ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 190 ਗਉੜੀ ਮਹਲਾ ੫ ॥ ਕਰ ਕਰਿ ਟਹਲ ਰਸਨਾ ਗੁਣ ਗਾਵਉ ॥ ਚਰਨ ਠਾਕੁਰ ਕੈ ਮਾਰਗਿ ਧਾਵਉ ॥੧॥ ਭਲੋ ਸਮੋ ਸਿਮਰਨ ਕੀ ਬਰੀਆ ॥ ਸਿਮਰਤ ਨਾਮੁ ਭੈ ਪਾਰਿ ਉਤਰੀਆ ॥੧॥ ਰਹਾਉ ॥ ਨੇਤ੍ਰ ਸੰਤਨ ਕਾ ਦਰਸਨੁ ਪੇਖੁ ॥ ਪ੍ਰਭ ਅਵਿਨਾਸੀ ਮਨ ਮਹਿ ਲੇਖੁ ॥੨॥ ਸੁਣਿ ਕੀਰਤਨੁ ਸਾਧ ਪਹਿ ਜਾਇ ॥ ਜਨਮ ਮਰਣ ਕੀ ਤ੍ਰਾਸ ਮਿਟਾਇ ॥੩॥ ਚਰਣ ਕਮਲ ਠਾਕੁਰ ਉਰਿ ਧਾਰਿ ॥ ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥ {ਪੰਨਾ 190} ਪਦ ਅਰਥ: ਕਰ = ਹੱਥਾਂ ਨਾਲ। ਕਰਿ = ਕਰ ਕੇ। ਰਸਨਾ = ਜੀਭ ਨਾਲ। ਗਾਵਉ = ਗਾਵਉਂ, ਮੈਂ ਗਾਂਦਾ ਹਾਂ। ਚਰਨ = ਪੈਰਾਂ ਨਾਲ। ਮਾਰਗਿ = ਰਸਤੇ ਉਤੇ। ਧਾਵਉ = ਧਾਵਉਂ, ਮੈਂ ਦੌੜਦਾ ਹਾਂ।1। ਭਲੋ = ਭਲਾ, ਚੰਗਾ, ਸੁਹਾਵਣਾ। ਸਮੋ = ਸਮਾ, ਵੇਲਾ। ਬਰੀਆ = ਵਾਰੀ, ਅਵਸਰ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।1। ਰਹਾਉ। ਨੇਤ੍ਰ = ਅੱਖਾਂ ਨਾਲ। ਪੇਖੁ = ਵੇਖ। ਲੇਖੁ = ਲਿਖ।2। ਸਾਧ ਪਹਿ = ਗੁਰੂ ਦੇ ਕੋਲ। ਜਾਇ = ਜਾ ਕੇ। ਤ੍ਰਾਸ = ਡਰ। ਮਿਟਾਇ = ਦੂਰ ਕਰ।3। ਉਰਿ = ਹਿਰਦੇ ਵਿਚ। ਧਾਰਿ = ਰੱਖ। ਦੇਹ = ਸਰੀਰ। ਨਿਸਤਾਰਿ = ਪਾਰ ਲੰਘਾ।4। ਅਰਥ: (ਹੇ ਮੇਰੇ ਮਨ! ਮਨੁੱਖਾ ਜਨਮ ਦਾ ਇਹ) ਸੋਹਣਾ ਸਮਾਂ (ਤੈਨੂੰ ਮਿਲਿਆ ਹੈ। ਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ) ਸਿਮਰਨ ਦਾ ਵੇਲਾ ਹੈ, (ਇਸ ਮਨੁੱਖਾ ਜਨਮ ਵਿਚ ਹੀ ਪਰਮਾਤਮਾ ਦਾ ਨਾਮ ਸਿਮਰਦਿਆਂ (ਸੰਸਾਰ ਦੇ ਅਨੇਕਾਂ) ਡਰਾਂ ਤੋਂ ਪਾਰ ਲੰਘ ਸਕੀਦਾ ਹੈ।1। ਰਹਾਉ। (ਹੇ ਭਾਈ! ਆਪਣੇ ਗੁਰੂ ਦੀ ਮਿਹਰ ਸਦਕਾ) ਮੈਂ ਆਪਣੇ ਹੱਥਾਂ ਨਾਲ (ਗੁਰਮੁਖਾਂ ਦੀ) ਸੇਵਾ ਕਰਦਾ ਹਾਂ ਤੇ ਜੀਭ ਨਾਲ (ਪਰਮਾਤਮਾ ਦੇ) ਗੁਣ ਗਾਂਦਾ ਹਾਂ, ਤੇ ਪੈਰਾਂ ਨਾਲ ਮੈਂ ਪਰਮਾਤਮਾ ਦੇ ਰਸਤੇ ਉਤੇ ਚੱਲ ਰਿਹਾ ਹਾਂ।1। (ਹੇ ਭਾਈ! ਤੂੰ ਭੀ) ਆਪਣੀਆਂ ਅੱਖਾਂ ਨਾਲ ਗੁਰਮੁਖਾਂ ਦਾ ਦਰਸਨ ਕਰ, (ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਆਪਣੇ ਮਨ ਵਿਚ ਅਬਿਨਾਸੀ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੁ।2। (ਹੇ ਭਾਈ!) ਗੁਰੂ ਦੀ ਸੰਗਤਿ ਵਿਚ ਜਾ ਕੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਸੁਣਿਆ ਕਰ ਤੇ ਇਸ ਤਰ੍ਹਾਂ ਜਨਮ ਮਰਨ ਵਿਚ ਪਾਣ ਵਾਲੀ ਆਤਮਕ ਮੌਤ ਦਾ ਡਰ (ਆਪਣੇ ਅੰਦਰੋਂ) ਦੂਰ ਕਰ ਲੈ।3। ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ। ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਹੈ, ਇਸ ਨੂੰ (ਸਿਮਰਨ ਦੀ ਬਰਕਤਿ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾ ਲੈ।4। 51।120। ਗਉੜੀ ਮਹਲਾ ੫ ॥ ਜਾ ਕਉ ਅਪਨੀ ਕਿਰਪਾ ਧਾਰੈ ॥ ਸੋ ਜਨੁ ਰਸਨਾ ਨਾਮੁ ਉਚਾਰੈ ॥੧॥ ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥ ਸਿਮਰਤ ਨਾਮੁ ਭਰਮੁ ਭਉ ਭਾਗੈ ॥੧॥ ਰਹਾਉ ॥ ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥ ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ॥੨॥ ਹਰਿ ਕੀ ਟਹਲ ਕਰਤ ਜਨੁ ਸੋਹੈ ॥ ਤਾ ਕਉ ਮਾਇਆ ਅਗਨਿ ਨ ਪੋਹੈ ॥੩॥ ਮਨਿ ਤਨਿ ਮੁਖਿ ਹਰਿ ਨਾਮੁ ਦਇਆਲ ॥ ਨਾਨਕ ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥ {ਪੰਨਾ 190} ਪਦ ਅਰਥ: ਜਾ ਕਉ = ਜਿਸ (ਮਨੁੱਖ) ਨੂੰ। ਰਸਨਾ = ਜੀਭ ਨਾਲ।1। ਸਹਸਾ = ਸਹਮ। ਬਿਆਪੈ = ਜ਼ੋਰ ਪਾਈ ਰੱਖਦਾ ਹੈ। ਭਰਮੁ = ਭਟਕਣਾ।1। ਰਹਾਉ। ਨਿਕਟਿ = ਨੇੜੇ।2। ਸੋਹੈ– ਸੋਹਣਾ ਲੱਗਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਤਾ ਕਉ = ਉਸ ਨੂੰ।3। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਨਾਮੁ ਦਇਆਲ = ਦਇਆਲ ਦਾ ਨਾਮ। ਤਜੀਅਲੇ = (ਉਸ ਮਨੁੱਖ ਨੇ) ਛੱਡ ਦਿੱਤੇ ਹਨ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ।4। ਅਰਥ: (ਹੇ ਭਾਈ!) ਪਰਮਾਤਮਾ ਨੂੰ ਭੁਲਾਇਆਂ (ਦੁਨੀਆ ਦਾ) ਸਹਮ-ਦੁੱਖ (ਆਪਣਾ) ਜ਼ੋਰ ਪਾ ਲੈਂਦਾ ਹੈ, (ਪਰ ਪ੍ਰਭੂ ਦਾ) ਨਾਮ ਸਿਮਰਿਆਂ ਹਰੇਕ ਭਟਕਣਾ ਦੂਰ ਹੋ ਜਾਂਦੀ ਹੈ, ਹਰੇਕ ਕਿਸਮ ਦਾ ਡਰ ਨੱਠ ਜਾਂਦਾ ਹੈ।1। ਰਹਾਉ। (ਪਰ ਨਾਮ ਸਿਮਰਨਾ ਭੀ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਕਰਦਾ ਹੈ ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਹੈ।1। (ਪ੍ਰਭੂ ਦੀ ਕਿਰਪਾ ਨਾਲ ਜੇਹੜਾ ਮਨੁੱਖ) ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਂਦਾ ਹੈ, (ਕੋਈ) ਦੁੱਖ ਉਸ ਮਨੁੱਖ ਦੇ ਨੇੜੇ ਨਹੀਂ ਢੁੱਕਦਾ।2। (ਹੇ ਭਾਈ!) ਪਰਮਾਤਮਾ ਦੀ ਸੇਵਾ-ਭਗਤੀ ਕਰਦਿਆਂ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ, (ਕਿਉਂਕਿ) ਉਸ ਮਨੁੱਖ ਨੂੰ ਮਾਇਆ (ਦੀ ਤ੍ਰਿਸ਼ਨਾ ਦੀ) ਅੱਗ ਨਹੀਂ ਪੋਹ ਸਕਦੀ (ਉਸ ਦੇ ਆਤਮਕ ਜੀਵਨ ਨੂੰ ਸਾੜ ਨਹੀਂ ਸਕਦੀ) ।3। ਹੇ ਨਾਨਕ! ਦਇਆ ਦੇ ਘਰ ਪਰਮਾਤਮਾ ਦਾ ਨਾਮ ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਤੇ ਮੂੰਹ ਵਿਚ ਵੱਸ ਪੈਂਦਾ ਹੈ, ਉਸ ਮਨੁੱਖ ਨੇ (ਆਪਣੇ ਮਨ ਵਿਚੋਂ ਮਾਇਆ ਦੇ ਮੋਹ ਦੇ) ਹੋਰ ਸਾਰੇ ਜੰਜਾਲ ਲਾਹ ਦਿੱਤੇ ਹੁੰਦੇ ਹਨ।4। 52।121। ਗਉੜੀ ਮਹਲਾ ੫ ॥ ਛਾਡਿ ਸਿਆਨਪ ਬਹੁ ਚਤੁਰਾਈ ॥ ਗੁਰ ਪੂਰੇ ਕੀ ਟੇਕ ਟਿਕਾਈ ॥੧॥ ਦੁਖ ਬਿਨਸੇ ਸੁਖ ਹਰਿ ਗੁਣ ਗਾਇ ॥ ਗੁਰੁ ਪੂਰਾ ਭੇਟਿਆ ਲਿਵ ਲਾਇ ॥੧॥ ਰਹਾਉ ॥ ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ ॥ ਮਿਟੇ ਵਿਸੂਰੇ ਉਤਰੀ ਚਿੰਤ ॥੨॥ ਅਨਦ ਭਏ ਗੁਰ ਮਿਲਤ ਕ੍ਰਿਪਾਲ ॥ ਕਰਿ ਕਿਰਪਾ ਕਾਟੇ ਜਮ ਜਾਲ ॥੩॥ ਕਹੁ ਨਾਨਕ ਗੁਰੁ ਪੂਰਾ ਪਾਇਆ ॥ ਤਾ ਤੇ ਬਹੁਰਿ ਨ ਬਿਆਪੈ ਮਾਇਆ ॥੪॥੫੩॥੧੨੨॥ {ਪੰਨਾ 190} ਪਦ ਅਰਥ: ਟੇਕ = ਆਸਰਾ। ਟਿਕਾਈ = ਟਿਕਾਇ। ਟੇਕ ਟਿਕਾਈ = ਆਸਰਾ ਲੈ।1। ਬਿਨਸੇ = ਨਾਸ ਹੋ ਜਾਂਦੇ ਹਨ। ਗਾਇ = ਗਾ ਕੇ। ਭੇਟਿਆ = ਮਿਲਿਆ। ਲਿਵ = ਲਗਨ।1। ਰਹਾਉ। ਗੁਰਿ = ਗੁਰੂ ਨੇ। ਵਿਸੂਰੇ = ਝੋਰੇ। ਚਿੰਤ = ਚਿੰਤਾ।2। ਅਨਦ = ਆਤਮਕ ਖ਼ੁਸ਼ੀਆਂ। ਗੁਰ ਮਿਲਤ = ਗੁਰੂ ਨੂੰ ਮਿਲਦਿਆਂ। ਜਮ ਜਾਲ = ਜਮ ਦੇ ਜਾਲ, ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ।3। ਤਾ ਤੇ = ਉਸ ਤੋਂ, ਉਸ (ਗੁਰੂ ਦੀ) ਬਰਕਤਿ ਨਾਲ। ਨ ਬਿਆਪੈ = ਜ਼ੋਰ ਨਹੀਂ ਪਾਂਦੀ।4। ਅਰਥ: (ਹੇ ਭਾਈ! ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਤੇ ਗੁਰੂ ਦੀ ਮਿਹਰ ਨਾਲ ਜੋ ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜਦਾ ਹੈ, ਪਰਮਾਤਮਾ ਦੇ ਗੁਣ ਗਾ ਕੇ ਉਸ ਨੂੰ ਸੁਖ (ਹੀ ਸੁਖ) ਮਿਲਦੇ ਹਨ ਤੇ ਉਸ ਦੇ ਸਾਰੇ ਦੇ (ਸਾਰੇ) ਦੁੱਖ ਦੂਰ ਹੋ ਜਾਂਦੇ ਹਨ।1। ਰਹਾਉ। (ਹੇ ਭਾਈ! ਤੂੰ ਭੀ) ਪੂਰੇ ਗੁਰੂ ਦਾ ਆਸਰਾ ਲੈ। ਇਹ ਖ਼ਿਆਲ ਛੱਡ ਦੇ ਕਿ ਤੂੰ ਬੜਾ ਸਿਆਣਾ ਤੇ ਚਤੁਰ ਹੈਂ (ਤੇ ਜੀਵਨ-ਮਾਰਗ ਨੂੰ ਆਪ ਹੀ ਸਮਝ ਸਕਦਾ ਹੈਂ) ।1। (ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਮੰਤ੍ਰ ਦਿੱਤਾ ਹੈ (ਉਸ ਮੰਤ੍ਰ ਦੀ ਬਰਕਤਿ ਨਾਲ ਉਸ ਦੇ ਸਾਰੇ) ਝੋਰੇ ਮਿਟ ਗਏ ਹਨ ਉਸ ਦੀ (ਹਰੇਕ ਕਿਸਮ ਦੀ) ਚਿੰਤਾ ਲਹਿ ਗਈ ਹੈ।2। (ਹੇ ਭਾਈ!) ਦਇਆ ਦੇ ਸੋਮੇ ਗੁਰੂ ਨੂੰ ਮਿਲਿਆਂ ਆਤਮਕ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ, ਗੁਰੂ ਕਿਰਪਾ ਕਰ ਕੇ (ਮਨੁੱਖ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਦੇਂਦਾ ਹੈ।3। ਹੇ ਨਾਨਕ! ਆਖ– (ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਗੁਰੂ ਦੀ ਬਰਕਤਿ ਨਾਲ (ਉਸ ਮਨੁੱਖ ਉਤੇ) ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ।4। 53।122। ਗਉੜੀ ਮਹਲਾ ੫ ॥ ਰਾਖਿ ਲੀਆ ਗੁਰਿ ਪੂਰੈ ਆਪਿ ॥ ਮਨਮੁਖ ਕਉ ਲਾਗੋ ਸੰਤਾਪੁ ॥੧॥ ਗੁਰੂ ਗੁਰੂ ਜਪਿ ਮੀਤ ਹਮਾਰੇ ॥ ਮੁਖ ਊਜਲ ਹੋਵਹਿ ਦਰਬਾਰੇ ॥੧॥ ਰਹਾਉ ॥ ਗੁਰ ਕੇ ਚਰਣ ਹਿਰਦੈ ਵਸਾਇ ॥ ਦੁਖ ਦੁਸਮਨ ਤੇਰੀ ਹਤੈ ਬਲਾਇ ॥੨॥ ਗੁਰ ਕਾ ਸਬਦੁ ਤੇਰੈ ਸੰਗਿ ਸਹਾਈ ॥ ਦਇਆਲ ਭਏ ਸਗਲੇ ਜੀਅ ਭਾਈ ॥੩॥ ਗੁਰਿ ਪੂਰੈ ਜਬ ਕਿਰਪਾ ਕਰੀ ॥ ਭਨਤਿ ਨਾਨਕ ਮੇਰੀ ਪੂਰੀ ਪਰੀ ॥੪॥੫੪॥੧੨੩॥ {ਪੰਨਾ 190} ਪਦ ਅਰਥ: ਗੁਰਿ = ਗੁਰੂ ਨੇ। ਮਨਮੁਖ ਕਉ = ਮਨਮੁਖ ਨੂੰ, ਉਸ ਮਨੁੱਖ ਨੂੰ ਜਿਸ ਦਾ ਮੂੰਹ ਆਪਣੇ ਮਨ ਵਲ ਹੈ। ਸੰਤਾਪੁ = ਦੁੱਖ, ਕਲੇਸ਼। ਲਾਗੋ = ਲੱਗਦਾ ਹੈ, ਚੰਬੜਦਾ ਹੈ।1। ਮੀਤ ਹਮਾਰੇ = ਹੇ ਮੇਰੇ ਮਿੱਤਰੋ! ਊਜਲ = ਰੌਸ਼ਨ। ਹੋਵਹਿ = ਹੋਣਗੇ।1। ਰਹਾਉ। ਵਸਾਇ = ਟਿਕਾ ਰੱਖ। ਹਤੈ = ਮਾਰ ਦੇਂਦਾ ਹੈ, ਮਾਰ ਦੇਵੇਗਾ। ਬਲਾਇ = ਚੁੜੇਲ।2। ਸਹਾਈ = ਸਾਥੀ। ਸਗਲੇ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}।3। ਭਨਤਿ = ਆਖਦਾ ਹੈ। ਪਰੀ = ਪਈ। ਪੂਰੀ ਪਰੀ = (ਘਾਲ) ਪੂਰੀ ਹੋ ਗਈ।4। ਅਰਥ: ਹੇ ਮੇਰੇ ਮਿੱਤਰੋ! ਸਦਾ (ਆਪਣੇ) ਗੁਰੂ ਨੂੰ ਚੇਤੇ ਰੱਖੋ (ਗੁਰੂ ਦਾ ਉਪਦੇਸ਼ ਚੇਤੇ ਰੱਖਿਆਂ) ਤੁਹਾਡੇ ਮੂੰਹ ਪਰਮਾਤਮਾ ਦੀ ਦਰਗਾਹ ਵਿਚ ਰੌਸ਼ਨ ਹੋਣਗੇ।1। ਰਹਾਉ। (ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਅਨੁਸਾਰ ਰਹਿੰਦਾ ਹੈ) ਪੂਰੇ ਗੁਰੂ ਨੇ ਆਪ ਉਸ ਨੂੰ (ਸਦਾ ਕਾਮਾਦਿਕ ਵੈਰੀਆਂ ਤੋਂ) ਬਚਾ ਲਿਆ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹਨਾਂ ਦਾ) ਸੇਕ ਲੱਗਦਾ ਹੀ ਰਹਿੰਦਾ ਹੈ।1। (ਹੇ ਭਾਈ! ਤੂੰ ਆਪਣੇ) ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖ (ਗੁਰੂ ਤੇਰੇ ਸਾਰੇ) ਦੁੱਖ-ਕਲੇਸ਼ ਨਾਸ ਕਰੇਗਾ (ਕਾਮਾਦਿਕ ਤੇਰੇ ਸਾਰੇ) ਵੈਰੀਆਂ ਨੂੰ ਮਾਰ ਮੁਕਾਏਗਾ (ਤੇਰੇ ਉਤੇ ਦਬਾਉ ਪਾਣ ਵਾਲੀ ਮਾਇਆ-) ਚੁੜੇਲ ਨੂੰ ਮੁਕਾ ਦੇਵੇਗਾ।2। ਹੇ ਭਾਈ! ਗੁਰੂ ਦਾ ਸ਼ਬਦ ਹੀ ਤੇਰੇ ਨਾਲ (ਸਦਾ ਸਾਥ ਨਿਬਾਹੁਣ ਵਾਲਾ) ਸਾਥੀ ਹੈ, (ਗੁਰੂ ਦਾ ਸ਼ਬਦ ਹਿਰਦੇ ਵਿਚ ਪ੍ਰੋ ਰੱਖਿਆਂ) ਸਾਰੇ ਲੋਕ ਦਇਆਵਾਨ ਹੋ ਜਾਂਦੇ ਹਨ।3। ਨਾਨਕ ਆਖਦਾ ਹੈ– ਜਦੋਂ ਪੂਰੇ ਗੁਰੂ ਨੇ (ਮੇਰੇ ਉਤੇ) ਮਿਹਰ ਕੀਤੀ ਤਾਂ ਮੇਰੀ ਜੀਵਨ-ਘਾਲ ਸਫਲ ਹੋ ਗਈ (ਕਾਮਾਦਿਕ ਵੈਰੀ ਮੇਰੇ ਉੱਤੇ ਹੱਲਾ ਕਰਨੋਂ ਹਟ ਗਏ) ।4। 54।123। ਗਉੜੀ ਮਹਲਾ ੫ ॥ ਅਨਿਕ ਰਸਾ ਖਾਏ ਜੈਸੇ ਢੋਰ ॥ ਮੋਹ ਕੀ ਜੇਵਰੀ ਬਾਧਿਓ ਚੋਰ ॥੧॥ ਮਿਰਤਕ ਦੇਹ ਸਾਧਸੰਗ ਬਿਹੂਨਾ ॥ ਆਵਤ ਜਾਤ ਜੋਨੀ ਦੁਖ ਖੀਨਾ ॥੧॥ ਰਹਾਉ ॥ ਅਨਿਕ ਬਸਤ੍ਰ ਸੁੰਦਰ ਪਹਿਰਾਇਆ ॥ ਜਿਉ ਡਰਨਾ ਖੇਤ ਮਾਹਿ ਡਰਾਇਆ ॥੨॥ ਸਗਲ ਸਰੀਰ ਆਵਤ ਸਭ ਕਾਮ ॥ ਨਿਹਫਲ ਮਾਨੁਖੁ ਜਪੈ ਨਹੀ ਨਾਮ ॥੩॥ ਕਹੁ ਨਾਨਕ ਜਾ ਕਉ ਭਏ ਦਇਆਲਾ ॥ ਸਾਧਸੰਗਿ ਮਿਲਿ ਭਜਹਿ ਗੋੁਪਾਲਾ ॥੪॥੫੫॥੧੨੪॥ {ਪੰਨਾ 190} ਪਦ ਅਰਥ: ਰਸਾ = ਸੁਆਦਲੇ ਪਦਾਰਥ। ਢੋਰ = ਪਸ਼ੂ। ਜੇਵਰੀ = ਰੱਸੀ ਨਾਲ।1। ਮਿਰਤਕ = ਮੁਰਦਾ। ਦੇਹ = ਸਰੀਰ। ਮਿਰਤਕ ਦੇਹ = ਆਤਮਕ ਮੌਤੇ ਮਰੇ ਹੋਏ ਦਾ ਸਰੀਰ। ਬਿਹੂਨਾ = ਸੱਖਣਾ। ਖੀਨਾ = ਕਮਜ਼ੋਰ।1। ਰਹਾਉ। ਬਸਤ੍ਰ = ਬਸਤ੍ਰ, ਕੱਪੜੇ। ਡਰਨਾ = ਜਾਨਵਰਾਂ ਨੂੰ ਡਰਾਉਣ ਲਈ ਪੈਲੀ ਵਿਚ ਖੜਾ ਕੀਤਾ ਹੋਇਆ ਬਨਾਉਟੀ ਰਾਖਾ।2। ਨਿਹਫਲ = ਵਿਅਰਥ।3। ਜਾ ਕਉ = ਜਿਨ੍ਹਾਂ ਮਨੁੱਖਾਂ ਉਤੇ। ਸਾਧ ਸੰਗਿ = ਸਾਧ ਸੰਗਤਿ ਵਿਚ। ਗੋੁਪਾਲਾ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}।4। ਅਰਥ: ਹੇ ਭਾਈ! ਜੇਹੜਾ ਮਨੁੱਖ ਸਾਧ ਸੰਗਤਿ ਤੋਂ ਵਾਂਜਿਆ ਰਹਿੰਦਾ ਹੈ, ਉਸ ਦਾ ਸਰੀਰ ਮੁਰਦਾ ਹੈ (ਕਿਉਂਕਿ ਉਸ ਦੇ ਅੰਦਰ ਆਤਮਕ ਮੌਤੇ ਮਰੀ ਹੋਈ ਜਿੰਦ ਹੈ) , ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜੂਨਾਂ ਦੇ ਦੁੱਖਾਂ ਦੇ ਕਾਰਨ ਉਸ ਦਾ ਆਤਮਕ ਜੀਵਨ ਹੋਰ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ।1। ਰਹਾਉ। ਜਿਵੇਂ ਪਸ਼ੂ (ਪੱਠਿਆਂ ਨਾਲ ਢਿੱਡ ਭਰ ਲੈਂਦੇ ਹਨ, ਤਿਵੇਂ ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਆਤਮਕ ਮੌਤ ਮਰਿਆ ਹੋਇਆ ਮਨੁੱਖ) ਅਨੇਕਾਂ ਸੁਆਦਲੇ ਪਦਾਰਥ ਖਾਂਦਾ ਰਹਿੰਦਾ ਹੈ ਤੇ (ਸੰਨ੍ਹ ਤੋਂ ਫੜੇ ਹੋਏ) ਚੋਰਾਂ ਵਾਂਗ (ਮਾਇਆ) ਦੇ ਮੋਹ ਦੀ ਰੱਸੀ ਨਾਲ (ਹੋਰ ਹੋਰ ਵਧੀਕ) ਜਕੜਿਆ ਜਾਂਦਾ ਹੈ।1। (ਆਤਮਕ ਮੌਤੇ ਮਰਿਆ ਮਨੁੱਖ) ਅਨੇਕਾਂ ਸੋਹਣੇ ਸੋਹਣੇ ਕੱਪੜੇ ਪਹਿਨਦਾ ਹੈ (ਗਰੀਬ ਮੈਲੇ ਕੱਪੜਿਆਂ ਵਾਲੇ ਮਨੁੱਖ ਉਸ ਤੋਂ ਡਰਦੇ ਰਤਾ ਪਰੇ ਪਰੇ ਰਹਿੰਦੇ ਹਨ। ਸੋ, ਗਰੀਬਾਂ ਦੇ ਵਾਸਤੇ ਉਹ ਇਉਂ ਹੀ ਹੁੰਦਾ ਹੈ) ਜਿਵੇਂ ਪੈਲੀ ਵਿਚ (ਜਾਨਵਰਾਂ ਨੂੰ) ਡਰਾਣ ਲਈ ਬਨਾਉਟੀ ਰਾਖਾ ਖੜਾ ਕੀਤਾ ਹੁੰਦਾ ਹੈ।2। (ਹੋਰ ਪਸ਼ੂ ਆਦਿਕਾਂ ਦੇ) ਸਾਰੇ ਸਰੀਰ (ਕਿਸੇ ਨ ਕਿਸੇ) ਕੰਮ ਆ ਜਾਂਦੇ ਹਨ। ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਤਾਂ ਇਸ ਦਾ ਜਗਤ ਵਿਚ ਆਉਣਾ ਵਿਅਰਥ ਹੀ ਜਾਂਦਾ ਹੈ।3। ਹੇ ਨਾਨਕ! ਆਖ– ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹ ਸਾਧ ਸੰਗਤਿ ਵਿਚ (ਸਤ ਸੰਗੀਆਂ ਨਾਲ) ਮਿਲ ਕੇ ਜਗਤ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਦੇ ਹਨ।4। 55।124। |
Sri Guru Granth Darpan, by Professor Sahib Singh |