ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 193 ਗਉੜੀ ਮਹਲਾ ੫ ॥ ਤੂੰ ਸਮਰਥੁ ਤੂੰਹੈ ਮੇਰਾ ਸੁਆਮੀ ॥ ਸਭੁ ਕਿਛੁ ਤੁਮ ਤੇ ਤੂੰ ਅੰਤਰਜਾਮੀ ॥੧॥ ਪਾਰਬ੍ਰਹਮ ਪੂਰਨ ਜਨ ਓਟ ॥ ਤੇਰੀ ਸਰਣਿ ਉਧਰਹਿ ਜਨ ਕੋਟਿ ॥੧॥ ਰਹਾਉ ॥ ਜੇਤੇ ਜੀਅ ਤੇਤੇ ਸਭਿ ਤੇਰੇ ॥ ਤੁਮਰੀ ਕ੍ਰਿਪਾ ਤੇ ਸੂਖ ਘਨੇਰੇ ॥੨॥ ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥ ਹੁਕਮੁ ਬੂਝੈ ਸੋ ਸਚਿ ਸਮਾਣਾ ॥੩॥ ਕਰਿ ਕਿਰਪਾ ਦੀਜੈ ਪ੍ਰਭ ਦਾਨੁ ॥ ਨਾਨਕ ਸਿਮਰੈ ਨਾਮੁ ਨਿਧਾਨੁ ॥੪॥੬੬॥੧੩੫॥ {ਪੰਨਾ 193} ਪਦ ਅਰਥ: ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ, ਸਭ ਕੁਝ ਕਰਨ ਜੋਗਾ। ਸੁਆਮੀ = ਮਾਲਕ। ਤੁਮ ਤੇ = ਤੈਥੋਂ, ਤੇਰੀ ਮਰਜ਼ੀ ਨਾਲ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।1। ਪਾਰਬ੍ਰਹਮ = ਹੇ ਪਾਰਬ੍ਰਹਮ ਪ੍ਰਭੂ! ਪੂਰਨ = ਹੇ ਸਰਬ-ਵਿਆਪਕ ਪ੍ਰਭੂ! ਜਨ = ਸੇਵਕ। ਉਧਰਹਿ = (ਸੰਸਾਰ-ਸਮੁੰਦਰ ਤੋਂ) ਬਚ ਜਾਂਦੇ ਹਨ। ਕੋਟਿ = ਕ੍ਰੋੜਾਂ।1। ਰਹਾਉ। ਜੇਤੇ ਤੇਤੇ = ਜਿਤਨੇ ਭੀ ਹਨ ਉਹ ਸਾਰੇ। ਤੇਤੇ = ਤਿਤਨੇ। ਸਭਿ = ਸਾਰੇ। ਘਨੇਰੇ = ਅਨੇਕਾਂ।2। ਤੇਰਾ ਭਾਣਾ = ਤੇਰੀ ਰਜ਼ਾ, ਜੋ ਕੁਝ ਤੈਨੂੰ ਪਸੰਦ ਆਉਂਦਾ ਹੈ। ਸਚਿ = ਸਦਾ-ਥਿਰ ਨਾਮ ਵਿਚ।3। ਪ੍ਰਭ = ਹੇ ਪ੍ਰਭੂ! ਨਾਨਕ = ਹੇ ਨਾਨਕ! ਨਿਧਾਨੁ = ਖ਼ਜ਼ਾਨਾ।4। ਅਰਥ: ਹੇ ਸਰਬ-ਵਿਆਪਕ ਪਾਰਬ੍ਰਹਮ ਪ੍ਰਭੂ! ਤੇਰੇ ਸੇਵਕਾਂ ਨੂੰ ਤੇਰਾ ਹੀ ਆਸਰਾ ਹੁੰਦਾ ਹੈ। ਕ੍ਰੋੜਾਂ ਹੀ ਮਨੁੱਖ ਤੇਰੀ ਸਰਨ ਪੈ ਕੇ (ਸੰਸਾਰ-ਸਮੁੰਦਰ ਤੋਂ) ਬਚ ਜਾਂਦੇ ਹਨ।1। ਰਹਾਉ। (ਹੇ ਪਾਰਬ੍ਰਹਮ!) ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਮੇਰਾ ਮਾਲਕ ਹੈਂ (ਮੈਨੂੰ ਤੇਰਾ ਹੀ ਆਸਰਾ ਹੈ) । ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਪ੍ਰੇਰਨਾ ਨਾਲ ਹੀ ਹੋ ਰਿਹਾ ਹੈ।1। (ਹੇ ਪਾਰਬ੍ਰਹਮ! ਜਗਤ ਵਿਚ) ਜਿਤਨੇ ਭੀ ਜੀਵ ਹਨ, ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਹਨ। ਤੇਰੀ ਮਿਹਰ ਨਾਲ ਹੀ (ਜੀਵਾਂ ਨੂੰ) ਅਨੇਕਾਂ ਸੁਖ ਮਿਲ ਰਹੇ ਹਨ।2। (ਹੇ ਪਾਰਬ੍ਰਹਮ! ਸੰਸਾਰ ਵਿਚ) ਜੋ ਕੁਝ ਵਾਪਰ ਰਿਹਾ ਹੈ, ਉਹੀ ਵਾਪਰਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ। ਜੇਹੜਾ ਮਨੁੱਖ ਤੇਰੀ ਰਜ਼ਾ ਨੂੰ ਸਮਝ ਲੈਂਦਾ ਹੈ, ਉਹ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ।3। ਹੇ ਨਾਨਕ! (ਆਖ–) ਹੇ ਪ੍ਰਭੂ! ਮਿਹਰ ਕਰ ਕੇ ਆਪਣੇ ਨਾਮ ਦੀ ਦਾਤਿ ਬਖ਼ਸ਼ ਤਾ ਕਿ ਤੇਰਾ ਦਾਸ ਨਾਨਕ ਤੇਰਾ ਨਾਮ ਸਿਮਰਦਾ ਰਹੇ (ਤੇਰਾ ਨਾਮ ਹੀ ਤੇਰੇ ਦਾਸ ਵਾਸਤੇ ਸਭ ਸੁਖਾਂ ਦਾ) ਖ਼ਜ਼ਾਨਾ ਹੈ।4। 66।135। ਗਉੜੀ ਮਹਲਾ ੫ ॥ ਤਾ ਕਾ ਦਰਸੁ ਪਾਈਐ ਵਡਭਾਗੀ ॥ ਜਾ ਕੀ ਰਾਮ ਨਾਮਿ ਲਿਵ ਲਾਗੀ ॥੧॥ ਜਾ ਕੈ ਹਰਿ ਵਸਿਆ ਮਨ ਮਾਹੀ ॥ ਤਾ ਕਉ ਦੁਖੁ ਸੁਪਨੈ ਭੀ ਨਾਹੀ ॥੧॥ ਰਹਾਉ ॥ ਸਰਬ ਨਿਧਾਨ ਰਾਖੇ ਜਨ ਮਾਹਿ ॥ ਤਾ ਕੈ ਸੰਗਿ ਕਿਲਵਿਖ ਦੁਖ ਜਾਹਿ ॥੨॥ ਜਨ ਕੀ ਮਹਿਮਾ ਕਥੀ ਨ ਜਾਇ ॥ ਪਾਰਬ੍ਰਹਮੁ ਜਨੁ ਰਹਿਆ ਸਮਾਇ ॥੩॥ ਕਰਿ ਕਿਰਪਾ ਪ੍ਰਭ ਬਿਨਉ ਸੁਨੀਜੈ ॥ ਦਾਸ ਕੀ ਧੂਰਿ ਨਾਨਕ ਕਉ ਦੀਜੈ ॥੪॥੬੭॥੧੩੬॥ {ਪੰਨਾ 193} ਪਦ ਅਰਥ: ਰਾਮ ਨਾਮਿ = ਰਾਮ ਦੇ ਨਾਮ ਵਿਚ। ਲਿਵ = ਲਗਨ।1। ਮਾਹੀ = ਮਾਹਿ, ਵਿਚ। ਤਾ ਕਉ = ਉਸ (ਮਨੁੱਖ) ਨੂੰ।1। ਰਹਾਉ। ਨਿਧਾਨ = ਖ਼ਜ਼ਾਨੇ। ਕਿਲਵਿਖ = ਪਾਪ।2। ਮਹਿਮਾ = ਵਡਿਆਈ, ਆਤਮਕ ਉੱਚਤਾ। ਜਨੁ = ਸੇਵਕ।3। ਪ੍ਰਭ = ਹੇ ਪ੍ਰਭੂ! ਬਿਨਉ = ਬੇਨਤੀ। ਸੁਨੀਐ = ਸੁਣ। ਕਉ = ਨੂੰ।4। ਅਰਥ: (ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਿਆ ਰਹਿੰਦਾ ਹੈ, ਉਸ ਮਨੁੱਖ ਨੂੰ ਕਦੇ ਸੁਪਨੇ ਵਿਚ ਭੀ (ਕੋਈ) ਦੁੱਖ ਪੋਹ ਨਹੀਂ ਸਕਦਾ।1। ਰਹਾਉ। (ਹੇ ਭਾਈ!) ਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ, ਉਸ ਦਾ ਦਰਸਨ ਵੱਡੇ ਭਾਗਾਂ ਨਾਲ ਮਿਲਦਾ ਹੈ।1। (ਹੇ ਭਾਈ! ਨਾਮ ਦੀ ਲਗਨ ਵਾਲੇ) ਸੇਵਕ (ਦੇ ਹਿਰਦੇ) ਵਿਚ (ਪਰਮਾਤਮਾ) ਸਾਰੇ (ਆਤਮਕ ਗੁਣਾਂ ਦੇ) ਖ਼ਜ਼ਾਨੇ ਪਾ ਰੱਖਦਾ ਹੈ। ਅਜੇਹੇ ਸੇਵਕ ਦੀ ਸੰਗਤਿ ਵਿਚ ਰਿਹਾਂ ਪਾਪ ਤੇ ਦੁੱਖ ਦੂਰ ਹੋ ਜਾਂਦੇ ਹਨ।2। (ਹੇ ਭਾਈ! ਇਹੋ ਜਿਹੇ) ਸੇਵਕ ਦੀ ਆਤਮਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਸੇਵਕ ਉਸ ਪਾਰਬ੍ਰਹਮ ਦਾ ਰੂਪ ਬਣ ਜਾਂਦਾ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ।3। (ਹੇ ਨਾਨਕ! ਆਖ–) ਹੇ ਪ੍ਰਭੂ! ਮੇਰੀ ਬੇਨਤੀ ਸੁਣ, ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣੇ ਅਜੇਹੇ ਸੇਵਕ ਦੇ ਚਰਨਾਂ ਦੀ ਧੂੜ ਦੇਹ।4। 67।136। ਗਉੜੀ ਮਹਲਾ ੫ ॥ ਹਰਿ ਸਿਮਰਤ ਤੇਰੀ ਜਾਇ ਬਲਾਇ ॥ ਸਰਬ ਕਲਿਆਣ ਵਸੈ ਮਨਿ ਆਇ ॥੧॥ ਭਜੁ ਮਨ ਮੇਰੇ ਏਕੋ ਨਾਮ ॥ ਜੀਅ ਤੇਰੇ ਕੈ ਆਵੈ ਕਾਮ ॥੧॥ ਰਹਾਉ ॥ ਰੈਣਿ ਦਿਨਸੁ ਗੁਣ ਗਾਉ ਅਨੰਤਾ ॥ ਗੁਰ ਪੂਰੇ ਕਾ ਨਿਰਮਲ ਮੰਤਾ ॥੨॥ ਛੋਡਿ ਉਪਾਵ ਏਕ ਟੇਕ ਰਾਖੁ ॥ ਮਹਾ ਪਦਾਰਥੁ ਅੰਮ੍ਰਿਤ ਰਸੁ ਚਾਖੁ ॥੩॥ ਬਿਖਮ ਸਾਗਰੁ ਤੇਈ ਜਨ ਤਰੇ ॥ ਨਾਨਕ ਜਾ ਕਉ ਨਦਰਿ ਕਰੇ ॥੪॥੬੮॥੧੩੭॥ {ਪੰਨਾ 193} ਪਦ ਅਰਥ: ਜਾਇ = ਚਲੀ ਜਾਏਗੀ। ਬਲਾਇ = ਵੈਰਨ। ਕਲਿਆਣ = ਸੁਖ। ਸਰਬ ਕਲਿਆਣ = ਸਾਰੇ ਹੀ ਸੁਖ।1। ਮਨ ਮੇਰੇ = ਹੇ ਮੇਰੇ ਮਨ! ਜੀਅ ਕੈ ਕਾਮਿ = ਜਿੰਦ ਦੇ ਕੰਮ।1। ਰਹਾਉ। ਰੈਣਿ = ਰਾਤ। ਗੁਣ ਅਨੰਤਾ = ਬੇਅੰਤ ਪ੍ਰਭੂ ਦੇ ਗੁਣ। ਨਿਰਮਲ = ਪਵਿੱਤਰ। ਮੰਤਾ = ਉਪਦੇਸ਼।2। ਉਪਾਵ = {ਲਫ਼ਜ਼, 'ਉਪਾਉ' ਤੋਂ ਬਹੁ-ਵਚਨ}। ਟੇਕ = ਆਸਰਾ। ਮਹਾ ਪਦਾਰਥੁ = ਸਭ ਤੋਂ ਸ੍ਰੇਸ਼ਟ ਪਦਾਰਥ।3। ਬਿਖਮ = ਔਖਾ। ਤੇਈ ਜਨ = ਉਹੀ ਬੰਦੇ। ਨਦਰਿ = ਨਿਗਾਹ।4। ਅਰਥ: ਹੇ ਮੇਰੇ ਮਨ! ਇਕ ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹੁ। ਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾ (ਜਿੰਦ ਦੇ ਨਾਲ ਸਦਾ ਨਿਭੇਗਾ) ।1। ਰਹਾਉ। (ਹੇ ਭਾਈ!) ਪਰਮਾਤਮਾ ਦਾ ਸਿਰਮਨ ਕਰਦਿਆਂ ਤੇਰੀ ਵੈਰਨ (ਮਾਇਆ ਡਾਇਣ) ਤੈਥੋਂ ਪਰੇ ਹਟ ਜਾਏਗੀ। (ਜੇ ਪਰਮਾਤਮਾ ਦਾ ਨਾਮ ਤੇਰੇ) ਮਨ ਵਿਚ ਆ ਵੱਸੇ ਤਾਂ (ਤੇਰੇ ਅੰਦਰ) ਸਾਰੇ ਸੁਖ (ਆ ਵੱਸਣਗੇ) ।1। (ਹੇ ਭਾਈ!) ਪੂਰੇ ਗੁਰੂ ਦਾ ਪਵਿੱਤਰ ਉਪਦੇਸ਼ ਲੈ, ਤੇ ਦਿਨ ਰਾਤ ਬੇਅੰਤ ਪਰਮਾਤਮਾ ਦੇ ਗੁਣ ਗਾਇਆ ਕਰ।2। (ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਹੋਰ ਸਾਰੇ ਹੀਲੇ ਛੱਡ, ਤੇ ਇਕ ਪਰਮਾਤਮਾ (ਦੇ ਨਾਮ) ਦਾ ਆਸਰਾ ਰੱਖ। ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖ = ਇਹੀ ਹੈ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ।3। ਹੇ ਨਾਨਕ! ਉਹੀ ਮਨੁੱਖ ਔਖੇ (ਸੰਸਾਰ) ਸਮੁੰਦਰ ਤੋਂ (ਆਤਮਕ ਪੂੰਜੀ ਸਮੇਤ) ਪਾਰ ਲੰਘਦੇ ਹਨ, ਜਿਨ੍ਹਾਂ ਤੇ (ਪਰਮਾਤਮਾ ਆਪ ਮਿਹਰ ਦੀ) ਨਜ਼ਰ ਕਰਦਾ ਹੈ।4। 68।137। ਗਉੜੀ ਮਹਲਾ ੫ ॥ ਹਿਰਦੈ ਚਰਨ ਕਮਲ ਪ੍ਰਭ ਧਾਰੇ ॥ ਪੂਰੇ ਸਤਿਗੁਰ ਮਿਲਿ ਨਿਸਤਾਰੇ ॥੧॥ ਗੋਵਿੰਦ ਗੁਣ ਗਾਵਹੁ ਮੇਰੇ ਭਾਈ ॥ ਮਿਲਿ ਸਾਧੂ ਹਰਿ ਨਾਮੁ ਧਿਆਈ ॥੧॥ ਰਹਾਉ ॥ ਦੁਲਭ ਦੇਹ ਹੋਈ ਪਰਵਾਨੁ ॥ ਸਤਿਗੁਰ ਤੇ ਪਾਇਆ ਨਾਮ ਨੀਸਾਨੁ ॥੨॥ ਹਰਿ ਸਿਮਰਤ ਪੂਰਨ ਪਦੁ ਪਾਇਆ ॥ ਸਾਧਸੰਗਿ ਭੈ ਭਰਮ ਮਿਟਾਇਆ ॥੩॥ ਜਤ ਕਤ ਦੇਖਉ ਤਤ ਰਹਿਆ ਸਮਾਇ ॥ ਨਾਨਕ ਦਾਸ ਹਰਿ ਕੀ ਸਰਣਾਇ ॥੪॥੬੯॥੧੩੮॥ {ਪੰਨਾ 193} ਪਦ ਅਰਥ: ਚਰਨ ਕਮਲ ਪ੍ਰਭ = ਪ੍ਰਭੂ ਦੇ ਕੌਲ-ਫੁੱਲਾਂ ਵਰਗੇ ਸੋਹਣੇ ਚਰਨ। ਸਤਿਗੁਰ ਮਿਲਿ = ਗੁਰੂ ਨੂੰ ਮਿਲ ਕੇ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।1। ਭਾਈ = ਹੇ ਭਾਈ! ਸਾਧੂ = ਗੁਰੂ। ਧਿਆਈ = ਧਿਆਇ, ਸਿਮਰ।1। ਰਹਾਉ। ਦੇਹ = ਸਰੀਰ, ਮਨੁੱਖਾ ਸਰੀਰ। ਦੁਲਭ = ਜੇਹੜਾ ਬੜੀ ਮੁਸ਼ਕਲ ਨਾਲ ਮਿਲਦਾ ਹੈ। ਤੇ = ਤੋਂ। ਨੀਸਾਨੁ = ਪਰਵਾਨਾ, ਰਾਹਦਾਰੀ।2। ਪੂਰਨ ਪਦੁ = ਉਹ ਆਤਮਕ ਦਰਜਾ ਜਿਥੇ ਉਕਾਈ ਦੀ ਗੁੰਜੈਸ਼ ਨਹੀਂ ਰਹਿੰਦੀ। ਸੰਗਿ = ਸੰਗਤਿ ਵਿਚ।3। ਜਤ ਕਤ = ਜਿਧਰ ਕਿਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਤ = ਤੱਤ੍ਰ, ਉਧਰ (ਹੀ) ।4। ਅਰਥ: ਹੇ ਮੇਰੇ ਭਾਈ! ਗੋਬਿੰਦ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹੋ। ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰੋ।1। ਰਹਾਉ। (ਹੇ ਮੇਰੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿਚ ਟਿਕਾਂਦੇ ਹਨ, ਪੂਰੇ ਸਤਿਗੁਰੂ ਨੂੰ ਮਿਲ ਕੇ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। (ਹੇ ਮੇਰੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ-ਸਫ਼ਰ ਵਿਚ) ਸਤਿਗੁਰੂ ਪਾਸੋਂ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਹਾਸਲ ਕਰ ਲਈ ਹੈ, ਉਹਨਾਂ ਦਾ ਮਨੁੱਖਾ ਸਰੀਰ = ਬੜੀ ਕਠਨਤਾ ਨਾਲ ਮਿਲਿਆ ਹੋਇਆ ਮਨੁੱਖਾ ਸਰੀਰ = (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ।2। (ਹੇ ਮੇਰੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਜਿਥੇ ਕਿਸੇ ਉਕਾਈ ਦੀ ਸੰਭਾਵਨਾ ਨਹੀਂ ਰਹਿ ਜਾਂਦੀ। ਸਾਧ ਸੰਗਤਿ ਵਿਚ ਰਹਿ ਕੇ ਮਨੁੱਖ ਸਾਰੇ ਡਰ ਸਾਰੀਆਂ ਭਟਕਣਾ ਮਿਟਾ ਲੈਂਦਾ ਹੈ।3। ਹੇ ਨਾਨਕ! (ਆਖ– ਹੇ ਮੇਰੇ ਭਾਈ! ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਜਿਧਰ ਭੀ ਵੇਖਦਾ ਹਾਂ, ਉਧਰ ਹੀ ਪਰਮਾਤਮਾ ਵਿਆਪਕ ਦਿੱਸਦਾ ਹੈ। (ਹੇ ਭਾਈ! ਪ੍ਰਭੂ ਦੇ) ਸੇਵਕ ਪ੍ਰਭੂ ਦੀ ਸਰਨ ਵਿਚ ਹੀ ਟਿਕੇ ਰਹਿੰਦੇ ਹਨ।4। 69।138। ਗਉੜੀ ਮਹਲਾ ੫ ॥ ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥ ਜਪਿ ਜਪਿ ਜੀਵਾ ਸਤਿਗੁਰ ਨਾਉ ॥੧॥ ਪਾਰਬ੍ਰਹਮ ਪੂਰਨ ਗੁਰਦੇਵ ॥ ਕਰਿ ਕਿਰਪਾ ਲਾਗਉ ਤੇਰੀ ਸੇਵ ॥੧॥ ਰਹਾਉ ॥ ਚਰਨ ਕਮਲ ਹਿਰਦੈ ਉਰ ਧਾਰੀ ॥ ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥੨॥ ਸਫਲ ਜਨਮੁ ਹੋਵੈ ਪਰਵਾਣੁ ॥ ਗੁਰੁ ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥੩॥ ਸੰਤ ਧੂਰਿ ਪਾਈਐ ਵਡਭਾਗੀ ॥ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ॥੪॥੭੦॥੧੩੯॥ {ਪੰਨਾ 193} ਪਦ ਅਰਥ: ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ।1। ਪਾਰਬ੍ਰਹਮ = ਹੇ ਪਾਰਬ੍ਰਹਮ! ਲਾਗਉ = ਲਾਗਉਂ, ਮੈਂ ਲੱਗਾ ਰਹਾਂ।1। ਰਹਾਉ। ਉਰ = {ars`} ਹਿਰਦਾ। ਗੁਰ = ਗੁਰ (ਚਰਨ) , ਗੁਰੂ ਦੇ ਚਰਨ। ਅਧਾਰੀ = ਆਸਰਾ।2। ਪਰਵਾਣੁ = ਕਬੂਲ। ਨਿਕਟਿ = ਨੇੜੇ।3। ਸੰਤ ਧੂਰਿ = ਗੁਰੂ-ਸੰਤ ਦੇ ਚਰਨਾਂ ਦੀ ਧੂੜ। ਗੁਰ ਭੇਟਤ = ਗੁਰੂ ਨੂੰ ਮਿਲਿਆਂ। ਲਿਵ = ਲਗਨ।4। ਅਰਥ: ਹੇ ਪੂਰਨ ਪਾਰਬ੍ਰਹਮ! ਹੇ ਗੁਰਦੇਵ! ਕਿਰਪਾ ਕਰ, ਮੈਂ ਤੇਰੀ ਸੇਵਾ-ਭਗਤੀ ਵਿਚ ਲੱਗਾ ਰਹਾਂ।1। ਰਹਾਉ। (ਹੇ ਭਾਈ!) ਮੈਂ ਸਤਿਗੁਰੂ ਜੀ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ। ਸਤਿਗੁਰੂ ਦਾ ਨਾਮ ਚੇਤੇ ਕਰ ਕੇ ਮੇਰੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ।1। (ਇਸ ਵਾਸਤੇ, ਹੇ ਭਾਈ! ਗੁਰੂ ਦੇ) ਸੋਹਣੇ ਚਰਨ ਮੈਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾਂਦਾ ਹਾਂ। ਗੁਰੂ ਦੇ ਚਰਨ ਮੇਰੇ ਮਨ ਦਾ ਮੇਰੇ ਤਨ ਦਾ ਮੇਰੇ ਧਨ ਦਾ ਮੇਰੀ ਜਿੰਦ ਦਾ ਆਸਰਾ ਹਨ।2। (ਹੇ ਭਾਈ!) ਗੁਰੂ ਨੂੰ ਪਾਰਬ੍ਰਹਮ ਪ੍ਰਭੂ ਨੂੰ (ਸਦਾ ਆਪਣੇ) ਨੇੜੇ ਵੱਸਦਾ ਸਮਝ। (ਇਸ ਤਰ੍ਹਾਂ ਤੇਰਾ ਮਨੁੱਖਾ) ਜਨਮ ਕਾਮਯਾਬ ਹੋ ਜਾਇਂਗਾ ਤੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਇਂਗਾ।3। ਹੇ ਨਾਨਕ! ਗੁਰੂ-ਸੰਤ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ। ਗੁਰੂ ਨੂੰ ਮਿਲਿਆਂ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲੱਗ ਜਾਂਦੀ ਹੈ।4। 70।139। |
Sri Guru Granth Darpan, by Professor Sahib Singh |