ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 180

ਗਉੜੀ ਗੁਆਰੇਰੀ ਮਹਲਾ ੫ ॥ ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥ ਬਹੁਰਿ ਬਹੁਰਿ ਉਆਹੂ ਲਪਟੇਰਾ ॥ ਪੁਤ੍ਰ ਕਲਤ੍ਰ ਗਿਰਸਤ ਕਾ ਫਾਸਾ ॥ ਹੋਨੁ ਨ ਪਾਈਐ ਰਾਮ ਕੇ ਦਾਸਾ ॥੧॥ ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥ ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥੧॥ ਰਹਾਉ ॥ ਜੋ ਭਲਾਈ ਸੋ ਬੁਰਾ ਜਾਨੈ ॥ ਸਾਚੁ ਕਹੈ ਸੋ ਬਿਖੈ ਸਮਾਨੈ ॥ ਜਾਣੈ ਨਾਹੀ ਜੀਤ ਅਰੁ ਹਾਰ ॥ ਇਹੁ ਵਲੇਵਾ ਸਾਕਤ ਸੰਸਾਰ ॥੨॥ ਜੋ ਹਲਾਹਲ ਸੋ ਪੀਵੈ ਬਉਰਾ ॥ ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥ ਸਾਧਸੰਗ ਕੈ ਨਾਹੀ ਨੇਰਿ ॥ ਲਖ ਚਉਰਾਸੀਹ ਭ੍ਰਮਤਾ ਫੇਰਿ ॥੩॥ ਏਕੈ ਜਾਲਿ ਫਹਾਏ ਪੰਖੀ ॥ ਰਸਿ ਰਸਿ ਭੋਗ ਕਰਹਿ ਬਹੁ ਰੰਗੀ ॥ ਕਹੁ ਨਾਨਕ ਜਿਸੁ ਭਏ ਕ੍ਰਿਪਾਲ ॥ ਗੁਰਿ ਪੂਰੈ ਤਾ ਕੇ ਕਾਟੇ ਜਾਲ ॥੪॥੧੩॥੮੨॥ {ਪੰਨਾ 180}

ਪਦ ਅਰਥ: ਬਹੁਰਿ ਬਹੁਰਿ = ਮੁੜ ਮੁੜ। ਉਆ ਹੂ = ਉਸ (ਤਨ) ਨਾਲ ਹੀ। ਕਲਤ੍ਰ = ਇਸਤਰੀ। ਗਿਰਸਤ = ਗ੍ਰਿਹਸਤ।1।

ਬਿਧਿ = ਤਰੀਕਾ, ਢੰਗ। ਜਿਤੁ = ਜਿਸ ਦੀ ਰਾਹੀਂ। ਮਤਿ = ਬੁਧਿ, ਅਕਲ। ਮਾਇ = ਮਾਇਆ।1। ਰਹਾਉ।

ਬਿਖੈ = ਜ਼ਹਰ। ਸਮਾਨੈ = ਬਰਾਬਰ। ਵਲੇਵਾ = ਵਰਤੋਂ, ਵਿਹਾਰ। ਸਾਕਤ = ਰੱਬ ਨਾਲੋਂ ਟੁੱਟੇ ਹੋਏ ਦੀ।2।

ਹਲਾਹਲ = ਮਹੁਰਾ, ਜ਼ਹਰ। ਬਉਰਾ = ਪਾਗਲ। ਕਰਿ = ਕਰ ਕੇ। ਨੇਰਿ = ਨੇੜੇ। ਫੇਰਿ = ਗੇੜ ਵਿਚ।3।

ਏਕੈ ਜਾਲਿ = ਇਕ (ਮਾਇਆ) ਦੇ ਜਾਲ ਵਿਚ। ਪੰਖੀ = ਜੀਵ-ਪੰਛੀ। ਰਸਿ ਰਸਿ = ਸੁਆਦ ਲਾ ਲਾ ਕੇ। ਬਹੁ-ਰੰਗੀ = ਅਨੇਕਾਂ ਰੰਗਾਂ ਦੇ। ਗੁਰਿ = ਗੁਰੂ ਨੇ। ਤਾ ਕੇ = ਉਸ ਦੇ।4।

ਅਰਥ: (ਹੇ ਭਾਈ!) ਉਹ ਕੇਹੜਾ ਤਰੀਕਾ ਹੈ ਜਿਸ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦਾ ਹੈ? ਉਹ ਕੇਹੜੀ ਸਿੱਖ-ਮਤਿ ਹੈ ਜਿਸ ਦੀ ਰਾਹੀਂ ਮਨੁੱਖ ਇਸ ਮਾਇਆ (ਦੇ ਪ੍ਰਭਾਵ) ਤੋਂ ਪਾਰ ਲੰਘ ਸਕਦਾ ਹੈ?।1। ਰਹਾਉ।

(ਮਾਇਆ ਦੇ ਮੋਹ ਵਿਚ ਫਸਿਆ) ਮਨੁੱਖ ਸਮਝਦਾ ਹੈ ਕਿ ਇਹ ਸਰੀਰ (ਸਦਾ) ਮੇਰਾ (ਆਪਣਾ ਹੀ ਰਹਿਣਾ) ਹੈ, ਮੁੜ ਮੁੜ ਇਸ ਸਰੀਰ ਨਾਲ ਹੀ ਚੰਬੜਦਾ ਹੈ। ਜਿਤਨਾ ਚਿਰ ਪੁੱਤਰ ਇਸਤ੍ਰੀ ਗ੍ਰਿਹਸਤ (ਦੇ ਮੋਹ) ਦਾ ਫਾਹਾ (ਗਲ ਵਿਚ ਪਿਆ ਰਹਿੰਦਾ) ਹੈ, ਪਰਮਾਤਮਾ ਦਾ ਸੇਵਕ ਬਣ ਨਹੀਂ ਸਕੀਦਾ।1।

ਮਾਇਆ-ਵੇੜ੍ਹੇ ਸੰਸਾਰ ਦਾ ਇਹ ਵਰਤਣ-ਵਿਹਾਰ ਹੈ ਕਿ ਜੇਹੜਾ ਕੰਮ ਇਸ ਦੀ ਭਲਾਈ (ਦਾ) ਹੈ ਉਸ ਨੂੰ ਭੈੜਾ ਸਮਝਦਾ ਹੈ, ਜੇ ਕੋਈ ਇਸ ਨੂੰ ਸੱਚ ਆਖੇ, ਉਹ ਇਸ ਨੂੰ ਜ਼ਹਰ ਵਰਗਾ ਲੱਗਦਾ ਹੈ, ਇਹ ਨਹੀਂ ਸਮਝਦਾ ਹੈ ਕਿ ਕੇਹੜਾ ਕੰਮ ਜੀਵਨ-ਬਾਜ਼ੀ ਦੀ ਜਿੱਤ ਵਾਸਤੇ ਹੈ ਤੇ ਕੇਹੜਾ ਹਾਰ ਵਾਸਤੇ।2।

ਜੇਹੜਾ ਜ਼ਹਰ ਹੈ ਉਸ ਨੂੰ ਮਾਇਆ-ਗ੍ਰਸਿਆ ਮਨੁੱਖ (ਖ਼ੁਸ਼ੀ ਨਾਲ) ਪੀਂਦਾ ਹੈ। ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਸ ਨੂੰ ਮਨੁੱਖ ਕੌੜਾ ਜਾਣਦਾ ਹੈ। (ਮਾਇਆ-ਗ੍ਰਸਿਆ ਮਨੁੱਖ) ਸਾਧ ਸੰਗਤਿ ਦੇ ਨੇੜੇ ਨਹੀਂ ਢੁਕਦਾ, (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦਾ ਫਿਰਦਾ ਹੈ।3।

ਜੀਵ-ਪੰਛੀ ਇਕ ਮਾਇਆ ਦੇ ਜਾਲ ਵਿਚ ਹੀ (ਪਰਮਾਤਮਾ ਨੇ) ਫਸਾਏ ਹੋਏ ਹਨ, ਸੁਆਦ ਲਾ ਲਾ ਕੇ ਇਹ ਅਨੇਕਾਂ ਰੰਗਾਂ ਦੇ ਭੋਗ ਭੋਗਦੇ ਰਹਿੰਦੇ ਹਨ। ਹੇ ਨਾਨਕ! ਆਖ– ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾਲ ਹੁੰਦਾ ਹੈ, ਪੂਰੇ ਗੁਰੂ ਨੇ ਉਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਫਾਹੇ ਕੱਟ ਦਿੱਤੇ ਹਨ।4।13। 82।

ਗਉੜੀ ਗੁਆਰੇਰੀ ਮਹਲਾ ੫ ॥ ਤਉ ਕਿਰਪਾ ਤੇ ਮਾਰਗੁ ਪਾਈਐ ॥ ਪ੍ਰਭ ਕਿਰਪਾ ਤੇ ਨਾਮੁ ਧਿਆਈਐ ॥ ਪ੍ਰਭ ਕਿਰਪਾ ਤੇ ਬੰਧਨ ਛੁਟੈ ॥ ਤਉ ਕਿਰਪਾ ਤੇ ਹਉਮੈ ਤੁਟੈ ॥੧॥ ਤੁਮ ਲਾਵਹੁ ਤਉ ਲਾਗਹ ਸੇਵ ॥ ਹਮ ਤੇ ਕਛੂ ਨ ਹੋਵੈ ਦੇਵ ॥੧॥ ਰਹਾਉ ॥ ਤੁਧੁ ਭਾਵੈ ਤਾ ਗਾਵਾ ਬਾਣੀ ॥ ਤੁਧੁ ਭਾਵੈ ਤਾ ਸਚੁ ਵਖਾਣੀ ॥ ਤੁਧੁ ਭਾਵੈ ਤਾ ਸਤਿਗੁਰ ਮਇਆ ॥ ਸਰਬ ਸੁਖਾ ਪ੍ਰਭ ਤੇਰੀ ਦਇਆ ॥੨॥ ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥ ਜੋ ਤੁਧੁ ਭਾਵੈ ਸੋ ਸਚੁ ਧਰਮਾ ॥ ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥ ਤੂੰ ਸਾਹਿਬੁ ਸੇਵਕ ਅਰਦਾਸਿ ॥੩॥ ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ ॥ ਸਰਬ ਸੁਖਾ ਪਾਵਉ ਸਤਸੰਗਿ ॥ ਨਾਮਿ ਤੇਰੈ ਰਹੈ ਮਨੁ ਰਾਤਾ ॥ ਇਹੁ ਕਲਿਆਣੁ ਨਾਨਕ ਕਰਿ ਜਾਤਾ ॥੪॥੧੪॥੮੩॥ {ਪੰਨਾ 180}

ਪਦ ਅਰਥ: ਤੇ = ਤੋਂ, ਨਾਲ। ਤਉ ਕਿਰਪਾ ਤੇ = ਤੇਰੀ ਕਿਰਪਾ ਨਾਲ। ਮਾਰਗੁ = (ਜੀਵਨ ਦਾ ਸਹੀ) ਰਸਤਾ। ਪ੍ਰਭੂ ਕਿਰਪਾ ਤੇ = ਪ੍ਰਭੂ ਦੀ ਕਿਰਪਾ ਨਾਲ।1।

ਲਾਗਹ = ਅਸੀਂ ਲੱਗਦੇ ਹਾਂ। ਹਮ ਤੇ = ਸਾਥੋਂ। ਦੇਵ = ਹੇ ਦੇਵ! ਹੇ ਪ੍ਰਕਾਸ਼ ਰੂਪ!।1। ਰਹਾਉ।

ਭਾਵੈ = ਚੰਗਾ ਲੱਗੇ। ਗਾਵਾ = ਗਾਵਾਂ, ਮੈਂ ਗਾ ਸਕਦਾ ਹਾਂ। ਸਚੁ = ਸਦਾ-ਥਿਰ ਰਹਿਣ ਵਾਲਾ ਨਾਮ। ਵਖਾਣੀ = ਮੈਂ ਉਚਾਰਦਾ ਹਾਂ। ਮਇਆ = ਦਇਆ। ਪ੍ਰਭੂ = ਹੇ ਪ੍ਰਭੂ!।2।

ਨਿਰਮਲ = ਪਵਿਤ੍ਰ। ਸਚੁ = ਅਟੱਲ। ਨਿਧਾਨ = ਖ਼ਜ਼ਾਨੇ।3।

ਰੰਗਿ = ਪ੍ਰੇਮ ਵਿਚ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰਦਾ ਹਾਂ। ਸਤਸੰਗਿ = ਸਤਸੰਗ ਵਿਚ। ਨਾਮਿ = ਨਾਮ ਵਿਚ। ਕਲਿਆਣੁ = ਖ਼ੁਸ਼ੀ, ਆਨੰਦ।4।

ਅਰਥ: ਹੇ ਪ੍ਰਕਾਸ਼-ਰੂਪ ਪ੍ਰਭੂ! ਸਾਥੋਂ (ਜੀਵਾਂ ਪਾਸੋਂ ਸਾਡੇ ਆਪਣੇ ਉੱਦਮ ਨਾਲ ਤੇਰੀ ਸੇਵਾ-ਭਗਤੀ) ਕੁਝ ਭੀ ਨਹੀਂ ਹੋ ਸਕਦੀ। ਤੂੰ (ਆਪ ਹੀ ਸਾਨੂੰ) ਸੇਵਾ-ਭਗਤੀ ਵਿਚ ਲਾਵੇਂ ਤਾਂ ਅਸੀਂ ਲੱਗ ਸਕਦੇ ਹਾਂ।1। ਰਹਾਉ।

(ਹੇ ਪ੍ਰਭੂ!) ਤੇਰੀ ਕਿਰਪਾ ਨਾਲ (ਜੀਵਨ ਦਾ ਸਹੀ) ਰਸਤਾ ਲੱਭਦਾ ਹੈ। (ਹੇ ਭਾਈ!) ਪ੍ਰਭੂ ਦੀ ਕਿਰਪਾ ਨਾਲ (ਪ੍ਰਭੂ ਦਾ) ਨਾਮ ਸਿਮਰੀਦਾ ਹੈ, (ਇਸ ਤਰ੍ਹਾਂ) ਪ੍ਰਭੂ ਦੀ ਕਿਰਪਾ ਨਾਲ ਮਾਇਆ ਦੇ ਬੰਧਨਾਂ ਦਾ ਜਾਲ ਟੁੱਟ ਜਾਂਦਾ ਹੈ। ਹੇ ਪ੍ਰਭੂ! ਤੇਰੀ ਕਿਰਪਾ ਨਾਲ (ਸਾਡੀ ਜੀਵਾਂ ਦੀ) ਹਉਮੈ ਦੂਰ ਹੁੰਦੀ ਹੈ।1।

(ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗਾ ਸਕਦਾ ਹਾਂ। ਤੈਨੂੰ ਪਸੰਦ ਆਵੇ ਤਾਂ ਮੈਂ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਉਚਾਰ ਸਕਦਾ ਹਾਂ। (ਹੇ ਪ੍ਰਭੂ!) ਤੈਨੂੰ ਚੰਗਾ ਲੱਗੇ ਤਾਂ (ਜੀਵਾਂ ਉਤੇ) ਗੁਰੂ ਦੀ ਕਿਰਪਾ ਹੁੰਦੀ ਹੈ। ਹੇ ਪ੍ਰਭੂ! ਸਾਰੇ ਸੁਖ ਤੇਰੀ ਮਿਹਰ ਵਿਚ ਹੀ ਹਨ।2।

ਹੇ ਪ੍ਰਭੂ! ਜੇਹੜਾ ਕੰਮ ਤੈਨੂੰ ਚੰਗਾ ਲੱਗ ਜਾਏ ਉਹੀ ਪਵਿਤ੍ਰ ਹੈ, ਜੇਹੜੀ ਜੀਵਨ-ਮਰਯਾਦਾ ਤੈਨੂੰ ਪਸੰਦ ਆ ਜਾਏ ਉਹੀ ਅਟੱਲ ਮਰਯਾਦਾ ਹੈ। ਹੇ ਪ੍ਰਭੂ! ਸਾਰੇ ਖ਼ਜ਼ਾਨੇ ਸਾਰੇ ਗੁਣ ਤੇਰੇ ਹੀ ਵੱਸ ਵਿਚ ਹਨ। ਤੂੰ ਹੀ ਮੇਰਾ ਮਾਲਕ ਹੈਂ, ਮੈਂ ਸੇਵਕ ਦੀ (ਤੇਰੇ ਅੱਗੇ ਹੀ) ਅਰਦਾਸ ਹੈ।3।

(ਹੇ ਭਾਈ!) ਪਰਮਾਤਮਾ ਦੇ ਪਿਆਰ ਵਿਚ (ਟਿਕੇ ਰਿਹਾਂ) ਮਨ ਪਵਿਤ੍ਰ ਹੋ ਜਾਂਦਾ ਹੈ, ਸਾਧ ਸੰਗਤਿ ਵਿਚ ਟਿਕੇ ਰਿਹਾਂ (ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ) ਮੈਂ ਸਾਰੇ ਸੁਖ ਲੱਭ ਲੈਂਦਾ ਹਾਂ। ਹੇ ਨਾਨਕ! (ਆਖ– ਹੇ ਪ੍ਰਭੂ! ਜਿਸ ਮਨੁੱਖ ਦਾ) ਮਨ ਤੇਰੇ ਨਾਮ ਵਿਚ ਰੰਗਿਆ ਜਾਂਦਾ ਹੈ ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰ ਕੇ ਸਮਝਦਾ ਹੈ।4।14। 83।

ਗਉੜੀ ਗੁਆਰੇਰੀ ਮਹਲਾ ੫ ॥ ਆਨ ਰਸਾ ਜੇਤੇ ਤੈ ਚਾਖੇ ॥ ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥ ਹਰਿ ਰਸ ਕਾ ਤੂੰ ਚਾਖਹਿ ਸਾਦੁ ॥ ਚਾਖਤ ਹੋਇ ਰਹਹਿ ਬਿਸਮਾਦੁ ॥੧॥ ਅੰਮ੍ਰਿਤੁ ਰਸਨਾ ਪੀਉ ਪਿਆਰੀ ॥ ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥ ਹੇ ਜਿਹਵੇ ਤੂੰ ਰਾਮ ਗੁਣ ਗਾਉ ॥ ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥ ਆਨ ਨ ਸੁਨੀਐ ਕਤਹੂੰ ਜਾਈਐ ॥ ਸਾਧਸੰਗਤਿ ਵਡਭਾਗੀ ਪਾਈਐ ॥੨॥ ਆਠ ਪਹਰ ਜਿਹਵੇ ਆਰਾਧਿ ॥ ਪਾਰਬ੍ਰਹਮ ਠਾਕੁਰ ਆਗਾਧਿ ॥ ਈਹਾ ਊਹਾ ਸਦਾ ਸੁਹੇਲੀ ॥ ਹਰਿ ਗੁਣ ਗਾਵਤ ਰਸਨ ਅਮੋਲੀ ॥੩॥ ਬਨਸਪਤਿ ਮਉਲੀ ਫਲ ਫੁਲ ਪੇਡੇ ॥ ਇਹ ਰਸ ਰਾਤੀ ਬਹੁਰਿ ਨ ਛੋਡੇ ॥ ਆਨ ਨ ਰਸ ਕਸ ਲਵੈ ਨ ਲਾਈ ॥ ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥ {ਪੰਨਾ 180}

ਪਦ ਅਰਥ: ਆਨ = ਹੋਰ {ANX}। ਜੇਤੇ = ਜਿਤਨੇ (ਭੀ) । ਤੈ = ਤੂੰ (ਹੇ ਮੇਰੀ ਜੀਭ!) । ਨਿਮਖ = ਅੱਖ ਝਮਕਣ ਜਿਤਨਾ ਸਮਾ {inmy = }। ਸਾਦੁ = ਸੁਆਦ। ਬਿਸਮਾਦੁ = ਅਸਚਰਜ, ਮਸਤ।1।

ਰਸਨਾ = ਹੇ ਜੀਭ! ਤ੍ਰਿਪਤਾਰੀ = ਤ੍ਰਿਪਤ, ਸੰਤੁਸ਼ਟ।1। ਰਹਾਉ।

ਹੇ ਜਿਹਵੇ = ਹੇ ਜੀਭ! ਆਨ = ਹੋਰ। ਕਤ ਹੂੰ = ਕਿਤੇ ਭੀ।2।

ਆਰਾਧਿ = ਸਿਮਰ। ਆਗਾਧਿ = ਅਥਾਹ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸੁਹੇਲੀ = ਸੁਖੀ। ਰਸਨ = ਜੀਭ।3।

ਮਉਲੀ = ਖਿੜੀ ਹੋਈ। ਪੇਡ = ਡਾਲ। ਬਹੁਰਿ = ਮੁੜ। ਰਾਤੀ = ਰੱਤੀ ਹੋਈ, ਮਸਤ। ਰਸ ਕਸ = ਕਿਸਮ ਕਿਸਮ ਦੇ ਸੁਆਦ। ਲਵੈ ਨ ਲਾਈ = ਬਰਾਬਰੀ ਨਹੀਂ ਕਰ ਸਕਦੇ।4।

ਅਰਥ: ਹੇ (ਮੇਰੀ) ਪਿਆਰੀ ਜੀਭ! ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ। ਜੇਹੜੀ ਜੀਭ ਇਸ ਨਾਮ-ਰਸ ਵਿਚ ਮਸਤ ਹੋ ਜਾਂਦੀ ਹੈ, ਉਹ (ਹੋਰ ਰਸਾਂ ਵਲੋਂ) ਸੰਤੁਸ਼ਟ ਹੋ ਜਾਂਦੀ ਹੈ।1। ਰਹਾਉ।

(ਹੇ ਮੇਰੀ ਜੀਭ! ਪਰਮਾਤਮਾ ਦੇ ਨਾਮ-ਰਸ ਤੋਂ ਬਿਨਾ) ਹੋਰ ਜਿਤਨੇ ਭੀ ਰਸ ਤੂੰ ਚੱਖਦੀ ਰਹਿੰਦੀ ਹੈ, (ਉਹਨਾਂ ਨਾਲ) ਤੇਰੀ ਤ੍ਰਿਸ਼ਨਾ ਅੱਖ ਦੇ ਝਮਕਣ ਸਮੇ ਤਕ ਭੀ ਨਹੀਂ ਦੂਰ ਹੁੰਦੀ। ਜੇ ਤੂੰ ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਚੱਖੇਂ, ਚੱਖਦਿਆਂ ਹੀ ਤੂੰ (ਉਸ ਵਿਚ) ਮਸਤ ਹੋ ਜਾਏਂ।1।

ਹੇ (ਮੇਰੀ) ਜੀਭ! ਤੂੰ ਪਰਮਾਤਮਾ ਦੇ ਗੁਣ ਗਾ, ਪਲ ਪਲ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ। (ਜੇ ਦੁਨੀਆ ਦੇ ਰਸਾਂ ਵਲੋਂ ਸੰਤੁਸ਼ਟ ਹੋਣਾ ਹੈ, ਤਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਹੋਰ (ਫਿੱਕੇ ਬੋਲ) ਨਹੀਂ ਸੁਣਨੇ ਚਾਹੀਦੇ, (ਸਾਧ ਸੰਗਤਿ ਤੋਂ ਬਿਨਾ) ਹੋਰ ਕਿਤੇ (ਵਿਕਾਰ ਪੈਦਾ ਕਰਨ ਵਾਲੇ ਥਾਂਵਾਂ ਤੇ) ਨਹੀਂ ਜਾਣਾ ਚਾਹੀਦਾ। (ਪਰ) ਸਾਧ ਸੰਗਤਿ ਵੱਡੇ ਭਾਗਾਂ ਨਾਲ ਹੀ ਮਿਲਦੀ ਹੈ।2।

ਹੇ (ਮੇਰੀ) ਜੀਭ! ਅੱਠੇ ਪਹਰ ਅਥਾਹ (ਗੁਣਾਂ ਵਾਲੇ) ਠਾਕੁਰ ਪਾਰਬ੍ਰਹਮ ਦਾ ਸਿਮਰਨ ਕਰ। ਪਰਮਾਤਮਾ ਦੇ ਗੁਣ ਗਾਂਦਿਆਂ ਜੀਭ ਬੜੀ ਕੀਮਤ ਵਾਲੀ ਬਣ ਜਾਂਦੀ ਹੈ, (ਸਿਮਰਨ ਕਰਨ ਵਾਲੇ ਦੀ ਜ਼ਿੰਦਗੀ) ਇਸ ਲੋਕ ਤੇ ਪਰਲੋਕ ਵਿਚ ਸਦਾ ਸੁਖੀ ਹੋ ਜਾਂਦੀ ਹੈ।3।

(ਇਹ ਠੀਕ ਹੈ ਕਿ ਪਰਮਾਤਮਾ ਦੀ ਕੁਦਰਤਿ ਵਿਚ ਸਾਰੀ) ਬਨਸਪਤੀ ਖਿੜੀ ਰਹਿੰਦੀ ਹੈ, ਰੁੱਖਾਂ ਬੂਟਿਆਂ ਨੂੰ ਫੁੱਲ ਫਲ ਲੱਗੇ ਹੁੰਦੇ ਹਨ, ਪਰ ਜਿਸ ਮਨੁੱਖ ਦੀ ਜੀਭ ਨਾਮ-ਰਸ ਵਿਚ ਮਸਤ ਹੈ ਉਹ (ਬਾਹਰ-ਦਿੱਸਦੀ ਸੁੰਦਰਤਾ ਨੂੰ ਤੱਕ ਕੇ ਨਾਮ-ਰਸ ਨੂੰ) ਕਦੇ ਨਹੀਂ ਛੱਡਦਾ।

ਹੇ ਨਾਨਕ! ਆਖ– ਜਿਸ ਮਨੁੱਖ ਦਾ ਸਹਾਈ ਸਤਿਗੁਰੂ ਬਣਦਾ ਹੈ, (ਉਸ ਦੀਆਂ ਨਜ਼ਰਾਂ ਵਿਚ ਦੁਨੀਆ ਵਾਲੇ) ਹੋਰ ਕਿਸਮ ਕਿਸਮ ਦੇ ਰਸ (ਪਰਮਾਤਮਾ ਦੇ ਨਾਮ-ਰਸ ਦੀ) ਬਰਾਬਰੀ ਨਹੀਂ ਕਰ ਸਕਦੇ।4।15। 84।

TOP OF PAGE

Sri Guru Granth Darpan, by Professor Sahib Singh