ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 185

ਗਉੜੀ ਗੁਆਰੇਰੀ ਮਹਲਾ ੫ ॥ ਹਸਤ ਪੁਨੀਤ ਹੋਹਿ ਤਤਕਾਲ ॥ ਬਿਨਸਿ ਜਾਹਿ ਮਾਇਆ ਜੰਜਾਲ ॥ ਰਸਨਾ ਰਮਹੁ ਰਾਮ ਗੁਣ ਨੀਤ ॥ ਸੁਖੁ ਪਾਵਹੁ ਮੇਰੇ ਭਾਈ ਮੀਤ ॥੧॥ ਲਿਖੁ ਲੇਖਣਿ ਕਾਗਦਿ ਮਸਵਾਣੀ ॥ ਰਾਮ ਨਾਮ ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥ ਇਹ ਕਾਰਜਿ ਤੇਰੇ ਜਾਹਿ ਬਿਕਾਰ ॥ ਸਿਮਰਤ ਰਾਮ ਨਾਹੀ ਜਮ ਮਾਰ ॥ ਧਰਮ ਰਾਇ ਕੇ ਦੂਤ ਨ ਜੋਹੈ ॥ ਮਾਇਆ ਮਗਨ ਨ ਕਛੂਐ ਮੋਹੈ ॥੨॥ ਉਧਰਹਿ ਆਪਿ ਤਰੈ ਸੰਸਾਰੁ ॥ ਰਾਮ ਨਾਮ ਜਪਿ ਏਕੰਕਾਰੁ ॥ ਆਪਿ ਕਮਾਉ ਅਵਰਾ ਉਪਦੇਸ ॥ ਰਾਮ ਨਾਮ ਹਿਰਦੈ ਪਰਵੇਸ ॥੩॥ ਜਾ ਕੈ ਮਾਥੈ ਏਹੁ ਨਿਧਾਨੁ ॥ ਸੋਈ ਪੁਰਖੁ ਜਪੈ ਭਗਵਾਨੁ ॥ ਆਠ ਪਹਰ ਹਰਿ ਹਰਿ ਗੁਣ ਗਾਉ ॥ ਕਹੁ ਨਾਨਕ ਹਉ ਤਿਸੁ ਬਲਿ ਜਾਉ ॥੪॥੨੮॥੯੭॥ {ਪੰਨਾ 185}

ਪਦ ਅਰਥ: ਹਸਤ = {hÔq} ਹੱਥ। ਪੁਨੀਤ = ਪਵਿਤ੍ਰ। ਹੋਹਿ = ਹੋ ਜਾਂਦੇ ਹਨ। {ਹੋਇ = ਹੋ ਜਾਂਦਾ ਹੈ}। ਤਤਕਾਲ = ਤੁਰਤ। ਜੰਜਾਲ = ਫਾਹੇ। ਰਸਨਾ = ਜੀਭ (ਨਾਲ) । ਰਮਹੁ = ਸਿਮਰੋ, ਜਪੋ। ਨੀਤ = ਨਿੱਤ, ਸਦਾ। ਭਾਈ = ਹੇ ਵੀਰ! ਮੀਤ = ਹੇ ਮਿੱਤਰ!।1।

ਲੇਖਣਿ = ਕਲਮ (ਭਾਵ, ਸੁਰਤਿ) । ਕਾਗਦਿ = ਕਾਗ਼ਜ਼ ਉਤੇ ('ਕਰਣੀ' ਦੇ ਕਾਗ਼ਜ਼ ਉਤੇ) । ਮਸਵਾਣੀ = ਦਵਾਤ ('ਮਨ' ਦੀ ਦਵਾਤ ਲੈ ਕੇ) । ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।1। ਰਹਾਉ।

ਇਹ ਕਾਰਜਿ = ਇਸ ਕੰਮ ਨਾਲ। ਜਮ ਮਾਰ = ਜਮਾਂ ਦੀ ਮਾਰ, ਆਤਮਕ ਮੌਤ। ਜੋਹੈ– ਜੋਹੈਂ, ਤੱਕਦੇ। ਧਰਮ ਰਾਇ ਕੇ ਦੂਤ = (ਭਾਵ, ਕਾਮ ਆਦਿਕ ਵਿਕਾਰ ਜੋ ਜੀਵ ਨੂੰ ਆਪਣੇ ਪੰਜੇ ਵਿਚ ਫਸਾ ਕੇ ਧਰਮਰਾਜ ਦੇ ਵੱਸ ਪਾਂਦੇ ਹਨ) । ਮਗਨ = ਮਸਤ। ਕਛੂਐ = ਕੋਈ ਭੀ ਚੀਜ਼।2।

ਉਧਰਹਿ = ਤੂੰ ਬਚ ਜਾਏਂਗਾ। ਕਮਾਉ = ਨਾਮ ਸਿਮਰਨ ਦੀ ਕਮਾਈ ਕਰ। ਹਿਰਦੈ = ਹਿਰਦੇ ਵਿਚ।3।

ਜਾ ਕੈ ਮਾਥੈ = ਜਿਸ ਦੇ ਮੱਥੇ ਉਤੇ। ਨਿਧਾਨੁ = ਖ਼ਜ਼ਾਨਾ {ਨਿਧਾਨ, ਖ਼ਜ਼ਾਨੇ}। ਬਲਿ = ਸਦਕੇ।4।

ਅਰਥ: (ਹੇ ਮੇਰ ਵੀਰ! ਆਪਣੀ 'ਸੁਰਤਿ' ਦੀ) ਕਲਮ (ਲੈ ਕੇ ਆਪਣੀ 'ਕਰਣੀ' ਦੇ) ਕਾਗ਼ਜ਼ ਉਤੇ ('ਮਨ' ਦੀ) ਦਵਾਤ ਨਾਲ ਪਰਮਾਤਮਾ ਦਾ ਨਾਮ ਲਿਖ, ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਲਿਖ।1। ਰਹਾਉ।

ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਆਪਣੀ ਜੀਭ ਨਾਲ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੁਣ ਗਾਂਦਾ ਰਹੁ, ਤੂੰ ਆਤਮਕ ਆਨੰਦ ਮਾਣੇਂਗਾ, ਉਸੇ ਵੇਲੇ ਤੇਰੇ ਹੱਥ ਪਵਿਤ੍ਰ ਹੋ ਜਾਣਗੇ, ਤੇਰੇ ਮਾਇਆ (ਦੇ ਮੋਹ) ਦੇ ਫਾਹੇ ਦੂਰ ਹੋ ਜਾਣਗੇ।1।

(ਹੇ ਮੇਰੇ ਵੀਰ! ਹੇ ਮੇਰੇ ਮਿੱਤਰ!) ਇਸ ਕੰਮ ਦੇ ਕਰਨ ਨਾਲ ਤੇਰੇ (ਅੰਦਰੋਂ) ਵਿਕਾਰ ਨੱਸ ਜਾਣਗੇ। ਪਰਮਾਤਮਾ ਦਾ ਨਾਮ ਸਿਮਰਿਆਂ (ਤੇਰੇ ਵਾਸਤੇ) ਆਤਮਕ ਮੌਤ ਨਹੀਂ ਰਹੇਗੀ, (ਕਾਮਾਦਿਕ) ਦੂਤ ਜੋ ਧਰਮਰਾਜ ਦੇ ਵੱਸ ਪਾਂਦੇ ਹਨ ਤੇਰੇ ਵਲ ਤੱਕ ਨਹੀਂ ਸਕਣਗੇ, ਤੂੰ ਮਾਇਆ (ਦੇ ਮੋਹ) ਵਿਚ ਨਹੀਂ ਡੁੱਬੇਂਗਾ, ਕੋਈ ਭੀ ਚੀਜ਼ ਤੈਨੂੰ ਮੋਹ ਨਹੀਂ ਸਕੇਗੀ।2।

(ਹੇ ਮੇਰੇ ਵੀਰ! ਹੇ ਮੇਰੇ ਮਿੱਤਰ!) ਪਰਮਾਤਮਾ ਦਾ ਨਾਮ ਜਪ, ਇਕ ਓਅੰਕਾਰ ਨੂੰ ਸਿਮਰਦਾ ਰਹੁ, ਤੂੰ ਆਪ (ਵਿਕਾਰਾਂ ਤੋਂ) ਬਚ ਜਾਏਂਗਾ, (ਤੇਰੀ ਸੰਗਤਿ ਵਿਚ) ਜਗਤ ਭੀ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਇਗਾ। (ਹੇ ਮੇਰੇ ਵੀਰ! ਤੂੰ ਆਪ ਨਾਮ ਸਿਮਰਨ ਦੀ ਕਮਾਈ ਕਰ, ਹੋਰਨਾਂ ਨੂੰ ਭੀ ਉਪਦੇਸ਼ ਕਰ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ।3।

(ਪਰ ਹੇ ਮੇਰੇ ਵੀਰ!) ਉਹੀ ਮਨੁੱਖ ਭਗਵਾਨ ਨੂੰ ਯਾਦ ਕਰਦਾ ਹੈ ਜਿਸ ਦੇ ਮੱਥੇ ਉਤੇ (ਭਗਵਾਨ ਦੀ ਕਿਰਪਾ ਨਾਲ) ਇਹ ਖ਼ਜ਼ਾਨਾ (ਪ੍ਰਾਪਤ ਕਰਨ ਦਾ ਲੇਖ ਲਿਖਿਆ ਹੋਇਆ) ਹੈ।

ਹੇ ਨਾਨਕ ਆਖ– ਮੈਂ ਉਸ ਮਨੁੱਖ ਤੋਂ ਕੁਰਬਾਨ ਜਾਂਦਾ ਹਾਂ, ਜੇਹੜਾ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।8। 28। 97।

ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਜੋ ਪਰਾਇਓ ਸੋਈ ਅਪਨਾ ॥ ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ ॥੧॥ ਕਹਹੁ ਗੁਸਾਈ ਮਿਲੀਐ ਕੇਹ ॥ ਜੋ ਬਿਬਰਜਤ ਤਿਸ ਸਿਉ ਨੇਹ ॥੧॥ ਰਹਾਉ ॥ ਝੂਠੁ ਬਾਤ ਸਾ ਸਚੁ ਕਰਿ ਜਾਤੀ ॥ ਸਤਿ ਹੋਵਨੁ ਮਨਿ ਲਗੈ ਨ ਰਾਤੀ ॥੨॥ ਬਾਵੈ ਮਾਰਗੁ ਟੇਢਾ ਚਲਨਾ ॥ ਸੀਧਾ ਛੋਡਿ ਅਪੂਠਾ ਬੁਨਨਾ ॥੩॥ ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ ॥ ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ ॥੪॥੨੯॥੯੮॥ {ਪੰਨਾ 185}

ਪਦ ਅਰਥ: ਤਜਿ = ਤਿਆਗ ਕੇ। ਸਿਉ = ਨਾਲ।1।

ਕਹਹੁ = ਦੱਸੋ। ਕੇਹੁ = ਕਿਸ ਤਰ੍ਹਾਂ? ਬਿਬਰਜਤ = ਮਨਹ। ਨੇਹ = ਪਿਆਰ।1। ਰਹਾਉ।

ਜਾਤੀ = ਜਾਣੀ ਹੈ। ਸਤਿ = ਸੱਚ। ਮਨਿ = ਮਨ ਵਿਚ। ਰਾਤੀ = ਰਤਾ ਭੀ।2।

ਬਾਵੈ = ਬਾਏਂ, ਖੱਬੇ ਪਾਸੇ, ਉਲਟੇ ਪਾਸੇ। ਮਾਰਗੁ = ਰਸਤਾ। ਛੋਡਿ = ਛੱਡ ਕੇ। ਅਪੂਠਾ = ਪੁੱਠਾ।3।

ਦੁਹਾ ਸਿਰਿਆ ਕਾ = ਦੋਹਾਂ ਪਾਸਿਆਂ ਦਾ (ਉਲਟੇ ਮਾਰਗ ਅਤੇ ਸਿੱਧੇ ਮਾਰਗ ਦਾ) । ਮੁਕਤਾ = ਵਿਕਾਰਾਂ ਤੋਂ ਅਜ਼ਾਦ।4।

ਅਰਥ: (ਹੇ ਭਾਈ!) ਦੱਸੋ, ਅਸੀਂ ਖਸਮ-ਪ੍ਰਭੂ ਨੂੰ ਕਿਵੇਂ ਮਿਲ ਸਕਦੇ ਹਾਂ, ਜੇ ਸਾਡਾ (ਸਦਾ) ਉਸ ਮਾਇਆ ਨਾਲ ਪਿਆਰ ਹੈ, ਜਿਸ ਵਲੋਂ ਸਾਨੂੰ ਵਰਜਿਆ ਹੋਇਆ ਹੈ?।1। ਰਹਾਉ।

(ਮਾਲ-ਧਨ ਆਦਿਕ) ਜੋ (ਆਖ਼ਿਰ) ਬਿਗਾਨਾ ਹੋ ਜਾਣਾ ਹੈ, ਉਸ ਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ, ਸਾਡਾ ਮਨ ਉਸ (ਮਾਲ-ਧਨ) ਨਾਲ ਮਸਤ ਰਹਿੰਦਾ ਹੈ, ਜਿਸ ਨੂੰ (ਆਖ਼ਿਰ) ਛੱਡ ਜਾਣਾ ਹੈ।1।

(ਇਹ ਖ਼ਿਆਲ ਝੂਠਾ ਹੈ ਕਿ ਅਸਾਂ ਇਥੇ ਸਦਾ ਬਹਿ ਰਹਿਣਾ ਹੈ, ਪਰ ਇਹ) ਜੋ ਝੂਠੀ ਗੱਲ ਹੈ ਇਸ ਨੂੰ ਅਸਾਂ ਠੀਕ ਸਮਝਿਆ ਹੋਇਆ ਹੈ, (ਮੌਤ) ਜੋ ਜ਼ਰੂਰ ਵਾਪਰਨੀ ਹੈ ਉਹ ਸਾਡੇ ਮਨ ਵਿਚ ਰਤਾ ਭਰ ਭੀ ਨਹੀਂ ਜਚਦੀ।2।

(ਮੰਦੇ ਪਾਸੇ ਪਿਆਰ ਪਾਣ ਦੇ ਕਾਰਨ) ਅਸਾਂ ਮੰਦੇ ਪਾਸੇ ਜੀਵਨ ਰਸਤਾ ਮੱਲਿਆ ਹੋਇਆ ਹੈ, ਅਸੀਂ ਜੀਵਨ ਦੀ ਵਿੰਗੀ ਚਾਲ ਚੱਲ ਰਹੇ ਹਾਂ। ਜੀਵਨ ਦਾ ਸਿੱਧਾ ਰਾਹ ਛੱਡ ਕੇ ਅਸੀਂ ਜੀਵਨ-ਤਾਣੀ ਦੀ ਪੁੱਠੀ ਬੁਣਤ ਬੁਣ ਰਹੇ ਹਾਂ।3।

(ਪਰ) ਹੇ ਨਾਨਕ! (ਜੀਵਾਂ ਦੇ ਭੀ ਕੀਹ ਵੱਸ?) (ਜੀਵਨ ਦੇ ਚੰਗੇ ਤੇ ਮੰਦੇ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਪਰਮਾਤਮਾ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮੰਦੇ ਪਾਸੇ ਵਲੋਂ ਬਚ ਜਾਂਦਾ ਹੈ।4। 29। 98।

ਗਉੜੀ ਗੁਆਰੇਰੀ ਮਹਲਾ ੫ ॥ ਕਲਿਜੁਗ ਮਹਿ ਮਿਲਿ ਆਏ ਸੰਜੋਗ ॥ ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥੧॥ ਜਲੈ ਨ ਪਾਈਐ ਰਾਮ ਸਨੇਹੀ ॥ ਕਿਰਤਿ ਸੰਜੋਗਿ ਸਤੀ ਉਠਿ ਹੋਈ ॥੧॥ ਰਹਾਉ ॥ ਦੇਖਾ ਦੇਖੀ ਮਨਹਠਿ ਜਲਿ ਜਾਈਐ ॥ ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥੨॥ ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥ ਤਿਸੁ ਨਾਰੀ ਕਉ ਦੁਖੁ ਨ ਜਮਾਨੈ ॥੩॥ ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ ॥ ਧੰਨੁ ਸਤੀ ਦਰਗਹ ਪਰਵਾਨਿਆ ॥੪॥੩੦॥੯੯॥ {ਪੰਨਾ 185}

ਪਦ ਅਰਥ: ਕਲਿਜੁਗ ਮਹਿ = ਜਗਤ ਵਿਚ, ਕਲੇਸ਼ਾਂ-ਵੇੜ੍ਹੀ ਦੁਨੀਆ ਵਿਚ। ਮਿਲਿ = ਮਿਲ ਕੇ। ਸੰਜੋਗ = (ਪਿਛਲੇ) ਸੰਬੰਧਾਂ ਦੇ ਕਾਰਨ। ਆਏ = ਆ ਇਕੱਠੇ ਹੁੰਦੇ ਹਨ। ਜਿਚਰੁ = ਜਿਤਨਾ ਚਿਰ। ਭੋਗਹਿ = ਭੋਗਦੇ ਹਨ।1।

ਜਲੈ = ਅੱਗ ਵਿਚ ਸੜਿਆਂ। ਸਨੇਹੀ = ਪਿਆਰਾ, ਪਿਆਰ ਕਰਨ ਵਾਲਾ। ਕਿਰਤਿ = {øÄX} ਕਰਨ-ਜੋਗ, ਜਿਸ ਦੇ ਕਰਨ ਦੀ ਤਾਂਘ ਹੈ। ਸੰਜੋਗ = ਮਿਲਾਪ ਦੀ ਖ਼ਾਤਰ। ਉਠਿ = ਉੱਠ ਕੇ।1। ਰਹਾਉ।

ਦੇਖਾ ਦੇਖੀ = ਵਿਖਾਵੇ ਦੀ ਖ਼ਾਤਰ, ਲੋਕ-ਲਾਜ ਦੀ ਖ਼ਾਤਰ। ਹਠਿ = ਹਠ ਨਾਲ। ਜਲਿ ਜਾਈਐ = ਸੜ ਜਾਈਦਾ ਹੈ। ਪ੍ਰਿਅ ਸੰਗੁ = ਪਿਆਰੇ (ਪਤੀ) ਦਾ ਸਾਥ।2।

ਸੀਲ = ਮਿੱਠਾ ਸੁਭਾਉ। ਸੰਜਮਿ = ਸੰਜਮ ਵਿਚ, ਮਰਯਾਦਾ ਵਿਚ, ਜੁਗਤਿ ਵਿਚ। ਪ੍ਰਿਅ = ਪਿਆਰੇ ਦੀ। ਜਮਾਨੈ ਦੁਖੁ = ਜਮਾਂ ਦਾ ਦੁੱਖ, ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ।3।

ਜਿਨਿ = ਜਿਸ (ਇਸਤਰੀ) ਨੇ। ਪ੍ਰਿਉ = ਪਤੀ। ਕਰਿ = ਕਰ ਕੇ। ਧੰਨੁ = ਸਲਾਹੁਣ-ਜੋਗ।4।

ਅਰਥ: (ਆਪਣੇ ਮਰੇ ਪਤੀ ਨਾਲ ਮੁੜ) ਕੀਤੇ ਜਾ ਸਕਣ ਵਾਲੇ ਮਿਲਾਪ ਦੀ ਖ਼ਾਤਰ (ਇਸਤਰੀ) ਉੱਠ ਕੇ ਸਤੀ ਹੋ ਜਾਂਦੀ ਹੈ, (ਪਤੀ ਦੀ ਚਿਖ਼ਾ ਵਿਚ ਸੜ ਮਰਦੀ ਹੈ, ਪਰ ਅੱਗ ਵਿਚ) ਸੜਨ ਨਾਲ ਪਿਆਰ ਕਰਨ ਵਾਲਾ ਪਤੀ ਨਹੀਂ ਮਿਲ ਸਕਦਾ।1। ਰਹਾਉ।

ਇਸ ਕਲੇਸ਼ਾਂ-ਵੇੜ੍ਹੀ ਦੁਨੀਆ ਵਿਚ (ਇਸਤਰੀ ਤੇ ਪਤੀ) ਪਿਛਲੇ ਸੰਬੰਧਾਂ ਦੇ ਕਾਰਨ ਮਿਲ ਕੇ ਆ ਇਕੱਠੇ ਹੁੰਦੇ ਹਨ। ਜਿਤਨਾ ਚਿਰ (ਪਰਮਾਤਮਾ ਵਲੋਂ) ਹੁਕਮ ਮਿਲਦਾ ਹੈ ਉਤਨਾ ਚਿਰ (ਦੋਵੇਂ ਮਿਲ ਕੇ ਜਗਤ ਦੇ) ਪਦਾਰਥ ਮਾਣਦੇ ਹਨ।1।

ਇਕ ਦੂਜੀ ਨੂੰ ਵੇਖ ਕੇ ਮਨ ਦੇ ਹਠ ਨਾਲ (ਹੀ) ਸੜ ਜਾਈਦਾ ਹੈ (ਪਰ ਮਰੇ ਪਤੀ ਦੀ ਚਿਖ਼ਾ ਵਿਚ ਸੜ ਕੇ ਇਸਤਰੀ ਆਪਣੇ) ਪਿਆਰੇ ਦਾ ਸਾਥ ਨਹੀਂ ਪ੍ਰਾਪਤ ਕਰ ਸਕਦੀ। (ਇਸ ਤਰ੍ਹਾਂ ਸਗੋਂ) ਕਈ ਜੂਨਾਂ ਵਿਚ ਹੀ ਭਟਕੀਦਾ ਹੈ।2।

ਜੇਹੜੀ ਇਸਤਰੀ ਮਿੱਠੇ ਸੁਭਾਵ ਦੀ ਜੁਗਤਿ ਵਿਚ ਰਹਿ ਕੇ (ਆਪਣੇ) ਪਿਆਰੇ (ਪਤੀ) ਦਾ ਹੁਕਮ ਮੰਨਦੀ ਰਹਿੰਦੀ ਹੈ, ਉਸ ਇਸਤ੍ਰੀ ਨੂੰ ਜਮਾਂ ਦਾ ਦੁੱਖ ਨਹੀਂ ਪੋਹ ਸਕਦਾ।3।

ਹੇ ਨਾਨਕ! ਆਖ– ਜਿਸ (ਇਸਤ੍ਰੀ) ਨੇ ਆਪਣੇ ਪਤੀ ਨੂੰ ਹੀ ਇੱਕ ਖਸਮ ਕਰ ਕੇ ਸਮਝਿਆ ਹੈ (ਭਾਵ, ਸਿਰਫ਼ ਆਪਣੇ ਪਤੀ ਵਿਚ ਹੀ ਪਤੀ-ਭਾਵਨਾ ਰੱਖੀ ਹੈ) ਜਿਵੇਂ ਭਗਤ ਦਾ ਪਤੀ ਇੱਕ ਪਰਮਾਤਮਾ ਹੈ, ਉਹ ਇਸਤ੍ਰੀ ਅਸਲੀ ਸਤੀ ਹੈ, ਉਹ ਭਾਗਾਂ ਵਾਲੀ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੈ।4। 30। 99।

TOP OF PAGE

Sri Guru Granth Darpan, by Professor Sahib Singh