ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 182 ਗਉੜੀ ਗੁਆਰੇਰੀ ਮਹਲਾ ੫ ॥ ਬਿਆਪਤ ਹਰਖ ਸੋਗ ਬਿਸਥਾਰ ॥ ਬਿਆਪਤ ਸੁਰਗ ਨਰਕ ਅਵਤਾਰ ॥ ਬਿਆਪਤ ਧਨ ਨਿਰਧਨ ਪੇਖਿ ਸੋਭਾ ॥ ਮੂਲੁ ਬਿਆਧੀ ਬਿਆਪਸਿ ਲੋਭਾ ॥੧॥ ਮਾਇਆ ਬਿਆਪਤ ਬਹੁ ਪਰਕਾਰੀ ॥ ਸੰਤ ਜੀਵਹਿ ਪ੍ਰਭ ਓਟ ਤੁਮਾਰੀ ॥੧॥ ਰਹਾਉ ॥ ਬਿਆਪਤ ਅਹੰਬੁਧਿ ਕਾ ਮਾਤਾ ॥ ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ ॥ ਬਿਆਪਤ ਹਸਤਿ ਘੋੜੇ ਅਰੁ ਬਸਤਾ ॥ ਬਿਆਪਤ ਰੂਪ ਜੋਬਨ ਮਦ ਮਸਤਾ ॥੨॥ ਬਿਆਪਤ ਭੂਮਿ ਰੰਕ ਅਰੁ ਰੰਗਾ ॥ ਬਿਆਪਤ ਗੀਤ ਨਾਦ ਸੁਣਿ ਸੰਗਾ ॥ ਬਿਆਪਤ ਸੇਜ ਮਹਲ ਸੀਗਾਰ ॥ ਪੰਚ ਦੂਤ ਬਿਆਪਤ ਅੰਧਿਆਰ ॥੩॥ ਬਿਆਪਤ ਕਰਮ ਕਰੈ ਹਉ ਫਾਸਾ ॥ ਬਿਆਪਤਿ ਗਿਰਸਤ ਬਿਆਪਤ ਉਦਾਸਾ ॥ ਆਚਾਰ ਬਿਉਹਾਰ ਬਿਆਪਤ ਇਹ ਜਾਤਿ ॥ ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ ॥੪॥ ਸੰਤਨ ਕੇ ਬੰਧਨ ਕਾਟੇ ਹਰਿ ਰਾਇ ॥ ਤਾ ਕਉ ਕਹਾ ਬਿਆਪੈ ਮਾਇ ॥ ਕਹੁ ਨਾਨਕ ਜਿਨਿ ਧੂਰਿ ਸੰਤ ਪਾਈ ॥ ਤਾ ਕੈ ਨਿਕਟਿ ਨ ਆਵੈ ਮਾਈ ॥੫॥੧੯॥੮੮॥ {ਪੰਨਾ 182} ਪਦ ਅਰਥ: ਬਿਆਪਤ = ਪ੍ਰਭਾਵ ਪਾਈ ਰੱਖਦੀ ਹੈ {ÒXwp` = to pervade}। ਅਵਤਾਰ = ਜਨਮ। ਨਿਰਧਨ = ਗ਼ਰੀਬ। ਪੇਖਿ = ਵੇਖ ਕੇ। ਬਿਆਧੀ = ਵਿਕਾਰ।1। ਬਹੁ ਪਰਕਾਰੀ = ਕਈ ਤਰੀਕਿਆਂ ਨਾਲ।1। ਰਹਾਉ। ਅਹੰਬੁਧਿ = ਹਉਮੈ। ਮਾਤਾ = ਮੱਤਾ ਹੋਇਆ। ਕਲਤ੍ਰ = ਇਸਤ੍ਰੀ। ਹਸਤਿ = ਹਾਥੀ। ਬਸਤਾ = ਬਸਤ੍ਰ, ਕੱਪੜੇ। ਮਦ = ਨਸ਼ਾ।2। ਭੂਮਿ = ਧਰਤੀ। ਰੰਕ = ਕੰਗਾਲ। ਰੰਗ = ਅਮੀਰ। ਸੰਗਾ = ਟੋਲਾ, ਮੰਡਲੀ।3। ਆਚਾਰ ਬਿਉਹਾਰ = ਕਰਮ-ਕਾਂਡ। ਜਾਤਿ = ਜਾਤਿ-(ਅਭਿਮਾਨ) ।4। ਤਾ ਕਉ = ਉਹਨਾਂ ਨੂੰ। ਮਾਇ = ਮਾਇਆ। ਜਿਨਿ = ਜਿਸ ਨੇ। ਮਾਈ = ਮਾਇਆ।5। ਅਰਥ: ਹੇ ਪ੍ਰਭੂ! (ਤੇਰੀ ਰਚੀ) ਮਾਇਆ ਅਨੇਕਾਂ ਤਰੀਕਿਆਂ ਨਾਲ (ਜੀਵਾਂ ਉਤੇ) ਪ੍ਰਭਾਵ ਪਾਈ ਰੱਖਦੀ ਹੈ (ਤੇ ਆਤਮਕ ਮੌਤੇ ਜੀਵਾਂ ਨੂੰ ਮਾਰ ਦੇਂਦੀ ਹੈ) , ਤੇਰੇ ਸੰਤ ਤੇਰੇ ਆਸਰੇ ਆਤਮਕ ਜੀਵਨ ਮਾਣਦੇ ਹਨ।1। ਰਹਾਉ। ਕਿਤੇ ਖ਼ੁਸ਼ੀ ਗ਼ਮੀ ਦਾ ਖਿਲਾਰਾ ਹੈ, ਕਿਤੇ ਜੀਵ ਨਰਕਾਂ ਵਿਚ ਪੈਂਦੇ ਹਨ, ਕਿਤੇ ਸੁਰਗਾਂ ਵਿਚ ਪਹੁੰਚਦੇ ਹਨ, ਕਿਤੇ ਕੋਈ ਧਨ ਵਾਲੇ ਹਨ, ਕਿਤੇ ਕੰਗਾਲ ਹਨ, ਕਿਤੇ ਕੋਈ ਆਪਣੀ ਸੋਭਾ ਹੁੰਦੀ ਵੇਖ ਕੇ (ਖ਼ੁਸ਼ ਹਨ) = ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਜੀਵਾਂ ਉਤੇ ਪ੍ਰਭਾਵ ਪਾ ਰਹੀ ਹੈ। ਕਿਤੇ ਸਾਰੇ ਰੋਗਾਂ ਦਾ ਮੂਲ ਲੋਭ ਬਣ ਕੇ ਮਾਇਆ ਆਪਣਾ ਜ਼ੋਰ ਪਾ ਰਹੀ ਹੈ।1। ਕਿਤੇ ਕੋਈ 'ਹਉ ਹਉ, ਮੈਂ ਮੈਂ' ਦੀ ਅਕਲ ਵਿਚ ਮਸਤ ਹੈ, ਕਿਤੇ ਕੋਈ ਪੁੱਤਰ ਇਸਤ੍ਰੀ ਦੇ ਮੋਹ ਵਿਚ ਰੱਤਾ ਪਿਆ ਹੈ, ਕਿਤੇ ਹਾਥੀ ਘੋੜਿਆਂ (ਸੁੰਦਰ) ਕੱਪੜਿਆਂ (ਦੀ ਲਗਨ ਹੈ) , ਕਿਤੇ ਕੋਈ ਰੂਪ ਤੇ ਜਵਾਨੀ ਦੇ ਨਸ਼ੇ ਵਿਚ ਮਸਤ ਹੈ– ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਆਪਣਾ ਜ਼ੋਰ ਪਾ ਰਹੀ ਹੈ।2। ਕਿਤੇ ਭੁਇਂ ਦੀ ਮਾਲਕੀ ਹੈ, ਕਿਤੇ ਕੰਗਾਲ ਹਨ, ਕਿਤੇ ਅਮੀਰ ਹਨ, ਕਿਤੇ ਮੰਡਲੀਆਂ ਵਿਚ ਗੀਤ ਨਾਦ ਸੁਣ ਕੇ (ਖ਼ੁਸ਼ ਹੋ ਰਹੇ ਹਨ) , ਕਿਤੇ (ਸੋਹਣੀ) ਸੇਜ, ਹਾਰ-ਸਿੰਗਾਰ ਤੇ ਮਹਲ-ਮਾੜੀਆਂ (ਦੀ ਲਾਲਸਾ ਹੈ) , ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਪ੍ਰਭਾਵ ਪਾ ਰਹੀ ਹੈ। ਕਿਤੇ ਮੋਹ ਦੇ ਹਨੇਰੇ ਵਿਚ ਕਾਮਾਦਿਕ ਪੰਜੇ ਦੂਤ ਬਣ ਕੇ ਮਾਇਆ ਜ਼ੋਰ ਪਾ ਰਹੀ।3। ਕਿਤੇ ਕੋਈ ਹਉਮੈ ਵਿਚ ਫਸਿਆ ਹੋਇਆ (ਆਪਣੇ ਵਲੋਂ ਧਾਰਮਿਕ) ਕੰਮ ਕਰ ਰਿਹਾ ਹੈ, ਕੋਈ ਗ੍ਰਿਹਸਤ ਵਿਚ ਪ੍ਰਵਿਰਤ ਹੈ, ਕੋਈ ਉਦਾਸੀ ਰੂਪ ਵਿਚ ਹੈ, ਕਿਤੇ ਕੋਈ ਧਾਰਮਿਕ ਰਸਮਾਂ ਵਿਚ ਪ੍ਰਵਿਰਤ ਹੈ, ਕੋਈ (ਉੱਚੀ) ਜਾਤਿ ਦੇ ਮਾਣ ਵਿਚ ਹੈ– ਪਰਮਾਤਮਾ ਦੇ ਪ੍ਰੇਮ ਵਿਚ ਮਗਨ ਹੋਣ ਤੋਂ ਵਾਂਜੇ ਰਹਿ ਕੇ ਇਹ ਸਭ ਕੁਝ ਮਾਇਆ ਦਾ ਪ੍ਰਭਾਵ ਹੀ ਹੈ।4। ਪਰਮਾਤਮਾ ਆਪ ਹੀ ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ। ਉਹਨਾਂ ਉਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ। ਹੇ ਨਾਨਕ! ਆਖ– ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਹੈ, ਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਢੁੱਕ ਸਕਦੀ।4।19। 88। ਗਉੜੀ ਗੁਆਰੇਰੀ ਮਹਲਾ ੫ ॥ ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥ ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥ ਰਸਨਾ ਸੋਈ ਲੋਭਿ ਮੀਠੈ ਸਾਦਿ ॥ ਮਨੁ ਸੋਇਆ ਮਾਇਆ ਬਿਸਮਾਦਿ ॥੧॥ ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ ਸਾਬਤੁ ਵਸਤੁ ਓਹੁ ਅਪਨੀ ਲਹੈ ॥੧॥ ਰਹਾਉ ॥ ਸਗਲ ਸਹੇਲੀ ਅਪਨੈ ਰਸ ਮਾਤੀ ॥ ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥ ਮੁਸਨਹਾਰ ਪੰਚ ਬਟਵਾਰੇ ॥ ਸੂਨੇ ਨਗਰਿ ਪਰੇ ਠਗਹਾਰੇ ॥੨॥ ਉਨ ਤੇ ਰਾਖੈ ਬਾਪੁ ਨ ਮਾਈ ॥ ਉਨ ਤੇ ਰਾਖੈ ਮੀਤੁ ਨ ਭਾਈ ॥ ਦਰਬਿ ਸਿਆਣਪ ਨਾ ਓਇ ਰਹਤੇ ॥ ਸਾਧਸੰਗਿ ਓਇ ਦੁਸਟ ਵਸਿ ਹੋਤੇ ॥੩॥ ਕਰਿ ਕਿਰਪਾ ਮੋਹਿ ਸਾਰਿੰਗਪਾਣਿ ॥ ਸੰਤਨ ਧੂਰਿ ਸਰਬ ਨਿਧਾਨ ॥ ਸਾਬਤੁ ਪੂੰਜੀ ਸਤਿਗੁਰ ਸੰਗਿ ॥ ਨਾਨਕੁ ਜਾਗੈ ਪਾਰਬ੍ਰਹਮ ਕੈ ਰੰਗਿ ॥੪॥ ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ ॥ ਇਹ ਪੂੰਜੀ ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥ {ਪੰਨਾ 182} ਪਦ ਅਰਥ: ਨੈਨਹੁ = ਅੱਖਾਂ ਵਿਚ। ਦ੍ਰਿਸ਼ਟ = ਨਜ਼ਰ, ਨਿਗਾਹ। ਸ੍ਰਵਣ = ਕੰਨ। ਸੁਣਿ = ਸੁਣ ਕੇ। ਰਸਨਾ = ਜੀਭ। ਲੋਭਿ = ਲੋਭ ਵਿਚ। ਸਾਦਿ = ਸੁਆਦ ਵਿਚ। ਬਿਸਮਾਦਿ = ਅਸਚਰਜ ਤਮਾਸ਼ੇ ਵਿਚ।1। ਗ੍ਰਿਹ ਮਹਿ = ਸਰੀਰ-ਘਰ ਵਿਚ। ਕੋਈ = ਕੋਈ ਵਿਰਲਾ। ਸਾਬਤੁ = ਸਾਰੀ ਦੀ ਸਾਰੀ। ਵਸਤੁ = ਆਤਮਕ ਜੀਵਨ ਦੀ ਪੂੰਜੀ। ਲਹੈ– ਲੱਭ ਲੈਂਦਾ ਹੈ।1। ਰਹਾਉ। ਸਹੇਲੀ = ਗਿਆਨ-ਇੰਦ੍ਰੇ। ਮਾਤੀ = ਮਸਤ। ਜਾਤੀ = ਜਾਣੀ, ਸਮਝੀ। ਮੁਸਨਹਾਰ = ਠੱਗਣ ਵਾਲੇ। ਬਟਵਾਰੇ = ਡਾਕੂ। ਸੂਨੇ ਨਗਰਿ = ਸੁੰਞੇ ਸ਼ਹਰ ਵਿਚ। ਪਰੇ = ਹੱਲਾ ਕਰ ਕੇ ਆ ਪਏ।2। ਤੇ = ਤੋਂ। ਰਾਖੈ = ਬਚਾ ਸਕਦਾ। ਦਰਬਿ = ਧਨ ਨਾਲ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਵਸਿ = ਕਾਬੂ ਵਿਚ।3। ਮੋਹਿ = ਮੈਨੂੰ, ਮੇਰੇ ਉਤੇ। ਸਾਰਿੰਗ = ਧਨੁਖ। ਪਾਣਿ = ਹੱਥ। ਸਾਰਿੰਗਪਾਣਿ = ਹੇ ਧਨੁਖ-ਧਾਰੀ ਪ੍ਰਭੂ! ਨਿਧਾਨ = ਖ਼ਜ਼ਾਨੇ। ਪੂੰਜੀ = ਆਤਮਕ ਜੀਵਨ ਦੀ ਰਾਸਿ। ਰੰਗਿ = ਪ੍ਰੇਮ ਵਿਚ।4। ਅਰਥ: (ਹੇ ਭਾਈ!) ਇਸ ਸਰੀਰ-ਘਰ ਵਿਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ (ਜੇਹੜਾ ਸੁਚੇਤ ਰਹਿੰਦਾ ਹੈ) ਉਹ ਆਪਣੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ ਸਾਂਭ ਲੈਂਦਾ ਹੈ।1। ਰਹਾਉ। ਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਵੇਖਣਾ = ਇਹ ਅੱਖਾਂ ਵਿਚ ਨੀਂਦ ਆ ਰਹੀ ਹੈ। ਹੋਰਨਾਂ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ। ਜੀਭ ਖਾਣ ਦੇ ਲੋਭ ਵਿਚ ਪਦਾਰਥਾਂ ਦੇ ਮਿੱਠੇ ਸੁਆਦ ਵਿਚ ਸੁੱਤੀ ਰਹਿੰਦੀ ਹੈ। ਮਨ ਮਾਇਆ ਦੇ ਅਸਚਰਜ ਤਮਾਸ਼ੇ ਵਿਚ ਸੁੱਤਾ ਰਹਿੰਦਾ ਹੈ।1। ਸਾਰੇ ਗਿਆਨ-ਇੰਦ੍ਰੇ ਆਪੋ ਆਪਣੇ ਚਸਕੇ ਵਿਚ ਮਸਤ ਰਹਿੰਦੇ ਹਨ ਆਪਣੇ ਸਰੀਰ-ਘਰ ਵਿਚ ਇਹ ਸੂਝ ਨਹੀਂ ਰੱਖਦੇ। ਠੱਗਣ ਵਾਲੇ ਪੰਜੇ ਡਾਕੂ ਸੁੰਞੇ (ਸਰੀਰ-) ਘਰ ਵਿਚ ਆ ਹੱਲਾ ਬੋਲਦੇ ਹਨ।2। ਉਹਨਾਂ (ਪੰਜਾਂ ਡਾਕੂਆਂ ਤੋਂ) ਨਾਹ ਪਿਉ ਬਚਾ ਸਕਦਾ ਹੈ, ਨਾਹ ਮਾਂ ਬਚਾ ਸਕਦੀ ਹੈ। ਉਹਨਾਂ ਤੋਂ ਨਾਂਹ ਕੋਈ ਮਿੱਤਰ ਬਚਾ ਸਕਦਾ ਹੈ, ਨਾਂਹ ਕੋਈ ਭਰਾ ਬਚਾ ਸਕਦਾ ਹੈ। ਉਹ ਪੰਜੇ ਡਾਕੂ ਨਾਹ ਧਨ ਨਾਲ ਵਰਜੇ ਜਾ ਸਕਦੇ ਹਨ, ਨਾਹ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ। ਉਹ ਪੰਜੇ ਦੁਸ਼ਟ ਸਿਰਫ਼ ਸਾਧ ਸੰਗਤਿ ਵਿਚ ਰਿਹਾਂ ਹੀ ਕਾਬੂ ਵਿਚ ਆਉਂਦੇ ਹਨ।3। ਹੇ ਧਨੁਖ-ਧਾਰੀ ਪ੍ਰਭੂ! ਮੇਰੇ ਉਤੇ ਕਿਰਪਾ ਕਰ। ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇਹ, ਏਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ। ਗੁਰੂ ਦੀ ਸੰਗਤਿ ਵਿਚ ਰਿਹਾਂ ਆਤਮਕ ਜੀਵਨ ਦਾ ਸਰਮਾਇਆ ਸਾਰੇ ਦਾ ਸਾਰਾ ਬਚਿਆ ਰਹਿ ਸਕਦਾ ਹੈ। (ਪਰਮਾਤਮਾ ਦਾ ਸੇਵਕ) ਨਾਨਕ ਪਰਮਾਤਮਾ ਦੇ ਪਰੇਮ-ਰੰਗ ਵਿਚ ਰਹਿ ਕੇ ਹੀ ਸੁਚੇਤ ਰਹਿ ਸਕਦਾ ਹੈ (ਤੇ ਪੰਜਾਂ ਦੇ ਹੱਲਿਆਂ ਤੋਂ ਬਚ ਸਕਦਾ ਹੈ) ।4। (ਹੇ ਭਾਈ! ਕਾਮਾਦਿਕ ਪੰਜਾਂ ਡਾਕੂਆਂ ਦੇ ਹੱਲਿਆਂ ਵਲੋਂ) ਓਹੀ ਮਨੁੱਖ ਸੁਚੇਤ ਰਹਿੰਦਾ ਹੈ, ਜਿਸ ਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਉਸਦੀ ਆਤਮਕ ਜੀਵਨ ਦੀ ਇਹ ਰਾਸਿ-ਪੂੰਜੀ ਸਾਰੀ ਦੀ ਸਾਰੀ ਬਚੀ ਰਹਿੰਦੀ ਹੈ, ਉਸਦੇ ਪਾਸ ਪ੍ਰਭੂ ਦਾ ਨਾਮ-ਧਨ ਸਰਮਾਇਆ ਬਚਿਆ ਰਹਿੰਦਾ ਹੈ।1। ਰਹਾਉ ਦੂਜਾ। 20। 89। ਗਉੜੀ ਗੁਆਰੇਰੀ ਮਹਲਾ ੫ ॥ ਜਾ ਕੈ ਵਸਿ ਖਾਨ ਸੁਲਤਾਨ ॥ ਜਾ ਕੈ ਵਸਿ ਹੈ ਸਗਲ ਜਹਾਨ ॥ ਜਾ ਕਾ ਕੀਆ ਸਭੁ ਕਿਛੁ ਹੋਇ ॥ ਤਿਸ ਤੇ ਬਾਹਰਿ ਨਾਹੀ ਕੋਇ ॥੧॥ ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥ ਕਾਜ ਤੁਮਾਰੇ ਦੇਇ ਨਿਬਾਹਿ ॥੧॥ ਰਹਾਉ ॥ ਸਭ ਤੇ ਊਚ ਜਾ ਕਾ ਦਰਬਾਰੁ ॥ ਸਗਲ ਭਗਤ ਜਾ ਕਾ ਨਾਮੁ ਅਧਾਰੁ ॥ ਸਰਬ ਬਿਆਪਿਤ ਪੂਰਨ ਧਨੀ ॥ ਜਾ ਕੀ ਸੋਭਾ ਘਟਿ ਘਟਿ ਬਨੀ ॥੨॥ ਜਿਸੁ ਸਿਮਰਤ ਦੁਖ ਡੇਰਾ ਢਹੈ ॥ ਜਿਸੁ ਸਿਮਰਤ ਜਮੁ ਕਿਛੂ ਨ ਕਹੈ ॥ ਜਿਸੁ ਸਿਮਰਤ ਹੋਤ ਸੂਕੇ ਹਰੇ ॥ ਜਿਸੁ ਸਿਮਰਤ ਡੂਬਤ ਪਾਹਨ ਤਰੇ ॥੩॥ ਸੰਤ ਸਭਾ ਕਉ ਸਦਾ ਜੈਕਾਰੁ ॥ ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ ॥ ਕਹੁ ਨਾਨਕ ਮੇਰੀ ਸੁਣੀ ਅਰਦਾਸਿ ॥ ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ ॥੪॥੨੧॥੯੦॥ {ਪੰਨਾ 182-183} ਪਦ ਅਰਥ: ਜਾ ਕੈ ਵਸਿ = ਜਿਸ (ਪਰਮਾਤਮਾ) ਦੇ ਵੱਸ ਵਿਚ। ਸਗਲ = ਸਾਰਾ। ਤਿਸ ਤੇ = ਉਸ (ਪਰਮਾਤਮਾ) ਤੋਂ। ਬਾਹਰਿ = ਆਕੀ।1। ਪਾਹਿ = ਪਾਸ। ਦੇਇ = ਦੇਂਦਾ ਹੈ, ਦੇਵੇਗਾ। ਦੇਹਿ ਨਿਬਾਹਿ = ਸਿਰੇ ਚਾੜ੍ਹ ਦੇਵੇਗਾ।1। ਰਹਾਉ। ਅਧਾਰੁ = ਆਸਰਾ। ਬਿਆਪਤਿ = ਵਿਆਪਕ। ਧਨੀ = ਮਾਲਕ-ਪ੍ਰਭੂ। ਘਟਿ ਘਟਿ = ਹਰੇਕ ਘਟ ਵਿਚ।2। ਦੁਖ ਡੇਰਾ = ਦੁੱਖਾਂ ਦਾ ਡੇਰਾ, ਸਾਰੇ ਦੁੱਖ। ਜਮੁ = ਮੌਤ, ਮੌਤ ਦਾ ਡਰ। ਸੂਕੇ = ਨਿਰਦਈ, ਖੁਸ਼ਕ-ਦਿਲ। ਹਰੇ = ਨਰਮ-ਦਿਲ। ਪਾਹਨ– ਪੱਥਰ।3। ਜੈਕਾਰੁ = ਨਮਸਕਾਰ। ਸੰਤ ਸਭਾ = ਸਾਧ ਸੰਗਤਿ। ਨਿਵਾਸਿ = ਨਿਵਾਸ ਵਿਚ, ਘਰ ਵਿਚ।4। ਅਰਥ: (ਹੇ ਭਾਈ!) ਆਪਣੇ ਗੁਰੂ ਪਾਸ ਬੇਨਤੀ ਕਰ। ਗੁਰੂ ਤੇਰੇ ਕਾਰਜ (ਜਨਮ-ਮਨੋਰਥ) ਪੂਰੇ ਕਰ ਦੇਵੇਗਾ, ਭਾਵ (ਤੈਨੂੰ ਪ੍ਰਭੂ ਦੇ ਨਾਮ ਦੀ ਦਾਤਿ ਬਖ਼ਸ਼ੇਗਾ) ।1। ਰਹਾਉ। (ਹੇ ਭਾਈ! ਦੁਨੀਆ ਦੇ) ਖ਼ਾਨ ਤੇ ਸੁਲਤਾਨ (ਭੀ) ਜਿਸ ਪਰਮਾਤਮਾ ਦੇ ਅਧੀਨ ਹਨ, ਸਾਰਾ ਜਗਤ ਹੀ ਜਿਸਦੇ ਹੁਕਮ ਵਿਚ ਹੈ, ਜਿਸ ਪਰਮਾਤਮਾ ਦਾ ਕੀਤਾ ਹੋਇਆ ਹੀ (ਜਗਤ ਵਿਚ) ਸਭ ਕੁਝ ਹੁੰਦਾ ਹੈ, ਉਸ ਪਰਮਾਤਮਾ ਤੋਂ ਕੋਈ ਭੀ ਜੀਵ ਆਕੀ ਨਹੀਂ ਹੋ ਸਕਦਾ।1। (ਹੇ ਭਾਈ!) ਜਿਸ ਪਰਮਾਤਮਾ ਦਾ ਦਰਬਾਰ (ਦੁਨੀਆ ਦੇ) ਸਾਰੇ ਸ਼ਾਹਾਂ-ਬਾਦਸ਼ਾਹਾਂ ਦੇ ਦਰਬਾਰਾਂ ਨਾਲੋਂ ਉੱਚਾ (ਸ਼ਾਨਦਾਰ) ਹੈ, ਸਾਰੇ ਭਗਤਾਂ ਦੀ (ਜ਼ਿੰਦਗੀ) ਵਾਸਤੇ ਜਿਸ ਪਰਮਾਤਮਾ ਦਾ ਨਾਮ ਆਸਰਾ ਹੈ, ਜਿਹੜਾ ਮਾਲਕ-ਪ੍ਰਭੂ ਸਭ ਜੀਵਾਂ ਤੇ ਆਪਣਾ ਪ੍ਰਭਾਵ ਰੱਖਦਾ ਹੈ ਅਤੇ ਸਭ ਵਿਚ ਵਿਆਪਕ ਹੈ, ਜਿਸ ਪਰਮਾਤਮਾ ਦੀ ਸੁੰਦਰਤਾ ਹਰੇਕ ਸਰੀਰ ਵਿਚ ਫਬਣ ਵਿਖਾ ਰਹੀ ਹੈ, (ਉਸਦਾ ਨਾਮ ਸਦਾ ਸਿਮਰ) ।2। (ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ, ਜਿਸਦਾ ਨਾਮ ਸਿਮਰਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ, ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਨਿਰਦਈ ਮਨੁੱਖ ਨਰਮ-ਦਿਲ ਹੋ ਜਾਂਦੇ ਹਨ, ਜਿਸਦਾ ਨਾਮ ਸਿਮਰਿਆਂ ਪੱਥਰ-ਦਿਲ ਮਨੁੱਖ (ਕਠੋਰਤਾ ਦੇ ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ, (ਤੂੰ ਭੀ ਗੁਰੂ ਦੀ ਸਰਨ ਪੈ ਕੇ ਉਸਦਾ ਨਾਮ ਸਿਮਰ) ।3। (ਹੇ ਭਾਈ!) ਸਾਧ ਸੰਗਤਿ ਅੱਗੇ ਸਦਾ ਸਿਰ ਨਿਵਾਉ ਕਿਉਂਕਿ ਪਰਮਾਤਮਾ ਦਾ ਨਾਮ ਸਾਧ ਜਨਾਂ (ਗੁਰਮੁਖਾਂ) ਦੀ ਜ਼ਿੰਦਗੀ ਦਾ ਆਸਰਾ ਹੁੰਦਾ ਹੈ, (ਉਨ੍ਹਾਂ ਦੀ ਸੰਗਤਿ ਵਿਚ ਤੈਨੂੰ ਭੀ ਹਰਿ-ਨਾਮ ਦੀ ਪ੍ਰਾਪਤੀ ਹੋਵੇਗੀ) । ਹੇ ਨਾਨਕ! ਆਖ– (ਕਰਤਾਰ ਨੇ) ਮੇਰੀ ਬੇਨਤੀ ਸੁਣ ਲਈ ਤੇ ਉਸਨੇ ਗੁਰੂ ਦੀ ਕਿਰਪਾ ਨਾਲ ਮੈਨੂੰ ਆਪਣੇ ਨਾਮ ਦੇ ਘਰ ਵਿਚ (ਟਿਕਾ ਦਿੱਤਾ ਹੈ) ।4। 21। 90। |
Sri Guru Granth Darpan, by Professor Sahib Singh |