ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 183 ਗਉੜੀ ਗੁਆਰੇਰੀ ਮਹਲਾ ੫ ॥ ਸਤਿਗੁਰ ਦਰਸਨਿ ਅਗਨਿ ਨਿਵਾਰੀ ॥ ਸਤਿਗੁਰ ਭੇਟਤ ਹਉਮੈ ਮਾਰੀ ॥ ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥ ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥੧॥ ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥ ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥ ਸੰਤ ਪ੍ਰਸਾਦਿ ਜਪੈ ਹਰਿ ਨਾਉ ॥ ਸੰਤ ਪ੍ਰਸਾਦਿ ਹਰਿ ਕੀਰਤਨੁ ਗਾਉ ॥ ਸੰਤ ਪ੍ਰਸਾਦਿ ਸਗਲ ਦੁਖ ਮਿਟੇ ॥ ਸੰਤ ਪ੍ਰਸਾਦਿ ਬੰਧਨ ਤੇ ਛੁਟੇ ॥੨॥ ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥ ਸਾਧ ਰੇਣ ਮਜਨ ਸਭਿ ਧਰਮ ॥ ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥ ਸਾਧਾ ਮਹਿ ਇਹ ਹਮਰੀ ਜਿੰਦੁ ॥੩॥ ਕਿਰਪਾ ਨਿਧਿ ਕਿਰਪਾਲ ਧਿਆਵਉ ॥ ਸਾਧਸੰਗਿ ਤਾ ਬੈਠਣੁ ਪਾਵਉ ॥ ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ ॥ ਸਾਧਸੰਗਿ ਨਾਨਕ ਨਾਮੁ ਲਇਆ ॥੪॥੨੨॥੯੧॥ {ਪੰਨਾ 183} ਪਦ ਅਰਥ: ਸਤਿਗੁਰ ਦਰਸਨਿ = ਗੁਰੂ ਦੇ ਦਰਸ਼ਨ ਦੀ ਬਰਕਤਿ ਨਾਲ। ਅਗਨਿ = ਤ੍ਰਿਸ਼ਨਾ-ਅੱਗ। ਨਿਵਾਰੀ = ਦੂਰ ਕਰ ਲਈ। ਭੇਟਤ = ਮਿਲਿਆਂ। ਸੰਗਿ = ਸੰਗਤਿ ਵਿਚ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਸਾਚਾ = ਸਦਾ-ਥਿਰ (ਪ੍ਰਭੂ ਦਾ ਰੂਪ) । ਜਾ = ਜਦੋਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ। ਸੀਤਲ = ਠੰਡੇ। ਸਾਤਿ = ਸ਼ਾਂਤੀ, ਠੰਢ। ਤੇ = ਤੋਂ, ਦੀ ਰਾਹੀਂ। ਜਾਤੇ = ਜਾਣ-ਪਾਛਣ ਪਾਈ।1। ਰਹਾਉ। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਬੰਧਨ ਤੇ = ਬੰਧਨਾਂ ਤੋਂ।2। ਤੇ = ਤੋਂ, ਨਾਲ। ਸਾਧ ਰੇਣ = ਗੁਰੂ ਦੇ ਚਰਨਾਂ ਦੀ ਧੂੜ। ਮਜਨ = ਮੱਜਨ, ਇਸ਼ਨਾਨ। ਸਭ = ਸਾਰੇ।3। ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਧਿਆਵਉ = ਮੈਂ ਧਿਆਉਂਦਾ ਹਾਂ। ਤਾ = ਤਦੋਂ। ਬੈਠਣ ਪਾਵਉ = ਮੈਂ ਬੈਠਣਾ ਪ੍ਰਾਪਤ ਕਰਦਾ ਹਾਂ, ਮੇਰਾ ਜੀਅ ਲੱਗਦਾ ਹੈ। ਮੋਹਿ = ਮੈਨੂੰ। ਪ੍ਰਭਿ = ਪ੍ਰਭੂ ਨੇ।4। ਅਰਥ: (ਹੇ ਭਾਈ!) ਜਦੋਂ ਗੁਰੂ ਦੀ ਰਾਹੀਂ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈਦੀ ਹੈ, ਜਦੋਂ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ, ਤਦੋਂ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ, ਤਦੋਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ, ਤਦੋਂ ਸਾਰਾ ਜਗਤ ਸਦਾ-ਥਿਰ ਪਰਮਾਤਮਾ ਦਾ ਰੂਪ ਦਿੱਸਦਾ ਹੈ।1। ਰਹਾਉ। (ਹੇ ਭਾਈ!) ਗੁਰੂ ਦੇ ਦੀਦਾਰ ਦੀ ਬਰਕਤਿ ਨਾਲ (ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ) ਬੁਝਾ ਲੈਂਦਾ ਹੈ, ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਹਉਮੈ ਮਾਰ ਲੈਂਦਾ ਹੈ। ਗੁਰੂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਦਾ) ਮਨ (ਵਿਕਾਰਾਂ ਵਾਲੇ ਪਾਸੇ) ਡੋਲਦਾ ਨਹੀਂ (ਕਿਉਂਕਿ) ਗੁਰੂ ਦੀ ਸਰਨ ਪੈ ਕੇ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ।1। (ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਗੁਰੂ ਦੀ ਕਿਰਪਾ ਨਾਲ ਹਰਿ ਕੀਰਤਨ ਦਾ ਗਾਇਨ ਕਰਦਾ ਹੈ। (ਇਸਦਾ ਨਤੀਜਾ ਇਹ ਨਿਕਲਦਾ ਹੈ ਕਿ) ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ (ਕਿਉਂਕਿ) ਗੁਰੂ ਦੀ ਮੇਹਰ ਨਾਲ ਮਨੁੱਖ (ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਖ਼ਲਾਸੀ ਪਾ ਲੈਂਦਾ ਹੈ।2। (ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮਾਇਆ ਦਾ ਮੋਹ ਤੇ ਮਾਇਆ ਦੀ ਖ਼ਾਤਰ ਭਟਕਣ ਦੂਰ ਹੋ ਜਾਂਦੀ ਹੈ। ਗੁਰੂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਹੀ ਸਾਰੇ ਧਰਮਾਂ ਦਾ (ਸਾਰ) ਹੈ। (ਜਿਸ ਮਨੁੱਖ ਉਤੇ ਗੁਰੂ ਦੇ ਸਨਮੁਖ ਰਹਿਣ ਵਾਲੇ) ਗੁਰਮੁਖ ਦਇਆਵਾਨ ਹੁੰਦੇ ਹਨ, ਉਸ ਤੇ ਪਰਮਾਤਮਾ ਭੀ ਦਇਆਵਾਨ ਹੋ ਜਾਂਦਾ ਹੈ। (ਹੇ ਭਾਈ!) ਮੇਰੀ ਜਿੰਦ ਭੀ ਗੁਰਮੁਖਾਂ ਦੇ ਚਰਨਾਂ ਵਿਚ ਹੀ ਵਾਰਨੇ ਜਾਂਦੀ ਹੈ।3। ਹੇ ਨਾਨਕ! (ਆਖ– ਹੇ ਭਾਈ!) ਮੈਂ ਗੁਣ-ਹੀਨ ਉਤੇ ਪ੍ਰਭੂ ਨੇ ਦਇਆ ਕੀਤੀ, ਸਾਧ ਸੰਗਤਿ ਵਿਚ ਮੈਂ ਪ੍ਰਭੂ ਦਾ ਨਾਮ ਜਪਣ ਲੱਗ ਪਿਆ। ਗੁਰੂ ਦੀ ਮੇਹਰ ਨਾਲ ਜਦੋਂ ਮੈਂ ਕਿਰਪਾ ਦੇ ਖ਼ਜ਼ਾਨੇ, ਕਿਰਪਾ ਦੇ ਘਰ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਸਾਧ-ਸੰਗਤਿ ਵਿਚ ਮੇਰਾ ਜੀਅ ਪਰਚਦਾ ਹੈ।4। 22। 91। ਗਉੜੀ ਗੁਆਰੇਰੀ ਮਹਲਾ ੫ ॥ ਸਾਧਸੰਗਿ ਜਪਿਓ ਭਗਵੰਤੁ ॥ ਕੇਵਲ ਨਾਮੁ ਦੀਓ ਗੁਰਿ ਮੰਤੁ ॥ ਤਜਿ ਅਭਿਮਾਨ ਭਏ ਨਿਰਵੈਰ ॥ ਆਠ ਪਹਰ ਪੂਜਹੁ ਗੁਰ ਪੈਰ ॥੧॥ ਅਬ ਮਤਿ ਬਿਨਸੀ ਦੁਸਟ ਬਿਗਾਨੀ ॥ ਜਬ ਤੇ ਸੁਣਿਆ ਹਰਿ ਜਸੁ ਕਾਨੀ ॥੧॥ ਰਹਾਉ ॥ ਸਹਜ ਸੂਖ ਆਨੰਦ ਨਿਧਾਨ ॥ ਰਾਖਨਹਾਰ ਰਖਿ ਲੇਇ ਨਿਦਾਨ ॥ ਦੂਖ ਦਰਦ ਬਿਨਸੇ ਭੈ ਭਰਮ ॥ ਆਵਣ ਜਾਣ ਰਖੇ ਕਰਿ ਕਰਮ ॥੨॥ ਪੇਖੈ ਬੋਲੈ ਸੁਣੈ ਸਭੁ ਆਪਿ ॥ ਸਦਾ ਸੰਗਿ ਤਾ ਕਉ ਮਨ ਜਾਪਿ ॥ ਸੰਤ ਪ੍ਰਸਾਦਿ ਭਇਓ ਪਰਗਾਸੁ ॥ ਪੂਰਿ ਰਹੇ ਏਕੈ ਗੁਣਤਾਸੁ ॥੩॥ ਕਹਤ ਪਵਿਤ੍ਰ ਸੁਣਤ ਪੁਨੀਤ ॥ ਗੁਣ ਗੋਵਿੰਦ ਗਾਵਹਿ ਨਿਤ ਨੀਤ ॥ ਕਹੁ ਨਾਨਕ ਜਾ ਕਉ ਹੋਹੁ ਕ੍ਰਿਪਾਲ ॥ ਤਿਸੁ ਜਨ ਕੀ ਸਭ ਪੂਰਨ ਘਾਲ ॥੪॥੨੩॥੯੨॥ {ਪੰਨਾ 183} ਪਦ ਅਰਥ: ਸਾਧ ਸੰਗਿ = ਸਾਧ ਸੰਗਤਿ ਵਿਚ। ਗੁਰਿ = ਗੁਰੂ ਨੇ। ਕੇਵਲ = ਸਿਰਫ਼। ਮੰਤੁ = ਮੰਤਰ। ਤਜਿ = ਛੱਡ ਕੇ।1। ਦੁਸਟ = ਭੈੜੀ। ਬਿਗਾਨੀ = ਬੇਗਿਆਨੀ, ਬੇਸਮਝੀ ਵਾਲੀ। ਜਬ ਤੇ = ਤਦੋਂ ਤੋਂ। ਕਾਨੀ = ਕੰਨਾਂ ਨਾਲ।1। ਰਹਾਉ। ਸਹਜ = ਆਤਮਕ ਅਡੋਲਤਾ। ਨਿਧਾਨ = ਖ਼ਜ਼ਾਨੇ। ਰਖਿ ਲੇਇ = ਬਚਾ ਲੈਂਦਾ ਹੈ। ਭੈ = {ਲਫ਼ਜ਼ 'ਭਉ' ਤੋਂ ਬਹੁ- ਵਚਨ}। ਰਖੇ = ਰੋਕ ਲੈਂਦਾ ਹੈ। ਕਰਮ = ਬਖ਼ਸ਼ਸ਼। ਕਰਿ = ਕਰ ਕੇ।2। ਸਭੁ = ਹਰ ਥਾਂ। ਤਾ ਕਉ = ਉਸ ਪ੍ਰਭੂ ਨੂੰ। ਪਰਗਾਸ = ਚਾਨਣ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।3। ਪੁਨੀਤ = ਪਵਿੱਤ੍ਰ। ਹੋਹੁ = ਤੁਸੀ ਹੁੰਦੇ ਹੋ। ਘਾਲ = ਮਿਹਨਤ। ਪੂਰਨ = ਸਫਲ।4। ਅਰਥ: ਹੇ ਭਾਈ! ਜਦੋਂ ਤੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੈਂ ਕੰਨੀਂ ਸੁਣੀ ਹੈ, ਤਦੋਂ ਤੋਂ ਮੇਰੀ ਭੈੜੀ ਤੇ ਬੇ-ਸਮਝੀ ਵਾਲੀ ਮਤਿ ਦੂਰ ਹੋ ਗਈ ਹੈ।1। ਰਹਾਉ। (ਹੇ ਭਾਈ!) ਅੱਠੇ ਪਹਿਰ (ਹਰ ਵੇਲੇ) ਗੁਰੂ ਦੇ ਪੈਰ ਪੂਜੋ। (ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ) ਸਾਧ ਸੰਗਤਿ ਵਿਚ ਭਗਵਾਨ ਦਾ ਸਿਮਰਨ ਕੀਤਾ ਹੈ, ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ (ਉਸ ਮੰਤਰ ਦੀ ਬਰਕਤਿ ਨਾਲ) ਉਹ ਅਹੰਕਾਰ ਛੱਡ ਕੇ ਨਿਰਵੈਰ ਹੋ ਗਏ ਹਨ।1। (ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਹਰਿ-ਜਸ ਕੰਨੀਂ ਸੁਣਿਆ ਹੈ) ਆਤਮਕ ਅਡੋਲਤਾ, ਸੁਖ ਅਨੰਦ ਦੇ ਖ਼ਜ਼ਾਨੇ ਰੱਖਣਹਾਰ ਪਰਮਾਤਮਾ ਨੇ ਆਖ਼ਰ ਉਹਨਾਂ ਦੀ (ਸਦਾ) ਰੱਖਿਆ ਕੀਤੀ ਹੈ, ਉਹਨਾਂ ਦੇ ਦੁੱਖ, ਦਰਦ, ਡਰ, ਵਹਿਮ ਸਾਰੇ ਨਾਸ ਹੋ ਜਾਂਦੇ ਹਨ। ਪਰਮਾਤਮਾ ਮਿਹਰ ਕਰ ਕੇ ਉਨ੍ਹਾਂ ਦੇ ਜਨਮ ਮਰਨ ਦੇ ਗੇੜ (ਭੀ) ਮੁਕਾ ਦੇਂਦਾ ਹੈ।2। ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਹਰ ਥਾਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਵੇਖਦਾ ਹੈ ਆਪ ਹੀ ਬੋਲਦਾ ਹੈ, ਆਪ ਹੀ ਸੁਣਦਾ ਹੈ, ਜਿਹੜਾ ਹਰ ਵੇਲੇ ਤੇਰੇ ਅੰਗ-ਸੰਗ ਹੈ, ਉਸਦਾ ਭਜਨ ਕਰ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਾਲਾ ਚਾਨਣ ਪੈਦਾ ਹੁੰਦਾ ਹੈ, ਉਸਨੂੰ ਗੁਣਾਂ ਦਾ ਖ਼ਜ਼ਾਨਾ ਇਕ ਪਰਮਾਤਮਾ ਹੀ ਹਰ ਥਾਂ ਵਿਆਪਕ ਦਿੱਸਦਾ ਹੈ।3। (ਹੇ ਭਾਈ!) ਜੇਹੜੇ ਮਨੁੱਖ ਸਦਾ ਹੀ ਗੋਬਿੰਦ ਦੇ ਗੁਣ ਗਾਂਦੇ ਹਨ ਉਹ ਸਿਫ਼ਤਿ-ਸਾਲਾਹ ਕਰਨ ਵਾਲੇ ਤੇ ਸਿਫ਼ਤਿ-ਸਾਲਾਹ ਸੁਣਨ ਵਾਲੇ ਸਭੇ ਪਵਿੱਤ੍ਰ ਜੀਵਨ ਵਾਲੇ ਬਣ ਜਾਂਦੇ ਹਨ। ਹੇ ਨਾਨਕ! ਆਖ– (ਹੇ ਪ੍ਰਭੂ!) ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ (ਉਹ ਤੇਰੀ ਸਿਫ਼ਤਿ-ਸਾਲਾਹ ਕਰਦਾ ਹੈ) ਉਸਦੀ ਸਾਰੀ ਇਹ ਮਿਹਨਤ ਸਫਲ ਹੋ ਜਾਂਦੀ ਹੈ।4। 23। 92। ਗਉੜੀ ਗੁਆਰੇਰੀ ਮਹਲਾ ੫ ॥ ਬੰਧਨ ਤੋੜਿ ਬੋਲਾਵੈ ਰਾਮੁ ॥ ਮਨ ਮਹਿ ਲਾਗੈ ਸਾਚੁ ਧਿਆਨੁ ॥ ਮਿਟਹਿ ਕਲੇਸ ਸੁਖੀ ਹੋਇ ਰਹੀਐ ॥ ਐਸਾ ਦਾਤਾ ਸਤਿਗੁਰੁ ਕਹੀਐ ॥੧॥ ਸੋ ਸੁਖਦਾਤਾ ਜਿ ਨਾਮੁ ਜਪਾਵੈ ॥ ਕਰਿ ਕਿਰਪਾ ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥ ਜਿਸੁ ਹੋਇ ਦਇਆਲੁ ਤਿਸੁ ਆਪਿ ਮਿਲਾਵੈ ॥ ਸਰਬ ਨਿਧਾਨ ਗੁਰੂ ਤੇ ਪਾਵੈ ॥ ਆਪੁ ਤਿਆਗਿ ਮਿਟੈ ਆਵਣ ਜਾਣਾ ॥ ਸਾਧ ਕੈ ਸੰਗਿ ਪਾਰਬ੍ਰਹਮੁ ਪਛਾਣਾ ॥੨॥ ਜਨ ਊਪਰਿ ਪ੍ਰਭ ਭਏ ਦਇਆਲ ॥ ਜਨ ਕੀ ਟੇਕ ਏਕ ਗੋਪਾਲ ॥ ਏਕਾ ਲਿਵ ਏਕੋ ਮਨਿ ਭਾਉ ॥ ਸਰਬ ਨਿਧਾਨ ਜਨ ਕੈ ਹਰਿ ਨਾਉ ॥੩॥ ਪਾਰਬ੍ਰਹਮ ਸਿਉ ਲਾਗੀ ਪ੍ਰੀਤਿ ॥ ਨਿਰਮਲ ਕਰਣੀ ਸਾਚੀ ਰੀਤਿ ॥ ਗੁਰਿ ਪੂਰੈ ਮੇਟਿਆ ਅੰਧਿਆਰਾ ॥ ਨਾਨਕ ਕਾ ਪ੍ਰਭੁ ਅਪਰ ਅਪਾਰਾ ॥੪॥੨੪॥੯੩॥ {ਪੰਨਾ 183-184} ਪਦ ਅਰਥ: ਬੋਲਾਵੈ ਰਾਮੁ = ਰਾਮ-ਨਾਮ ਮੂੰਹੋਂ ਕਢਾਂਦਾ ਹੈ, ਪਰਮਾਤਮਾ ਦਾ ਸਿਮਰਨ ਕਰਾਂਦਾ ਹੈ। ਸਾਚੁ = ਅਟੱਲ। ਮਿਟਹਿ = ਮਿਟ ਜਾਂਦੇ ਹਨ। ਰਹੀਐ = ਜੀਵੀਦਾ ਹੈ। ਕਹੀਐ = ਕਿਹਾ ਜਾਂਦਾ ਹੈ।1। ਸੁਖ ਦਾਤਾ = ਆਤਮਕ ਆਨੰਦ ਦੇਣ ਵਾਲਾ। ਜਿ = ਜੇਹੜਾ (ਗੁਰੂ) , ਕਿਉਂਕਿ ਉਹ (ਗੁਰੂ) । ਤਿਸੁ ਸੰਗਿ = ਉਸ (ਪਰਮਾਤਮਾ) ਦੇ ਨਾਲ।1। ਰਹਾਉ। ਨਿਧਾਨ = ਖ਼ਜ਼ਾਨੇ। ਤੇ = ਪਾਸੋਂ, ਤੋਂ। ਆਪੁ = ਆਪਾ-ਭਾਵ {ਨੋਟ: ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਸਾਧ ਕੈ ਸੰਗਿ = ਗੁਰੂ ਦੀ ਸੰਗਤਿ ਵਿਚ।2। ਟੇਕ = ਆਸਰਾ। ਗੋਪਾਲ = ਧਰਤੀ ਦਾ ਰਾਖਾ ਪ੍ਰਭੂ। ਲਿਵ = ਲਗਨ। ਮਨਿ = ਮਨ ਵਿਚ। ਭਾਉ = ਪਿਆਰ। ਜਨ ਕੈ = ਸੇਵਕ ਦੇ ਵਾਸਤੇ, ਸੇਵਕ ਦੇ ਹਿਰਦੇ ਵਿਚ।3। ਸਿਉ = ਨਾਲ। ਕਰਣੀ = ਆਚਰਨ। ਰੀਤਿ = ਜੀਵਨ-ਮਰਯਾਦਾ। ਸਾਚੀ = ਅਟੱਲ, ਅਡੋਲ, ਕਦੇ ਨਾਹ ਡੋਲਣ ਵਾਲੀ। ਗੁਰਿ = ਗੁਰੂ ਨੇ। ਅਪਰ = {nwiÔq pro XÔmwq`} ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਬੇਅੰਤ।4। ਅਰਥ: (ਹੇ ਭਾਈ!) ਉਹ ਸਤਿਗੁਰੂ ਆਤਮਕ ਆਨੰਦ ਦੀ ਦਾਤਿ ਬਖ਼ਸ਼ਣ ਵਾਲਾ ਹੈ ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਾਂਦਾ ਹੈ, ਤੇ ਮਿਹਰ ਕਰ ਕੇ ਉਸ ਪਰਮਾਤਮਾ ਦੇ ਨਾਲ ਜੋੜਦਾ ਹੈ।1। ਰਹਾਉ। (ਹੇ ਭਾਈ!) ਗੁਰੂ (ਮਨੁੱਖ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ (ਉਸ ਪਾਸੋਂ) ਪਰਮਾਤਮਾ ਦਾ ਸਿਮਰਨ ਕਰਾਂਦਾ ਹੈ। (ਜਿਸ ਮਨੁੱਖ ਉਤੇ ਗੁਰੂ ਮਿਹਰ ਕਰਦਾ ਹੈ ਉਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦੀ) ਅਟੱਲ ਸੁਰਤਿ ਬੱਝ ਜਾਂਦੀ ਹੈ। (ਹੇ ਭਾਈ! ਗੁਰੂ ਦੀ ਸਰਨ ਪਿਆਂ ਮਨ ਦੇ ਸਾਰੇ) ਕਲੇਸ਼ ਮਿਟ ਜਾਂਦੇ ਹਨ, ਸੁਖੀ ਜੀਵਨ ਵਾਲਾ ਹੋ ਜਾਈਦਾ ਹੈ। ਸੋ, ਗੁਰੂ ਇਹੋ ਜਿਹਾ ਉੱਚੀ ਦਾਤਿ ਬਖ਼ਸ਼ਣ ਵਾਲਾ ਕਿਹਾ ਜਾਂਦਾ ਹੈ।1। (ਪਰ) ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੋਵੇ ਉਸ ਨੂੰ ਆਪ (ਹੀ) ਗੁਰੂ ਮਿਲਾਂਦਾ ਹੈ, ਉਹ ਮਨੁੱਖ (ਫਿਰ) ਗੁਰੂ ਪਾਸੋਂ (ਆਤਮਕ ਜੀਵਨ ਦੇ) ਸਾਰੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ। ਉਹ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ ਤਿਆਗ ਦੇਂਦਾ ਹੈ, ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਗੁਰੂ ਦੀ ਸੰਗਤਿ ਵਿਚ (ਰਹਿ ਕੇ) ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ।2। (ਹੇ ਭਾਈ! ਗੁਰ-ਸਰਨ ਦੀ ਬਰਕਤਿ ਨਾਲ) ਪ੍ਰਭੂ ਜੀ ਸੇਵਕ ਉੱਤੇ ਦਇਆਵਾਨ ਹੋ ਜਾਂਦੇ ਹਨ, ਇਕ ਗੋਪਾਲ-ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। (ਗੁਰੂ ਦੀ ਸਰਨ ਆਏ ਮਨੁੱਖ ਨੂੰ) ਇਕ ਪਰਮਾਤਮਾ ਦੀ ਹੀ ਲਗਨ ਲੱਗ ਜਾਂਦੀ ਹੈ, ਉਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ (ਟਿਕ ਜਾਂਦਾ ਹੈ) । ਸੇਵਕ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ (ਦੁਨੀਆ ਦੇ) ਸਾਰੇ ਖ਼ਜ਼ਾਨੇ ਬਣ ਜਾਂਦਾ ਹੈ।3। (ਪਰਮਾਤਮਾ ਦੀ ਮਿਹਰ ਨਾਲ) ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ, ਉਸ ਦੀ ਪ੍ਰੀਤਿ ਪਰਮਾਤਮਾ ਨਾਲ ਪੱਕੀ ਬਣ ਜਾਂਦੀ ਹੈ, ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਸ ਦੀ ਜੀਵਨ-ਮਰਯਾਦਾ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦੀ ਹੈ। (ਹੇ ਭਾਈ! ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੈ) ਨਾਨਕ ਦਾ ਪ੍ਰਭੂ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ।4। 24। 93। |
Sri Guru Granth Darpan, by Professor Sahib Singh |