ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 192 ਗਉੜੀ ਮਹਲਾ ੫ ॥ ਗੁਰ ਕਾ ਸਬਦੁ ਰਾਖੁ ਮਨ ਮਾਹਿ ॥ ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥ ਬਿਨੁ ਭਗਵੰਤ ਨਾਹੀ ਅਨ ਕੋਇ ॥ ਮਾਰੈ ਰਾਖੈ ਏਕੋ ਸੋਇ ॥੧॥ ਰਹਾਉ ॥ ਗੁਰ ਕੇ ਚਰਣ ਰਿਦੈ ਉਰਿ ਧਾਰਿ ॥ ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥ ਗੁਰ ਮੂਰਤਿ ਸਿਉ ਲਾਇ ਧਿਆਨੁ ॥ ਈਹਾ ਊਹਾ ਪਾਵਹਿ ਮਾਨੁ ॥੩॥ ਸਗਲ ਤਿਆਗਿ ਗੁਰ ਸਰਣੀ ਆਇਆ ॥ ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥੬੧॥੧੩੦॥ {ਪੰਨਾ 192} ਪਦ ਅਰਥ: ਮਾਹਿ = ਵਿਚ। ਜਾਹਿ = ਦੂਰ ਹੋ ਜਾਂਦੀਆਂ ਹਨ।1। ਭਗਵੰਤ = ਭਗਵਾਨ, ਪਰਮਾਤਮਾ। ਅਨ = {ANX} ਹੋਰ। ਸੋਇ = ਉਹੀ।1। ਰਹਾਉ। ਉਰਿ = ਦਿਲ ਵਿਚ {ars`}। ਧਾਰਿ = ਰੱਖ। ਜਪਿ = ਜਪ ਕੇ।2। ਗੁਰ ਮੂਰਤਿ = ਗੁਰੂ ਦਾ ਰੂਪ, ਗੁਰੂ ਦਾ ਸ਼ਬਦ {'ਗੁਰ ਮੂਰਤਿ ਗੁਰ ਸਬਦੁ ਹੈ' = ਭਾ: ਗੁਰਦਾਸ ਜੀ। ਨੋਟ: ਮਨੁੱਖ ਮਨੁੱਖ ਦੇ ਮੁਹਾਂਦਰੇ ਵਿਚ ਤਾਂ ਪ੍ਰਤੱਖ ਫ਼ਰਕ ਦਿੱਸਦਾ ਹੈ, ਪਰ ਪੈਰਾਂ ਵਿਚ ਫ਼ਰਕ ਲੱਭਣਾ ਬਹੁਤ ਕਠਨ ਹੈ। ਜੇ ਗੁਰ-ਵਿਅਕਤੀਆਂ ਦੀ ਤਸਵੀਰ ਦਾ ਧਿਆਨ ਧਰਨ ਦੀ ਹਿਦਾਇਤ ਸਮਝੀ ਜਾਏ, ਤਾਂ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਵਾਰੀ ਗੁਰੂ ਦੇ ਚਰਨਾਂ ਦਾ ਹੀ ਜ਼ਿਕਰ ਹੈ। ਲਫ਼ਜ਼ 'ਗੁਰ-ਮੂਰਤਿ' ਤਾਂ ਇਕ ਦੋ ਵਾਰੀ ਹੀ ਆਇਆ ਹੈ। ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਭੀ ਕਈ ਵਾਰੀ ਲਿਖਿਆ ਮਿਲਦਾ ਹੈ। ਇਸ ਦਾ ਭਾਵ ਇਹ ਹੈ ਕਿ ਹਿਰਦੇ ਵਿਚੋਂ ਅਹੰਕਾਰ ਕੱਢ ਕੇ ਹਰਿ-ਨਾਮ ਵਿਚ ਸੁਰਤਿ ਜੋੜਨੀ ਹੈ, ਜਾਂ, ਗੁਰੂ ਦੇ ਸ਼ਬਦ ਵਿਚ ਜੁੜਨਾ ਹੈ}। ਸਿਉ = ਨਾਲ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ।3। ਸਗਲ = ਸਾਰੇ (ਆਸਰੇ) । ਅੰਦੇਸੇ = ਫ਼ਿਕਰ।4। ਅਰਥ: (ਹੇ ਭਾਈ!) ਭਗਵਾਨ ਤੋਂ ਬਿਨਾ (ਜੀਵਾਂ ਦਾ) ਹੋਰ ਕੋਈ ਆਸਰਾ ਨਹੀਂ ਹੈ। ਉਹ ਭਗਵਾਨ ਹੀ (ਜੀਵਾਂ ਨੂੰ) ਮਾਰਦਾ ਹੈ, ਉਹ ਭਗਵਾਨ ਹੀ (ਜੀਵਾਂ ਨੂੰ) ਪਾਲਦਾ ਹੈ।1। ਰਹਾਉ। (ਹੇ ਭਾਈ! ਜੇ ਉਸ ਭਗਵਾਨ ਦਾ ਆਸਰਾ ਮਨ ਵਿਚ ਪੱਕਾ ਕਰਨਾ ਹੈ, ਤਾਂ) ਗੁਰੂ ਦਾ ਸ਼ਬਦ (ਆਪਣੇ) ਮਨ ਵਿਚ ਟਿਕਾਈ ਰੱਖ (ਗੁਰ-ਸ਼ਬਦ ਦੀ ਸਹਾਇਤਾ ਨਾਲ ਭਗਵਾਨ ਦਾ) ਨਾਮ ਸਿਮਰ, ਤੇਰੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਣਗੇ।1। (ਹੇ ਭਾਈ! ਜੇ ਭਗਵਾਨ ਦਾ ਆਸਰਾ ਲੈਣਾ ਹੈ, ਤਾਂ) ਆਪਣੇ ਹਿਰਦੇ ਵਿਚ ਦਿਲ ਵਿਚ ਗੁਰੂ ਦੇ ਚਰਨ ਵਸਾ (ਭਾਵ, ਨਿਮਤ੍ਰਾ ਨਾਲ ਗੁਰੂ ਦੀ ਸਰਨ ਪਉ) । (ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ) ਜਪ ਕੇ ਤੂੰ (ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਏਂਗਾ।2। (ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤਿ ਹੈ, ਗੁਰੂ ਦਾ ਸਰੂਪ ਹੈ) ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤਿ ਜੋੜ, ਤੂੰ ਇਸ ਲੋਕ ਵਿਚ ਤੇ ਪਰਲੋਕ ਵਿਚ ਆਦਰ ਹਾਸਲ ਕਰੇਂਗਾ।3। ਹੇ ਨਾਨਕ! ਜੇਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਸਰਨ ਆਉਂਦਾ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਮੁੱਕ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦਾ ਹੈ।4। 61।130। ਗਉੜੀ ਮਹਲਾ ੫ ॥ ਜਿਸੁ ਸਿਮਰਤ ਦੂਖੁ ਸਭੁ ਜਾਇ ॥ ਨਾਮੁ ਰਤਨੁ ਵਸੈ ਮਨਿ ਆਇ ॥੧॥ ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥ ਇਕਸੁ ਬਿਨੁ ਨਾਹੀ ਦੂਜਾ ਕੋਇ ॥ ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥ ਸਾਜਨੁ ਮੀਤੁ ਸਖਾ ਕਰਿ ਏਕੁ ॥ ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥ ਰਵਿ ਰਹਿਆ ਸਰਬਤ ਸੁਆਮੀ ॥ ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥ {ਪੰਨਾ 192} ਪਦ ਅਰਥ: ਮਨਿ = ਮਨ ਵਿਚ।1। ਮਨ = ਹੇ ਮਨ! ਸਾਧੂ ਜਨ = ਗੁਰਮੁਖਾਂ ਨੇ। ਰਸਨ = ਜੀਭ ਨਾਲ।1। ਰਹਾਉ। ਦ੍ਰਿਸ਼ਟਿ = ਨਿਗਾਹ।2। ਸਖਾ = ਮਿੱਤਰ। ਕਰਿ = ਬਣਾ। ਲੇਖੁ = ਲਿਖ, ਉੱਕਰ ਲੈ।3। ਰਵਿ ਰਹਿਆ = ਵਿਆਪਕ ਹੈ। ਸਰਬਤ = {svL>} ਹਰ ਥਾਂ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।4। ਅਰਥ: ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ ਉੱਚਾਰਨ ਕਰ। (ਇਸ ਬਾਣੀ ਦੀ ਰਾਹੀਂ ਹੀ) ਸੰਤ ਜਨ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ।1। ਰਹਾਉ। (ਹੇ ਭਾਈ! ਉਸ ਗੋਬਿੰਦ ਦੀ ਬਾਣੀ ਜਪ) ਜਿਸ ਦਾ ਸਿਮਰਨ ਕੀਤਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ (ਤੇ, ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦਾ ਅਮੋਲਕ ਨਾਮ ਮਨ ਵਿਚ ਆ ਵੱਸਦਾ ਹੈ।1। (ਹੇ ਭਾਈ! ਉਸ ਗੋਬਿੰਦ ਦੀ ਸਿਫ਼ਤਿ-ਸਾਲਾਹ ਕਰਦਾ ਰਹੁ) ਜਿਸ ਦੀ ਮਿਹਰ ਦੀ ਨਿਗਾਹ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ, ਤੇ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।2। (ਹੇ ਭਾਈ! ਉਸ) ਇੱਕ ਗੋਬਿੰਦ ਨੂੰ ਆਪਣਾ ਸੱਜਣ ਮਿੱਤਰ ਸਾਥੀ ਬਣਾ, ਤੇ ਉਸ ਹਰੀ ਦੀ ਸਿਫ਼ਤਿ-ਸਾਲਾਹ ਦੇ ਅੱਖਰ (ਸੰਸਕਾਰ) ਆਪਣੇ ਮਨ ਵਿਚ ਉੱਕਰ ਲੈ।3। (ਹੇ ਭਾਈ! ਸਾਰੇ ਜਗਤ ਦਾ ਉਹ) ਮਾਲਕ ਹਰ ਥਾਂ ਵਿਆਪਕ ਹੈ ਤੇ ਹਰੇਕ ਦੇ ਦਿਲ ਦੀ ਜਾਣਦਾ ਹੈ, ਨਾਨਕ (ਭੀ) ਉਸ ਅੰਤਰਜਾਮੀ ਸੁਆਮੀ ਦੇ ਗੁਣ ਗਾਂਦਾ ਹੈ।4। 62।131। ਗਉੜੀ ਮਹਲਾ ੫ ॥ ਭੈ ਮਹਿ ਰਚਿਓ ਸਭੁ ਸੰਸਾਰਾ ॥ ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥ ਭਉ ਨ ਵਿਆਪੈ ਤੇਰੀ ਸਰਣਾ ॥ ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥ ਸੋਗ ਹਰਖ ਮਹਿ ਆਵਣ ਜਾਣਾ ॥ ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥ ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥ ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥ ਰਾਖਿ ਲੇਇ ਪ੍ਰਭੁ ਰਾਖਨਹਾਰਾ ॥ ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥ {ਪੰਨਾ 192} ਪਦ ਅਰਥ: ਭੈ ਮਹਿ = ਡਰ ਵਿਚ {ਲਫ਼ਜ਼ 'ਭਉ' ਕਿਸੇ ਸੰਬੰਧਕ ਦੇ ਨਾਲ 'ਭੈ' ਬਣ ਜਾਂਦਾ ਹੈ}। ਰਚਿਓ = ਜਜ਼ਬ ਹੋਇਆ ਪਿਆ ਹੈ। ਤਿਸੁ = ਉਸ (ਮਨੁੱਖ) ਨੂੰ। ਅਧਾਰਾ = ਆਸਰਾ।1। ਨ ਵਿਆਪੈ = ਜ਼ੋਰ ਨਹੀਂ ਪਾਂਦਾ।1। ਰਹਾਉ। ਸੋਗ = ਗ਼ਮ, ਦੁੱਖ। ਹਰਖ = ਖ਼ੁਸ਼ੀ। ਆਵਣ ਜਾਣਾ = (ਭਉ ਦਾ) ਆਉਣਾ ਜਾਣਾ। ਪ੍ਰਭ ਭਾਣਾ = ਪ੍ਰਭੂ ਨੂੰ ਚੰਗਾ ਲੱਗਦਾ ਹੈ। ਤਿਨਿ = ਉਸ (ਮਨੁੱਖ) ਨੇ।2। ਅਗਨਿ ਸਾਗਰੁ = ਅੱਗ ਦਾ ਸਮੁੰਦਰ। ਸੇ = ਉਹ ਬੰਦੇ।3। ਰਾਖਿ ਲੇਇ = ਰੱਖ ਲੈਂਦਾ ਹੈ।4। ਅਰਥ: ਹੇ ਪ੍ਰਭੂ! ਤੇਰੀ ਸਰਣ ਪਿਆਂ (ਤੇਰਾ ਪੱਲਾ ਫੜਿਆਂ) ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ (ਕਿਉਂਕਿ ਫਿਰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹੀ ਕੰਮ ਕੀਤਾ ਜਾ ਸਕਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ।1। ਰਹਾਉ। (ਹੇ ਭਾਈ!) ਸਾਰਾ ਸੰਸਾਰ (ਕਿਸੇ ਨ ਕਿਸੇ) ਡਰ-ਸਹਮ ਦੇ ਹੇਠ ਦਬਿਆ ਰਹਿੰਦਾ ਹੈ, ਸਿਰਫ਼ ਉਸ ਮਨੁੱਖ ਉਤੇ (ਕੋਈ) ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਜਿਸ ਨੂੰ (ਪਰਮਾਤਮਾ ਦਾ) ਨਾਮ (ਜੀਵਨ ਵਾਸਤੇ) ਸਹਾਰਾ ਮਿਲਿਆ ਹੋਇਆ ਹੈ।1। ਦੁੱਖ ਮੰਨਣ ਵਿਚ ਜਾਂ ਖ਼ੁਸ਼ੀ ਮਨਾਣ ਵਿਚ (ਸੰਸਾਰੀ ਜੀਵ ਵਾਸਤੇ ਡਰ-ਸਹਮ ਦਾ) ਆਉਣਾ ਜਾਣਾ ਬਣਿਆ ਰਹਿੰਦਾ ਹੈ। ਸਿਰਫ਼ ਉਸ ਮਨੁੱਖ ਨੇ (ਟਿਕਵਾਂ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ਜੇਹੜਾ ਪ੍ਰਭੂ ਨੂੰ ਪਿਆਰਾ ਲੱਗਦਾ ਹੈ (ਜੋ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ।2। (ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚ ਜੀਵਾਂ ਉਤੇ) ਮਾਇਆ ਆਪਣਾ ਬਹੁਤ ਜ਼ੋਰ ਪਾਈ ਰੱਖਦੀ ਹੈ। ਜਿਨ੍ਹਾਂ (ਵਡ-ਭਾਗੀਆਂ) ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ (ਇਸ ਅਗਨਿ-ਸਾਗਰ ਵਿਚ ਵਿਚਰਦੇ ਹੋਏ ਭੀ ਅੰਤਰ-ਆਤਮੇ) ਠੰਡੇ-ਠਾਰ ਟਿਕੇ ਰਹਿੰਦੇ ਹਨ।3। (ਪਰ) ਹੇ ਨਾਨਕ! (ਡਰ-ਸਹਮ ਤੋਂ ਬਚਣ ਲਈ, ਅਗਨਿ-ਸਾਗਰ ਦੇ ਵਿਕਾਰਾਂ ਦੇ ਸੇਕ ਤੋਂ ਬਚਣ ਲਈ) ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? ਬਚਾਣ ਦੀ ਤਾਕਤ ਰੱਖਣ ਵਾਲਾ ਪਰਮਾਤਮਾ ਆਪ ਹੀ ਬਚਾਂਦਾ ਹੈ (ਇਸ ਵਾਸਤੇ, ਹੇ ਨਾਨਕ! ਉਸ ਪਰਮਾਤਮਾ ਦਾ ਪੱਲਾ ਫੜੀ ਰੱਖ) ।4। 63।132। ਗਉੜੀ ਮਹਲਾ ੫ ॥ ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥ ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥ ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥ ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥ ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥ ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥ ਪਾਰਬ੍ਰਹਮ ਅਪਰੰਪਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥੩॥ ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥ ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥ {ਪੰਨਾ 192} ਪਦ ਅਰਥ: ਤੇ = ਤੋਂ, ਨਾਲ। ਜਪੀਐ = ਜਪਿਆ ਜਾ ਸਕਦਾ ਹੈ। ਦਰਗਹ = (ਤੇਰੀ) ਹਜ਼ੂਰੀ ਵਿਚ। ਥਾਉ = ਥਾਂ, ਇੱਜ਼ਤ।1। ਪਾਰਬ੍ਰਹਮ = ਹੇ ਪਾਰਬ੍ਰਹਮ ਪ੍ਰਭੂ! ਸੁਖੁ = ਆਤਮਕ ਆਨੰਦ।1। ਰਹਾਉ। ਮਨਿ = ਮਨ ਵਿਚ। ਤਉ = ਤਾਂ। ਨ ਲਾਗੈ = ਪੋਹ ਨਹੀਂ ਸਕਦਾ। ਭ੍ਰਮੁ = ਭਟਕਣਾ।2। ਅਪਰੰਪਰ = ਹੇ ਬੇਅੰਤ! ਘਟ = ਸਰੀਰ। ਅੰਤਰਜਾਮੀ = ਹੇ ਦਿਲ ਦੀ ਜਾਣਨ ਵਾਲੇ!।3। ਕਰਉ = ਕਰਉਂ, ਮੈਂ ਕਰਦਾ ਹਾਂ। ਨਾਨਕ ਮਿਲੈ = ਨਾਨਕ ਨੂੰ ਮਿਲੇ। ਸਚੁ = ਸਦਾ ਕਾਇਮ ਰਹਿਣ ਵਾਲਾ। ਰਾਸਿ = ਸਰਮਾਇਆ।4। ਅਰਥ: ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ (ਜੀਵਾਂ ਦਾ ਹੋਰ) ਕੋਈ (ਆਸਰਾ) ਨਹੀਂ ਹੈ। ਤੇਰੀ ਕਿਰਪਾ ਨਾਲ ਹੀ (ਜੀਵ ਨੂੰ) ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ।1। ਰਹਾਉ। (ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ (ਤੇਰਾ) ਨਾਮ ਜਪਿਆ ਜਾ ਸਕਦਾ ਹੈ। ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ।1। (ਹੇ ਪਾਰਬ੍ਰਹਮ ਪ੍ਰਭੂ!) ਜੇ ਤੂੰ (ਜੀਵ ਦੇ) ਮਨ ਵਿਚ ਆ ਵੱਸੇਂ ਤਾਂ (ਜੀਵ ਨੂੰ ਕੋਈ) ਦੁੱਖ ਪੋਹ ਨਹੀਂ ਸਕਦਾ, ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ।2। ਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ! ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ!।3। ; (ਜੇ ਤੇਰੀ ਮਿਹਰ ਹੋਵੇ ਤਾਂ ਹੀ) ਮੈਂ ਆਪਣੇ ਗੁਰੂ ਅੱਗੇ (ਇਹ) ਅਰਦਾਸ ਕਰ ਸਕਦਾ ਹਾਂ ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ (ਨਾਨਕ ਵਾਸਤੇ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ।4। 64।133। ਗਉੜੀ ਮਹਲਾ ੫ ॥ ਕਣ ਬਿਨਾ ਜੈਸੇ ਥੋਥਰ ਤੁਖਾ ॥ ਨਾਮ ਬਿਹੂਨ ਸੂਨੇ ਸੇ ਮੁਖਾ ॥੧॥ ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥ ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥ ਨਾਮ ਬਿਨਾ ਨਾਹੀ ਮੁਖਿ ਭਾਗੁ ॥ ਭਰਤ ਬਿਹੂਨ ਕਹਾ ਸੋਹਾਗੁ ॥੨॥ ਨਾਮੁ ਬਿਸਾਰਿ ਲਗੈ ਅਨ ਸੁਆਇ ॥ ਤਾ ਕੀ ਆਸ ਨ ਪੂਜੈ ਕਾਇ ॥੩॥ ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥ ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥ {ਪੰਨਾ 192} ਪਦ ਅਰਥ: ਕਣ = ਦਾਣੇ। ਥੋਥਰ = ਖ਼ਾਲੀ। ਤੁਖਾ = ਤੋਹ। ਬਿਹੂਨ = ਸੱਖਣੇ। ਸੂਨੇ = ਸੁੰਞੇ।1। ਪ੍ਰਾਣੀ = ਹੇ ਪ੍ਰਾਣੀ! ਧ੍ਰਿਗੁ = ਫਿਟਕਾਰ-ਜੋਗ। ਦੇਹ = ਸਰੀਰ। ਬਿਗਾਨੀ = ਪਰਾਈ।1। ਰਹਾਉ। ਮੁਖਿ = ਮੱਥੇ ਉਤੇ। ਭਾਗੁ = ਚੰਗੀ ਕਿਸਮਤਿ। ਭਰਤ = ਪਤੀ, ਭਰਤਾ। ਸੋਹਾਗੁ = {sOBwÀX}।2। ਬਿਸਾਰਿ = ਭੁਲਾ ਕੇ। ਅਨ = {ANX} ਹੋਰ। ਸੁਆਇ = ਸੁਆਦ ਵਿਚ। ਕਾਇ = ਕੋਈ ਭੀ। ਨ ਪੂਜੈ = ਸਿਰੇ ਨਹੀਂ ਚੜ੍ਹਦੀ।3। ਪ੍ਰਭ = ਹੇ ਪ੍ਰਭੂ! ਨਾਨਕ = ਹੇ ਨਾਨਕ!।4। ਅਰਥ: ਹੇ ਪ੍ਰਾਣੀ! ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ। ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਜੋ ਆਖ਼ਿਰ ਪਰਾਇਆ ਹੋ ਜਾਂਦਾ ਹੈ (ਜੋ ਮੌਤ ਆਉਣ ਤੇ ਛੱਡਣਾ ਪੈਂਦਾ ਹੈ) ਫਿਟਕਾਰ-ਜੋਗ (ਕਿਹਾ ਜਾਂਦਾ) ਹੈ।1। ਰਹਾਉ। (ਹੇ ਭਾਈ!) ਜਿਵੇਂ ਦਾਣਿਆਂ ਤੋਂ ਬਿਨਾ ਖ਼ਾਲੀ ਤੋਹ (ਕਿਸੇ ਕੰਮ ਨਹੀਂ ਆਉਂਦੇ, ਇਸੇ ਤਰ੍ਹਾਂ) ਉਹ ਮੂੰਹ ਸੁੰਞੇ ਹਨ ਜੋ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹਨ।1। (ਹੇ ਭਾਈ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਕਿਸੇ ਮੱਥੇ ਉਤੇ ਭਾਗ ਨਹੀਂ ਖੁਲ੍ਹਦਾ। ਖਸਮ ਤੋਂ ਬਿਨਾ (ਇਸਤ੍ਰੀ ਦਾ) ਸੁਹਾਗ ਨਹੀਂ ਹੋ ਸਕਦਾ।2। (ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦ ਵਿਚ ਰੁੱਝਦਾ ਹੈ, ਉਸ ਦੀ ਕੋਈ ਆਸ ਸਿਰੇ ਨਹੀਂ ਚੜ੍ਹਦੀ।3। ਹੇ ਨਾਨਕ! (ਆਖ–) ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼ਦਾ ਹੈਂ ਉਹੀ ਦਿਨ ਰਾਤ ਤੇਰਾ ਨਾਮ ਜਪਦਾ ਹੈ।4। 65।134। |
Sri Guru Granth Darpan, by Professor Sahib Singh |