ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 181

ਗਉੜੀ ਗੁਆਰੇਰੀ ਮਹਲਾ ੫ ॥ ਮਨੁ ਮੰਦਰੁ ਤਨੁ ਸਾਜੀ ਬਾਰਿ ॥ ਇਸ ਹੀ ਮਧੇ ਬਸਤੁ ਅਪਾਰ ॥ ਇਸ ਹੀ ਭੀਤਰਿ ਸੁਨੀਅਤ ਸਾਹੁ ॥ ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥੧॥ ਨਾਮ ਰਤਨ ਕੋ ਕੋ ਬਿਉਹਾਰੀ ॥ ਅੰਮ੍ਰਿਤ ਭੋਜਨੁ ਕਰੇ ਆਹਾਰੀ ॥੧॥ ਰਹਾਉ ॥ ਮਨੁ ਤਨੁ ਅਰਪੀ ਸੇਵ ਕਰੀਜੈ ॥ ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥ ਪਾਇ ਲਗਉ ਤਜਿ ਮੇਰਾ ਤੇਰੈ ॥ ਕਵਨੁ ਸੁ ਜਨੁ ਜੋ ਸਉਦਾ ਜੋਰੈ ॥੨॥ ਮਹਲੁ ਸਾਹ ਕਾ ਕਿਨ ਬਿਧਿ ਪਾਵੈ ॥ ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ ॥ ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥ ਕਵਨੁ ਸੁ ਦਾਤਾ ਲੇ ਸੰਚਾਰੇ ॥੩॥ ਖੋਜਤ ਖੋਜਤ ਨਿਜ ਘਰੁ ਪਾਇਆ ॥ ਅਮੋਲ ਰਤਨੁ ਸਾਚੁ ਦਿਖਲਾਇਆ ॥ ਕਰਿ ਕਿਰਪਾ ਜਬ ਮੇਲੇ ਸਾਹਿ ॥ ਕਹੁ ਨਾਨਕ ਗੁਰ ਕੈ ਵੇਸਾਹਿ ॥੪॥੧੬॥੮੫॥ {ਪੰਨਾ 181}

ਪਦ ਅਰਥ: ਮੰਦਰੁ = ਸੋਹਣਾ ਘਰ। ਸਾਜੀ = ਬਣਾਈ ਹੈ। ਬਾਰਿ = ਵਾੜ। ਇਸ ਹੀ ਮਧੇ = ਇਸ (ਮਨ) ਦੇ ਵਿਚ ਹੀ। ਬਸਤੁ = ਵਸਤੂ, ਨਾਮ-ਰਾਸਿ। ਸਾਹੁ = ਪ੍ਰਭੂ-ਸ਼ਾਹੂਕਾਰ। ਬਾਪਾਰੀ = ਨਾਮ-ਪੂੰਜੀ ਦਾ ਵਣਜ ਕਰਨ ਵਾਲਾ। ਵਿਸਾਹੁ = ਇਤਬਾਰ।1।

ਕੋ = ਦਾ। ਕੋ = ਜੇਹੜਾ ਕੋਈ। ਬਿਉਹਾਰੀ = ਵਪਾਰੀ। ਆਹਾਰੀ = ਖ਼ੁਰਾਕ, ਜੀਵਨ ਦਾ ਆਸਰਾ।1। ਰਹਾਉ।

ਅਰਪੀ = ਅਰਪੀਂ, ਮੈਂ ਭੇਟਾ ਕਰਦਾ ਹਾਂ। ਜੁਗਤਿ = ਤਰੀਕਾ। ਜਿਤੁ = ਜਿਸ ਦੀ ਰਾਹੀਂ। ਭੀਜੈ = ਪ੍ਰਸੰਨ ਹੁੰਦਾ ਹੈ। ਪਾਇ ਲਗਉ = ਮੈਂ ਪੈਰੀਂ ਲੱਗਦਾ ਹਾਂ। ਤਜਿ = ਤਜ ਕੇ। ਜੋਰੈ = ਜੋੜ ਦੇਵੇ, ਕਰਾ ਦੇਵੇ।2।

ਮਹਲੁ = ਟਿਕਾਣਾ। ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਭੀਤਰਿ = ਅੰਦਰ, ਆਪਣੀ ਹਜ਼ੂਰੀ ਵਿਚ। ਜਾ ਕੇ = ਜਿਸ ਦੇ। ਕੋਟਿ = ਕ੍ਰੋੜਾਂ। ਸੰਚਾਰੇ = ਅਪੜਾਵੇ।3।

ਨਿਜ ਘਰੁ = ਆਪਣਾ ਅਸਲੀ ਘਰ। ਸਾਚੁ = ਸਦਾ ਕਾਇਮ ਰਹਿਣ ਵਾਲਾ। ਸਾਹਿ = ਸ਼ਾਹ ਨੇ। ਵੇਸਾਹਿ = ਇਤਬਾਰ ਨਾਲ, ਹਾਮੀ ਨਾਲ।4।

ਅਰਥ: ਜੇਹੜਾ ਕੋਈ ਪਰਮਾਤਮਾ ਦੇ ਨਾਮ-ਰਤਨ ਦਾ (ਅਸਲ) ਵਪਾਰੀ ਹੈ, ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਭੋਜਨ ਨੂੰ ਆਪਣੀ ਜ਼ਿੰਦਗੀ ਦਾ ਆਹਾਰ ਬਣਾਂਦਾ ਹੈ।1। ਰਹਾਉ।

(ਪਰਮਾਤਮਾ ਸ਼ਾਹ ਨੇ ਆਪਣੇ ਰਹਿਣ ਵਾਸਤੇ ਮਨੁੱਖ ਦੇ) ਮਨ ਨੂੰ ਸੋਹਣਾ ਘਰ ਬਣਾਇਆ ਹੋਇਆ ਹੈ ਤੇ ਮਨੁੱਖਾ ਸਰੀਰ ਨੂੰ (ਭਾਵ, ਗਿਆਨ-ਇੰਦ੍ਰਰਿਆਂ ਨੂੰ, ਉਸ ਘਰ ਦੀ ਰਾਖੀ ਲਈ) ਵਾੜ ਬਣਾਇਆ ਹੈ। ਇਸ ਮਨ-ਮੰਦਰ ਦੇ ਅੰਦਰ ਹੀ ਬੇਅੰਤ ਪ੍ਰਭੂ ਦੀ ਨਾਮ-ਪੂੰਜੀ ਹੈ। ਇਸ ਮਨ-ਮੰਦਰ ਦੇ ਵਿਚ ਹੀ ਉਹ ਪ੍ਰਭੂ-ਸ਼ਾਹ ਵੱਸਦਾ ਸੁਣੀਦਾ ਹੈ। ਕੋਈ ਵਿਰਲਾ ਨਾਮ-ਵਣਜਾਰਾ ਹੈ, ਜਿਸ ਦਾ ਉਸ ਸ਼ਾਹ ਦੀ ਹਜ਼ੂਰੀ ਵਿਚ ਇਤਬਾਰ ਬਣਿਆ ਹੋਇਆ ਹੈ।1।

ਉਹ ਕੇਹੜਾ (ਵਿਰਲਾ ਪ੍ਰਭੂ ਦਾ) ਸੇਵਕ ਹੈ ਜੋ (ਮੈਨੂੰ ਭੀ) ਨਾਮ ਦਾ ਸੌਦਾ ਕਰਾ ਦੇਵੇ? ਮੈਂ ਆਪਣਾ ਮਨ ਤਨ ਉਸ ਦੀ ਭੇਟ ਕਰਦਾ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ, ਮੇਰ-ਤੇਰ ਛੱਡ ਕੇ ਮੈਂ ਉਸ ਦੀ ਪੈਰੀਂ ਲੱਗਦਾ ਹਾਂ (ਮੈਂ ਉਸ ਹਰਿ-ਜਨ ਪਾਸੋਂ ਪੁੱਛਣਾ ਚਾਹੁੰਦਾ ਹਾਂ ਕਿ) ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਪ੍ਰਭੂ ਪ੍ਰਸੰਨ ਹੋ ਜਾਏ।2।

(ਮੈਂ ਉਸ ਨਾਮ-ਰਤਨ ਦੇ ਵਪਾਰੀ ਪਾਸੋਂ ਪੁੱਛਦਾ ਹਾਂ ਕਿ) ਨਾਮ-ਰਾਸਿ ਦੇ ਸ਼ਾਹ ਦਾ ਮਹਲ ਮਨੁੱਖ ਕੇਹੜੇ ਤਰੀਕਿਆਂ ਨਾਲ ਲੱਭ ਸਕਦਾ ਹੈ? ਉਹ ਕੇਹੜਾ ਢੰਗ ਹੈ ਜਿਸ ਕਰਕੇ ਉਹ ਸ਼ਾਹ ਜੀਵ-ਵਣਜਾਰੇ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ?

ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਕ੍ਰੋੜਾਂ ਜੀਵ ਤੇਰੇ ਵਣਜਾਰੇ ਹਨ। ਨਾਮ ਦੀ ਦਾਤਿ ਕਰਨ ਵਾਲਾ ਉਹ ਕੌਣ ਹੈ ਜੋ ਮੈਨੂੰ ਫੜ ਕੇ ਤੇਰੇ ਚਰਨਾਂ ਵਿਚ ਅਪੜਾ ਦੇਵੇ?।3।

ਹੇ ਨਾਨਕ! ਆਖ– ਜਦੋਂ ਭੀ ਸ਼ਾਹ-ਪ੍ਰਭੂ ਨੇ ਕਿਰਪਾ ਕਰ ਕੇ (ਕਿਸੇ ਜੀਵ-ਵਣਜਾਰੇ ਨੂੰ ਆਪਣੇ ਚਰਨਾਂ ਵਿਚ) ਮਿਲਾਇਆ ਹੈ ਗੁਰੂ ਦੀ ਹਾਮੀ ਦੀ ਰਾਹੀਂ ਹੀ ਮਿਲਾਇਆ ਹੈ। (ਗੁਰੂ ਨੇ ਹੀ ਉਸ ਵਡ-ਭਾਗੀ ਵਣਜਾਰੇ ਨੂੰ) ਸਦਾ ਕਾਇਮ ਰਹਿਣ ਵਾਲਾ (ਅਮੋਲਕ ਨਾਮ-ਰਤਨ ਵਿਖਾਲ ਦਿੱਤਾ ਹੈ। (ਗੁਰੂ ਦੀ ਕਿਰਪਾ ਨਾਲ ਹੀ ਉਸ ਵਣਜਾਰੇ ਨੇ) ਭਾਲ ਕਰਦਿਆਂ ਕਰਦਿਆਂ ਆਪਣਾ (ਉਹ ਅਸਲੀ) ਘਰ ਲੱਭ ਲਿਆ (ਜਿਥੇ ਪ੍ਰਭੂ-ਸ਼ਾਹ ਵੱਸਦਾ ਹੈ) ।4।16। 85।

ਗਉੜੀ ਮਹਲਾ ੫ ਗੁਆਰੇਰੀ ॥ ਰੈਣਿ ਦਿਨਸੁ ਰਹੈ ਇਕ ਰੰਗਾ ॥ ਪ੍ਰਭ ਕਉ ਜਾਣੈ ਸਦ ਹੀ ਸੰਗਾ ॥ ਠਾਕੁਰ ਨਾਮੁ ਕੀਓ ਉਨਿ ਵਰਤਨਿ ॥ ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ ॥੧॥ ਹਰਿ ਸੰਗਿ ਰਾਤੇ ਮਨ ਤਨ ਹਰੇ ॥ ਗੁਰ ਪੂਰੇ ਕੀ ਸਰਨੀ ਪਰੇ ॥੧॥ ਰਹਾਉ ॥ ਚਰਣ ਕਮਲ ਆਤਮ ਆਧਾਰ ॥ ਏਕੁ ਨਿਹਾਰਹਿ ਆਗਿਆਕਾਰ ॥ ਏਕੋ ਬਨਜੁ ਏਕੋ ਬਿਉਹਾਰੀ ॥ ਅਵਰੁ ਨ ਜਾਨਹਿ ਬਿਨੁ ਨਿਰੰਕਾਰੀ ॥੨॥ ਹਰਖ ਸੋਗ ਦੁਹਹੂੰ ਤੇ ਮੁਕਤੇ ॥ ਸਦਾ ਅਲਿਪਤੁ ਜੋਗ ਅਰੁ ਜੁਗਤੇ ॥ ਦੀਸਹਿ ਸਭ ਮਹਿ ਸਭ ਤੇ ਰਹਤੇ ॥ ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥੩॥ ਸੰਤਨ ਕੀ ਮਹਿਮਾ ਕਵਨ ਵਖਾਨਉ ॥ ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥ ਪਾਰਬ੍ਰਹਮ ਮੋਹਿ ਕਿਰਪਾ ਕੀਜੈ ॥ ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥ {ਪੰਨਾ 181}

ਪਦ ਅਰਥ: ਰੈਣਿ = ਰਾਤ। ਇਕ ਰੰਗਾ = ਇਕ ਪ੍ਰਭੂ ਦੇ ਪ੍ਰੇਮ ਵਿਚ। ਕਉ = ਨੂੰ। ਸਦ = ਸਦਾ। ਉਨਿ = ਉਸ (ਮਨੁੱਖ) ਨੇ। ਵਰਤਨਿ = ਹਰ ਵੇਲੇ ਵਰਤਣ ਵਾਲੀ ਸ਼ੈ। ਅਘਾਵਨੁ = ਸੰਤੋਖ, ਸੰਤੁਸ਼ਟਤਾ। ਦਰਸਨਿ = ਦਰਸਨ ਨਾਲ।1।

ਰਾਤੇ = ਰੱਤੇ ਹੋਏ, ਮਸਤ। ਹਰੇ = ਪ੍ਰਫੁਲਤ।1। ਰਹਾਉ।

ਚਰਣ ਕਮਲ = ਕੌਲ ਫੁੱਲਾਂ ਵਰਗੇ ਸੁੰਦਰ ਚਰਨ। ਆਧਾਰ = ਆਸਰਾ। ਨਿਹਾਰਹਿ = ਵੇਖਦੇ ਹਨ। ਆਗਿਆਕਾਰ = ਹੁਕਮ ਵਿਚ ਤੁਰਨ ਵਾਲੇ। ਬਿਉਹਾਰੀ = ਵਪਾਰੀ।2।

ਹਰਖ = ਖ਼ੁਸ਼ੀ। ਸੋਗ = ਚਿੰਤਾ। ਤੇ = ਤੋਂ। ਮੁਕਤੇ = ਆਜ਼ਾਦ। ਅਲਿਪਤੁ = ਨਿਰਲੇਪ। ਜੋਗ = ਪ੍ਰਭੂ ਨਾਲ ਜੁੜੇ ਹੋਏ। ਜੁਗਤੇ = ਚੰਗੀ ਜੀਵਨ-ਜੁਗਤਿ ਵਾਲੇ। ਦੀਸਹਿ = ਦਿੱਸਦੇ ਹਨ। ਰਹਤੇ = ਵੱਖਰੇ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ।3।

ਵਖਾਨਉ = ਵਖਾਨਉਂ, ਮੈਂ ਬਿਆਨ ਕਰਾਂ। ਅਗਾਧਿ = ਅਥਾਹ। ਬੋਧਿ = ਸਮਝ ਤੋਂ। ਮਿਤਿ = ਅੰਦਾਜ਼ਾ। ਮੋਹਿ = ਮੈਨੂੰ।4।

ਅਰਥ: (ਹੇ ਭਾਈ!) ਜੇਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈਂਦੇ ਹਨ, ਉਹ ਪਰਮਾਤਮਾ ਨਾਲ ਰੱਤੇ ਰਹਿੰਦੇ ਹਨ (ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੇ ਹਨ) ਉਹਨਾਂ ਦੇ ਮਨ ਖਿੜੇ ਰਹਿੰਦੇ ਹਨ, ਉਹਨਾਂ ਦੇ ਤਨ ਖਿੜੇ ਰਹਿੰਦੇ ਹਨ।1। ਰਹਾਉ।

(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਦਿਨ ਰਾਤ ਇਕ ਪਰਮਾਤਮਾ ਦੇ ਪ੍ਰੇਮ ਵਿਚ (ਮਸਤ) ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ-ਸੰਗ (ਵੱਸਦਾ) ਸਮਝਦਾ ਹੈ। ਪਰਮਾਤਮਾ ਦੇ ਦਰਸਨ ਨਾਲ ਉਹ (ਸਦਾ) ਤ੍ਰਿਪਤ ਰਹਿੰਦਾ ਹੈ ਸੰਤੁਸ਼ਟ ਰਹਿੰਦਾ ਹੈ।1।

(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨਾਂ ਨੂੰ ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੇ ਹਨ, ਉਹ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਵੇਖਦੇ ਹਨ, ਪਰਮਾਤਮਾ ਦੇ ਹੁਕਮ ਵਿਚ ਹੀ ਉਹ ਸਦਾ ਤੁਰਦੇ ਹਨ। ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਵਣਜ ਹੈ, ਪਰਮਾਤਮਾ ਦੇ ਨਾਮ ਦੇ ਹੀ ਉਹ ਸਦਾ ਵਪਾਰੀ ਬਣੇ ਰਹਿੰਦੇ ਹਨ। ਪਰਮਾਤਮਾ ਤੋਂ ਬਿਨਾ ਉਹ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦੇ।2।

(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਖ਼ੁਸ਼ੀ ਗ਼ਮੀ ਦੋਹਾਂ ਤੋਂ ਹੀ ਸੁਤੰਤਰ ਰਹਿੰਦੇ ਹਨ, ਉਹ ਸਦਾ (ਮਾਇਆ ਤੋਂ) ਨਿਰਲੇਪ ਹਨ, ਪਰਮਾਤਮਾ (ਦੀ ਯਾਦ) ਵਿਚ ਜੁੜੇ ਰਹਿੰਦੇ ਹਨ ਅਤੇ ਚੰਗੀ ਜੀਵਨ-ਜੁਗਤਿ ਵਾਲੇ ਹੁੰਦੇ ਹਨ। ਉਹ ਮਨੁੱਖ ਸਭ ਨਾਲ ਪ੍ਰੇਮ ਕਰਦੇ ਭੀ ਦਿੱਸਦੇ ਹਨ ਅਤੇ ਸਭ ਤੋਂ ਵੱਖਰੇ (ਨਿਰਮੋਹ) ਭੀ ਦਿੱਸਦੇ ਹਨ। ਉਹ ਮਨੁੱਖ ਸਦਾ ਪਰਮਾਤਮਾ ਦੀ ਯਾਦ ਵਿਚ ਸੁਰਤਿ ਜੋੜੀ ਰੱਖਦੇ ਹਨ।3।

(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਉਹਨਾਂ) ਸੰਤ ਜਨਾਂ ਦੀ ਮੈਂ ਕੇਹੜੀ ਵਡਿਆਈ ਬਿਆਨ ਕਰਾਂ? ਉਹਨਾਂ ਦੀ ਆਤਮਕ ਉੱਚਤਾ ਮਨੁੱਖੀ ਸੋਚ-ਸਮਝ ਤੋਂ ਪਰੇ ਹੈ, ਮੈਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਹੇ ਅਕਾਲ ਪੁਰਖ! ਮੇਰੇ ਉਤੇ ਕਿਰਪਾ ਕਰ, ਤੇ ਮੈਨੂੰ ਨਾਨਕ ਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖ਼ਸ਼।4।17। 86।

ਗਉੜੀ ਗੁਆਰੇਰੀ ਮਹਲਾ ੫ ॥ ਤੂੰ ਮੇਰਾ ਸਖਾ ਤੂੰਹੀ ਮੇਰਾ ਮੀਤੁ ॥ ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ ॥ ਤੂੰ ਮੇਰੀ ਪਤਿ ਤੂਹੈ ਮੇਰਾ ਗਹਣਾ ॥ ਤੁਝ ਬਿਨੁ ਨਿਮਖੁ ਨ ਜਾਈ ਰਹਣਾ ॥੧॥ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ॥ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ॥੧॥ ਰਹਾਉ ॥ ਜਿਉ ਤੁਮ ਰਾਖਹੁ ਤਿਵ ਹੀ ਰਹਨਾ ॥ ਜੋ ਤੁਮ ਕਹਹੁ ਸੋਈ ਮੋਹਿ ਕਰਨਾ ॥ ਜਹ ਪੇਖਉ ਤਹਾ ਤੁਮ ਬਸਨਾ ॥ ਨਿਰਭਉ ਨਾਮੁ ਜਪਉ ਤੇਰਾ ਰਸਨਾ ॥੨॥ ਤੂੰ ਮੇਰੀ ਨਵ ਨਿਧਿ ਤੂੰ ਭੰਡਾਰੁ ॥ ਰੰਗ ਰਸਾ ਤੂੰ ਮਨਹਿ ਅਧਾਰੁ ॥ ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ ॥ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ॥੩॥ ਮਨ ਤਨ ਅੰਤਰਿ ਤੁਹੀ ਧਿਆਇਆ ॥ ਮਰਮੁ ਤੁਮਾਰਾ ਗੁਰ ਤੇ ਪਾਇਆ ॥ ਸਤਿਗੁਰ ਤੇ ਦ੍ਰਿੜਿਆ ਇਕੁ ਏਕੈ ॥ ਨਾਨਕ ਦਾਸ ਹਰਿ ਹਰਿ ਹਰਿ ਟੇਕੈ ॥੪॥੧੮॥੮੭॥ {ਪੰਨਾ 181}

ਪਦ ਅਰਥ: ਸਖਾ = ਸਾਥੀ। ਹੀਤੁ = ਹਿਤੁ, ਪਿਆਰ। ਪਤਿ = ਇੱਜ਼ਤ। ਗਹਣਾ = ਜ਼ੇਵਰ, ਆਤਮਕ ਸੁੰਦਰਤਾ ਵਧਾਣ ਦਾ ਵਸੀਲਾ। ਨਿਮਖੁ = ਅੱਖ ਝਮਕਣ ਜਿਤਨਾ ਸਮਾ। ਨ ਜਾਈ ਰਹਣਾ = ਰਿਹਾ ਨਹੀਂ ਜਾ ਸਕਦਾ।1।

ਲਾਲਨ = ਲਾਡਲਾ। ਪ੍ਰਾਨ = ਜਿੰਦ (ਦਾ ਸਹਾਰਾ) । ਸਾਹਿਬ = ਮਾਲਕ।1। ਰਹਾਉ।

ਮੋਹਿ ਕਰਨਾ = ਮੈਨੂੰ ਕਰਨਾ ਪੈਂਦਾ ਹੈ। ਜਹ = ਜਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਰਸਨਾ = ਜੀਭ (ਨਾਲ) ।2।

ਨਵ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਭੰਡਾਰੁ = ਖ਼ਜ਼ਾਨਾ। ਮਨਹਿ = ਮਨ ਦਾ। ਆਧਾਰੁ = ਆਸਰਾ। ਸੰਗਿ = ਨਾਲ। ਰਚੀਆ = ਸੁਰਤਿ ਜੁੜੀ ਹੋਈ ਹੈ। ਤਕੀਆ = ਸਹਾਰਾ।3।

ਤੁਹੀ = ਤੈਨੂੰ ਹੀ। ਮਰਮੁ = ਭੇਦ। ਤੇ = ਤੋਂ, ਪਾਸੋਂ। ਟੇਕ = ਆਸਰਾ।4।

ਅਰਥ: (ਹੇ ਪ੍ਰਭੂ!) ਤੂੰ ਮੇਰਾ ਸੋਹਣਾ ਲਾਲ ਹੈਂ, ਤੂੰ ਮੇਰੀ ਜਿੰਦ (ਦਾ ਸਹਾਰਾ) ਹੈਂ, ਤੂੰ ਮੇਰਾ ਸਾਹਿਬ ਹੈਂ, ਤੂੰ ਮੇਰਾ ਖ਼ਾਨ ਹੈਂ।1। ਰਹਾਉ।

(ਹੇ ਪ੍ਰਭੂ!) ਤੂੰ ਹੀ ਮੇਰਾ ਸਾਥੀ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰਾ ਪ੍ਰੀਤਮ ਹੈਂ, ਮੇਰਾ ਤੇਰੇ ਨਾਲ ਹੀ ਪਿਆਰ ਹੈ। (ਹੇ ਪ੍ਰਭੂ!) ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰਾ ਗਹਿਣਾ ਹੈਂ। ਤੈਥੋਂ ਬਿਨਾ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦਾ।1।

(ਹੇ ਪ੍ਰਭੂ!) ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਮੈਂ ਰਹਿੰਦਾ ਹਾਂ। ਮੈਂ ਉਹੀ ਕਰਦਾ ਹਾਂ ਜੋ ਤੂੰ ਮੈਨੂੰ ਹੁਕਮ ਕਰਦਾ ਹੈਂ। ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਤੂੰ ਹੀ ਵੱਸਦਾ ਦਿੱਸਦਾ ਹੈਂ। ਮੈਂ ਆਪਣੀ ਜੀਭ ਨਾਲ ਤੇਰਾ ਨਾਮ ਜਪਦਾ ਰਹਿੰਦਾ ਹਾਂ ਜੇਹੜਾ ਦੁਨੀਆ ਦੇ ਡਰਾਂ ਤੋਂ ਬਚਾ ਕੇ ਰੱਖਣ ਵਾਲਾ ਹੈ।2।

(ਹੇ ਪ੍ਰਭੂ!) ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਨੌ ਖ਼ਜ਼ਾਨੇ ਹੈਂ, ਤੂੰ ਹੀ ਮੇਰਾ ਖ਼ਜ਼ਾਨਾ ਹੈਂ। ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਅਤੇ ਰਸ ਹੈਂ ਤੂੰ ਹੀ ਮੇਰੇ ਮਨ ਦਾ ਸਹਾਰਾ ਹੈਂ। ਹੇ ਪ੍ਰਭੂ! ਤੂੰ ਹੀ ਮੇਰੇ ਵਾਸਤੇ ਸੋਭਾ-ਵਡਿਆਈ ਹੈਂ, ਮੇਰੀ ਸੁਰਤਿ ਤੇਰੇ (ਚਰਨਾਂ) ਵਿਚ ਹੀ ਜੁੜੀ ਹੋਈ ਹੈ। ਤੂੰ ਹੀ ਮੇਰੀ ਓਟ ਹੈਂ ਤੂੰ ਹੀ ਮੇਰਾ ਆਸਰਾ ਹੈਂ।3।

(ਹੇ ਪ੍ਰਭੂ!) ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਤੈਨੂੰ ਹੀ ਸਿਮਰਦਾ ਰਹਿੰਦਾ ਹਾਂ। ਤੇਰਾ ਭੇਦ ਮੈਂ ਗੁਰੂ ਪਾਸੋਂ ਲੱਭਾ ਹੈ। ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਪਾਸੋਂ ਇਕ ਪਰਮਾਤਮਾ ਦਾ ਨਾਮ ਹੀ ਹਿਰਦੇ ਵਿਚ ਪੱਕਾ ਕਰਨ ਲਈ ਪ੍ਰਾਪਤ ਕੀਤਾ ਹੈ, ਉਸ ਸੇਵਕ ਨੂੰ ਸਦਾ ਹਰਿ-ਨਾਮ ਦਾ ਹੀ ਸਹਾਰਾ ਹੋ ਜਾਂਦਾ ਹੈ।4।18। 87।

TOP OF PAGE

Sri Guru Granth Darpan, by Professor Sahib Singh