੇਰੇ ਪਾਸੋਂ ਹੀ ਆਪਣੇ ਭਲੇ ਦੀ ਮੰਗ ਮੰਗਣੀ ਹੈ।4।

ਹੇ ਪ੍ਰਭੂ! ਇਹ ਸਭ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਾਰੇ ਜਗਤ ਦਾ ਬਣਾਣ ਵਾਲਾ ਹੈਂ। ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੇ ਸਰੂਪ ਦਾ ਉਰਲਾ ਪਾਰਲਾ ਬੰਨ੍ਹਾ ਨਹੀਂ ਲੱਭ ਸਕਦਾ।

ਹੇ ਪ੍ਰਭੂ! ਆਪਣੇ ਦਾਸ ਨਾਨਕ ਨੂੰ ਇਹ ਦਾਤਿ ਬਖ਼ਸ਼ ਕਿ ਮੈਨੂੰ ਕਦੇ ਤੇਰਾ ਨਾਮ ਨਾਹ ਭੁੱਲੇ।5।9। 78।

ਗਉੜੀ ਗੁਆਰੇਰੀ ਮਹਲਾ ੫ ॥ ਅਨਿਕ ਜਤਨ ਨਹੀ ਹੋਤ ਛੁਟਾਰਾ ॥ ਬਹੁਤੁ ਸਿਆਣਪ ਆਗਲ ਭਾਰਾ ॥ ਹਰਿ ਕੀ ਸੇਵਾ ਨਿਰਮਲ ਹੇਤ ॥ ਪ੍ਰਭ ਕੀ ਦਰਗਹ ਸੋਭਾ ਸੇਤ ॥੧॥ ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥ ਤੁਝੈ ਨ ਲਾਗੈ ਤਾਤਾ ਝੋਲਾ ॥੧॥ ਰਹਾਉ ॥ ਜਿਉ ਬੋਹਿਥੁ ਭੈ ਸਾਗਰ ਮਾਹਿ ॥ ਅੰਧਕਾਰ ਦੀਪਕ ਦੀਪਾਹਿ ॥ ਅਗਨਿ ਸੀਤ ਕਾ ਲਾਹਸਿ ਦੂਖ ॥ ਨਾਮੁ ਜਪਤ ਮਨਿ ਹੋਵਤ ਸੂਖ ॥੨॥ ਉਤਰਿ ਜਾਇ ਤੇਰੇ ਮਨ ਕੀ ਪਿਆਸ ॥ ਪੂਰਨ ਹੋਵੈ ਸਗਲੀ ਆਸ ॥ ਡੋਲੈ ਨਾਹੀ ਤੁਮਰਾ ਚੀਤੁ ॥ ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥੩॥ ਨਾਮੁ ਅਉਖਧੁ ਸੋਈ ਜਨੁ ਪਾਵੈ ॥ ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥ ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥ ਦੂਖੁ ਦਰਦੁ ਤਿਹ ਨਾਨਕ ਨਸੈ ॥੪॥੧੦॥੭੯॥ {ਪੰਨਾ 178-179}

ਪਦ ਅਰਥ: ਛੁਟਾਰਾ = ਖ਼ਲਾਸੀ। ਆਗਲ = ਬਹੁਤਾ। ਹੇਤ = ਹਿਤ, ਪਿਆਰ। ਸੇਤ = ਸੇਤੀ, ਨਾਲ।1।

ਗਹੁ = ਫੜ। ਓਲਾ = ਆਸਰਾ। ਤਾਤਾ = ਤੱਤਾ। ਝੋਲਾ = (ਹਵਾ ਦਾ) ਬੁੱਲਾ।1। ਰਹਾਉ।

ਬੋਹਿਥੁ = ਜਹਾਜ਼। ਭੈ ਸਾਗਰ = ਡਰਾਵਣਾ ਸਮੁੰਦਰ। ਦੀਪਕ = ਦੀਵੇ। ਦੀਪਾਹਿ = ਜਗਦੇ ਹਨ। ਸੀਤ = ਠੰਡ। ਲਾਹਸਿ = ਲਾਹ ਦੇਂਦੀ ਹੈ। ਮਨਿ = ਮਨ ਵਿਚ।2।

ਸਗਲੀ = ਸਾਰੀ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮੀਤ = ਹੇ ਮਿੱਤਰ!।3।

ਅਉਖਧੁ = ਦਵਾਈ। ਕਰਿ = ਕਰ ਕੇ। ਤਿਹ = ਉਸ (ਮਨੁੱਖ) ਦਾ।4।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਫੜ, ਤੈਨੂੰ (ਦੁਨੀਆ ਦੇ ਦੁਖ ਕਲੇਸ਼ਾਂ ਦੀ) ਤੱਤੀ ਹਵਾ ਦਾ ਬੁੱਲਾ ਪੋਹ ਨਹੀਂ ਸਕੇਗਾ।1। ਰਹਾਉ।

(ਹੇ ਮਨ!) ਅਨੇਕਾਂ ਜਤਨਾਂ ਦੀ ਰਾਹੀਂ ਭੀ (ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁਖ ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ, (ਸਗੋਂ ਮਾਇਆ ਦੀ ਖ਼ਾਤਰ ਕੀਤੀ ਹੋਈ) ਬਹੁਤੀ ਚਤੁਰਾਈ (ਹੋਰ ਹੋਰ ਦੁੱਖਾਂ ਦਾ) ਬਹੁਤਾ ਭਾਰ (ਸਿਰ ਉਤੇ ਪਾ ਦੇਂਦੀ ਹੈ) । ਜੇ ਪਵਿਤ੍ਰ ਪਿਆਰ ਨਾਲ ਹਰੀ ਦੀ ਸੇਵਾ-ਭਗਤੀ ਕਰੀਏ, ਤਾਂ ਹਰੀ ਦੀ ਦਰਗਾਹ ਵਿਚ ਆਦਰ-ਵਡਿਆਈ ਨਾਲ ਪਹੁੰਚੀਦਾ ਹੈ।1।

(ਹੇ ਭਾਈ!) ਜਿਵੇਂ ਡਰਾਵਣੇ ਸਮੁੰਦਰ ਵਿਚ ਜਹਾਜ਼ (ਮਨੁੱਖ ਨੂੰ ਡੁੱਬਣੋਂ ਬਚਾਂਦਾ ਹੈ, ਜਿਵੇਂ ਹਨੇਰੇ ਵਿਚ ਦੀਵੇ ਚਾਨਣ ਕਰਦੇ ਹਨ (ਤੇ ਠੇਡਾ ਖਾਣ ਤੋਂ ਬਚਾਂਦੇ ਹਨ) , ਜਿਵੇਂ, ਅੱਗ ਪਾਲੇ ਦਾ ਦੁੱਖ ਦੂਰ ਕਰ ਦੇਂਦੀ ਹੈ, ਤਿਵੇਂ ਪਰਮਾਤਮਾ ਦਾ ਨਾਮ ਸਿਮਰਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ।2।

ਹੇ ਮਿੱਤਰ! ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ (ਇਸ ਜਪ ਦੀ ਬਰਕਤਿ ਨਾਲ) ਤੇਰੇ ਮਨ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਏਗੀ, ਤੇਰੀ ਸਾਰੀ ਹੀ ਆਸ ਪੂਰੀ ਹੋ ਜਾਇਗੀ (ਦੁਨੀਆ ਦੀਆਂ ਆਸਾਂ ਸਤਾਣੋਂ ਹਟ ਜਾਣਗੀਆਂ) , ਤੇ ਤੇਰਾ ਮਨ (ਮਾਇਆ ਦੀ ਲਾਲਸਾ ਵਿਚ) ਡੋਲੇਗਾ ਨਹੀਂ।3।

(ਪਰ ਇਹ) ਹਰਿ-ਨਾਮ ਦਵਾਈ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ (ਗੁਰੂ ਪਾਸੋਂ) ਦਿਵਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦਾ ਸਾਰਾ ਦੁਖ-ਦਰਦ ਦੂਰ ਹੋ ਜਾਂਦਾ ਹੈ।4।10। 79।

TOP OF PAGE

Sri Guru Granth Darpan, by Professor Sahib Singh