ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 188

ਗਉੜੀ ਮਹਲਾ ੫ ॥ ਜਾ ਕਉ ਤੁਮ ਭਏ ਸਮਰਥ ਅੰਗਾ ॥ ਤਾ ਕਉ ਕਛੁ ਨਾਹੀ ਕਾਲੰਗਾ ॥੧॥ ਮਾਧਉ ਜਾ ਕਉ ਹੈ ਆਸ ਤੁਮਾਰੀ ॥ ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ ॥ ਜਾ ਕੈ ਹਿਰਦੈ ਠਾਕੁਰੁ ਹੋਇ ॥ ਤਾ ਕਉ ਸਹਸਾ ਨਾਹੀ ਕੋਇ ॥੨॥ ਜਾ ਕਉ ਤੁਮ ਦੀਨੀ ਪ੍ਰਭ ਧੀਰ ॥ ਤਾ ਕੈ ਨਿਕਟਿ ਨ ਆਵੈ ਪੀਰ ॥੩॥ ਕਹੁ ਨਾਨਕ ਮੈ ਸੋ ਗੁਰੁ ਪਾਇਆ ॥ ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥ {ਪੰਨਾ 188}

ਪਦ ਅਰਥ: ਜਾ ਕਉ = ਜਿਸ ਨੂੰ, ਜਿਸ ਉਤੇ! ਸਮਰਥ = ਹੇ ਸਮਰਥ ਪ੍ਰਭੂ! ਅੰਗਾ = ਪੱਖ, ਸਹਾਈ। ਕਾਲੰਗਾ = ਕਲੰਕ, ਦਾਗ਼।1।

ਮਾਧਉ = {mwXw Dv = ਮਾਇਆ ਦਾ ਪਤੀ} ਹੇ ਪ੍ਰਭੂ! ਸੰਸਾਰੀ = ਦੁਨੀਆਵੀ (ਆਸ) ।1। ਰਹਾਉ।

ਸਹਸਾ = ਸਹਮ।2।

ਪ੍ਰਭ = ਹੇ ਪ੍ਰਭੂ! ਧੀਰ = ਧੀਰਜ, ਸਹਾਰਾ। ਨਿਕਟਿ = ਨੇੜੇ। ਪੀਰ = ਪੀੜ, ਦੁੱਖ-ਕਲੇਸ਼।3।

ਸੋ = ਉਹ। ਕਹੁ = ਆਖ। ਨਾਨਕ = ਹੇ ਨਾਨਕ!।4।

ਅਰਥ: ਹੇ ਮਾਇਆ ਦੇ ਪਤੀ ਪ੍ਰਭੂ! ਜਿਸ ਮਨੁੱਖ ਨੂੰ (ਸਿਰਫ਼) ਤੇਰੀ (ਸਹਾਇਤਾ ਦੀ) ਆਸ ਹੈ, ਉਸ ਨੂੰ ਦੁਨੀਆ (ਦੇ ਲੋਕਾਂ ਦੀ ਸਹਾਇਤਾ) ਦੀ ਆਸ (ਬਣਾਣ ਦੀ ਲੋੜ) ਨਹੀਂ (ਰਹਿੰਦੀ) ।1। ਰਹਾਉ।

ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈਂ, ਉਸ ਨੂੰ ਕੋਈ (ਵਿਕਾਰ ਆਦਿਕਾਂ ਦਾ) ਦਾਗ਼ ਨਹੀਂ ਛੁਹ ਸਕਦਾ।1।

(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਮਾਲਕ-ਪ੍ਰਭੂ ਚੇਤੇ ਰਹਿੰਦਾ ਹੈ, ਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ।2।

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ, ਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਢੁਕ ਸਕਦਾ।3।

ਹੇ ਨਾਨਕ! ਆਖ– ਮੈਂ ਉਹ ਗੁਰੂ ਲੱਭ ਲਿਆ ਹੈ, ਜਿਸ ਨੇ ਮੈਨੂੰ (ਇਹੋ ਜਿਹੀਆਂ ਤਾਕਤਾਂ ਦਾ ਮਾਲਕ) ਸਰਬ-ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ।4। 41।110।

ਗਉੜੀ ਮਹਲਾ ੫ ॥ ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥ ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥ ਨਾਮ ਬਿਹੂਨ ਜੀਵਨ ਕਉਨ ਕਾਮ ॥੧॥ ਰਹਾਉ ॥ ਖਾਤ ਪੀਤ ਖੇਲਤ ਹਸਤ ਬਿਸਥਾਰ ॥ ਕਵਨ ਅਰਥ ਮਿਰਤਕ ਸੀਗਾਰ ॥੨॥ ਜੋ ਨ ਸੁਨਹਿ ਜਸੁ ਪਰਮਾਨੰਦਾ ॥ ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥ ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥ ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥ {ਪੰਨਾ 188}

ਪਦ ਅਰਥ: ਦੇਹ = (ਮਨੁੱਖਾ) ਸਰੀਰ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲੀ। ਤੇ = ਉਹ ਬੰਦੇ। ਆਤਮ ਘਾਤੀ = ਆਪਣੇ ਆਤਮਾ ਦਾ ਨਾਸ ਕਰਨ ਵਾਲੇ।1।

ਮਰਿ ਨ ਜਾਹੀ = ਕੀ ਉਹ ਮਰ ਨਹੀਂ ਜਾਂਦੇ? ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ। ਬਿਹੂਨ = ਸੱਖਣੇ।1। ਰਹਾਉ।

ਹਸਤ = ਹੱਸਦੇ। ਬਿਸਥਾਰ = ਖਿਲਾਰਾ। ਮਿਰਤਕ = ਮੁਰਦਾ।2।

ਜਸੁ = ਸਿਫ਼ਤਿ-ਸਾਲਾਹ। ਪਰਮਾਨੰਦਾ = ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ। ਪੰਖੀ = ਪੰਛੀ। ਤ੍ਰਿਗਦ ਜੋਨਿ = ਟੇਢੀਆਂ ਜੂਨਾਂ ਵਾਲੇ, ਟੇਢੇ ਹੋ ਕੇ ਤੁਰਨ ਵਾਲੀਆਂ ਜੂਨਾਂ। ਤੇ = ਤੋਂ।3।

ਗੁਰਿ = ਗੁਰੂ ਨੇ। ਮੰਤ੍ਰੁ = ਉਪਦੇਸ਼। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ। ਰਿਦ ਮਾਹਿ = ਹਿਰਦੇ ਵਿਚ।4।

ਅਰਥ: (ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਭੁੱਲ ਜਾਂਦਾ ਹੈ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ, (ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਨੁੱਖਾ ਜੀਵਨ ਕਿਸੇ ਭੀ ਕੰਮ ਨਹੀਂ।1। ਰਹਾਉ।

ਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ। (ਪਰ) ਜੇਹੜੇ ਮਨੁੱਖ (ਇਹ ਸਰੀਰ ਪ੍ਰਾਪਤ ਕਰ ਕੇ) ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ ਹਨ।1।

(ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ) ਖਾਣ ਪੀਣ ਖੇਡਣ ਹੱਸਣ ਦੇ ਖਿਲਾਰੇ ਖਿਲਾਰਦੇ ਹਨ (ਪਰ ਇਹ ਇਉਂ ਹੀ ਹੈ ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ, ਤੇ) ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਭੀ ਲਾਭ ਨਹੀਂ ਹੁੰਦਾ।2।

ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦੇ, ਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਭੀ ਭੈੜੇ ਹਨ।3।

ਹੇ ਨਾਨਕ! ਆਖ– ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ, ਉਸ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ।4। 42।111।

ਗਉੜੀ ਮਹਲਾ ੫ ॥ ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ ਕਾਹੇ ਕਉ ਮੂਰਖ ਭਖਲਾਇਆ ॥ ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ ॥ ਏਕਾ ਮਾਟੀ ਏਕਾ ਜੋਤਿ ॥ ਏਕੋ ਪਵਨੁ ਕਹਾ ਕਉਨੁ ਰੋਤਿ ॥੨॥ ਮੇਰਾ ਮੇਰਾ ਕਰਿ ਬਿਲਲਾਹੀ ॥ ਮਰਣਹਾਰੁ ਇਹੁ ਜੀਅਰਾ ਨਾਹੀ ॥੩॥ ਕਹੁ ਨਾਨਕ ਗੁਰਿ ਖੋਲੇ ਕਪਾਟ ॥ ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥ {ਪੰਨਾ 188}

ਪਦ ਅਰਥ: ਕਾ ਕੀ = ਕਿਸ ਦੀ? ਕਾ ਕੋ = ਕਿਸ ਦਾ? ਨਾਮ ਧਾਰੀਕ = ਨਾਮ-ਮਾਤ੍ਰ ਹੀ, ਸਿਰਫ਼ ਕਹਿਣ-ਮਾਤ੍ਰ ਹੀ। ਸਭਿ = ਸਾਰੇ।1।

ਕਾਹੇ ਕਉ = ਕਿਉਂ? ਮੂਰਖ = ਹੇ ਮੂਰਖ! ਭਖਲਾਇਆ = ਬਰੜਾਉਂਦਾ ਹੈਂ, ਸੁਪਨਿਆਂ ਦੇ ਅਸਰ ਹੇਠ ਬੋਲ ਰਿਹਾ ਹੈਂ। ਮਿਲਿ = ਮਿਲ ਕੇ। ਸੰਜੋਗਿ = ਪਿਛਲੇ ਕੀਤੇ ਕਰਮਾਂ ਦੇ ਸੰਜੋਗ ਅਨੁਸਾਰ। ਹੁਕਮਿ = (ਪ੍ਰਭੂ ਦੇ) ਹੁਕਮ ਨਾਲ।1। ਰਹਾਉ।

ਏਕਾ = (ਸਭ ਜੀਵਾਂ ਦੀ) ਇਕੋ ਹੀ {ਲਫ਼ਜ਼ 'ਏਕਾ' ਇਸਤ੍ਰੀ ਲਿੰਗ ਹੈ, ਲਫ਼ਜ਼ 'ਏਕੋ' ਪੁਲਿੰਗ}। ਕਹਾ = ਕਿਥੇ? ਕਿਉਂ? ਰੋਤਿ = ਰੋਵੇ।2।

ਕਰਿ = ਕਰ ਕੇ, ਆਖ ਕੇ। ਬਿਲਲਾਹੀ = (ਲੋਕ) ਵਿਲਕਦੇ ਹਨ। ਜੀਅਰਾ = ਜਿੰਦ।3।

ਗੁਰਿ = ਗੁਰੂ ਨੇ। ਕਪਾਟ = ਕਵਾੜ, ਭਰਮ ਦੇ ਪਰਦੇ। ਭ੍ਰਮ = ਭਟਕਣਾ। ਥਾਟ = ਪਸਾਰੇ, ਬਣਾਵਟਾਂ।4।

ਅਰਥ: ਹੇ ਮੂਰਖ! ਤੂੰ ਕਿਉਂ (ਵਿਲਕ ਰਿਹਾ ਹੈਂ, ਜਿਵੇਂ) ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈਂ? (ਤੈਨੂੰ ਇਹ ਸੂਝ ਨਹੀਂ ਕਿ) ਤੂੰ ਪਰਮਾਤਮਾ ਦੇ ਹੁਕਮ ਵਿਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ) ।1। ਰਹਾਉ।

(ਅਸਲ ਵਿਚ ਸਦਾ ਲਈ) ਨਾਹ ਕੋਈ ਕਿਸੇ ਦੀ ਮਾਂ ਹੈ, ਨਾਹ ਕੋਈ ਕਿਸੇ ਦਾ ਪਿਉ ਹੈ। (ਮਾਂ, ਪਿਉ, ਪੁਤ੍ਰ, ਇਸਤ੍ਰੀ ਆਦਿਕ ਇਹ) ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਕਹਿਣ-ਮਾਤ੍ਰ ਹੀ ਹਨ।1।

ਸਭ ਜੀਵਾਂ ਦੀ ਇਕੋ ਹੀ ਮਿੱਟੀ ਹੈ, ਸਭ ਵਿਚ (ਕਰਤਾਰ ਦੀ) ਇਕੋ ਹੀ ਜੋਤਿ ਮੌਜੂਦ ਹੈ, ਸਭ ਵਿਚ ਇਕੋ ਹੀ ਪ੍ਰਾਣ ਹਨ (ਜਿਤਨਾ ਚਿਰ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਤੱਤ ਇਕੱਠੇ ਹਨ। ਸੰਜੋਗ ਮੁੱਕ ਜਾਣ ਤੇ ਤੱਤ ਵੱਖ ਵੱਖ ਹੋ ਜਾਂਦੇ ਹਨ। ਕਿਸੇ ਨੂੰ ਕਿਸੇ ਵਾਸਤੇ) ਰੋਣ ਦੀ ਲੋੜ ਨਹੀਂ ਪੈਂਦੀ (ਰੋਣ ਦਾ ਲਾਭ ਨਹੀਂ ਹੁੰਦਾ) ।2।

(ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) 'ਮੇਰਾ, ਮੇਰਾ' ਆਖ ਕੇ ਵਿਲਕਦੇ ਹਨ, (ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ 'ਮੇਰਾ' ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ।3।

ਹੇ ਨਾਨਕ! ਆਖ– ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਨਾਲ ਜਕੜੇ ਹੋਏ) ਕਵਾੜ ਗੁਰੂ ਨੇ ਖੋਲ੍ਹ ਦਿੱਤੇ, ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ, ਉਹਨਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ।4। 43।112।

ਗਉੜੀ ਮਹਲਾ ੫ ॥ ਵਡੇ ਵਡੇ ਜੋ ਦੀਸਹਿ ਲੋਗ ॥ ਤਿਨ ਕਉ ਬਿਆਪੈ ਚਿੰਤਾ ਰੋਗ ॥੧॥ ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥ ਭੂਮੀਆ ਭੂਮਿ ਊਪਰਿ ਨਿਤ ਲੁਝੈ ॥ ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥ ਕਹੁ ਨਾਨਕ ਇਹੁ ਤਤੁ ਬੀਚਾਰਾ ॥ ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੪੪॥੧੧੩॥ {ਪੰਨਾ 188}

ਪਦ ਅਰਥ: ਦੀਸਹਿ = ਦਿੱਸਦੇ ਹਨ। ਤਿਨ ਕਉ = ਉਹਨਾਂ ਨੂੰ। ਬਿਆਪੈ = ਦਬਾਈ ਰੱਖਦੀ ਹੈ।1।

ਕੋਉ = ਕੋਈ ਭੀ। ਮਾਇਆ ਵਡਿਆਈ = ਮਾਇਆ ਦੇ ਕਾਰਨ ਮਿਲੀ ਵਡਿਆਈ ਨਾਲ। ਜਿਨਿ = ਜਿਸ ਨੇ।1। ਰਹਾਉ।

ਭੂਮੀਆ = ਜ਼ਮੀਨ ਦਾ ਮਾਲਕ। ਭੂਮਿ ਊਪਰਿ = ਜ਼ਮੀਨ ਦੀ ਖ਼ਾਤਰ। ਲੁਝੈ = ਲੜਦਾ ਝਗੜਦਾ ਹੈ।2।

ਤਤੁ = ਨਚੋੜ, ਸਾਰ, ਅਸਲ ਕੰਮ ਦੀ ਗੱਲ। ਛੁਟਕਾਰਾ = ਮਾਇਆ ਦੇ ਮੋਹ ਤੋਂ ਖ਼ਲਾਸੀ।3।

ਅਰਥ: (ਹੇ ਭਾਈ!) ਮਾਇਆ ਦੇ ਕਾਰਨ (ਜਗਤ ਵਿਚ) ਮਿਲੀ ਵਡਿਆਈ ਨਾਲ ਕੋਈ ਭੀ ਮਨੁੱਖ (ਅਸਲ ਵਿਚ) ਵੱਡਾ ਨਹੀਂ ਹੈ। ਉਹ ਮਨੁੱਖ ਹੀ ਵੱਡਾ ਹੈ, ਜਿਸ ਨੇ ਪਰਮਾਤਮਾ ਨਾਲ ਲਗਨ ਲਾਈ ਹੋਈ ਹੈ।1। ਰਹਾਉ।

(ਹੇ ਭਾਈ! ਦੁਨੀਆ ਵਿਚ ਧਨ ਪ੍ਰਭੁਤਾ ਆਦਿਕ ਨਾਲ) ਜੇਹੜੇ ਬੰਦੇ ਵੱਡੇ ਵੱਡੇ ਦਿੱਸਦੇ ਹਨ, ਉਹਨਾਂ ਨੂੰ ਚਿੰਤਾ ਦਾ ਰੋਗ (ਸਦਾ) ਦਬਾਈ ਰੱਖਦਾ ਹੈ।1।

ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ (ਮਾਲਕੀ ਦੀ) ਖ਼ਾਤਰ (ਹੋਰਨਾਂ ਨਾਲ) ਸਦਾ ਲੜਦਾ-ਝਗੜਦਾ ਰਹਿੰਦਾ ਹੈ (ਇਹ ਜ਼ਮੀਨ ਇਥੇ ਹੀ) ਛੱਡ ਕੇ (ਆਖ਼ਰ ਇਥੋਂ) ਤੁਰ ਪੈਂਦਾ ਹੈ, (ਪਰ ਸਾਰੀ ਉਮਰ ਉਸ ਦੀ ਮਾਲਕੀ ਦੀ) ਤ੍ਰਿਸ਼ਨਾ ਨਹੀਂ ਮਿਟਦੀ।2।

ਹੇ ਨਾਨਕ! ਆਖ– ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀ ਹੁੰਦੀ (ਤੇ ਜਦ ਤਕ ਮਾਇਆ ਦਾ ਮੋਹ ਕਾਇਮ ਹੈ ਤਦ ਤਕ ਮਨੁੱਖ ਦਾ ਵਿੱਤ ਨਿੱਕਾ ਜਿਹਾ ਹੀ ਰਹਿੰਦਾ ਹੈ।3। 44।113।

ਗਉੜੀ ਮਹਲਾ ੫ ॥ ਪੂਰਾ ਮਾਰਗੁ ਪੂਰਾ ਇਸਨਾਨੁ ॥ ਸਭੁ ਕਿਛੁ ਪੂਰਾ ਹਿਰਦੈ ਨਾਮੁ ॥੧॥ ਪੂਰੀ ਰਹੀ ਜਾ ਪੂਰੈ ਰਾਖੀ ॥ ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੧॥ ਰਹਾਉ ॥ ਪੂਰਾ ਸੁਖੁ ਪੂਰਾ ਸੰਤੋਖੁ ॥ ਪੂਰਾ ਤਪੁ ਪੂਰਨ ਰਾਜੁ ਜੋਗੁ ॥੨॥ ਹਰਿ ਕੈ ਮਾਰਗਿ ਪਤਿਤ ਪੁਨੀਤ ॥ ਪੂਰੀ ਸੋਭਾ ਪੂਰਾ ਲੋਕੀਕ ॥੩॥ ਕਰਣਹਾਰੁ ਸਦ ਵਸੈ ਹਦੂਰਾ ॥ ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥ {ਪੰਨਾ 188}

ਪਦ ਅਰਥ: ਪੂਰਾ = ਜਿਸ ਵਿਚ ਕੋਈ ਉਕਾਈ ਨਹੀਂ। ਮਾਰਗੁ = (ਜ਼ਿੰਦਗੀ ਦਾ) ਰਸਤਾ। ਸਭੁ ਕਿਛੁ = ਹਰੇਕ ਉੱਦਮ।1।

ਪੂਰੀ ਰਹੀ = ਸਦਾ ਇੱਜ਼ਤ ਬਣੀ ਰਹੀ। ਜਾ = ਜਦੋਂ। ਪੂਰੈ = ਅਭੁੱਲ (ਗੁਰੂ) ਨੇ। ਤਾਕੀ = ਤੱਕੀ। ਜਨ = (ਉਹਨਾਂ) ਜਨਾਂ ਨੇ।1। ਰਹਾਉ।

ਰਾਜੁ ਜੋਗੁ = ਦੁਨੀਆ ਦਾ ਰਾਜ ਭਾਗ ਭੀ ਤੇ ਪਰਮਾਤਮਾ ਨਾਲ ਮੇਲ ਭੀ।2।

ਮਾਰਗਿ = ਰਸਤੇ ਉਤੇ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਲੋਕੀਕ = ਲੋਕਾਂ ਨਾਲ ਵਰਤਣ-ਵਿਹਾਰ।3।

ਹਦੂਰਾ = ਅੰਗ-ਸੰਗ।4।

ਅਰਥ: (ਪੂਰੇ ਗੁਰੂ ਦੀ ਮਿਹਰ ਨਾਲ) ਜਿਨ੍ਹਾਂ ਮਨੁੱਖਾਂ ਨੇ (ਆਪਣੇ ਸਭ ਕਾਰ-ਵਿਹਾਰਾਂ ਵਿਚ) ਪਰਮਾਤਮਾ ਦਾ ਆਸਰਾ ਲਈ ਰੱਖਿਆ, ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ ਕਿਉਂਕਿ ਅਭੁੱਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ।1। ਰਹਾਉ।

(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਸ ਦਾ ਹਰੇਕ ਉੱਦਮ ਉਕਾਈ-ਹੀਣ ਹੁੰਦਾ ਹੈ (ਕਿਉਂਕਿ) ਪਰਮਾਤਮਾ ਦਾ ਨਾਮ ਹੀ (ਜੀਵਨ ਦਾ) ਸਹੀ ਰਸਤਾ ਹੈ, ਨਾਮ ਹੀ ਅਸਲ (ਤੀਰਥ-) ਇਸ਼ਨਾਨ ਹੈ।1।

(ਗੁਰੂ ਦੀ ਮਿਹਰ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਰਹਿੰਦਾ ਹੈ ਉਹ) ਸਦਾ ਲਈ ਆਤਮਕ ਆਨੰਦ ਮਾਣਦਾ ਹੈ ਤੇ ਸੰਤੋਖ ਵਾਲਾ ਜੀਵਨ ਬਿਤਾਂਦਾ ਹੈ। (ਪਰਮਾਤਮਾ ਦੀ ਸਰਨ ਹੀ ਉਸ ਦੇ ਵਾਸਤੇ) ਅਭੁੱਲ ਤਪ ਹੈ, ਉਹ ਪੂਰਨ ਰਾਜ ਭੀ ਮਾਣਦਾ ਹੈ ਤੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਭੀ ਰਹਿੰਦਾ ਹੈ।2।

(ਗੁਰੂ ਦੀ ਮਿਹਰ ਨਾਲ ਜਿਹੜੇ ਮਨੁੱਖ) ਪਰਮਾਤਮਾ ਦੇ ਰਾਹ ਉਤੇ ਤੁਰਦੇ ਹਨ ਉਹ (ਪਹਿਲਾਂ) ਵਿਕਾਰਾਂ ਵਿਚ ਡਿੱਗੇ ਹੋਏ ਭੀ (ਹੁਣ) ਪਵਿਤ੍ਰ ਹੋ ਜਾਂਦੇ ਹਨ। (ਉਹਨਾਂ ਨੂੰ ਲੋਕ ਪਰਲੋਕ ਵਿਚ) ਸਦਾ ਲਈ ਸੋਭਾ ਮਿਲਦੀ ਹੈ, ਲੋਕਾਂ ਨਾਲ ਉਹਨਾਂ ਦਾ ਵਰਤਣ-ਵਿਹਾਰ ਭੀ ਸੁਚੱਜਾ ਰਹਿੰਦਾ ਹੈ।3।

ਹੇ ਨਾਨਕ! ਆਖ– ਜਿਸ ਮਨੁੱਖ ਨੂੰ ਮੇਰਾ ਅਭੁੱਲ ਗੁਰੂ ਮਿਲ ਪੈਂਦਾ ਹੈ, ਕਰਤਾਰ ਸਿਰਜਣਹਾਰ ਸਦਾ ਉਸ ਮਨੁੱਖ ਦੇ ਅੰਗ-ਸੰਗ ਵੱਸਦਾ ਹੈ।4। 45।114।

TOP OF PAGE

Sri Guru Granth Darpan, by Professor Sahib Singh