ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 184 ਗਉੜੀ ਗੁਆਰੇਰੀ ਮਹਲਾ ੫ ॥ ਜਿਸੁ ਮਨਿ ਵਸੈ ਤਰੈ ਜਨੁ ਸੋਇ ॥ ਜਾ ਕੈ ਕਰਮਿ ਪਰਾਪਤਿ ਹੋਇ ॥ ਦੂਖੁ ਰੋਗੁ ਕਛੁ ਭਉ ਨ ਬਿਆਪੈ ॥ ਅੰਮ੍ਰਿਤ ਨਾਮੁ ਰਿਦੈ ਹਰਿ ਜਾਪੈ ॥੧॥ ਪਾਰਬ੍ਰਹਮੁ ਪਰਮੇਸੁਰੁ ਧਿਆਈਐ ॥ ਗੁਰ ਪੂਰੇ ਤੇ ਇਹ ਮਤਿ ਪਾਈਐ ॥੧॥ ਰਹਾਉ ॥ ਕਰਣ ਕਰਾਵਨਹਾਰ ਦਇਆਲ ॥ ਜੀਅ ਜੰਤ ਸਗਲੇ ਪ੍ਰਤਿਪਾਲ ॥ ਅਗਮ ਅਗੋਚਰ ਸਦਾ ਬੇਅੰਤਾ ॥ ਸਿਮਰਿ ਮਨਾ ਪੂਰੇ ਗੁਰ ਮੰਤਾ ॥੨॥ ਜਾ ਕੀ ਸੇਵਾ ਸਰਬ ਨਿਧਾਨੁ ॥ ਪ੍ਰਭ ਕੀ ਪੂਜਾ ਪਾਈਐ ਮਾਨੁ ॥ ਜਾ ਕੀ ਟਹਲ ਨ ਬਿਰਥੀ ਜਾਇ ॥ ਸਦਾ ਸਦਾ ਹਰਿ ਕੇ ਗੁਣ ਗਾਇ ॥੩॥ ਕਰਿ ਕਿਰਪਾ ਪ੍ਰਭ ਅੰਤਰਜਾਮੀ ॥ ਸੁਖ ਨਿਧਾਨ ਹਰਿ ਅਲਖ ਸੁਆਮੀ ॥ ਜੀਅ ਜੰਤ ਤੇਰੀ ਸਰਣਾਈ ॥ ਨਾਨਕ ਨਾਮੁ ਮਿਲੈ ਵਡਿਆਈ ॥੪॥੨੫॥੯੪॥ {ਪੰਨਾ 184} ਪਦ ਅਰਥ: ਮਨਿ = ਮਨ ਵਿਚ। ਜਾ ਕੈ ਕਰਮਿ = ਜਿਸ (ਪ੍ਰਭੂ) ਦੀ ਬਖ਼ਸ਼ਸ਼ ਨਾਲ। ਬਿਆਪੈ = ਜ਼ੋਰ ਪਾ ਲੈਂਦਾ ਹੈ। ਰਿਦੈ = ਹਿਰਦੇ ਵਿਚ।1। ਤੇ = ਤੋਂ। ਮਤਿ = ਅਕਲ, ਸੂਝ।1। ਰਹਾਉ। ਸਗਲੇ = ਸਾਰੇ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਮੰਤਾ = ਉਪਦੇਸ਼।2। ਨਿਧਾਨ = ਖ਼ਜ਼ਾਨੇ। ਬਿਰਥੀ = ਵਿਅਰਥ, ਨਿਸਫਲ।3। ਪ੍ਰਭ = ਹੇ ਪ੍ਰਭੂ! ਸੁਖ ਨਿਧਾਨ = ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਅਲਖ = ਹੇ ਅਦ੍ਰਿਸ਼ਟ!।4। ਅਰਥ: (ਹੇ ਭਾਈ!) ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ। (ਸਿਮਰਨ ਦੀ) ਇਹ ਸੂਝ ਪੂਰੇ ਗੁਰੂ ਪਾਸੋਂ ਮਿਲਦੀ ਹੈ।1। ਰਹਾਉ। ਜਿਸ (ਪਰਮਾਤਮਾ) ਦੀ ਬਖ਼ਸ਼ਸ਼ ਨਾਲ (ਉਸ ਦੇ ਨਾਮ ਦੀ) ਪ੍ਰਾਪਤੀ ਹੁੰਦੀ ਹੈ, ਉਹ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ ਉਹ (ਦੁੱਖਾਂ ਰੋਗਾਂ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। (ਸੰਸਾਰ ਦਾ) ਕੋਈ ਦੁੱਖ ਕੋਈ ਰੋਗ ਕੋਈ ਡਰ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ (ਕਿਉਂਕਿ) ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਜਪਦਾ ਰਹਿੰਦਾ ਹੈ।1। ਹੇ (ਮੇਰੇ) ਮਨ! ਪੂਰੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਉਸ (ਪਰਮਾਤਮਾ) ਨੂੰ ਸਿਮਰ, ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਜੀਵਾਂ ਪਾਸੋਂ ਸਭ ਕੁਝ ਕਰਾਣ ਦੀ ਤਾਕਤ ਰੱਖਦਾ ਹੈ, ਜੋ ਦਇਆ ਦਾ ਘਰ ਹੈ, ਜੋ ਸਾਰੇ ਜੀਵ ਜੰਤਾਂ ਦੀ ਪਾਲਣਾ ਕਰਦਾ ਹੈ, ਜੋ ਅਪਹੁੰਚ ਹੈ, ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦੇ ਗੁਣਾਂ ਦਾ ਕਦੇ ਅੰਤ ਨਹੀਂ ਪੈ ਸਕਦਾ।2। (ਹੇ ਭਾਈ!) ਸਦਾ ਹੀ ਸਦਾ ਉਸ ਹਰੀ ਦੇ ਗੁਣ ਗਾਂਦਾ ਰਹੁ, ਜਿਸ ਦੀ ਸੇਵਾ-ਭਗਤੀ ਵਿਚ ਹੀ (ਜਗਤ ਦੇ) ਸਾਰੇ ਖ਼ਜ਼ਾਨੇ ਹਨ, ਜਿਸ ਹਰੀ ਦੀ ਪੂਜਾ ਕੀਤਿਆਂ (ਹਰ ਥਾਂ) ਆਦਰ-ਮਾਣ ਮਿਲਦਾ ਹੈ, ਤੇ ਜਿਸ ਦੀ ਕੀਤੀ ਹੋਈ ਸੇਵਾ ਨਿਸਫਲ ਨਹੀਂ ਜਾਂਦੀ।3। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ–) ਹੇ ਅੰਤਰਜਾਮੀ ਪ੍ਰਭੂ! ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਅਦ੍ਰਿਸ਼ਟ ਸੁਆਮੀ! ਸਾਰੇ ਜੀਅ ਜੰਤ ਤੇਰੀ ਸਰਣ ਹਨ (ਤੇਰੇ ਹੀ ਆਸਰੇ ਹਨ, ਮੈਂ ਭੀ ਤੇਰੀ ਸਰਨ ਆਇਆ ਹਾਂ) ਮਿਹਰ ਕਰ, ਮੈਨੂੰ ਤੇਰਾ ਨਾਮ ਮਿਲ ਜਾਏ (ਤੇਰਾ ਨਾਮ ਹੀ ਮੇਰਾ ਵਾਸਤੇ) ਵਡਿਆਈ ਹੈ।4। 25। 94। ਗਉੜੀ ਗੁਆਰੇਰੀ ਮਹਲਾ ੫ ॥ ਜੀਅ ਜੁਗਤਿ ਜਾ ਕੈ ਹੈ ਹਾਥ ॥ ਸੋ ਸਿਮਰਹੁ ਅਨਾਥ ਕੋ ਨਾਥੁ ॥ ਪ੍ਰਭ ਚਿਤਿ ਆਏ ਸਭੁ ਦੁਖੁ ਜਾਇ ॥ ਭੈ ਸਭ ਬਿਨਸਹਿ ਹਰਿ ਕੈ ਨਾਇ ॥੧॥ ਬਿਨੁ ਹਰਿ ਭਉ ਕਾਹੇ ਕਾ ਮਾਨਹਿ ॥ ਹਰਿ ਬਿਸਰਤ ਕਾਹੇ ਸੁਖੁ ਜਾਨਹਿ ॥੧॥ ਰਹਾਉ ॥ ਜਿਨਿ ਧਾਰੇ ਬਹੁ ਧਰਣਿ ਅਗਾਸ ॥ ਜਾ ਕੀ ਜੋਤਿ ਜੀਅ ਪਰਗਾਸ ॥ ਜਾ ਕੀ ਬਖਸ ਨ ਮੇਟੈ ਕੋਇ ॥ ਸਿਮਰਿ ਸਿਮਰਿ ਪ੍ਰਭੁ ਨਿਰਭਉ ਹੋਇ ॥੨॥ ਆਠ ਪਹਰ ਸਿਮਰਹੁ ਪ੍ਰਭ ਨਾਮੁ ॥ ਅਨਿਕ ਤੀਰਥ ਮਜਨੁ ਇਸਨਾਨੁ ॥ ਪਾਰਬ੍ਰਹਮ ਕੀ ਸਰਣੀ ਪਾਹਿ ॥ ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ ॥੩॥ ਬੇਮੁਹਤਾਜੁ ਪੂਰਾ ਪਾਤਿਸਾਹੁ ॥ ਪ੍ਰਭ ਸੇਵਕ ਸਾਚਾ ਵੇਸਾਹੁ ॥ ਗੁਰਿ ਪੂਰੈ ਰਾਖੇ ਦੇ ਹਾਥ ॥ ਨਾਨਕ ਪਾਰਬ੍ਰਹਮ ਸਮਰਾਥ ॥੪॥੨੬॥੯੫॥ {ਪੰਨਾ 184} ਪਦ ਅਰਥ: ਜੀਅ ਜੁਗਤਿ = ਸਾਰੇ ਜੀਵਾਂ ਦੀ ਜੀਵਨ-ਮਰਯਾਦਾ। ਨਾਥੁ = ਖਸਮ। ਚਿਤਿ = ਚਿੱਤ ਵਿਚ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਨਾਇ = ਨਾਮ ਦੀ ਰਾਹੀਂ।1। ਕਾਹੇ ਕਾ = ਕਿਸ ਕਾ? ਮਾਨਹਿ = ਤੂੰ ਮੰਨਦਾ ਹੈਂ। ਕਾਹੇ = ਕੇਹੜਾ?।1। ਰਹਾਉ। ਜਿਨਿ = ਜਿਸ (ਪਰਮਾਤਮਾ) ਨੇ। ਧਰਣਿ = ਧਰਤੀ। ਅਗਾਸ = ਅਕਾਸ਼। ਜੀਅ = ਸਭ ਜੀਵਾਂ ਵਿਚ। ਪਰਗਾਸ = ਚਾਨਣ। ਬਖਸ = ਬਖ਼ਸ਼ਸ਼।2। ਮਜਨੁ = {m^jn = dip} ਚੁੱਭੀ, ਇਸ਼ਨਾਨ। ਪਾਹਿ = ਜੇ ਤੂੰ ਪੈ ਜਾਏਂ। ਕਲੰਕ = ਬਦਨਾਮੀ।3। ਸਾਚਾ = ਸਦਾ ਕਾਇਮ ਰਹਿਣ ਵਾਲਾ। ਵੇਸਾਹੁ = ਭਰੋਸਾ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਸਮਰਾਥ = ਸਭ ਤਾਕਤਾਂ ਦਾ ਮਾਲਕ।4। ਅਰਥ: (ਹੇ ਭਾਈ!) ਤੂੰ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਡਰ ਕਿਉਂ ਮੰਨਦਾ ਹੈਂ? ਪਰਮਾਤਮਾ ਨੂੰ ਭੁਲਾ ਕੇ ਹੋਰ ਕੇਹੜਾ ਸੁਖ ਸਮਝਦਾ ਹੈਂ?।1। ਰਹਾਉ। (ਹੇ ਭਾਈ!) ਉਸ ਅਨਾਥਾਂ ਦੇ ਨਾਥ ਪਰਮਾਤਮਾ ਦਾ ਸਿਮਰਨ ਕਰ, ਜਿਸ ਦੇ ਹੱਥਾਂ ਵਿਚ ਸਭ ਜੀਵਾਂ ਦੀ ਜੀਵਨ-ਮਰਯਾਦਾ ਹੈ। (ਹੇ ਭਾਈ!) ਜੇ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਪਏ ਤਾਂ (ਉਸ ਦਾ) ਹਰੇਕ ਦੁੱਖ ਦੂਰ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ।1। (ਹੇ ਭਾਈ!) ਉਸ ਪ੍ਰਭੂ ਨੂੰ ਸਦਾ ਸਿਮਰ, ਜਿਸ ਨੇ ਅਨੇਕਾਂ ਧਰਤੀਆਂ ਅਕਾਸ਼ਾਂ ਨੂੰ ਸਹਾਰਾ ਦਿੱਤਾ ਹੋਇਆ ਹੈ, ਜਿਸ ਦੀ ਜੋਤਿ ਸਾਰੇ ਜੀਵਾਂ ਵਿਚ ਚਾਨਣ ਕਰ ਰਹੀ ਹੈ। ਤੇ ਜਿਸ ਦੀ (ਕੀਤੀ ਹੋਈ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ) (ਕੋਈ ਰੋਕ ਨਹੀਂ ਸਕਦਾ) । (ਜੇਹੜਾ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ ਉਹ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ।2। (ਹੇ ਭਾਈ!) ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਦਾ ਰਹੁ। (ਇਹ ਸਿਮਰਨ ਹੀ) ਅਨੇਕਾਂ ਤੀਰਥਾਂ ਦਾ ਇਸ਼ਨਾਨ ਹੈ। ਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏਂ ਤਾਂ ਤੇਰੇ ਕ੍ਰੋੜਾਂ ਪਾਪ ਇਕ ਪਲ ਵਿਚ ਹੀ ਨਾਸ ਹੋ ਜਾਣ।3। ਹੇ ਨਾਨਕ! ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਉਹ ਸਭ ਗੁਣਾਂ ਦਾ ਮਾਲਕ ਹੈ, ਉਸ ਸਭ ਗੁਣਾਂ ਦਾ ਪਾਤਿਸ਼ਾਹ ਹੈ। ਪ੍ਰਭੂ ਦੇ ਸੇਵਕਾਂ ਨੂੰ ਪ੍ਰਭੂ ਦਾ ਅਟੱਲ ਭਰੋਸਾ ਰਹਿੰਦਾ ਹੈ। (ਹੇ ਭਾਈ!) ਪਰਮਾਤਮਾ ਪੂਰੇ ਗੁਰੂ ਦੀ ਰਾਹੀਂ (ਆਪਣੇ ਸੇਵਕਾਂ ਨੂੰ ਸਭ ਕਲੰਕਾਂ ਤੋਂ) ਹੱਥ ਦੇ ਕੇ ਬਚਾਂਦਾ ਹੈ। ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ।4। 26। 95। ਨੋਟ: ਇਥੇ ਵੱਡਾ ਜੋੜ 96 ਬਣਦਾ ਹੈ। ਪਿਛੇ ਵੇਖ ਚੁਕੇ ਹਾਂ ਕਿ ਜੋੜ ਵਿਚ ਇੱਕ ਦੀ ਗਿਣਤੀ ਘਟ ਚਲੀ ਆ ਰਹੀ ਹੈ। ਗਉੜੀ ਗੁਆਰੇਰੀ ਮਹਲਾ ੫ ॥ ਗੁਰ ਪਰਸਾਦਿ ਨਾਮਿ ਮਨੁ ਲਾਗਾ ॥ ਜਨਮ ਜਨਮ ਕਾ ਸੋਇਆ ਜਾਗਾ ॥ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥ ਪੂਰੇ ਗੁਰ ਕੀ ਸੁਮਤਿ ਪਰਾਣੀ ॥੧॥ ਪ੍ਰਭ ਸਿਮਰਤ ਕੁਸਲ ਸਭਿ ਪਾਏ ॥ ਘਰਿ ਬਾਹਰਿ ਸੁਖ ਸਹਜ ਸਬਾਏ ॥੧॥ ਰਹਾਉ ॥ ਸੋਈ ਪਛਾਤਾ ਜਿਨਹਿ ਉਪਾਇਆ ॥ ਕਰਿ ਕਿਰਪਾ ਪ੍ਰਭਿ ਆਪਿ ਮਿਲਾਇਆ ॥ ਬਾਹ ਪਕਰਿ ਲੀਨੋ ਕਰਿ ਅਪਨਾ ॥ ਹਰਿ ਹਰਿ ਕਥਾ ਸਦਾ ਜਪੁ ਜਪਨਾ ॥੨॥ ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰੁ ॥ ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ ॥ ਸਾਚਾ ਧਨੁ ਪਾਇਓ ਹਰਿ ਰੰਗਿ ॥ ਦੁਤਰੁ ਤਰੇ ਸਾਧ ਕੈ ਸੰਗਿ ॥੩॥ ਸੁਖਿ ਬੈਸਹੁ ਸੰਤ ਸਜਨ ਪਰਵਾਰੁ ॥ ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ ॥ ਜਿਸਹਿ ਪਰਾਪਤਿ ਤਿਸੁ ਗੁਰੁ ਦੇਇ ॥ ਨਾਨਕ ਬਿਰਥਾ ਕੋਇ ਨ ਹੇਇ ॥੪॥੨੭॥੯੬॥ {ਪੰਨਾ 184-185} ਪਦ ਅਰਥ: ਪਰਸਾਦਿ = ਕਿਰਪਾ ਨਾਲ। ਨਾਮਿ = ਨਾਮ ਵਿਚ। ਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ। ਉਚਰੈ = ਉਚਾਰਦਾ ਹੈ। ਸੁਮਤਿ = ਸ੍ਰੇਸ਼ਟ ਮਤਿ। ਪਰਾਣੀ = ਪ੍ਰਾਣੀ, (ਜਿਸ) ਮਨੁੱਖ (ਨੂੰ) ।1। ਕੁਸਲ = ਸੁਖ। ਸਭਿ = ਸਾਰੇ। ਘਰਿ = ਘਰ ਵਿਚ, ਹਿਰਦੇ ਵਿਚ। ਬਾਹਰਿ = ਜਗਤ ਨਾਲ ਵਰਤਦਿਆਂ। ਸਹਜ = ਆਤਮਕ ਅਡੋਲਤਾ। ਸਬਾਏ = ਸਾਰੇ।1। ਰਹਾਉ। ਜਿਨਹਿ = ਜਿਸ (ਪਰਮਾਤਮਾ) ਨੇ। ਉਪਾਇਆ = ਪੈਦਾ ਕੀਤਾ। ਪ੍ਰਭਿ = ਪ੍ਰਭੂ ਨੇ। ਪਕਰਿ = ਫੜ ਕੇ। ਕਰਿ = ਕਰ ਕੇ, ਬਣਾ ਕੇ।2। ਤੰਤ੍ਰੁ = ਟੂਣਾ, ਜਾਦੂ। ਅਉਖਧੁ = ਦਵਾਈ। ਪੁਨਹ = ਮੁੜ, ਪਿਛੋਂ। ਪੁਨਹਚਾਰੁ = ਪਾਪ ਦੀ ਨਵਿਰਤੀ ਵਾਸਤੇ ਪਾਪ ਕਰਨ ਤੋਂ ਪਿਛੋਂ ਕੀਤਾ ਹੋਇਆ ਧਾਰਮਿਕ ਕਰਮ, ਪ੍ਰਾਸਚਿਤ। ਜੀਅ ਅਧਾਰੁ = ਜਿੰਦ ਦਾ ਆਸਰਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਰੰਗਿ = ਪ੍ਰੇਮ ਵਿਚ। ਦੁਤਰੁ = {duÔqr} ਜਿਸ ਨੂੰ ਤਰਨਾ ਕਠਨ ਹੈ।3। ਸੁਖਿ = ਸੁਖ ਵਿਚ। ਸੰਤ ਸਜਨ = ਹੇ ਸੰਤ ਸਜਨ! ਖਟਿਓ = ਖੱਟਿਆ, ਖੱਟ ਲਿਆ। ਜਾ ਕਾ = ਜਿਸ (ਧਨ) ਦਾ। ਸੁਮਾਰੁ = ਅੰਦਾਜ਼ਾ, ਮਾਪ। ਪਰਾਪਤਿ = ਭਾਗਾਂ ਵਿਚ ਲਿਖਿਆ ਹੋਇਆ। ਬਿਰਥਾ = ਖ਼ਾਲੀ। ਹੇਇ = ਹੈ।4। ਅਰਥ: (ਜੇਹੜਾ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ) ਪ੍ਰਭੂ ਦਾ ਸਿਮਰਨ ਕਰਦਿਆਂ ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ, ਉਸ ਦੇ ਹਿਰਦੇ ਵਿਚ (ਭੀ) ਆਤਮਕ ਅਡੋਲਤਾ ਦੇ ਸਾਰੇ ਅਨੰਦ, ਜਗਤ ਨਾਲ ਵਰਤਦਿਆਂ ਭੀ ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਆਨੰਦ।1। ਰਹਾਉ। ਜਿਸ ਮਨੁੱਖ ਦਾ ਮਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ, ਉਹ ਜਨਮਾਂ ਜਨਮਾਂਤਰਾਂ ਦਾ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ। ਜਿਸ ਪ੍ਰਾਣੀ ਨੂੰ ਪੂਰੇ ਗੁਰੂ ਦੀ ਸ੍ਰੇਸ਼ਟ ਮਤਿ ਪ੍ਰਾਪਤ ਹੁੰਦੀ ਹੈ, ਉਹ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਉਚਾਰਦਾ ਹੈ ਪ੍ਰਭੂ ਦੀ (ਸਿਫ਼ਤਿ-ਸਾਲਾਹ ਦੀ) ਬਾਣੀ ਉਚਾਰਦਾ ਹੈ।1। ਪ੍ਰਭੂ ਨੇ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪ (ਆਪਣੇ ਚਰਨਾਂ ਵਿਚ) ਜੋੜ ਲਿਆ, ਉਸ ਮਨੁੱਖ ਨੇ ਉਸੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਹੈ। ਜਿਸ ਮਨੁੱਖ ਨੂੰ ਪ੍ਰਭੂ ਨੇ ਬਾਂਹ ਫੜ ਕੇ ਆਪਣਾ ਬਣਾ ਲਿਆ, ਉਹ ਮਨੁੱਖ ਸਦਾ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਹੈ। ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ।2। ਜੇਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿੰਦਾ ਹੈ, ਉਹ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ ਮਨੁੱਖ ਹਰੀ ਦੇ ਪ੍ਰੇਮ-ਰੰਗ ਵਿਚ (ਮਸਤ ਹੋ ਕੇ) ਸਦਾ ਨਾਲ ਨਿਭਣ ਵਾਲਾ ਨਾਮ-ਧਨ ਹਾਸਲ ਕਰ ਲੈਂਦਾ ਹੈ, ਹਰੀ ਦਾ ਨਾਮ ਹੀ ਉਸ ਮਨੁੱਖ ਦੀ ਜ਼ਿੰਦਗੀ ਦਾ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ, (ਮੋਹ ਦੀ ਨੀਂਦ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ) ਮੰਤਰ ਹੈ ਨਾਮ ਹੀ ਜਾਦੂ ਹੈ ਨਾਮ ਹੀ ਦਵਾਈ ਹੈ ਤੇ ਨਾਮ ਹੀ ਪ੍ਰਾਸ਼ਚਿਤ ਕਰਮ ਹੈ।3। ਹੇ ਸੰਤ ਜਨੋ! ਪਰਵਾਰ ਬਣ ਕੇ (ਮੇਰ-ਤੇਰ ਦੂਰ ਕਰ ਕੇ, ਪੂਰਨ ਪ੍ਰੇਮ ਨਾਲ) ਆਤਮਕ ਆਨੰਦ ਵਿਚ ਮਿਲ ਬੈਠੋ। (ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਬੈਠਦਾ ਹੈ ਉਸ ਨੇ) ਉਹ ਹਰਿ-ਨਾਮ ਧਨ ਕਮਾ ਲਿਆ ਜਿਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ। ਹੇ ਨਾਨਕ! (ਪ੍ਰਭੂ ਦੀ ਮਿਹਰ ਨਾਲ) ਜਿਸ ਦੇ ਭਾਗਾਂ ਵਿਚ (ਨਾਮ-ਧਨ) ਲਿਖਿਆ ਹੋਇਆ ਹੈ, ਉਸ ਨੂੰ ਗੁਰੂ (ਨਾਮ-ਧਨ) ਦੇਂਦਾ ਹੈ, (ਗੁਰੂ ਦੇ ਦਰ ਤੇ ਆ ਕੇ) ਕੋਈ ਮਨੁੱਖ ਖ਼ਾਲੀ ਨਹੀਂ ਰਹਿ ਜਾਂਦਾ।4। 27। 96। |
Sri Guru Granth Darpan, by Professor Sahib Singh |