ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 186 ਗਉੜੀ ਗੁਆਰੇਰੀ ਮਹਲਾ ੫ ॥ ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥ ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥੧॥ ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥੨॥ ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥੩॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥ ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥ {ਪੰਨਾ 186} ਪਦ ਅਰਥ: ਧਨਵੰਤ = ਧਨ ਵਾਲੇ, ਧਨਾਢ। ਭਾਗਠ = ਭਾਗਾਂ ਵਾਲੇ। ਨਾਇ = ਨਾਮ ਦੀ ਰਾਹੀਂ। ਸਚ ਨਾਇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ। ਗਾਵਹ = ਅਸੀਂ ਗਾਂਦੇ ਹਾਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਸ੍ਰੇਸ਼ਟ ਪ੍ਰੇਮ ਵਿਚ।1। ਰਹਾਉ। ਖੋਲਿ = ਖੋਲ੍ਹ ਕੇ। ਤਾ = ਤਦੋਂ। ਮਨਿ = ਮਨ ਵਿਚ। ਨਿਧਾਨਾ = ਖ਼ਜ਼ਾਨਾ।1। ਜਾ ਕਾ = ਜਿਨ੍ਹਾਂ ਦਾ। ਅਖੂਟ = ਨਾਹ ਮੁੱਕਣ ਵਾਲੇ।2। ਰਲਿ ਮਿਲਿ = ਇਕੱਠੇ ਹੋ ਕੇ।3। ਮਸਤਕਿ = ਮੱਥੇ ਉਤੇ। ਏਤੁ = ਇਸ ਵਿਚ। ਏਤੁ ਖਜਾਨੈ = ਇਸ ਖ਼ਜ਼ਾਨੇ ਵਿਚ।4। ਅਰਥ: (ਜਿਉਂ ਜਿਉਂ) ਅਸੀਂ ਪਰਮਾਤਮਾ ਦੇ ਗੁਣ (ਮਿਲ ਕੇ) ਗਾਂਦੇ ਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅਸੀਂ (ਪਰਮਾਤਮਾ ਦੇ ਨਾਮ-ਧਨ ਦੇ) ਧਨੀ ਬਣਦੇ ਜਾ ਰਹੇ ਹਾਂ, ਭਾਗਾਂ ਵਾਲੇ ਬਣਦੇ ਜਾ ਰਹੇ ਹਾਂ, ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਾਂ, ਪ੍ਰੇਮ ਵਿਚ ਮਗਨ ਰਹਿੰਦੇ ਹਾਂ।1। ਰਹਾਉ। ਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ, ਤਦੋਂ ਮੇਰੇ ਮਨ ਵਿਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ।1। {ਨੋਟ: ਪਾਠਕ ਧਿਆਨ ਨਾਲ ਪੜ੍ਹਨ– ਖੋਲ੍ਹ ਕੇ "ਵੇਖਿਆ", ਨਾ ਕਿ "ਇਕੱਠਾ ਕੀਤਾ"। ਗੁਰੂ ਅਰਜਨ ਸਾਹਿਬ ਨੇ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਆਪ ਇਕੱਠੀ ਨਹੀਂ ਕੀਤੀ, ਇਹਨਾਂ ਨੂੰ ਸਾਰੀ ਦੀ ਸਾਰੀ ਇਕੱਠੀ ਹੋਈ ਹੋਈ ਗੁਰੂ ਰਾਮਦਾਸ ਜੀ ਤੋਂ ਮਿਲ ਗਈ}। ਇਸ ਖ਼ਜ਼ਾਨੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਅਮੋਲਕ ਰਤਨਾਂ ਲਾਲਾਂ ਦੇ ਭੰਡਾਰੇ ਭਰੇ ਹੋਏ (ਮੈਂ ਵੇਖੇ) , ਜੇਹੜੇ ਕਦੇ ਮੁੱਕ ਨਹੀਂ ਸਕਦੇ, ਜੇਹੜੇ, ਤੋਲੇ ਨਹੀਂ ਜਾ ਸਕਦੇ।2। ਹੇ ਭਾਈ! ਜੇਹੜੇ ਮਨੁੱਖ (ਸਤਸੰਗ ਵਿਚ) ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਭੀ ਵੰਡਦੇ ਹਨ, ਉਹਨਾਂ ਦੇ ਪਾਸ ਇਸ ਖ਼ਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਹੋਰ ਵਧਦਾ ਹੈ।3। (ਪਰ) ਹੇ ਨਾਨਕ! ਆਖ– ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਲੇਖ ਲਿਖਿਆ ਹੁੰਦਾ ਹੈ, ਉਹੀ ਇਸ (ਸਿਫ਼ਤਿ-ਸਾਲਾਹ ਦੇ) ਖ਼ਜ਼ਾਨੇ ਵਿਚ ਸਾਂਝੀਵਾਲ ਬਣਾਇਆ ਜਾਂਦਾ ਹੈ (ਭਾਵ, ਉਹੀ ਸਾਧ ਸੰਗਤਿ ਵਿਚ ਆ ਕੇ ਸਿਫ਼ਤਿ-ਸਾਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ) ।4। 31।100। ਗਉੜੀ ਮਹਲਾ ੫ ॥ ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥ ਡਰੁ ਚੂਕਾ ਦੇਖਿਆ ਭਰਪੂਰਿ ॥੧॥ ਸਤਿਗੁਰ ਅਪਨੇ ਕਉ ਬਲਿਹਾਰੈ ॥ ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥ ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ ॥ ਸਦਾ ਅਨੰਦੁ ਜਾ ਹਰਿ ਗੁਣ ਗਾਮੁ ॥੨॥ ਬੁਰਾ ਭਲਾ ਕੋਈ ਨ ਕਹੀਜੈ ॥ ਛੋਡਿ ਮਾਨੁ ਹਰਿ ਚਰਨ ਗਹੀਜੈ ॥੩॥ ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥ ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥ {ਪੰਨਾ 186} ਪਦ ਅਰਥ: ਡਰਿ = ਡਰਿ ਕੇ, ਸਹਮ ਕੇ। ਮਰਤੇ = ਆਤਮਕ ਮੌਤ ਸਹੇੜਦੇ। ਚੂਕਾ = ਮੁੱਕ ਗਿਆ। ਭਰਪੂਰਿ = ਹਰ ਥਾਂ ਵਿਆਪਕ।1। ਬਲਿਹਾਰੈ = ਕੁਰਬਾਨ। ਸਰਪਰ = ਜ਼ਰੂਰ। ਤਾਰੈ = ਪਾਰ ਲੰਘਾਂਦਾ ਹੈ।1। ਰਹਾਉ। ਸੋਗੁ = ਫ਼ਿਕਰ। ਗਾਮੁ = ਗਾਉਣਾ।2। ਨ ਕਹੀਜੈ = ਨਹੀਂ ਕਹਿਣਾ ਚਾਹੀਦਾ। ਗਹੀਜੈ = ਫੜਨੇ ਚਾਹੀਦੇ ਹਨ।3। ਮੰਤ੍ਰੁ = ਉਪਦੇਸ਼। ਚਿਤਾਰਿ = ਚੇਤੇ ਰੱਖ। ਦਰਬਾਰਿ = ਦਰਬਾਰ ਵਿਚ।4। ਅਰਥ: ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਉਹ (ਦੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿਚ ਸਾਨੂੰ ਡੁਬਦਿਆਂ ਨੂੰ) ਛੱਡ ਕੇ ਨਹੀਂ ਜਾਂਦਾ, ਉਹ (ਇਸ ਸਮੁੰਦਰ ਵਿਚੋਂ) ਜ਼ਰੂਰ ਪਾਰ ਲੰਘਾਂਦਾ ਹੈ।1। ਰਹਾਉ। ਜਿਤਨਾ ਚਿਰ ਅਸੀਂ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵੱਸਦਾ ਹੈ, ਉਤਨਾ ਚਿਰ (ਦੁਨੀਆ ਦੇ ਦੁੱਖ ਰੋਗ ਫ਼ਿਕਰਾਂ ਤੋਂ) ਸਹਮ ਸਹਮ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਾਂ। ਜਦੋਂ ਉਸ ਨੂੰ (ਸਾਰੇ ਸੰਸਾਰ ਵਿਚ ਜ਼ੱਰੇ ਜ਼ੱਰੇ ਵਿਚ) ਵਿਆਪਕ ਵੇਖ ਲਿਆ, (ਉਸੇ ਵੇਲੇ ਦੁਨੀਆ ਦੇ ਦੁੱਖ ਆਦਿਕਾਂ ਦਾ) ਡਰ ਮੁੱਕ ਗਿਆ।1। (ਹੇ ਭਾਈ! ਦੁਨੀਆ ਦਾ) ਦੁੱਖ ਰੋਗ ਫ਼ਿਕਰ (ਤਦੋਂ ਹੀ ਵਿਆਪਦਾ) ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ। ਜਦੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਵੀਏ ਤਦੋਂ (ਮਨ ਵਿਚ) ਸਦਾ ਆਨੰਦ ਬਣਿਆ ਰਹਿੰਦਾ ਹੈ।2। (ਹੇ ਭਾਈ!) ਨਾਹ ਕਿਸੇ ਦੀ ਨਿੰਦਾ ਕਰਨੀ ਚਾਹੀਦੀ ਹੈ ਨਾਹ ਕਿਸੇ ਦੀ ਖ਼ੁਸ਼ਾਮਦ। (ਦੁਨੀਆ ਦਾ) ਮਾਣ ਤਿਆਗ ਕੇ ਪਰਮਾਤਮਾ ਦੇ ਚਰਨ (ਹਿਰਦੇ ਵਿਚ) ਟਿਕਾ ਲੈਣੇ ਚਾਹੀਦੇ ਹਨ।3। ਹੇ ਨਾਨਕ! ਆਖ– (ਹੇ ਭਾਈ!) ਗੁਰੂ ਦਾ ਉਪਦੇਸ਼ ਆਪਣੇ ਚਿੱਤ ਵਿਚ ਪ੍ਰੋ ਰੱਖ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਨੰਦ ਮਾਣੇਂਗਾ।4। 32।101। ਗਉੜੀ ਮਹਲਾ ੫ ॥ ਜਾ ਕਾ ਮੀਤੁ ਸਾਜਨੁ ਹੈ ਸਮੀਆ ॥ ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥ ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥ ਜਾ ਕਉ ਰਸੁ ਹਰਿ ਰਸੁ ਹੈ ਆਇਓ ॥ ਸੋ ਅਨ ਰਸ ਨਾਹੀ ਲਪਟਾਇਓ ॥੨॥ ਜਾ ਕਾ ਕਹਿਆ ਦਰਗਹ ਚਲੈ ॥ ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥ ਜਾ ਕਾ ਸਭੁ ਕਿਛੁ ਤਾ ਕਾ ਹੋਇ ॥ ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥ {ਪੰਨਾ 186} ਪਦ ਅਰਥ: ਸਮੀਆ = ਸਮਾਨ, ਵਿਆਪਕ। ਕਹੁ = ਦੱਸ। ਕਾ ਕੀ = ਕਿਸ ਚੀਜ਼ ਦੀ? ਕਮੀਆ = ਥੁੜ।1। ਸਿਉ = ਨਾਲ।1। ਰਹਾਉ। ਕਉ = ਨੂੰ। ਅਨ = ਹੋਰ ਹੋਰ {ANX}। ਲਪਟਾਇਓ = ਚੰਬੜਦਾ।2। ਕਿਸ ਕਉ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ} ਕਿਸ ਨੂੰ? ਤਲੈ = ਹੇਠ।3। ਜਾ ਕਾ = ਜਿਸ (ਪਰਮਾਤਮਾ) ਦਾ। ਤਾ ਕਾ = ਉਸ (ਪਰਮਾਤਮਾ) ਦਾ।4। ਅਰਥ: (ਹੇ ਭਾਈ!) ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ ਉਸ ਦਾ ਹਰੇਕ ਦੁੱਖ ਹਰੇਕ ਦਰਦ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ।1। ਰਹਾਉ। ਜਿਸ ਮਨੁੱਖ ਦਾ (ਇਹ ਯਕੀਨ ਬਣ ਜਾਏ ਕਿ ਉਸ ਦਾ) ਸੱਜਣ-ਪ੍ਰਭੂ ਮਿੱਤਰ-ਪ੍ਰਭੂ ਹਰ ਥਾਂ ਵਿਆਪਕ ਹੈ, (ਹੇ ਭਾਈ!) ਦੱਸ, ਉਸ ਮਨੁੱਖ ਨੂੰ ਕਿਸ ਸ਼ੈ ਦੀ ਥੁੜ ਰਹਿ ਜਾਂਦੀ ਹੈ?।1। (ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ, ਉਹ (ਦੁਨੀਆ ਦੇ) ਹੋਰ ਹੋਰ (ਪਦਾਰਥਾਂ ਦੇ) ਸੁਆਦਾਂ ਨਾਲ ਨਹੀਂ ਚੰਬੜਦਾ।2। ਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਵਿਚ ਮੰਨਿਆ ਜਾਂਦਾ ਹੈ, ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ।3। ਹੇ ਨਾਨਕ! ਜਿਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ ਹੈ, ਉਸ ਪਰਮਾਤਮਾ ਦਾ ਸੇਵਕ ਜੇਹੜਾ ਮਨੁੱਖ ਬਣ ਜਾਂਦਾ ਹੈ ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ।4। 33।102। ਗਉੜੀ ਮਹਲਾ ੫ ॥ ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ ॥ ਤਾ ਕਉ ਕਾੜਾ ਕਹਾ ਬਿਆਪੈ ॥੧॥ ਸਹਜ ਅਨੰਦ ਹਰਿ ਸਾਧੂ ਮਾਹਿ ॥ ਆਗਿਆਕਾਰੀ ਹਰਿ ਹਰਿ ਰਾਇ ॥੧॥ ਰਹਾਉ ॥ ਜਾ ਕੈ ਅਚਿੰਤੁ ਵਸੈ ਮਨਿ ਆਇ ॥ ਤਾ ਕਉ ਚਿੰਤਾ ਕਤਹੂੰ ਨਾਹਿ ॥੨॥ ਜਾ ਕੈ ਬਿਨਸਿਓ ਮਨ ਤੇ ਭਰਮਾ ॥ ਤਾ ਕੈ ਕਛੂ ਨਾਹੀ ਡਰੁ ਜਮਾ ॥੩॥ ਜਾ ਕੈ ਹਿਰਦੈ ਦੀਓ ਗੁਰਿ ਨਾਮਾ ॥ ਕਹੁ ਨਾਨਕ ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥ {ਪੰਨਾ 186} ਪਦ ਅਰਥ: ਜਾ ਕੈ = ਜਾ ਕੇ (ਹਿਰਦੇ) , ਜਿਸ ਮਨੁੱਖ ਦੇ ਹਿਰਦੇ ਵਿਚ। ਸਮ = ਬਰਾਬਰ, ਇਕੋ ਜਿਹਾ। ਜਾਪੈ = ਪ੍ਰਤੀਤ ਹੁੰਦਾ ਹੈ। ਕਾੜਾ = ਝੋਰਾ, ਚਿੰਤਾ। ਬਿਆਪੈ = ਪ੍ਰਭਾਵ ਪਾਂਦਾ ਹੈ।1। ਸਹਜ = ਆਤਮਕ ਅਡੋਲਤਾ। ਹਰਿ ਸਾਧੂ = ਪਰਮਾਤਮਾ ਦਾ ਭਗਤ।1। ਰਹਾਉ। ਅਚਿੰਤੁ = ਚਿੰਤਾ-ਰਹਿਤ ਪ੍ਰਭੂ। ਮਨਿ = ਮਨ ਵਿਚ। ਕਤਹੂੰ = ਕਦੇ ਭੀ।2। ਮਨ ਤੇ = ਮਨ ਤੋਂ। ਭਰਮਾ = ਭਟਕਣਾ। ਤਾ ਕੈ = ਤਾ ਕੈ ਹਿਰਦੈ।3। ਗੁਰਿ = ਗੁਰੂ ਨੇ। ਸਗਲ = ਸਾਰੇ। ਨਿਧਾਨਾ = ਖ਼ਜ਼ਾਨੇ।4। ਅਰਥ: (ਹੇ ਭਾਈ!) ਪਰਮਾਤਮਾ ਦੇ ਭਗਤ ਦੇ ਹਿਰਦੇ ਵਿਚ (ਸਦਾ) ਆਤਮਕ ਅਡੋਲਤਾ ਬਣੀ ਰਹਿੰਦੀ ਹੈ, (ਸਦਾ) ਆਨੰਦ ਬਣਿਆ ਰਹਿੰਦਾ ਹੈ, (ਹਰੀ ਦਾ ਭਗਤ) ਹਰਿ-ਪ੍ਰਭੂ ਦੀ ਆਗਿਆ ਵਿਚ ਹੀ ਤੁਰਦਾ ਹੈ।1। ਰਹਾਉ। (ਪ੍ਰਭੂ ਦੀ ਰਜ਼ਾ ਵਿਚ ਤੁਰਨ ਦੇ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿਚ ਹਰੇਕ ਦੁੱਖ ਸੁਖ ਇਕੋ ਜਿਹਾ ਪ੍ਰਤੀਤ ਹੁੰਦਾ ਹੈ, ਉਸ ਨੂੰ ਕੋਈ ਚਿੰਤਾ-ਫ਼ਿਕਰ ਕਦੇ ਦਬਾ ਨਹੀਂ ਸਕਦਾ।1। (ਹੇ ਭਾਈ!) ਚਿੰਤਾ-ਰਹਿਤ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ।2। ਜਿਸ ਮਨੁੱਖ ਦੇ ਮਨ ਤੋਂ ਭਟਕਣਾ ਮੁੱਕ ਜਾਂਦੀ ਹੈ, ਉਸ ਦੇ ਮਨ ਵਿਚ ਮੌਤ ਦਾ ਡਰ ਭੀ ਨਹੀਂ ਰਹਿ ਜਾਂਦਾ।3। ਹੇ ਨਾਨਕ! ਆਖ– ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਦਿੱਤਾ ਹੈ ਉਸ ਦੇ ਅੰਦਰ, ਮਾਨੋ, ਸਾਰੇ ਖ਼ਜ਼ਾਨੇ ਆ ਜਾਂਦੇ ਹਨ।4। 34।103। ਗਉੜੀ ਮਹਲਾ ੫ ॥ ਅਗਮ ਰੂਪ ਕਾ ਮਨ ਮਹਿ ਥਾਨਾ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥੧॥ ਸਹਜ ਕਥਾ ਕੇ ਅੰਮ੍ਰਿਤ ਕੁੰਟਾ ॥ ਜਿਸਹਿ ਪਰਾਪਤਿ ਤਿਸੁ ਲੈ ਭੁੰਚਾ ॥੧॥ ਰਹਾਉ ॥ ਅਨਹਤ ਬਾਣੀ ਥਾਨੁ ਨਿਰਾਲਾ ॥ ਤਾ ਕੀ ਧੁਨਿ ਮੋਹੇ ਗੋਪਾਲਾ ॥੨॥ ਤਹ ਸਹਜ ਅਖਾਰੇ ਅਨੇਕ ਅਨੰਤਾ ॥ ਪਾਰਬ੍ਰਹਮ ਕੇ ਸੰਗੀ ਸੰਤਾ ॥੩॥ ਹਰਖ ਅਨੰਤ ਸੋਗ ਨਹੀ ਬੀਆ ॥ ਸੋ ਘਰੁ ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥ {ਪੰਨਾ 186} ਪਦ ਅਰਥ: ਅਗਮ = ਅਪਹੁੰਚ। ਪ੍ਰਸਾਦਿ = ਕਿਰਪਾ ਨਾਲ।1। ਸਹਜ = ਆਤਮਕ ਅਡੋਲਤਾ। ਕਥਾ = ਸਿਫ਼ਤਿ-ਸਾਲਾਹ। ਕੁੰਟ = ਚਸ਼ਮੇ। ਭੁੰਚਾ = ਰਸ ਮਾਣਿਆ।1। ਰਹਾਉ। ਅਨਹਤ = ਇਕ-ਰਸ। ਧੁਨਿ = ਸੁਰ, ਆਵਾਜ਼।2। ਅਖਾਰੇ = ਇਕੱਠ।3। ਹਰਖ = ਖ਼ੁਸ਼ੀ। ਬੀਆ = ਹੋਰ, ਦੂਜਾ। ਗੁਰਿ = ਗੁਰੂ ਨੇ।4। ਅਰਥ: ਜਿਸ ਮਨੁੱਖ ਦੇ ਭਾਗਾਂ ਵਿਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ਉਹ (ਗੁਰੂ ਦੀ ਕਿਰਪਾ ਨਾਲ) ਆਤਮਕ ਅਡੋਲਤਾ ਤੇ ਸਿਫ਼ਤਿ-ਸਾਲਾਹ ਦੇ ਅੰਮ੍ਰਿਤ ਦੇ ਚਸ਼ਮਿਆਂ ਦਾ ਆਨੰਦ ਮਾਣਦਾ ਹੈ।1। ਰਹਾਉ। (ਜਿਸ ਮਨ ਵਿਚ ਸਿਫ਼ਤਿ-ਸਾਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ) ਉਸ ਮਨ ਵਿਚ ਅਪਹੁੰਚ ਸਰੂਪ ਵਾਲੇ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। (ਪਰ) ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਿਆ ਹੈ।1। (ਜਿਥੇ ਸਿਫ਼ਤਿ-ਸਾਲਾਹ ਤੇ ਆਤਮਕ ਅਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ) ਉਹ ਹਿਰਦਾ-ਥਾਂ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਅਨੋਖਾ (ਸੁੰਦਰ) ਹੋ ਜਾਂਦਾ ਹੈ। ਉਸ ਦੀ ਜੁੜੀ ਸੁਰਤਿ ਉਤੇ ਪਰਮਾਤਮਾ (ਭੀ) ਮੋਹਿਆ ਜਾਂਦਾ ਹੈ।2। (ਜਿਥੇ ਸਿਫ਼ਤਿ-ਸਾਲਾਹ ਦੇ ਚਸ਼ਮੇ ਜਾਰੀ ਹੁੰਦੇ ਹਨ) ਉਥੇ (ਉਸ ਆਤਮਕ ਅਵਸਥਾ ਵਿਚ ਟਿਕੇ ਹੋਏ) ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਆਤਮਕ ਅਡੋਲਤਾ ਦੇ ਅਨੇਕਾਂ ਤੇ ਬੇਅੰਤ ਅਖਾੜੇ ਰਚੀ ਰੱਖਦੇ ਹਨ।3। (ਉਸ ਅਵਸਥਾ ਵਿਚ) ਬੇਅੰਤ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ, ਕਿਸੇ ਤਰ੍ਹਾਂ ਦਾ ਕੋਈ ਹੋਰ ਚਿੰਤਾ-ਫ਼ਿਕਰ ਨਹੀਂ ਪੋਂਹਦਾ। (ਹੇ ਭਾਈ!) ਗੁਰੂ ਨੇ ਉਹ ਆਤਮਕ ਟਿਕਾਣਾ (ਮੈਨੂੰ) ਨਾਨਕ ਨੂੰ (ਭੀ) ਬਖ਼ਸ਼ਿਆ ਹੈ।4। 35।104। |
Sri Guru Granth Darpan, by Professor Sahib Singh |