ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 191 ਗਉੜੀ ਮਹਲਾ ੫ ॥ ਕਲਿ ਕਲੇਸ ਗੁਰ ਸਬਦਿ ਨਿਵਾਰੇ ॥ ਆਵਣ ਜਾਣ ਰਹੇ ਸੁਖ ਸਾਰੇ ॥੧॥ ਭੈ ਬਿਨਸੇ ਨਿਰਭਉ ਹਰਿ ਧਿਆਇਆ ॥ ਸਾਧਸੰਗਿ ਹਰਿ ਕੇ ਗੁਣ ਗਾਇਆ ॥੧॥ ਰਹਾਉ ॥ ਚਰਨ ਕਵਲ ਰਿਦ ਅੰਤਰਿ ਧਾਰੇ ॥ ਅਗਨਿ ਸਾਗਰ ਗੁਰਿ ਪਾਰਿ ਉਤਾਰੇ ॥੨॥ ਬੂਡਤ ਜਾਤ ਪੂਰੈ ਗੁਰਿ ਕਾਢੇ ॥ ਜਨਮ ਜਨਮ ਕੇ ਟੂਟੇ ਗਾਢੇ ॥੩॥ ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥ ਜਿਸੁ ਭੇਟਤ ਗਤਿ ਭਈ ਹਮਾਰੀ ॥੪॥੫੬॥੧੨੫॥ {ਪੰਨਾ 191} ਪਦ ਅਰਥ: ਕਲਿ = ਦੁੱਖ, ਮਾਨਸਕ ਝਗੜੇ। ਗੁਰ ਸਬਦਿ = ਗੁਰੂ ਦੇ ਸ਼ਬਦ ਨੇ। ਰਹੇ = ਮੁੱਕ ਗਏ।1। ਬਿਨਸੇ = ਦੂਰ ਹੋ ਗਏ।1। ਰਹਾਉ। ਚਰਨ ਕਵਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਧਾਰੇ = ਟਿਕਾਏ। ਗੁਰਿ = ਗੁਰੂ ਨੇ।2। ਬੂਡਤ ਜਾਤ = ਡੁੱਬਦੇ ਜਾਂਦੇ। ਗਾਢੇ = ਗੰਢ ਦਿੱਤੇ, ਜੋੜ ਦਿੱਤੇ।3। ਭੇਟਤ = ਮਿਲਿਆਂ। ਗਤਿ = ਉੱਚੀ ਆਤਮਕ ਅਵਸਥਾ।4। ਅਰਥ: (ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ) ਸਾਧ ਸੰਗਤਿ ਵਿਚ (ਜਾ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਏ ਹਨ, ਜਿਨ੍ਹਾਂ ਨੇ ਨਿਰਭਉ ਹਰੀ ਦਾ ਧਿਆਨ (ਆਪਣੇ ਹਿਰਦੇ ਵਿਚ) ਧਰਿਆ ਹੈ, ਉਹਨਾਂ ਦੇ (ਦੁਨੀਆ ਵਾਲੇ ਸਾਰੇ) ਡਰ ਦੂਰ ਹੋ ਗਏ ਹਨ।1। ਰਹਾਉ। (ਸਾਧ ਸੰਗਤਿ ਵਿਚ ਪਹੁੰਚੇ ਹੋਏ ਜਿਨ੍ਹਾਂ ਮਨੁੱਖਾਂ ਦੇ) ਮਾਨਸਕ ਝਗੜੇ ਤੇ ਕਲੇਸ਼ ਗੁਰੂ ਦੇ ਸ਼ਬਦ ਨੇ ਦੂਰ ਕਰ ਦਿੱਤੇ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ।1। (ਸਾਧ ਸੰਗਤਿ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ, ਗੁਰੂ ਨੇ ਉਹਨਾਂ ਨੂੰ ਤ੍ਰਿਸ਼ਨਾ-ਅੱਗ ਦੇ ਸਮੁੰਦਰ ਵਿਚੋਂ ਪਾਰ ਲੰਘਾ ਦਿੱਤਾ।2। (ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਰਹੇ ਮਨੁੱਖਾਂ ਨੂੰ ਪੂਰੇ ਗੁਰੂ ਨੇ (ਬਾਹੋਂ ਫੜ ਕੇ ਬਾਹਰ) ਕੱਢ ਲਿਆ (ਜਦੋਂ ਉਹ ਸਾਧ ਸੰਗਤਿ ਵਿਚ ਅੱਪੜ ਗਏ) , ਉਹਨਾਂ ਨੂੰ (ਪਰਮਾਤਮਾ ਨਾਲੋਂ) ਅਨੇਕਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ (ਗੁਰੂ ਨੇ ਮੁੜ ਪਰਮਾਤਮਾ ਦੇ ਨਾਲ) ਮਿਲਾ ਦਿੱਤਾ।3। ਹੇ ਨਾਨਕ! ਆਖ– ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੂੰ ਮਿਲਿਆਂ ਸਾਡੀ (ਜੀਵਾਂ ਦੀ) ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ।4। 56।124। ਗਉੜੀ ਮਹਲਾ ੫ ॥ ਸਾਧਸੰਗਿ ਤਾ ਕੀ ਸਰਨੀ ਪਰਹੁ ॥ ਮਨੁ ਤਨੁ ਅਪਨਾ ਆਗੈ ਧਰਹੁ ॥੧॥ ਅੰਮ੍ਰਿਤ ਨਾਮੁ ਪੀਵਹੁ ਮੇਰੇ ਭਾਈ ॥ ਸਿਮਰਿ ਸਿਮਰਿ ਸਭ ਤਪਤਿ ਬੁਝਾਈ ॥੧॥ ਰਹਾਉ ॥ ਤਜਿ ਅਭਿਮਾਨੁ ਜਨਮ ਮਰਣੁ ਨਿਵਾਰਹੁ ॥ ਹਰਿ ਕੇ ਦਾਸ ਕੇ ਚਰਣ ਨਮਸਕਾਰਹੁ ॥੨॥ ਸਾਸਿ ਸਾਸਿ ਪ੍ਰਭੁ ਮਨਹਿ ਸਮਾਲੇ ॥ ਸੋ ਧਨੁ ਸੰਚਹੁ ਜੋ ਚਾਲੈ ਨਾਲੇ ॥੩॥ ਤਿਸਹਿ ਪਰਾਪਤਿ ਜਿਸੁ ਮਸਤਕਿ ਭਾਗੁ ॥ ਕਹੁ ਨਾਨਕ ਤਾ ਕੀ ਚਰਣੀ ਲਾਗੁ ॥੪॥੫੭॥੧੨੬॥ {ਪੰਨਾ 191} ਪਦ ਅਰਥ: ਸਾਧ ਸੰਗਿ = ਸਾਧ ਸੰਗਤਿ ਵਿਚ, ਗੁਰੂ ਦੀ ਸੰਗਤਿ ਵਿਚ। ਤਾ ਕੀ = ਉਸ (ਪਰਮਾਤਮਾ) ਦੀ।1। ਭਾਈ = ਹੇ ਵੀਰ! ਤਪਤਿ = ਸੜਨ।1। ਰਹਾਉ। ਤਜਿ = ਛੱਡ ਕੇ। ਨਮਸਕਾਰਹੁ = ਨਮਸਕਾਰ ਕਰੋ, ਆਪਣਾ ਸਿਰ ਨਿਵਾਓ।2। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮਨਹਿ = ਮਨ ਵਿਚ। ਸਮਾਲੇ = ਸਮਾਲਿ, ਸਾਂਭ ਕੇ ਰੱਖ। ਸੰਚਹੁ = ਇਕੱਠਾ ਕਰੋ।3। ਤਿਸਹਿ = ਉਸ (ਮਨੁੱਖ) ਨੂੰ। ਮਸਤਕਿ = ਮੱਥੇ ਉਤੇ।4। ਅਰਥ: ਹੇ ਮੇਰੇ ਵੀਰ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ (ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰ। ਜਿਸ ਨੇ ਨਾਮ ਸਿਮਰਿਆ ਹੈ) ਉਸ ਨੇ ਸਿਮਰ ਸਿਮਰ ਕੇ (ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਬੁਝਾ ਲਈ ਹੈ।1। ਰਹਾਉ। (ਹੇ ਮੇਰੇ ਵੀਰ!) ਸਾਧ ਸੰਗਤਿ ਵਿਚ ਜਾ ਕੇ ਉਸ ਪਰਮਾਤਮਾ ਦਾ ਆਸਰਾ ਲੈ। ਆਪਣਾ ਮਨ ਆਪਣਾ ਤਨ (ਭਾਵ, ਆਪਣਾ ਹਰੇਕ ਗਿਆਨ-ਇੰਦ੍ਰਾ) ਉਸ ਪਰਮਾਤਮਾ ਦੇ ਹਵਾਲੇ ਕਰ ਦੇਹ।1। (ਹੇ ਮੇਰੇ ਵੀਰ!) ਪਰਮਾਤਮਾ ਦੇ ਸੇਵਕ ਦੇ ਚਰਨਾਂ ਉਤੇ ਆਪਣਾ ਸਿਰ ਰੱਖ ਦੇ (ਇਸ ਤਰ੍ਹਾਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਜਨਮ ਮਰਨ ਦਾ ਗੇੜ ਮੁਕਾ ਲੈ।2। (ਹੇ ਮੇਰੇ ਭਾਈ!) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਸਾਂਭ ਰੱਖ। ਉਹ (ਨਾਮ-) ਧਨ ਇਕੱਠਾ ਕਰ ਜੇਹੜਾ ਤੇਰੇ ਨਾਲ ਸਾਥ ਕਰੇ।3। (ਪਰ ਇਹ ਨਾਮ-ਧਨ ਇਕੱਠਾ ਕਰਨਾ ਜੀਵਾਂ ਦੇ ਵੱਸ ਦੀ ਗੱਲ ਨਹੀਂ। ਇਹ ਨਾਮ-ਧਨ) ਉਸ ਮਨੁੱਖ ਨੂੰ ਹੀ ਮਿਲਦਾ ਹੈ, ਜਿਸ ਦੇ ਮੱਥੇ ਉਤੇ ਭਾਗ ਜਾਗੇ। ਹੇ ਨਾਨਕ! ਆਖ– (ਹੇ ਮੇਰੇ ਭਾਈ!) ਤੂੰ ਉਸ ਮਨੁੱਖ ਦੀ ਚਰਨੀਂ ਲੱਗ (ਜਿਸ ਨੂੰ ਨਾਮ-ਧਨ ਮਿਲਿਆ ਹੈ) ।4। 57।126। ਗਉੜੀ ਮਹਲਾ ੫ ॥ ਸੂਕੇ ਹਰੇ ਕੀਏ ਖਿਨ ਮਾਹੇ ॥ ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ ॥੧॥ ਕਾਟੇ ਕਸਟ ਪੂਰੇ ਗੁਰਦੇਵ ॥ ਸੇਵਕ ਕਉ ਦੀਨੀ ਅਪੁਨੀ ਸੇਵ ॥੧॥ ਰਹਾਉ ॥ ਮਿਟਿ ਗਈ ਚਿੰਤ ਪੁਨੀ ਮਨ ਆਸਾ ॥ ਕਰੀ ਦਇਆ ਸਤਿਗੁਰਿ ਗੁਣਤਾਸਾ ॥੨॥ ਦੁਖ ਨਾਠੇ ਸੁਖ ਆਇ ਸਮਾਏ ॥ ਢੀਲ ਨ ਪਰੀ ਜਾ ਗੁਰਿ ਫੁਰਮਾਏ ॥੩॥ ਇਛ ਪੁਨੀ ਪੂਰੇ ਗੁਰ ਮਿਲੇ ॥ ਨਾਨਕ ਤੇ ਜਨ ਸੁਫਲ ਫਲੇ ॥੪॥੫੮॥੧੨੭॥ {ਪੰਨਾ 191} ਪਦ ਅਰਥ: ਸੂਕੇ = ਸੁੱਕੇ ਹੋਏ, ਜਿਨ੍ਹਾਂ ਦੇ ਅੰਦਰ ਆਤਮਕ ਜੀਵਨ ਵਾਲਾ ਰਸ ਨਹੀਂ ਰਿਹਾ। ਮਾਹੇ = ਮਾਹਿ। ਖਿਨ ਮਾਹਿ = ਖਿਨ ਵਿਚ। ਦ੍ਰਿਸਟਿ = ਨਿਗਾਹ, ਨਜ਼ਰ। ਸੰਚਿ = ਸਿੰਜ ਕੇ। ਜੀਵਾਏ = ਆਤਮਕ ਜਿੰਦ ਪਾ ਦਿੱਤੀ।1। ਕਉ = ਨੂੰ। ਦੀਨੀ = ਦਿੱਤੀ।1। ਰਹਾਉ। ਪੁਨੀ = ਪੂਰੀ ਹੋ ਗਈ। ਸਤਿਗੁਰਿ ਗੁਣਤਾਸਾ = ਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ।2। ਆਇ = ਆ ਕੇ। ਸਮਾਇ = ਰਚ ਗਏ। ਗੁਰਿ = ਗੁਰੂ ਨੇ।3। ਗੁਰ ਮਿਲੇ = (ਜੇਹੜੇ) ਗੁਰੂ ਨੂੰ ਮਿਲੇ। ਤੇ ਜਨ = ਉਹ ਬੰਦੇ। ਸੁਫਲ = ਚੰਗੇ ਫਲਾਂ ਵਾਲੇ।4। ਅਰਥ: ਜਿਸ ਸੇਵਕ ਨੂੰ (ਪਰਮਾਤਮਾ ਨੇ) ਆਪਣੀ ਸੇਵਾ-ਭਗਤੀ (ਦੀ ਦਾਤਿ) ਦਿੱਤੀ, ਪੂਰੇ ਗੁਰੂ ਨੇ ਉਸ ਦੇ ਸਾਰੇ ਕਸ਼ਟ ਕੱਟ ਦਿੱਤੇ।1। ਰਹਾਉ। ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਗੁਰੂ ਨਾਮ-ਜਲ ਸਿੰਜ ਕੇ ਜਿਨ੍ਹਾਂ ਨੂੰ ਆਤਮਕ ਜੀਵਨ ਬਖ਼ਸ਼ਦਾ ਹੈ, ਉਹਨਾਂ ਆਤਮਕ ਜੀਵਨ ਦੇ ਰਸ ਤੋਂ ਸੁੰਞੇ ਹੋ ਚੁੱਕੇ ਮਨੁੱਖਾਂ ਨੂੰ ਗੁਰੂ ਇਕ ਖਿਨ ਵਿਚ ਹਰੇ (ਭਾਵ, ਆਤਮਕ ਜੀਵਨ ਵਾਲੇ) ਬਣਾ ਦੇਂਦਾ ਹੈ।1। ਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ, ਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ, ਉਸ ਦੇ ਮਨ ਦੀ (ਹਰੇਕ) ਆਸ ਪੂਰੀ ਹੋ ਗਈ।2। ਜਦੋਂ ਗੁਰੂ ਨੇ ਜਿਸ ਮਨੁੱਖ ਉਤੇ ਬਖ਼ਸ਼ਸ਼ ਹੋਣ ਦਾ ਹੁਕਮ ਕੀਤਾ, ਰਤਾ ਭੀ ਢਿੱਲ ਨਾਹ ਹੋਈ, ਉਸ ਦੇ ਸਾਰੇ ਦੁੱਖ ਦੂਰ ਹੋ ਗਏ, ਉਸ ਦੇ ਅੰਦਰ (ਸਾਰੇ) ਸੁਖ ਆ ਕੇ ਟਿਕ ਗਏ।3। ਹੇ ਨਾਨਕ! ਜੇਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਗਈ, ਉਹਨਾਂ ਨੂੰ ਉੱਚੇ ਆਤਮਕ ਗੁਣਾਂ ਦੇ ਸੋਹਣੇ ਫਲ ਲੱਗ ਪਏ।4। 58।127। ਨੋਟ: ਚੇਤਾ ਰਹੇ ਕਿ ਅਸਲ ਅੰਕ 128 ਚਾਹੀਦਾ ਹੈ। ਗਉੜੀ ਮਹਲਾ ੫ ॥ ਤਾਪ ਗਏ ਪਾਈ ਪ੍ਰਭਿ ਸਾਂਤਿ ॥ ਸੀਤਲ ਭਏ ਕੀਨੀ ਪ੍ਰਭ ਦਾਤਿ ॥੧॥ ਪ੍ਰਭ ਕਿਰਪਾ ਤੇ ਭਏ ਸੁਹੇਲੇ ॥ ਜਨਮ ਜਨਮ ਕੇ ਬਿਛੁਰੇ ਮੇਲੇ ॥੧॥ ਰਹਾਉ ॥ ਸਿਮਰਤ ਸਿਮਰਤ ਪ੍ਰਭ ਕਾ ਨਾਉ ॥ ਸਗਲ ਰੋਗ ਕਾ ਬਿਨਸਿਆ ਥਾਉ ॥੨॥ ਸਹਜਿ ਸੁਭਾਇ ਬੋਲੈ ਹਰਿ ਬਾਣੀ ॥ ਆਠ ਪਹਰ ਪ੍ਰਭ ਸਿਮਰਹੁ ਪ੍ਰਾਣੀ ॥੩॥ ਦੂਖੁ ਦਰਦੁ ਜਮੁ ਨੇੜਿ ਨ ਆਵੈ ॥ ਕਹੁ ਨਾਨਕ ਜੋ ਹਰਿ ਗੁਨ ਗਾਵੈ ॥੪॥੫੯॥੧੨੮॥ {ਪੰਨਾ 191} ਪਦ ਅਰਥ: ਪ੍ਰਭਿ = ਪ੍ਰਭੂ ਨੇ। ਸਾਂਤਿ = ਠੰਡ, ਆਤਮਕ ਅਡੋਲਤਾ। ਸੀਤਲ = ਠੰਡੇ।1। ਤੇ = ਤੋਂ, ਨਾਲ। ਸੁਹੇਲੇ = ਸੌਖੇ।1। ਰਹਾਉ। ਸਗਲ = ਸਾਰੇ। ਥਾਉ = ਥਾਂ, ਨਿਸ਼ਾਨ।2। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ-ਪਿਆਰ ਵਿਚ। ਪ੍ਰਾਣੀ = ਹੇ ਪ੍ਰਾਣੀ!।3। ਕਹੁ = ਆਖ। ਨਾਨਕ = ਹੇ ਨਾਨਕ!।4। ਅਰਥ: (ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤਿ ਦੇਂਦਾ ਹੈ ਉਹ ਮਨੁੱਖ) ਪਰਮਾਤਮਾ ਦੀ ਕਿਰਪਾ ਨਾਲ ਸੌਖੇ (ਜੀਵਨ ਵਾਲੇ) ਹੋ ਜਾਂਦੇ ਹਨ, ਉਹਨਾਂ ਨੂੰ ਅਨੇਕਾਂ ਜਨਮਾਂ ਦੇ ਵਿੱਛੁੜਿਆਂ ਨੂੰ ਪਰਮਾਤਮਾ (ਆਪਣੇ ਨਾਲ) ਮਿਲਾ ਲੈਂਦਾ ਹੈ।1। ਰਹਾਉ। ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤਿ ਦੇਂਦਾ ਹੈ ਉਹ ਠੰਡੇ ਜਿਗਰੇ ਵਾਲੇ ਬਣ ਜਾਂਦੇ ਹਨ। ਪਰਮਾਤਮਾ ਨੇ ਉਹਨਾਂ ਦੇ ਅੰਦਰ ਐਸੀ ਆਤਮਕ ਠੰਢ ਵਰਤਾ ਦਿੱਤੀ ਹੁੰਦੀ ਹੈ ਕਿ ਉਹਨਾਂ ਦੇ ਸਾਰੇ ਤਾਪ-ਕਲੇਸ਼ ਦੂਰ ਹੋ ਜਾਂਦੇ ਹਨ।1। (ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਉਹਨਾਂ ਦੇ ਅੰਦਰੋਂ) ਸਾਰੇ ਰੋਗਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ।2। (ਜਿਸ ਮਨੁੱਖ ਨੂੰ ਪਰਮਾਤਮਾ ਨਾਮ ਦੀ ਦਾਤਿ ਦੇਂਦਾ ਹੈ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ-ਪਿਆਰ ਵਿਚ ਲੀਨ ਹੋ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ। ਹੇ ਪ੍ਰਾਣੀ! (ਤੂੰ ਭੀ ਉਸ ਦੇ ਦਰ ਤੋਂ ਨਾਮ ਦੀ ਦਾਤਿ ਮੰਗ, ਤੇ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਰਹੁ।3। ਹੇ ਨਾਨਕ! ਆਖ– (ਪਰਮਾਤਮਾ ਦੀ ਮਿਹਰ ਨਾਲ) ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ਕੋਈ ਦੁੱਖ-ਦਰਦ ਉਸ ਦੇ ਨੇੜੇ ਨਹੀਂ ਆਉਂਦਾ, ਉਸ ਨੂੰ ਮੌਤ ਦਾ ਡਰ ਨਹੀਂ ਪੋਂਹਦਾ (ਆਤਮਕ ਮੌਤ ਦਾ ਉਸ ਨੂੰ ਖ਼ਤਰਾ ਨਹੀਂ ਰਹਿ ਜਾਂਦਾ) ।4। 59।128। ਗਉੜੀ ਮਹਲਾ ੫ ॥ ਭਲੇ ਦਿਨਸ ਭਲੇ ਸੰਜੋਗ ॥ ਜਿਤੁ ਭੇਟੇ ਪਾਰਬ੍ਰਹਮ ਨਿਰਜੋਗ ॥੧॥ ਓਹ ਬੇਲਾ ਕਉ ਹਉ ਬਲਿ ਜਾਉ ॥ ਜਿਤੁ ਮੇਰਾ ਮਨੁ ਜਪੈ ਹਰਿ ਨਾਉ ॥੧॥ ਰਹਾਉ ॥ ਸਫਲ ਮੂਰਤੁ ਸਫਲ ਓਹ ਘਰੀ ॥ ਜਿਤੁ ਰਸਨਾ ਉਚਰੈ ਹਰਿ ਹਰੀ ॥੨॥ ਸਫਲੁ ਓਹੁ ਮਾਥਾ ਸੰਤ ਨਮਸਕਾਰਸਿ ॥ ਚਰਣ ਪੁਨੀਤ ਚਲਹਿ ਹਰਿ ਮਾਰਗਿ ॥੩॥ ਕਹੁ ਨਾਨਕ ਭਲਾ ਮੇਰਾ ਕਰਮ ॥ ਜਿਤੁ ਭੇਟੇ ਸਾਧੂ ਕੇ ਚਰਨ ॥੪॥੬੦॥੧੨੯॥ {ਪੰਨਾ 191} ਪਦ ਅਰਥ: ਦਿਨਸ = ਦਿਹਾੜੇ। ਸੰਜੋਗ = ਮਿਲਾਪ ਦੇ ਅਵਸਰ। ਜਿਤੁ = ਜਿਸ ਦੀ ਰਾਹੀਂ। ਭੇਟੇ = ਮਿਲੇ। ਨਿਰਜੋਗ = ਨਿਰਲੇਪ।1। ਕਉ = ਨੂੰ, ਤੋਂ। ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ।1। ਰਹਾਉ। ਮੂਰਤੁ = ਮੁਹੂਰਤ, ਦੋ ਘੜੀ ਜਿਤਨਾ ਸਮਾ {ਲਫ਼ਜ਼ 'ਮੂਰਤਿ' ਅਤੇ 'ਮੂਰਤੁ' ਵਿਚ ਫ਼ਰਕ ਚੇਤੇ ਰੱਖਣ-ਜੋਗ ਹੈ}। ਰਸਨਾ = ਜੀਭ।2। ਪੁਨੀਤ = ਪਵਿੱਤਰ। ਮਾਰਗਿ = ਰਸਤੇ ਉਤੇ।3। ਕਰਮ = ਭਾਗ, ਕਿਸਮਤਿ। ਜਿਤੁ = ਜਿਸ ਦੀ ਬਰਕਤਿ ਨਾਲ।4। ਅਰਥ: (ਹੇ ਭਾਈ!) ਮੈਂ ਉਸ ਵੇਲੇ ਤੋਂ ਕੁਰਬਾਨ ਜਾਂਦਾ ਹਾਂ ਜਿਸ ਵੇਲੇ ਮੇਰਾ ਮਨ ਪਰਮਾਤਮਾ ਦਾ ਨਾਮ ਜਪਦਾ ਹੈ।1। ਰਹਾਉ। (ਹੇ ਭਾਈ!) ਉਹ ਦਿਨ ਸੁਹਾਵਣੇ ਹੁੰਦੇ ਹਨ ਉਹ ਮਿਲਾਪ ਦੇ ਅਵਸਰ ਸੁਖਦਾਈ ਹੁੰਦੇ ਹਨ ਜਦੋਂ (ਮਾਇਆ ਤੋਂ) ਨਿਰਲੇਪ ਪ੍ਰਭੂ ਜੀ ਮਿਲ ਪੈਂਦੇ ਹਨ।1। (ਹੇ ਭਾਈ!) ਮਨੁੱਖ ਵਾਸਤੇ ਉਹ ਮੁਹੂਰਤ ਭਾਗਾਂ ਵਾਲਾ ਹੁੰਦਾ ਹੈ ਉਹ ਘੜੀ ਸੁਲੱਖਣੀ ਹੁੰਦੀ ਹੈ ਜਦੋਂ ਉਸ ਦੀ ਜੀਭ ਪਰਮਾਤਮਾ ਦਾ ਨਾਮ ਉਚਾਰਦੀ ਹੈ।2। (ਹੇ ਭਾਈ!) ਉਹ ਮੱਥਾ ਭਾਗਾਂ ਵਾਲਾ ਹੈ ਜੇਹੜਾ ਗੁਰੂ-ਸੰਤ ਦੇ ਚਰਨਾਂ ਉਤੇ ਨਿਊਂਦਾ ਹੈ। ਉਹ ਪੈਰ ਪਵਿਤ੍ਰ ਹੋ ਜਾਂਦੇ ਹਨ ਜੇਹੜੇ ਪਰਮਾਤਮਾ (ਦੇ ਮਿਲਾਪ) ਦੇ ਰਸਤੇ ਉਤੇ ਤੁਰਦੇ ਹਨ।3। ਹੇ ਨਾਨਕ! ਆਖ– ਮੇਰੇ ਵੱਡੇ ਭਾਗ (ਜਾਗ ਪੈਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਪਰਸਦਾ ਹਾਂ।4। 60।128। |
Sri Guru Granth Darpan, by Professor Sahib Singh |