ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 189 ਗਉੜੀ ਮਹਲਾ ੫ ॥ ਸੰਤ ਕੀ ਧੂਰਿ ਮਿਟੇ ਅਘ ਕੋਟ ॥ ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥ ਸੰਤ ਕਾ ਦਰਸੁ ਪੂਰਨ ਇਸਨਾਨੁ ॥ ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ ॥ ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥ ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥ ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥ ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥੩॥ ਕਹੁ ਨਾਨਕ ਜਾ ਕਾ ਪੂਰਾ ਕਰਮ ॥ ਤਿਸੁ ਭੇਟੇ ਸਾਧੂ ਕੇ ਚਰਨ ॥੪॥੪੬॥੧੧੫॥ {ਪੰਨਾ 189} ਪਦ ਅਰਥ: ਧੂਰਿ = ਪੈਰਾਂ ਦੀ ਖ਼ਾਕ। ਅਘ = ਪਾਪ। ਕੋਟਿ = ਕ੍ਰੋੜਾਂ {ਨੋਟ: ਲਫ਼ਜ਼ 'ਕੋਟਿ' = ਕ੍ਰੋੜ। ਲਫ਼ਜ਼ ਕੋਟੁ = ਕਿਲ੍ਹਾ। ਕੋਟ = ਕਿਲ੍ਹੇ}। ਪ੍ਰਸਾਦਿ = ਕਿਰਪਾ ਨਾਲ। ਛੋਟ = ਖ਼ਲਾਸੀ।1। ਜਪੀਐ = ਜਪੀਦਾ ਹੈ। ਤੇ = ਤੋਂ, ਨਾਲ।1। ਰਹਾਉ। ਸੰਗਿ = ਸੰਗਤਿ ਵਿਚ। ਦ੍ਰਿਸਟਿ ਆਵੈ = ਦਿੱਸਦਾ ਹੈ। ਸਭੁ = ਹਰ ਥਾਂ।2। ਵਸਿ = ਵੱਸ ਵਿਚ। ਪੰਚਾ = (ਕਾਮਾਦਿਕ) ਪੰਜੇ। ਰਿਦੈ = ਹਿਰਦੇ ਵਿਚ। ਸੰਚਾ = ਇਕੱਠਾ ਕੀਤਾ।3। ਜਾ ਕਾ = ਜਿਸ (ਮਨੁੱਖ) ਦਾ। ਕਰਮ = ਭਾਗ। ਤਿਸੁ = ਉਸ ਨੂੰ। ਸਾਧੂ = ਗੁਰੂ।4। ਅਰਥ: (ਹੇ ਭਾਈ!) ਗੁਰੂ-ਸੰਤ ਦਾ ਦਰਸਨ (ਹੀ) ਮੁਕੰਮਲ (ਤੀਰਥ-) ਇਸ਼ਨਾਨ ਹੈ। ਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।1। ਰਹਾਉ। ਗੁਰੂ-ਸੰਤ ਦੇ ਚਰਨਾਂ ਦੀ ਧੂੜ (ਮੱਥੇ ਤੇ ਲਾਣ) ਨਾਲ (ਮਨੁੱਖ ਦੇ) ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ। ਗੁਰੂ-ਸੰਤ ਦੀ ਕਿਰਪਾ ਨਾਲ (ਮਨੁੱਖ ਨੂੰ) ਜਨਮ ਮਰਨ (ਦੇ ਚੱਕਰ) ਤੋਂ ਖ਼ਲਾਸੀ ਮਿਲ ਜਾਂਦੀ ਹੈ।1। (ਹੇ ਭਾਈ!) ਗੁਰੂ-ਸੰਤ ਦੀ ਸੰਗਤਿ ਵਿਚ (ਰਿਹਾਂ) ਅਹੰਕਾਰ ਦੂਰ ਹੋ ਜਾਂਦਾ ਹੈ (ਗੁਰੂ ਦੀ ਸੰਗਤਿ ਵਿਚ ਰਹਿਣ ਵਾਲੇ ਮਨੁੱਖ ਨੂੰ) ਹਰ ਥਾਂ ਇਕ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ।2। (ਹੇ ਭਾਈ!) ਜਿਸ ਮਨੁੱਖ ਉਤੇ ਗੁਰੂ-ਸੰਤ ਮਿਹਰਬਾਨ ਹੋ ਜਾਏ, (ਕਾਮਾਦਿਕ) ਪੰਜੇ (ਦੂਤ) ਉਸ ਦੇ ਵੱਸ ਵਿਚ ਆ ਜਾਂਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਇਕੱਠਾ ਕਰ ਲੈਂਦਾ ਹੈ।3। (ਪਰ) ਹੇ ਨਾਨਕ! ਆਖ– ਉਸ ਮਨੁੱਖ ਨੂੰ (ਹੀ) ਗੁਰੂ ਦੇ ਚਰਨ (ਪਰਸਣੇ) ਮਿਲਦੇ ਹਨ, ਜਿਸ ਦੀ ਵੱਡੀ (ਚੰਗੀ) ਕਿਸਮਤਿ ਹੋਵੇ।4। 46।115। ਗਉੜੀ ਮਹਲਾ ੫ ॥ ਹਰਿ ਗੁਣ ਜਪਤ ਕਮਲੁ ਪਰਗਾਸੈ ॥ ਹਰਿ ਸਿਮਰਤ ਤ੍ਰਾਸ ਸਭ ਨਾਸੈ ॥੧॥ ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥ ਵਡੈ ਭਾਗਿ ਸਾਧੂ ਸੰਗੁ ਪਾਵੈ ॥੧॥ ਰਹਾਉ ॥ ਸਾਧਸੰਗਿ ਪਾਈਐ ਨਿਧਿ ਨਾਮਾ ॥ ਸਾਧਸੰਗਿ ਪੂਰਨ ਸਭਿ ਕਾਮਾ ॥੨॥ ਹਰਿ ਕੀ ਭਗਤਿ ਜਨਮੁ ਪਰਵਾਣੁ ॥ ਗੁਰ ਕਿਰਪਾ ਤੇ ਨਾਮੁ ਵਖਾਣੁ ॥੩॥ ਕਹੁ ਨਾਨਕ ਸੋ ਜਨੁ ਪਰਵਾਨੁ ॥ ਜਾ ਕੈ ਰਿਦੈ ਵਸੈ ਭਗਵਾਨੁ ॥੪॥੪੭॥੧੧੬॥ {ਪੰਨਾ 189} ਪਦ ਅਰਥ: ਜਪਤ = ਜਪਦਿਆਂ। ਕਮਲੁ = ਹਿਰਦਾ-) ਕੌਲ-ਫੁੱਲ। ਪਰਗਾਸੈ = ਖਿੜ ਪੈਂਦਾ ਹੈ। ਤ੍ਰਾਸ = ਡਰ। ਨਾਸੈ = ਦੂਰ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ।1। ਸਾ = ਉਹੀ। ਮਤਿ = ਅਕਲ। ਪੂਰੀ = ਉਕਾਈ-ਹੀਣ। ਜਿਤੁ = ਜਿਸ (ਅਕਲ ਦੀ) ਰਾਹੀਂ। ਸਾਧੂ ਸੰਗੁ = ਗੁਰੂ ਦਾ ਸੰਗ।1। ਰਹਾਉ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਿਧਿ = ਖ਼ਜ਼ਾਨਾ। ਸਭਿ = ਸਾਰੇ।2। ਪਰਵਾਣੁ = ਕਬੂਲ। ਤੇ = ਤੋਂ, ਨਾਲ। ਵਖਾਣੁ = ਉਚਾਰਨਾ।3। ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ।4। ਅਰਥ: (ਹੇ ਭਾਈ!) ਉਹੀ ਅਕਲ ਉਕਾਈ ਕਰਨ ਤੋਂ ਬਚੀ ਹੋਈ ਸਮਝੋ, ਜਿਸ ਅਕਲ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ (ਪਰ ਇਹ ਅਕਲ ਉਸ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਜੋ) ਵੱਡੀ ਕਿਸਮਤਿ ਨਾਲ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦਾ ਹੈ।1। ਰਹਾਉ। (ਹੇ ਭਾਈ!) ਪਰਮਾਤਮਾ ਦੇ ਗੁਣ ਗਾਂਦਿਆਂ (ਹਿਰਦਾ-) ਕੌਲ-ਫੁੱਲ ਖਿੜ ਪੈਂਦਾ ਹੈ, ਪਰਮਾਤਮਾ ਦਾ ਨਾਮ ਸਿਮਰਦਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ।1। (ਹੇ ਭਾਈ!) ਗੁਰੂ ਦੀ ਸੰਗਤਿ ਵਿੱਚ ਰਿਹਾਂ ਪਰਮਾਤਮਾ ਦਾ ਨਾਮ ਖ਼ਜ਼ਾਨਾ ਮਿਲ ਜਾਂਦਾ ਹੈ, ਤੇ, ਗੁਰੂ ਦੀ ਸੰਗਤਿ ਵਿੱਚ ਰਿਹਾਂ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।2। ਪਰਮਾਤਮਾ ਦੀ ਭਗਤੀ ਕੀਤਿਆਂ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ (ਪਰ ਪਰਮਾਤਮਾ ਦੀ ਭਗਤੀ) ਪਰਮਾਤਮਾ ਦਾ ਨਾਮ ਉਚਾਰਨਾ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ।3। ਹੇ ਨਾਨਕ! ਆਖ– (ਸਿਰਫ਼) ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੁੰਦਾ ਹੈ, ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ।4। 47।116। ਗਉੜੀ ਮਹਲਾ ੫ ॥ ਏਕਸੁ ਸਿਉ ਜਾ ਕਾ ਮਨੁ ਰਾਤਾ ॥ ਵਿਸਰੀ ਤਿਸੈ ਪਰਾਈ ਤਾਤਾ ॥੧॥ ਬਿਨੁ ਗੋਬਿੰਦ ਨ ਦੀਸੈ ਕੋਈ ॥ ਕਰਨ ਕਰਾਵਨ ਕਰਤਾ ਸੋਈ ॥੧॥ ਰਹਾਉ ॥ ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥ ਸੋ ਜਨੁ ਇਤ ਉਤ ਕਤਹਿ ਨ ਡੋਲੈ ॥੨॥ ਜਾ ਕੈ ਹਰਿ ਧਨੁ ਸੋ ਸਚ ਸਾਹੁ ॥ ਗੁਰਿ ਪੂਰੈ ਕਰਿ ਦੀਨੋ ਵਿਸਾਹੁ ॥੩॥ ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥ ਕਹੁ ਨਾਨਕ ਪਰਮ ਪਦੁ ਪਾਇਆ ॥੪॥੪੮॥੧੧੭॥ {ਪੰਨਾ 189} ਪਦ ਅਰਥ: ਏਕਸੁ ਸਿਉ = ਇਕ (ਪਰਮਾਤਮਾ) ਨਾਲ ਹੀ। ਜਾ ਕਾ = ਜਿਸ (ਮਨੁੱਖ) ਦਾ। ਤਿਸੈ = ਉਸ (ਮਨੁੱਖ) ਨੂੰ। ਤਾਤਾ = ਈਰਖਾ, ਸਾੜਾ।1। ਕਰਨ ਕਰਾਵਨ = (ਸਭ ਕੁਝ) ਕਰਨ ਦੀ ਤਾਕਤ ਰੱਖਣ ਵਾਲਾ ਤੇ ਸਭ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ। ਸੋਈ = ਉਹ (ਪਰਮਾਤਮਾ) ਹੀ।1। ਰਹਾਉ। ਮਨਹਿ = ਮਨ ਵਿਚ, ਮਨ ਲਾ ਕੇ। ਮੁਖਿ = ਮੂੰਹ ਨਾਲ। ਇਤ = ਇਸ ਲੋਕ ਵਿਚ। ਉਤ = ਉਸ ਲੋਕ ਵਿਚ, ਪਰਲੋਕ ਵਿਚ। ਕਤਹਿ = ਕਿਤੇ ਭੀ।2। ਜਾ ਕੈ = ਜਿਸ ਦੇ ਪਾਸੇ, ਜਿਸ ਦੇ ਹਿਰਦੇ ਵਿਚ। ਸਾਹੁ = ਸ਼ਾਹੁ, ਸ਼ਾਹੂਕਾਰ। ਸਚੁ = ਸਦਾ ਕਾਇਮ ਰਹਿਣ ਵਾਲਾ। ਗੁਰਿ = ਗੁਰੂ ਨੇ। ਵਿਸਾਹੁ = ਇਤਬਾਰ, ਸਾਖ।3। ਪੁਰਖੁ = ਸਰਬ-ਵਿਆਪਕ। ਜੀਵਨ = (ਸਭ ਜੀਵਾਂ ਦੀ) ਜ਼ਿੰਦਗੀ (ਦਾ ਆਸਰਾ) । ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।4। ਅਰਥ: (ਜਿਸ ਮਨੁੱਖ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਕਿਤੇ ਭੀ) ਗੋਬਿੰਦ ਤੋਂ ਬਿਨਾਂ ਹੋਰ ਕੋਈ (ਦੂਜਾ) ਨਹੀਂ ਦਿੱਸਦਾ। (ਉਸ ਨੂੰ ਹਰ ਥਾਂ) ਉਹੀ ਕਰਤਾਰ ਦਿੱਸਦਾ ਹੈ ਜੋ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਤੇ ਸਭ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ।1। ਰਹਾਉ। (ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦਾ ਮਨ ਇਕ ਪਰਮਾਤਮਾ ਨਾਲ ਹੀ ਰੰਗਿਆ ਰਹਿੰਦਾ ਹੈ, ਉਸ ਨੂੰ ਹੋਰਨਾਂ ਨਾਲ ਈਰਖਾ ਕਰਨੀ ਭੁੱਲ ਜਾਂਦੀ ਹੈ।1। (ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ) ਮਨ ਲਾ ਕੇ ਸਿਮਰਨ ਦੀ ਕਮਾਈ ਕਰਦਾ ਹੈ ਤੇ ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦਾ ਹੈ, ਉਹ ਮਨੁੱਖ (ਸੁੱਚੇ ਆਤਮਕ ਜੀਵਨ ਦੀ ਪੱਧਰ ਤੋਂ) ਕਦੇ ਭੀ ਨਹੀਂ ਡੋਲਦਾ, ਨਾਹ ਇਸ ਲੋਕ ਵਿਚ ਤੇ ਨਾਹ ਹੀ ਪਰਲੋਕ ਵਿਚ।2। (ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਉਹ ਐਸਾ ਸ਼ਾਹੂਕਾਰ ਹੈ, ਜੋ ਸਦਾ ਹੀ ਸ਼ਾਹੂਕਾਰ ਟਿਕਿਆ ਰਹਿੰਦਾ ਹੈ। ਪੂਰੇ ਗੁਰੂ ਨੇ (ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ) ਸਾਖ ਬਣਾ ਦਿੱਤੀ ਹੈ।3। ਹੇ ਨਾਨਕ! ਆਖ– (ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਪ੍ਰਭੂ ਮਿਲ ਪਿਆ ਹੈ ਉਸਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ ਹੈ।4। 48।117। ਗਉੜੀ ਮਹਲਾ ੫ ॥ ਨਾਮੁ ਭਗਤ ਕੈ ਪ੍ਰਾਨ ਅਧਾਰੁ ॥ ਨਾਮੋ ਧਨੁ ਨਾਮੋ ਬਿਉਹਾਰੁ ॥੧॥ ਨਾਮ ਵਡਾਈ ਜਨੁ ਸੋਭਾ ਪਾਏ ॥ ਕਰਿ ਕਿਰਪਾ ਜਿਸੁ ਆਪਿ ਦਿਵਾਏ ॥੧॥ ਰਹਾਉ ॥ ਨਾਮੁ ਭਗਤ ਕੈ ਸੁਖ ਅਸਥਾਨੁ ॥ ਨਾਮ ਰਤੁ ਸੋ ਭਗਤੁ ਪਰਵਾਨੁ ॥੨॥ ਹਰਿ ਕਾ ਨਾਮੁ ਜਨ ਕਉ ਧਾਰੈ ॥ ਸਾਸਿ ਸਾਸਿ ਜਨੁ ਨਾਮੁ ਸਮਾਰੈ ॥੩॥ ਕਹੁ ਨਾਨਕ ਜਿਸੁ ਪੂਰਾ ਭਾਗੁ ॥ ਨਾਮ ਸੰਗਿ ਤਾ ਕਾ ਮਨੁ ਲਾਗੁ ॥੪॥੪੯॥੧੧੮॥ {ਪੰਨਾ 189} ਪਦ ਅਰਥ: ਭਗਤ ਕੈ = ਭਗਤ ਦੇ ਹਿਰਦੇ ਵਿਚ। ਪ੍ਰਾਨ ਅਧਾਰੁ = ਜਿੰਦ ਦਾ ਆਸਰਾ। ਨਾਮੋ = ਨਾਮ ਹੀ।1। ਕਰਿ = ਕਰ ਕੇ।1। ਰਹਾਉ। ਸੁਖ ਅਸਥਾਨੁ = ਆਤਮਕ ਆਨੰਦ (ਦੇਣ) ਦਾ ਵਸੀਲਾ। ਰਤੁ = ਰੰਗਿਆ ਹੋਇਆ।2। ਜਨ ਕਉ = ਸੇਵਕ ਨੂੰ। ਧਾਰੈ = ਧਾਰਦਾ ਹੈ, ਧਰਵਾਸ ਦੇਂਦਾ ਹੈ, ਸਹਾਰਾ ਦੇਂਦਾ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰੈ = ਸਾਂਭਦਾ ਹੈ।3। ਸੰਗਿ = ਨਾਲ। ਤਾ ਕਾ = ਉਸ (ਮਨੁੱਖ) ਦਾ।4। ਅਰਥ: (ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ; ਸੋਭਾ ਖੱਟਦਾ ਹੈ (ਪਰ ਇਹ ਹਰਿ-ਨਾਮ ਉਸੇ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਮਿਹਰ ਕਰ ਕੇ ਪਰਮਾਤਮਾ ਆਪ (ਗੁਰੂ ਪਾਸੋਂ) ਦਿਵਾਂਦਾ ਹੈ।1। ਰਹਾਉ। ਭਗਤੀ ਕਰਨ ਵਾਲੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਉਸ ਦੀ ਜ਼ਿੰਦਗੀ ਦਾ ਸਹਾਰਾ ਹੈ, ਨਾਮ ਹੀ ਉਸ ਦੇ ਵਾਸਤੇ ਧਨ ਹੈ, ਤੇ ਨਾਮ ਹੀ ਉਸ ਦੇ ਵਾਸਤੇ (ਅਸਲੀ) ਵਣਜ-ਵਪਾਰ ਹੈ।1। ਪਰਮਾਤਮਾ ਦਾ ਨਾਮ ਭਗਤ ਦੇ ਹਿਰਦੇ ਵਿਚ ਆਤਮਕ ਆਨੰਦ ਦੇਣ ਦਾ ਵਸੀਲਾ ਹੈ। ਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਹੈ, ਉਹੀ ਭਗਤ ਹੈ। ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੈ।2। ਪਰਮਾਤਮਾ ਦਾ ਨਾਮ (ਪਰਮਾਤਮਾ ਦੇ) ਸੇਵਕ ਨੂੰ ਸਹਾਰਾ ਦੇਂਦਾ ਹੈ, ਸੇਵਕ ਆਪਣੇ ਇਕ ਇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ।3। ਹੇ ਨਾਨਕ! ਆਖ– ਜਿਸ ਮਨੁੱਖ ਦੀ ਵੱਡੀ ਕਿਸਮਤ ਹੁੰਦੀ ਹੈ, ਉਸ ਦਾ (ਹੀ) ਮਨ ਪਰਮਾਤਮਾ ਦੇ ਨਾਮ ਨਾਲ ਪਰਚਦਾ ਹੈ।4। 49।118। ਗਉੜੀ ਮਹਲਾ ੫ ॥ ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ॥ ਤਬ ਤੇ ਧਾਵਤੁ ਮਨੁ ਤ੍ਰਿਪਤਾਇਆ ॥੧॥ ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥ ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥੧॥ ਰਹਾਉ ॥ ਚਰਨ ਕਮਲ ਅਰਾਧਿ ਭਗਵੰਤਾ ॥ ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥ ਸਭ ਤਜਿ ਅਨਾਥੁ ਏਕ ਸਰਣਿ ਆਇਓ ॥ ਊਚ ਅਸਥਾਨੁ ਤਬ ਸਹਜੇ ਪਾਇਓ ॥੩॥ ਦੂਖੁ ਦਰਦੁ ਭਰਮੁ ਭਉ ਨਸਿਆ ॥ ਕਰਣਹਾਰੁ ਨਾਨਕ ਮਨਿ ਬਸਿਆ ॥੪॥੫੦॥੧੧੯॥ {ਪੰਨਾ 189} ਪਦ ਅਰਥ: ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਤਬ ਤੇ = ਤਦੋਂ ਤੋਂ। ਧਾਵਤੁ = ਭਟਕਦਾ। ਤ੍ਰਿਪਤਾਇਆ = ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ।1। ਸੁਖ ਬਿਸਰਾਮੁ = ਆਤਮਕ ਆਨੰਦ ਦੇਣ ਦਾ ਵਸੀਲਾ-ਪ੍ਰਭੂ। ਗਾਇ = ਗਾ ਕੇ। ਸ੍ਰਮੁ = ਥਕਾਵਟ। ਹਤੀ = ਮਾਰੀ ਗਈ।1। ਰਹਾਉ। ਅਰਾਧਿ = ਧਿਆਨ ਧਰ ਕੇ। ਤੇ = ਤੋਂ, ਨਾਲ।2। ਤਜਿ = ਛੱਡ ਕੇ। ਏਕ ਸਰਣਿ = ਇਕ ਪਰਮਾਤਮਾ ਦੀ ਸਰਨ। ਸਹਜੇ = ਆਤਮਕ ਅਡੋਲਤਾ ਵਿਚ।3। ਭਰਮੁ = ਭਟਕਣਾ। ਮਨਿ = ਮਨ ਵਿਚ।4। ਅਰਥ: (ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣ ਗਾ ਕੇ ਮੈਂ (ਉਹ) ਆਤਮਕ ਆਨੰਦ ਦਾ ਦਾਤਾ (ਪਰਮਾਤਮਾ) ਲੱਭ ਲਿਆ ਹੈ। (ਹੁਣ ਮਾਇਆ ਦੀ ਖ਼ਾਤਰ ਮੇਰੀ) ਦੌੜ-ਭੱਜ ਮਿਟ ਗਈ ਹੈ, (ਮੇਰੀ ਮਾਇਆ ਦੀ ਤ੍ਰਿਸ਼ਨਾ ਦੀ) ਬਲਾ ਮਰ ਮੁੱਕ ਗਈ ਹੈ।1। ਰਹਾਉ। (ਹੇ ਭਾਈ! ਜਦੋਂ ਤੋਂ) ਗੁਰੂ-ਸੰਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ, ਤਦੋਂ ਤੋਂ (ਮਾਇਆ ਦੀ ਖ਼ਾਤਰ) ਦੌੜਨ ਵਾਲਾ (ਮੇਰਾ) ਮਨ ਤ੍ਰਿਪਤ ਹੋ ਗਿਆ ਹੈ।1। (ਹੇ ਭਾਈ! ਗੁਰੂ ਦੀ ਕਿਰਪਾ ਨਾਲ) ਭਗਵਾਨ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਪਰਮਾਤਮਾ ਦਾ ਨਾਮ ਸਿਮਰਨ ਨਾਲ ਮੇਰੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ ਹੈ।2। (ਹੇ ਭਾਈ! ਜਦੋਂ) ਮੈਂ ਅਨਾਥ ਹੋਰ ਸਾਰੇ ਆਸਰੇ ਛੱਡ ਕੇ ਇਕ ਪਰਮਾਤਮਾ ਦੀ ਸਰਨ ਆ ਗਿਆ, ਤਦੋਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਹ ਸਭ (ਟਿਕਾਣਿਆਂ ਤੋਂ) ਉੱਚਾ ਟਿਕਾਣਾ ਪਰਾਪਤ ਕਰ ਲਿਆ।3। ਹੇ ਨਾਨਕ! (ਆਖ– ਗੁਰੂ ਦੀ ਕਿਰਪਾ ਨਾਲ) ਸਿਰਜਣਹਾਰ ਪਰਮਾਤਮਾ ਮੇਰੇ ਮਨ ਵਿਚ ਵੱਸ ਗਿਆ ਹੈ (ਤੇ ਹੁਣ ਮੇਰਾ ਹਰੇਕ ਕਿਸਮ ਦਾ) ਦੁੱਖ-ਦਰਦ, ਭਟਕਣ ਤੇ ਡਰ ਦੂਰ ਹੋ ਗਿਆ ਹੈ।4। 50।119। |
Sri Guru Granth Darpan, by Professor Sahib Singh |