ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 187

ਗਉੜੀ ਮਃ ੫ ॥ ਕਵਨ ਰੂਪੁ ਤੇਰਾ ਆਰਾਧਉ ॥ ਕਵਨ ਜੋਗ ਕਾਇਆ ਲੇ ਸਾਧਉ ॥੧॥ ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥ ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥ ਕਵਨ ਤਪੁ ਜਿਤੁ ਤਪੀਆ ਹੋਇ ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥ ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥ ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥ {ਪੰਨਾ 187}

ਪਦ ਅਰਥ: ਕਵਨ ਰੂਪੁ = ਕੇਹੜੀ ਸ਼ਕਲ? ਜੋਗ = ਯੋਗ ਦਾ ਸਾਧਨ। ਕਾਇਆ = ਸਰੀਰ। ਸਾਧਉ = ਸਾਧਉਂ, ਮੈਂ ਵੱਸ ਵਿਚ ਕਰਾਂ।1।

ਤੁਝੁ = ਤੈਨੂੰ। ਤੁਝੁ ਗਾਵਉ = ਮੈਂ ਤੇਰੀ ਸਿਫ਼ਤਿ-ਸਾਲਾਹ ਕਰਾਂ। ਪਾਰਬ੍ਰਹਮ = ਹੇ ਪਾਰਬ੍ਰਹਮ! ਰੀਝਾਵਉ = ਮੈਂ (ਤੈਨੂੰ) ਪ੍ਰਸੰਨ ਕਰਾਂ।1। ਰਹਾਉ।

ਬਿਧਿ = ਤਰੀਕਾ। ਜਿਤੁ = ਜਿਸ ਦੀ ਰਾਹੀਂ। ਤਰਉ = ਤਰਉਂ, ਮੈਂ ਪਾਰ ਲੰਘਾਂ।2।

ਮਲੁ = ਮੈਲ। ਖੋਇ = ਦੂਰ ਕਰੇ।3।

ਘਾਲ = ਮਿਹਨਤ। ਜਿਸੁ = ਜਿਸ (ਮਨੁੱਖ) ਨੂੰ। ਕਰਿ = ਕਰ ਕੇ।4।

ਤਿਸ ਹੀ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨਿ' ਦੀ ਿ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਉਸ ਨੇ ਹੀ।1। ਰਹਾਉ ਦੂਜਾ।

ਅਰਥ: ਹੇ ਪਾਰਬ੍ਰਹਮ ਪ੍ਰਭੂ! (ਤੇਰੇ ਬੇਅੰਤ ਗੁਣ ਹਨ, ਮੈਨੂੰ ਸਮਝ ਨਹੀਂ ਆਉਂਦੀ ਕਿ) ਮੈਂ ਤੇਰਾ ਕੇਹੜਾ ਗੁਣ ਲੈ ਕੇ ਤੇਰੀ ਸਿਫ਼ਤਿ-ਸਾਲਾਹ ਕਰਾਂ, ਤੇ ਕੇਹੜੇ ਬੋਲ ਬੋਲ ਕੇ ਮੈਂ ਤੈਨੂੰ ਪ੍ਰਸੰਨ ਕਰਾਂ।1। ਰਹਾਉ।

(ਹੇ ਪ੍ਰਭੂ! ਜਗਤ ਦੇ ਸਾਰੇ ਜੀਵ ਤੇਰਾ ਹੀ ਰੂਪ ਹਨ ਤੇ ਤੇਰਾ ਕੋਈ ਭੀ ਖ਼ਾਸ ਰੂਪ ਨਹੀਂ। ਮੈਂ ਨਹੀਂ ਜਾਣਦਾ ਕਿ) ਤੇਰਾ ਉਹ ਕੇਹੜਾ ਰੂਪ ਹੈ ਜਿਸ ਦਾ ਮੈਂ ਧਿਆਨ ਧਰਾਂ। (ਹੇ ਪ੍ਰਭੂ! ਮੈਨੂੰ ਸਮਝ ਨਹੀਂ ਕਿ) ਜੋਗ ਦਾ ਉਹ ਕੇਹੜਾ ਸਾਧਨ ਹੈ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਵੱਸ ਵਿਚ ਲਿਆਵਾਂ (ਤੇ ਤੈਨੂੰ ਪ੍ਰਸੰਨ ਕਰਾਂ। ਜੋਗ-ਸਾਧਨਾਂ ਨਾਲ ਤੈਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ) ।1।

ਹੇ ਪਾਰਬ੍ਰਹਮ! ਮੈਂ ਤੇਰੀ ਕੇਹੜੀ ਪੂਜਾ ਕਰਾਂ (ਜਿਸ ਨਾਲ ਤੂੰ ਪ੍ਰਸੰਨ ਹੋ ਸਕੇਂ) ? ਹੇ ਪ੍ਰਭੂ! ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ?।2।

ਉਹ ਕੇਹੜਾ ਤਪ-ਸਾਧਨ ਹੈ ਜਿਸ ਨਾਲ ਮਨੁੱਖ (ਕਾਮਯਾਬ) ਤਪਸ੍ਵੀ ਅਖਵਾ ਸਕਦਾ ਹੈ (ਤੇ ਮੈਨੂੰ ਖ਼ੁਸ਼ ਕਰ ਸਕਦਾ ਹੈ) ? ਉਹ ਕੇਹੜਾ ਨਾਮ ਹੈ (ਜਿਸ ਦਾ ਜਾਪ ਕਰ ਕੇ) (ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਸਕਦਾ ਹੈ?।3।

ਹੇ ਨਾਨਕ! (ਮਨੁੱਖ ਨਿਰੇ ਆਪਣੇ ਉੱਦਮ ਦੇ ਆਸਰੇ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦਾ। ਉਸੇ ਮਨੁੱਖ ਦੇ ਗਾਏ ਹੋਏ) ਗੁਣ (ਕੀਤੀ ਹੋਈ) ਪੂਜਾ, ਗਿਆਨ ਤੇ (ਜੋੜੀ ਹੋਈ) ਸੁਰਤਿ ਆਦਿਕ ਦੀ ਸਾਰੀ ਮਿਹਨਤ (ਸਫਲ ਹੁੰਦੀ ਹੈ) ਜਿਸ ਉਤੇ ਦਿਆਲ ਹੋ ਕੇ ਕਿਰਪਾ ਕਰ ਕੇ ਗੁਰੂ ਮਿਲਦਾ ਹੈ।4।

ਉਸੇ ਦੀ ਹੀ ਕੀਤੀ ਹੋਈ ਸਿਫ਼ਤਿ-ਸਾਲਾਹ (ਪਰਵਾਨ ਹੈ) ਉਸੇ ਨੇ ਹੀ ਪ੍ਰਭੂ ਨਾਲ ਜਾਣ-ਪਛਾਣ ਪਾਈ ਹੈ (ਜਿਸ ਨੂੰ ਗੁਰੂ ਮਿਲਿਆ ਹੈ ਤੇ) ਜਿਸ ਦੀ ਅਰਦਾਸ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਮੰਨ ਲੈਂਦਾ ਹੈ।1। ਰਹਾਉ ਦੂਜਾ। 36।105।

ਗਉੜੀ ਮਹਲਾ ੫ ॥ ਆਪਨ ਤਨੁ ਨਹੀ ਜਾ ਕੋ ਗਰਬਾ ॥ ਰਾਜ ਮਿਲਖ ਨਹੀ ਆਪਨ ਦਰਬਾ ॥੧॥ ਆਪਨ ਨਹੀ ਕਾ ਕਉ ਲਪਟਾਇਓ ॥ ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥ ਸੁਤ ਬਨਿਤਾ ਆਪਨ ਨਹੀ ਭਾਈ ॥ ਇਸਟ ਮੀਤ ਆਪ ਬਾਪੁ ਨ ਮਾਈ ॥੨॥ ਸੁਇਨਾ ਰੂਪਾ ਫੁਨਿ ਨਹੀ ਦਾਮ ॥ ਹੈਵਰ ਗੈਵਰ ਆਪਨ ਨਹੀ ਕਾਮ ॥੩॥ ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥ ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥ {ਪੰਨਾ 187}

ਪਦ ਅਰਥ: ਤਨੁ = ਸਰੀਰ। ਜਾ ਕੋ = ਜਿਸ ਦਾ। ਗਰਬਾ = ਅਹੰਕਾਰ। ਮਿਲਖ = ਜ਼ਮੀਨ। ਦਰਬਾ = {dàÒX} ਧਨ।1।

ਕਾ ਕਉ = ਕਿਸ ਨੂੰ? ਲਪਟਾਇਓ = ਚੰਬੜਿਆ ਹੋਇਆ, ਮੋਹ ਕਰ ਰਿਹਾ। ਤੇ = ਤੋਂ।1। ਰਹਾਉ।

ਸੁਤ = ਪੁੱਤਰ। ਬਨਿਤਾ = ਇਸਤ੍ਰੀ। ਇਸਟ = ਪਿਆਰੇ। ਆਪ = ਆਪਣਾ। ਮਾਈ = ਮਾਂ।2।

ਰੂਪਾ = ਚਾਂਦੀ। ਫੁਨਿ = ਭੀ। ਦਾਮ = ਦੌਲਤ। ਹੈਵਰ = {hX-vr, ਹਯ ਵਰ} ਵਧੀਆ ਘੋੜੇ। ਗੈਵਰ = {gj-vr} ਵਧੀਆ ਹਾਥੀ।3।

ਜੋ = ਜਿਸ ਨੂੰ। ਗੁਰਿ = ਗੁਰੂ ਨੇ। ਬਖਸਿ = ਬਖ਼ਸ਼ਸ਼ ਕਰ ਕੇ। ਤਿਸ ਕਾ, ਜਿਸ ਕਾ = {ਲਫ਼ਜ਼ 'ਤਿਸੁ' 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}।4।

ਅਰਥ: (ਹੇ ਭਾਈ! ਤੂੰ) ਕਿਸ ਕਿਸ ਨਾਲ ਮੋਹ ਕਰ ਰਿਹਾ ਹੈਂ? (ਇਹਨਾਂ ਵਿਚੋਂ ਕੋਈ ਭੀ ਸਦਾ ਲਈ) ਤੇਰਾ ਆਪਣਾ ਨਹੀਂ ਹੈ। (ਸਦਾ ਲਈ) ਆਪਣਾ (ਬਣੇ ਰਹਿਣ ਵਾਲਾ ਪਰਮਾਤਮਾ ਦਾ) ਨਾਮ (ਹੀ) ਹੈ (ਜੋ) ਗੁਰੂ ਪਾਸੋਂ ਮਿਲਦਾ ਹੈ!।1। ਰਹਾਉ।

(ਹੇ ਭਾਈ!) ਇਹ ਸਰੀਰ ਜਿਸ ਦਾ (ਤੂੰ) ਮਾਣ ਕਰਦਾ ਹੈਂ (ਸਦਾ ਲਈ) ਆਪਣਾ ਨਹੀਂ ਹੈ। ਰਾਜ, ਭੁਇਂ, ਧਨ (ਇਹ ਭੀ ਸਦਾ ਲਈ) ਆਪਣੇ ਨਹੀਂ ਹਨ।1।

ਪੁੱਤਰ, ਇਸਤ੍ਰੀ, ਭਰਾ, ਪਿਆਰੇ ਮਿੱਤਰ, ਪਿਉ, ਮਾਂ (ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਸਦਾ ਲਈ) ਆਪਣਾ ਨਹੀਂ ਹੈ।2।

(ਹੇ ਭਾਈ!) ਸੋਨਾ ਚਾਂਦੀ ਤੇ ਦੌਲਤ ਭੀ (ਸਦਾ ਲਈ ਆਪਣੇ) ਨਹੀਂ ਹਨ। ਵਧੀਆ ਘੋੜੇ, ਵਧੀਆ ਹਾਥੀ (ਇਹ ਭੀ ਸਦਾ ਲਈ) ਆਪਣੇ ਕੰਮ ਨਹੀਂ ਆ ਸਕਦੇ।3।

ਹੇ ਨਾਨਕ! ਆਖ– ਜਿਸ ਮਨੁੱਖ ਨੂੰ ਬਖ਼ਸ਼ਸ਼ ਕਰ ਕੇ ਗੁਰੂ ਨੇ (ਪ੍ਰਭੂ ਨਾਲ) ਮਿਲਾ ਦਿੱਤਾ ਹੈ, ਜਿਸ ਮਨੁੱਖ ਦਾ (ਸਦਾ ਦਾ ਸਾਥੀ) ਪਰਮਾਤਮਾ ਬਣ ਗਿਆ ਹੈ, ਸਭ ਕੁਝ ਉਸ ਦਾ ਆਪਣਾ ਹੈ (ਭਾਵ, ਉਸ ਨੂੰ ਸਾਰਾ ਜਗਤ ਆਪਣਾ ਦਿੱਸਦਾ ਹੈ, ਉਸ ਨੂੰ ਦੁਨੀਆ ਦੇ ਸਾਕ ਸੈਣ ਦਾ ਦੁਨੀਆ ਦੇ ਧਨ ਪਦਾਰਥ ਦਾ ਵਿਛੋੜਾ ਦੁਖੀ ਨਹੀਂ ਕਰ ਸਕਦਾ) ।4। 37।106।

ਗਉੜੀ ਮਹਲਾ ੫ ॥ ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥ ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥ ਸਤਿਗੁਰ ਅਪੁਨੇ ਕਉ ਕੁਰਬਾਨੀ ॥ ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥ ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥ ਅਹੰਬੁਧਿ ਤਿਨਿ ਸਗਲ ਤਿਆਗੀ ॥੨॥ ਗੁਰ ਕਾ ਸਬਦੁ ਲਗੋ ਮਨਿ ਮੀਠਾ ॥ ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥ ਗੁਰੁ ਸੁਖਦਾਤਾ ਗੁਰੁ ਕਰਤਾਰੁ ॥ ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥ {ਪੰਨਾ 187}

ਪਦ ਅਰਥ: ਤਾ ਤੇ = ਉਹਨਾਂ (ਚਰਨਾਂ ਦੀ) ਬਰਕਤਿ ਨਾਲ। ਸਗਲੇ = ਸਾਰੇ।1।

ਕਿਉ = ਨੂੰ, ਤੋਂ। ਕੁਰਬਾਨੀ = ਸਦਕੇ। ਆਤਮੁ = ਆਪਣੇ ਆਪ ਨੂੰ, ਆਤਮਕ ਜੀਵਨ ਨੂੰ। ਚੀਨਿ = ਪਰਖ ਕੇ। ਪਰਮ = ਸਭ ਤੋਂ ਉੱਚਾ। ਮਾਨੀ = ਮੈਂ ਮਾਣਦਾ ਹਾਂ।1। ਰਹਾਉ।

ਰੇਣੁ = ਧੂੜਿ। ਮੁਖਿ = ਮੂੰਹ ਉਤੇ, ਮੱਥੇ ਉਤੇ। ਅਹੰਬੁਧਿ = 'ਹਉ ਹਉ' ਕਰਨ ਵਾਲੀ ਅਕਲ। ਤਿਨਿ = ਉਸ (ਮਨੁੱਖ) ਨੇ।2।

ਮਨਿ = ਮਨ ਵਿਚ। ਤਾ ਤੇ = ਉਸ ਦੀ ਬਰਕਤਿ ਨਾਲ। ਮੋਹਿ = ਮੈਂ।3।

ਜੀਅ ਆਧਾਰੁ = ਜਿੰਦ ਦਾ ਆਸਰਾ। ਪ੍ਰਾਣ ਆਧਾਰੁ = ਪ੍ਰਾਣਾਂ ਦਾ ਆਸਰਾ।4।

ਅਰਥ: ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਆਤਮਕ ਜੀਵਨ ਨੂੰ ਪੜਤਾਲ ਪੜਤਾਲ ਕੇ ਸਭ ਤੋਂ ਸ੍ਰੇਸ਼ਟ ਆਨੰਦ ਮਾਣ ਰਿਹਾ ਹਾਂ।1। ਰਹਾਉ।

(ਹੇ ਭਾਈ!) ਗੁਰੂ ਦੇ ਚਰਨ ਮੇਰੇ ਮੱਥੇ ਉਤੇ ਟਿਕੇ ਹੋਏ ਹਨ, ਉਹਨਾਂ ਦੀ ਬਰਕਤਿ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ।1।

ਜਿਸ ਮਨੁੱਖ ਦੇ ਮੱਥੇ ਉਤੇ ਗੁਰੂ ਦੇ ਚਰਨਾਂ ਦੀ ਧੂੜ ਲੱਗ ਗਈ, ਉਸ ਨੇ ਆਪਣੀ ਸਾਰੀ ਹਉਮੈ (ਪੈਦਾ ਕਰਨ ਵਾਲੀ) ਬੁੱਧੀ ਤਿਆਗ ਦਿੱਤੀ।2।

(ਹੇ ਭਾਈ!) ਗੁਰੂ ਦਾ ਸ਼ਬਦ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਉਸ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਦਰਸਨ ਕਰ ਰਿਹਾ ਹਾਂ।3।

ਹੇ ਨਾਨਕ! (ਆਖ– ਮੇਰੇ ਵਾਸਤੇ) ਗੁਰੂ (ਹੀ ਸਾਰੇ) ਸੁਖਾਂ ਦਾ ਦੇਣ ਵਾਲਾ ਹੈ, ਗੁਰੂ ਕਰਤਾਰ (ਦਾ ਰੂਪ) ਹੈ। ਗੁਰੂ ਮੇਰੀ ਜਿੰਦ ਦਾ ਸਹਾਰਾ ਹੈ, ਗੁਰੂ ਮੇਰੇ ਪ੍ਰਾਣਾਂ ਦਾ ਸਹਾਰਾ ਹੈ।4। 38।107।

ਗਉੜੀ ਮਹਲਾ ੫ ॥ ਰੇ ਮਨ ਮੇਰੇ ਤੂੰ ਤਾ ਕਉ ਆਹਿ ॥ ਜਾ ਕੈ ਊਣਾ ਕਛਹੂ ਨਾਹਿ ॥੧॥ ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥ ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥ ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥ ਆਦਿ ਪੁਰਖ ਅਪਰੰਪਰ ਦੇਵ ॥੨॥ ਤਿਸੁ ਊਪਰਿ ਮਨ ਕਰਿ ਤੂੰ ਆਸਾ ॥ ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥ ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥ ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥ {ਪੰਨਾ 187}

ਪਦ ਅਰਥ: ਰੇ = ਹੇ! ਕਉ = ਨੂੰ। ਆਹਿ = ਤਾਂਘ ਕਰ। ਜਾ ਕੈ = ਜਿਸ ਦੇ ਘਰ ਵਿਚ। ਊਣਾ = ਊਣਤਾ, ਘਾਟ, ਕਮੀ।1।

ਸਾ = ਵਰਗਾ। ਕਰਿ = ਬਣਾ। ਸਦ = ਸਦਾ।1। ਰਹਾਉ।

ਸੇਵਿ = ਸਿਮਰ, ਸੇਵਾ-ਭਗਤੀ ਕਰ। ਆਦਿ = ਸਭ ਦਾ ਮੁੱਢ। ਪੁਰਖ = ਸਰਬ-ਵਿਆਪਕ। ਅਪਰੰਪਰ = ਪਰੇ ਤੋਂ ਪਰੇ।2।

ਮਨ = ਹੇ ਮਨ! ਆਦਿ = ਸ਼ੁਰੂ ਤੋਂ ਹੀ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ ਹੀ। ਜਾ ਕਾ = ਜਿਸ ਦਾ।3।

ਨਾਨਕੁ ਗਾਵੈ = ਨਾਨਕ ਗਾਂਦਾ ਹੈ {ਲਫ਼ਜ਼ 'ਨਾਨਕੁ' ਕਰਤਾ ਕਾਰਕ, ਇਕ-ਵਚਨ ਹੈ}। ਸੋਇ = ਉਸ ਪ੍ਰਭ ਨੂੰ ਹੀ।4।

ਅਰਥ: ਹੇ ਮੇਰੇ ਮਿੱਤਰ ਮਨ! ਪਰਮਾਤਮਾ ਵਰਗਾ ਪ੍ਰੀਤਮ ਬਣਾ, ਉਸ (ਪ੍ਰੀਤਮ ਨੂੰ) ਪ੍ਰਾਣਾਂ ਦੇ ਆਸਰੇ (ਪ੍ਰੀਤਮ) ਨੂੰ ਸਦਾ ਆਪਣੇ ਚਿੱਤ ਵਿਚ ਪ੍ਰੋ ਰੱਖ।1। ਰਹਾਉ।

ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰ, ਜਿਸ ਦੇ ਘਰ ਵਿਚ ਕਿਸੇ ਚੀਜ਼ ਦੀ ਭੀ ਘਾਟ ਨਹੀਂ ਹੈ।1।

ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ, ਜੋ (ਸਾਰੇ ਜਗਤ ਦਾ) ਮੂਲ ਹੈ, ਜੋ ਸਭ ਵਿਚ ਵਿਆਪਕ ਹੈ ਜੋ ਪਰੇ ਤੋਂ ਪਰੇ ਹੈ (ਬੇਅੰਤ ਹੈ) ਤੇ ਜੋ ਪ੍ਰਕਾਸ਼-ਰੂਪ ਹੈ।2।

ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਉਤੇ (ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਦੀ) ਆਸ ਰੱਖ ਜਿਸ (ਦੀ ਸਹਾਇਤਾ) ਦਾ ਭਰੋਸਾ ਸਦਾ ਤੋਂ ਹੀ (ਸਭ ਜੀਵਾਂ ਨੂੰ ਹੈ) ।3।

(ਹੇ ਭਾਈ!) ਜਿਸ ਪਰਮਾਤਮਾ ਨਾਲ ਪ੍ਰੀਤਿ ਕਰਨ ਦੀ ਬਰਕਤਿ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ, ਨਾਨਕ (ਆਪਣੇ) ਗੁਰੂ ਨੂੰ ਮਿਲ ਕੇ ਉਸ ਦੇ ਗੁਣ ਗਾਂਦਾ ਹੈ।4। 39।108।

ਗਉੜੀ ਮਹਲਾ ੫ ॥ ਮੀਤੁ ਕਰੈ ਸੋਈ ਹਮ ਮਾਨਾ ॥ ਮੀਤ ਕੇ ਕਰਤਬ ਕੁਸਲ ਸਮਾਨਾ ॥੧॥ ਏਕਾ ਟੇਕ ਮੇਰੈ ਮਨਿ ਚੀਤ ॥ ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥ ਮੀਤੁ ਹਮਾਰਾ ਵੇਪਰਵਾਹਾ ॥ ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥ ਮੀਤੁ ਹਮਾਰਾ ਅੰਤਰਜਾਮੀ ॥ ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥ ਹਮ ਦਾਸੇ ਤੁਮ ਠਾਕੁਰ ਮੇਰੇ ॥ ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥ {ਪੰਨਾ 187}

ਪਦ ਅਰਥ: ਹਮ = (ਭਾਵ,) ਮੈਂ। ਮਾਨਾ = ਮੰਨਦਾ ਹਾਂ, (ਸਿਰ-ਮੱਥੇ ਉਤੇ) ਮੰਨਦਾ ਹਾਂ। ਕੁਸਲ = ਸੁਖ। ਕੁਸਲ ਸਮਾਨਾ = ਸੁਖ ਵਰਗੇ, ਸੁਖ-ਰੂਪ।1।

ਟੇਕ = ਆਸਰਾ। ਮਨਿ ਚੀਤਿ = ਮਨ-ਚਿੱਤ ਵਿਚ। ਜਿਸੁ = ਜਿਸ (ਪਰਮਾਤਮਾ) ਦਾ। ਕਿਛੁ ਕਰਣਾ = ਇਹ ਸਭ ਕੁਝ ਬਣਾਇਆ ਹੋਇਆ, ਇਹ ਸਾਰੀ ਰਚਨਾ।1। ਰਹਾਉ।

ਵੇਪਰਵਾਹਾ = ਬੇ-ਮੁਥਾਜ। ਤੇ = ਤੋਂ, ਨਾਲ। ਮੋਹਿ = ਮੇਰਾ। ਅਸਨਾਹਾ = ਅਸਨੇਹ, ਪਿਆਰ।2।

ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਮਰਥ = ਸਭ ਤਾਕਤਾਂ ਦਾ ਮਾਲਕ।3।

ਦਾਸੇ = ਸੇਵਕ। ਠਾਕੁਰ = ਮਾਲਕ। ਮਹਤੁ = ਮਹੱਤ, ਮਹੱਤਤਾ, ਵਡਿਆਈ। ਤੇਰੇ = ਤੇਰੇ (ਸੇਵਕ ਬਣਿਆਂ) ।4।

ਅਰਥ: (ਹੇ ਭਾਈ!) ਮੇਰੇ ਮਨ-ਚਿੱਤ ਵਿਚ ਸਿਰਫ਼ ਇਹ ਸਹਾਰਾ ਹੈ ਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ।1। ਰਹਾਉ।

(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ (ਸਿਰ-ਮੱਥੇ ਉਤੇ) ਮੰਨਦਾ ਹਾਂ, ਮਿੱਤਰ-ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁਖਾਂ ਵਰਗੇ (ਪ੍ਰਤੀਤ ਹੁੰਦੇ) ਹਨ।1।

(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਬੇ-ਮੁਥਾਜ ਹੈ (ਉਸ ਨੂੰ ਕਿਸੇ ਦੀ ਕੋਈ ਗ਼ਰਜ਼ ਨਹੀਂ ਕਾਣ ਨਹੀਂ) , ਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ (ਭਾਵ, ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗ਼ਰਜ਼ ਸੀ। ਇਹ ਤਾਂ ਸਤਿਗੁਰੂ ਦੀ ਮਿਹਰ ਹੋਈ ਹੈ) ।2।

ਮੇਰਾ ਮਿੱਤਰ-ਪ੍ਰਭੂ (ਹਰੇਕ ਜੀਵ ਦੇ) ਦਿਲ ਦੀ ਜਾਣਨ ਵਾਲਾ ਹੈ। ਉਹ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ।3।

ਹੇ ਨਾਨਕ! (ਆਖ–) ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ। ਤੇਰਾ ਸੇਵਕ ਬਣਿਆਂ ਹੀ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ।4। 40।109।

TOP OF PAGE

Sri Guru Granth Darpan, by Professor Sahib Singh