ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 179

ਗਉੜੀ ਗੁਆਰੇਰੀ ਮਹਲਾ ੫ ॥ ਬਹੁਤੁ ਦਰਬੁ ਕਰਿ ਮਨੁ ਨ ਅਘਾਨਾ ॥ ਅਨਿਕ ਰੂਪ ਦੇਖਿ ਨਹ ਪਤੀਆਨਾ ॥ ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ ॥ ਓਹ ਬਿਨਸੈ ਓਇ ਭਸਮੈ ਢੇਰੀ ॥੧॥ ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥ ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ॥੧॥ ਰਹਾਉ ॥ ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥ ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ ॥ ਜਿਉ ਸੁਪਨੈ ਹੋਇ ਬੈਸਤ ਰਾਜਾ ॥ ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ॥੨॥ ਜਿਉ ਰਾਖਾ ਖੇਤ ਊਪਰਿ ਪਰਾਏ ॥ ਖੇਤੁ ਖਸਮ ਕਾ ਰਾਖਾ ਉਠਿ ਜਾਏ ॥ ਉਸੁ ਖੇਤ ਕਾਰਣਿ ਰਾਖਾ ਕੜੈ ॥ ਤਿਸ ਕੈ ਪਾਲੈ ਕਛੂ ਨ ਪੜੈ ॥੩॥ ਜਿਸ ਕਾ ਰਾਜੁ ਤਿਸੈ ਕਾ ਸੁਪਨਾ ॥ ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ ॥ ਆਪਿ ਬਿਨਾਹੇ ਆਪਿ ਕਰੇ ਰਾਸਿ ॥ ਨਾਨਕ ਪ੍ਰਭ ਆਗੈ ਅਰਦਾਸਿ ॥੪॥੧੧॥੮੦॥ {ਪੰਨਾ 179}

ਪਦ ਅਰਥ: ਦਰਬੁ = {dàÒX} ਧਨ। ਕਰਿ = (ਇਕੱਠਾ) ਕਰ ਕੇ। ਅਘਾਨਾ = ਰੱਜਦਾ {AwGRwx}। ਦੇਖਿ = ਵੇਖ ਕੇ। ਪਤੀਆਨਾ = ਪਤੀਜਦਾ। ਕਲਤ੍ਰ = ਇਸਤ੍ਰੀ। ਜਾਨਿ = ਸਮਝ ਕੇ। ਓਹ = ਉਹ ਸੁੰਦਰਤਾ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਇਸਤ੍ਰੀ ਪੁਤ੍ਰ।1।

ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਬਿਲਲਾਤੇ = ਵਿਲਕਦੇ। ਧ੍ਰਿਗੁ = ਫਿਟਕਾਰ-ਜੋਗ। ਸੰਗਿ = ਨਾਲ।1। ਰਹਾਉ।

ਸਿਰਿ = ਸਿਰ ਉਤੇ। ਦੀਜਹਿ = ਧਰੇ ਹੋਏ ਹੋਣ। ਦਾਮ = ਪੈਸੇ ਰੁਪਏ। ਗ੍ਰਿਹਿ = ਘਰ ਵਿਚ। ਉਨਿ = ਉਸ ਵਿਗਾਰੀ ਨੇ। ਪਸਾਰੈ = ਖੋਲ੍ਹਦਾ ਹੈ। ਨਿਰਾਰਥ = ਵਿਅਰਥ।2।

ਉਠਿ = ਉਠ ਕੇ। ਕਾਰਣਿ = ਵਾਸਤੇ। ਕੜੈ = ਦੁਖੀ ਹੁੰਦਾ ਹੈ। ਪਾਲੈ = ਪੱਲੇ।3।

ਜਿਸ ਕਾ = (ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ) ਜਿਸ (ਪਰਮਾਤਮਾ) ਦਾ। ਜਿਨਿ = ਜਿਸ (ਪ੍ਰਭੂ) ਨੇ। ਤਿਨਿ = ਉਸ ਨੇ। ਬਿਨਾਹੇ = ਨਾਸ ਕਰਦਾ ਹੈ, ਆਤਮਕ ਮੌਤ ਦੇਂਦਾ ਹੈ। ਕਰੇ ਰਾਸਿ = (ਜੀਵਨ-ਮਨੋਰਥ) ਸਫਲ ਕਰਦਾ ਹੈ।4।

ਅਰਥ: ਮੈਂ ਵੇਖਦਾ ਹਾਂ ਕਿ ਪਰਮਾਤਮਾ ਦਾ ਭਜਨ ਕਰਨ ਤੋਂ ਬਿਨਾ ਜੀਵ ਵਿਲਕਦੇ ਹਨ। ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ ਉਹਨਾਂ ਦਾ ਸਰੀਰ ਫਿਟਕਾਰ-ਜੋਗ ਹੈ ਉਹਨਾਂ ਦਾ ਧਨ ਫਿਟਕਾਰ-ਜੋਗ ਹੈ।1। ਰਹਾਉ।

ਬਹੁਤਾ ਧਨ ਜੋੜ ਕੇ (ਭੀ) ਮਨ ਰੱਜਦਾ ਨਹੀਂ, ਅਨੇਕਾਂ (ਸੁੰਦਰ ਇਸਤ੍ਰੀਆਂ ਦੇ) ਰੂਪ ਵੇਖ ਕੇ ਭੀ ਮਨ ਦੀ ਤਸੱਲੀ ਨਹੀਂ ਹੁੰਦੀ। ਮਨੁੱਖ, ਇਹ ਸਮਝ ਕੇ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁਤ੍ਰ ਹੈ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ। (ਇਸਤ੍ਰੀਆਂ ਦੀ) ਸੁੰਦਰਤਾ ਨਾਸ ਹੋ ਜਾਂਦੀ ਹੈ, (ਉਹ ਆਪਣੇ ਮਿਥੇ ਹੋਏ) ਇਸਤ੍ਰੀ ਪੁੱਤਰ ਸੁਆਹ ਦੀ ਢੇਰੀ ਹੋ ਜਾਂਦੇ ਹਨ (ਕਿਸੇ ਨਾਲ ਭੀ ਸਾਥ ਨਹੀਂ ਨਿਭਦਾ) ।1।

ਜਿਵੇਂ ਕਿਸੇ ਵਿਗਾਰੀ ਦੇ ਸਿਰ ਉਤੇ ਪੈਸੇ-ਰੁਪਏ ਰੱਖੇ ਜਾਣ, ਉਹ ਪੈਸੇ-ਰੁਪਏ ਮਾਲਕ ਦੇ ਘਰ ਵਿਚ ਜਾ ਪਹੁੰਚਦੇ ਹਨ, ਉਸ ਵਿਗਾਰੀ ਨੇ (ਭਾਰ ਚੁੱਕਣ ਦਾ) ਦੁੱਖ ਹੀ ਸਹਾਰਿਆ ਹੁੰਦਾ ਹੈ। ਜਿਵੇਂ ਕੋਈ ਮਨੁੱਖ ਸੁਪਨੇ ਵਿਚ ਰਾਜਾ ਬਣ ਕੇ ਬੈਠ ਜਾਂਦਾ ਹੈ, (ਪਰ ਜਦੋਂ ਨੀਂਦ ਮੁੱਕ ਜਾਣ ਤੇ) ਅੱਖਾਂ ਖੋਲ੍ਹਦਾ ਹੈ, ਤਾਂ (ਸੁਪਨੇ ਵਿਚ ਮਿਲੇ ਰਾਜ ਦਾ ਸਾਰਾ) ਕੰਮ ਚੌੜ ਹੋ ਜਾਂਦਾ ਹੈ।2।

ਜਿਵੇਂ ਕੋਈ ਰਾਖਾ ਕਿਸੇ ਹੋਰ ਦੇ ਖੇਤ ਉਤੇ (ਰਾਖੀ ਕਰਦਾ ਹੈ) , (ਫ਼ਸਲ ਪੱਕਣ ਤੇ) ਫ਼ਸਲ ਮਾਲਕ ਦੀ ਮਲਕੀਅਤ ਹੋ ਜਾਂਦਾ ਹੈ ਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ। ਰਾਖਾ ਉਸ (ਪਰਾਏ) ਖੇਤ ਦੀ (ਰਾਖੀ ਦੀ) ਖ਼ਾਤਰ ਦੁਖੀ ਹੁੰਦਾ ਰਹਿੰਦਾ ਹੈ, ਪਰ ਉਸ ਨੂੰ (ਆਖ਼ਰ) ਕੁਝ ਭੀ ਨਹੀਂ ਮਿਲਦਾ।3।

(ਪਰ ਜੀਵ ਦੇ ਕੀਹ ਵੱਸ? ਸੁਪਨੇ ਵਿਚ) ਜਿਸ ਪ੍ਰਭੂ ਦਾ (ਦਿੱਤਾ ਹੋਇਆ) ਰਾਜ ਮਿਲਦਾ ਹੈ, ਉਸੇ ਦਾ ਹੀ ਦਿੱਤਾ ਹੋਇਆ ਸੁਪਨਾ ਭੀ ਹੁੰਦਾ ਹੈ। ਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ, ਉਸੇ ਨੇ ਹੀ ਮਾਇਆ ਦੀ ਤ੍ਰਿਸ਼ਨਾ ਚੰਬੋੜੀ ਹੋਈ ਹੈ।

ਹੇ ਨਾਨਕ! ਪ੍ਰਭੂ ਆਪ ਹੀ (ਤ੍ਰਿਸ਼ਨਾ ਚੰਬੋੜ ਕੇ) ਆਤਮਕ ਮੌਤ ਦੇਂਦਾ ਹੈ, ਆਪ ਹੀ (ਆਪਣੇ ਨਾਮ ਦੀ ਦਾਤਿ ਦੇ ਕੇ) ਮਨੁੱਖਾ ਜੀਵਨ ਦਾ ਮਨੋਰਥ ਸਫਲ ਕਰਦਾ ਹੈ। ਪ੍ਰਭੂ ਦੇ ਦਰ ਤੇ ਹੀ (ਸਦਾ ਨਾਮ ਦੀ ਦਾਤਿ ਵਾਸਤੇ) ਅਰਦਾਸ ਕਰਨੀ ਚਾਹੀਦੀ ਹੈ।4।11। 80।

ਗਉੜੀ ਗੁਆਰੇਰੀ ਮਹਲਾ ੫ ॥ ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥ ਕਲਮ ਕਾਗਦ ਸਿਆਨਪ ਲੇਖੀ ॥ ਮਹਰ ਮਲੂਕ ਹੋਇ ਦੇਖਿਆ ਖਾਨ ॥ ਤਾ ਤੇ ਨਾਹੀ ਮਨੁ ਤ੍ਰਿਪਤਾਨ ॥੧॥ ਸੋ ਸੁਖੁ ਮੋ ਕਉ ਸੰਤ ਬਤਾਵਹੁ ॥ ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥੧॥ ਰਹਾਉ ॥ ਅਸੁ ਪਵਨ ਹਸਤਿ ਅਸਵਾਰੀ ॥ ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥ ਨਟ ਨਾਟਿਕ ਆਖਾਰੇ ਗਾਇਆ ॥ ਤਾ ਮਹਿ ਮਨਿ ਸੰਤੋਖੁ ਨ ਪਾਇਆ ॥੨॥ ਤਖਤੁ ਸਭਾ ਮੰਡਨ ਦੋਲੀਚੇ ॥ ਸਗਲ ਮੇਵੇ ਸੁੰਦਰ ਬਾਗੀਚੇ ॥ ਆਖੇੜ ਬਿਰਤਿ ਰਾਜਨ ਕੀ ਲੀਲਾ ॥ ਮਨੁ ਨ ਸੁਹੇਲਾ ਪਰਪੰਚੁ ਹੀਲਾ ॥੩॥ ਕਰਿ ਕਿਰਪਾ ਸੰਤਨ ਸਚੁ ਕਹਿਆ ॥ ਸਰਬ ਸੂਖ ਇਹੁ ਆਨੰਦੁ ਲਹਿਆ ॥ ਸਾਧਸੰਗਿ ਹਰਿ ਕੀਰਤਨੁ ਗਾਈਐ ॥ ਕਹੁ ਨਾਨਕ ਵਡਭਾਗੀ ਪਾਈਐ ॥੪॥ ਜਾ ਕੈ ਹਰਿ ਧਨੁ ਸੋਈ ਸੁਹੇਲਾ ॥ ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥ {ਪੰਨਾ 179}

ਪਦ ਅਰਥ: ਬਿਧਿ = ਤਰੀਕਾ, ਢੰਗ। ਪੇਖੀ = ਮੈਂ ਵੇਖੀ। ਲੇਖੀ = ਲਿਖੀ। ਮਹਰ = ਚੌਧਰੀ। ਮਲੂਕ = ਬਾਦਸ਼ਾਹ। ਹੋਇ = ਬਣ ਕੇ। ਤਾ ਤੇ = ਉਸ ਨਾਲ।1।

ਮੋ ਕਉ = ਮੈਨੂੰ। ਸੰਤ = ਹੇ ਸੰਤ! ਤ੍ਰਿਪਤਾਵਹੁ = ਤ੍ਰਿਪਤ ਕਰੋ, ਸੰਤੋਖੀ ਬਣਾਓ।1। ਰਹਾਉ।

ਅਸੁ = ਘੋੜੇ {AÓv}। ਅਸੁ ਪਵਨ = ਹਵਾ ਵਰਗੇ ਤੇਜ਼ ਘੋੜੇ {ਨੋਟ: ਲਫ਼ਜ਼ 'ਅਸੁ' ਦਾ ੁ ਸੰਸਕ੍ਰਿਤ ਲਫ਼ਜ਼ 'ਅਸ਼੍ਵ' ਦੇ 'ਵ' ਦਾ ਰੂਪਾਂਤਰ ਹੈ। ਸੋ, 'ਅਸੁ' ਇਕ-ਵਚਨ ਭੀ ਹੈ ਤੇ ਬਹੁ-ਵਚਨ ਭੀ) । ਹਸਤਿ = (hiÔqn`) ਹਾਥੀ। ਚੋਆ = ਅਤਰ। ਸੁੰਦਰਿ = ਸੁੰਦਰੀ, ਸੋਹਣੀ। ਨਟ = ਤਮਾਸ਼ਾ ਕਰਨ ਵਾਲੇ। ਆਖਾਰੇ = ਰੰਗ-ਭੂਮੀ। ਮਨਿ = ਮਨ ਨੇ।2।

ਮੰਡਨ = ਸਜਾਵਟ। ਸਗਲ = ਸਾਰੇ। ਆਖੇੜ = ਸ਼ਿਕਾਰ। ਬਿਰਤਿ = ਰੁਚੀ। ਲੀਲਾ = ਖੇਡ। ਸੁਹੇਲਾ = ਸੌਖਾ। ਪਰਪੰਚੁ = ਛਲ। ਹੀਲਾ = ਉੱਦਮ, ਜਤਨ।3।

ਜਾ ਕੈ = ਜਿਸ ਦੇ ਹਿਰਦੇ ਵਿਚ। ਰਹਾਉ ਦੂਜਾ {ਨੋਟ: ਪਹਿਲੇ 'ਰਹਾਉ' ਵਿਚ ਪ੍ਰਸ਼ਨ ਕੀਤਾ ਹੈ, ਦੂਜੇ ਵਿਚ ਉਸ ਦਾ ਉੱਤਰ ਹੈ}।

ਅਰਥ: ਹੇ ਸੰਤ ਜਨੋ! ਮੈਨੂੰ ਉਹ ਆਤਮਕ ਆਨੰਦ ਦੱਸੋ (ਜਿਸ ਨਾਲ ਮੇਰੀ ਮਾਇਆ ਦੀ) ਤ੍ਰਿਸ਼ਨਾ ਮਿਟ ਜਾਏ। ਹੇ ਸੰਤ ਜਨੋ! ਮੇਰੇ ਮਨ ਨੂੰ ਸੰਤੋਖੀ ਬਣਾ ਦਿਓ।1। ਰਹਾਉ।

ਮੈਂ ਬਹੁਤ ਰੰਗਾਂ ਵਾਲੀ ਮਾਇਆ ਕਈ ਤਰੀਕਿਆਂ ਨਾਲ ਮੋਂਹਦੀ ਵੇਖੀ ਹੈ। ਕਾਗ਼ਜ਼ ਕਲਮ (ਲੈ ਕੇ ਕਈਆਂ ਨੇ) ਅਨੇਕਾਂ ਵਿਦਵਤਾ ਵਾਲੇ ਲੇਖ ਲਿਖੇ ਹਨ (ਮਾਇਆ ਉਹਨਾਂ ਨੂੰ ਵਿਦਵਤਾ ਦੇ ਰੂਪ ਵਿਚ ਮੋਹ ਰਹੀ ਹੈ) । (ਕਈਆਂ ਨੇ) ਚੌਧਰੀ ਸੁਲਤਾਨ ਖਾਨ ਬਣ ਕੇ ਵੇਖ ਲਿਆ ਹੈ। ਇਹਨਾਂ ਨਾਲ (ਕਿਸੇ ਦਾ) ਮਨ ਤ੍ਰਿਪਤ ਨਹੀਂ ਹੋ ਸਕਿਆ।1।

ਹਾਥੀਆਂ ਦੀ ਤੇ ਹਵਾ ਵਰਗੇ ਤੇਜ਼ ਘੋੜਿਆਂ ਦੀ ਸਵਾਰੀ (ਕਈਆਂ ਨੇ ਕਰ ਵੇਖੀ ਹੈ) , ਅਤਰ ਤੇ ਚੰਦਨ (ਵਰਤ ਵੇਖਿਆ ਹੈ) , ਸੁੰਦਰ ਇਸਤ੍ਰੀ ਦੀ ਸੇਜ (ਮਾਣ ਵੇਖੀ) ਹੈ, ਮੈਂ ਰੰਗ-ਭੂਮੀ ਵਿਚ ਨਟਾਂ ਦੇ ਨਾਟਕ ਵੇਖੇ ਹਨ, ਤੇ ਉਹਨਾਂ ਦੇ ਗੀਤ ਗਾਏ ਹੋਏ ਸੁਣੇ ਹਨ। ਇਹਨਾਂ ਵਿਚ ਰੁੱਝ ਕੇ ਭੀ (ਕਿਸੇ ਦੇ) ਮਨ ਨੇ ਸ਼ਾਂਤੀ ਪ੍ਰਾਪਤ ਨਹੀਂ ਕੀਤੀ।2।

ਰਾਜ-ਦਰਬਾਰ ਦੀਆਂ ਸਜਾਵਟਾਂ, ਤਖ਼ਤ (ਉਤੇ ਬੈਠਣਾ) , ਦੁਲੀਚੇ, ਸਭ ਕਿਸਮਾਂ ਦੇ ਫਲ, ਸੁੰਦਰ ਫੁਲਵਾੜੀਆਂ, ਸ਼ਿਕਾਰ ਖੇਡਣ ਵਾਲੀ ਰੁਚੀ, ਰਾਜਿਆਂ ਦੀਆਂ ਖੇਡਾਂ = (ਇਹਨਾਂ ਸਭਨਾਂ ਨਾਲ ਭੀ) ਮਨ ਸੁਖੀ ਨਹੀਂ ਹੁੰਦਾ। ਇਹ ਸਾਰਾ ਜਤਨ ਛਲ ਹੀ ਸਾਬਤ ਹੁੰਦਾ ਹੈ।3।

(ਦੁਨੀਆ ਦੇ ਰੰਗ-ਤਮਾਸ਼ਿਆਂ ਵਿਚੋਂ ਸੁਖ ਭਾਲਦੇ ਨੂੰ) ਸੰਤਾਂ ਨੇ ਮੇਹਰ ਕਰ ਕੇ ਸੱਚ ਦੱਸਿਆ ਕਿ ਸਾਧ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਚਾਹੀਦੇ ਹਨ (ਸਿਰਫ਼ ਇਸੇ ਉੱਦਮ ਨਾਲ ਹੀ) ਸਾਰੇ ਸੁਖਾਂ ਦਾ ਮੂਲ ਇਹ ਆਤਮਕ ਆਨੰਦ ਮਿਲਦਾ ਹੈ। ਪਰ, ਹੇ ਨਾਨਕ! ਆਖ– ਸਿਫ਼ਤਿ-ਸਾਲਾਹ ਦੀ ਇਹ ਦਾਤਿ ਵੱਡੇ ਭਾਗਾਂ ਨਾਲ ਮਿਲਦੀ ਹੈ।4।

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ ਉਹੀ ਸੌਖਾ ਹੈ। ਸਾਧ ਸੰਗਤਿ ਵਿਚ ਮਿਲ ਬੈਠਣਾ ਪਰਮਾਤਮਾ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ।1। ਰਹਾਉ ਦੂਜਾ।

TOP OF PAGE

Sri Guru Granth Darpan, by Professor Sahib Singh