ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 194

ਗਉੜੀ ਮਹਲਾ ੫ ॥ ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥੧॥ ਰਾਮੁ ਰਮੈ ਸੋਈ ਰਾਮਾਣਾ ॥ ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥ ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥ ਜਮ ਪੁਰਿ ਬਾਧਾ ਚੋਟਾ ਖਾਵੈ ॥੨॥ ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥ ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥ ਅੰਤਰਿ ਸਾਚਿ ਨਾਮਿ ਰਸਿ ਰਾਤਾ ॥ ਨਾਨਕ ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥ {ਪੰਨਾ 194}

ਪਦ ਅਰਥ: ਦੁਹਕਰਮ {duÕkmL} ਮੰਦੇ ਕੰਮ। ਹੋਰ = (ਆਪਣੇ ਜੀਵਨ ਦਾ) ਹੋਰ ਪਾਸਾ।1।

ਰਮੈ = ਸਿਮਰਦਾ ਹੈ। ਰਾਮਾਣਾ = ਰਾਮ ਦਾ (ਸੇਵਕ) । ਜਲਿ = ਜਲ ਵਿਚ।

ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ = ਧਰਤੀ ਦੇ ਤਲੇ ਉਤੇ, ਪੁਲਾੜ ਵਿਚ, ਅਕਾਸ਼ ਵਿਚ।1। ਰਹਾਉ।

ਬਿਖੁ = ਜ਼ਹਰ। ਮੁਖਿ = ਮੂੰਹ ਨਾਲ। ਜਮਪੁਰਿ = ਜਮ ਦੀ ਪੁਰੀ ਵਿਚ। ਪੁਰਿ = ਪੁਰ ਵਿਚ, ਸ਼ਹਰ ਵਿਚ।2।

ਸੰਸਾਰਿ = ਸੰਸਾਰ ਵਿਚ। ਹੋਹਿ = ਹੋ ਜਾਂਦੇ ਹਨ।3।

ਸਾਚਿ ਨਾਮਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ-ਨਾਮ ਵਿਚ। ਰਸਿ = ਰਸ ਵਿਚ। ਬਿਧਾਤਾ = ਸਿਰਜਣਹਾਰ ਪ੍ਰਭੂ।4।

ਅਰਥ: (ਹੇ ਭਾਈ!) ਉਹੀ ਮਨੁੱਖ ਰਾਮ ਦਾ (ਸੇਵਕ ਮੰਨਿਆ ਜਾਂਦਾ ਹੈ) ਜੇਹੜਾ ਰਾਮ ਨੂੰ ਸਿਮਰਦਾ ਹੈ। (ਉਸ ਮਨੁੱਖ ਨੂੰ ਨਿਸਚਾ ਹੋ ਜਾਂਦਾ ਹੈ ਕਿ) ਰਾਮ ਜਲ ਵਿਚ, ਧਰਤੀ ਵਿਚ, ਅਕਾਸ਼ ਵਿਚ, ਹਰ ਥਾਂ ਵਿਆਪਕ ਹੈ।1। ਰਹਾਉ।

(ਪਰ ਜੇਹੜਾ ਸਿਮਰਨ-ਹੀਨ ਮਨੁੱਖ ਰਾਮ ਨੂੰ ਸਰਬ-ਵਿਆਪਕ ਨਹੀਂ ਪ੍ਰਤੀਤ ਕਰਦਾ, ਉਹ ਅੰਦਰ ਲੁਕ ਕੇ) ਮੰਦੇ ਕਰਮ ਕਮਾਂਦਾ ਹੈ (ਬਾਹਰ ਜਗਤ ਨੂੰ ਆਪਣੇ ਜੀਵਨ ਦਾ) ਹੋਰ ਪਾਸਾ ਵਿਖਾਂਦਾ ਹੈ (ਜਿਵੇਂ ਚੋਰ ਸੰਨ੍ਹ ਉਤੇ ਫੜਿਆ ਜਾਂਦਾ ਹੈ ਤੇ ਬੱਝ ਜਾਂਦਾ ਹੈ, ਤਿਵੇਂ) ਉਹ ਪਰਮਾਤਮਾ ਦੀ ਦਰਗਾਹ ਵਿਚ ਚੋਰ (ਵਾਂਗ) ਬੰਨ੍ਹਿਆ ਜਾਂਦਾ ਹੈ।1।

(ਸਿਮਰਨ-ਹੀਨ ਰਹਿ ਕੇ ਪਰਮਾਤਮਾ ਨੂੰ ਹਰ ਥਾਂ ਵੱਸਦਾ ਨਾਹ ਜਾਣਨ ਵਾਲਾ ਮਨੁੱਖ ਆਪਣੇ ਮੂੰਹ ਨਾਲ (ਲੋਕਾਂ ਨੂੰ) ਆਤਮਕ ਜੀਵਨ ਦੇਣ ਵਾਲਾ ਉਪਦੇਸ਼ ਸੁਣਾਂਦਾ ਹੈ (ਪਰ ਉਸ ਦੇ) ਅੰਦਰ (ਵਿਕਾਰਾਂ ਦੀ) ਜ਼ਹਰ ਹੈ (ਜਿਸ ਨੇ ਉਸ ਦੇ ਆਪਣੇ ਆਤਮਕ ਜੀਵਨ ਨੂੰ ਮਾਰ ਦਿੱਤਾ ਹੈ, ਅਜਿਹਾ ਮਨੁੱਖ) ਜਮ ਦੀ ਪੁਰੀ ਵਿਚ ਬੱਝਾ ਹੋਇਆ ਚੋਟਾਂ ਖਾਂਦਾ ਹੈ (ਆਤਮਕ ਮੌਤ ਦੇ ਵੱਸ ਵਿਚ ਪਿਆ ਅਨੇਕਾਂ ਵਿਕਾਰਾਂ ਦੀਆਂ ਸੱਟਾਂ ਸਹਾਰਦਾ ਰਹਿੰਦਾ ਹੈ) ।2।

(ਸਿਮਰਨ-ਹੀਨ ਮਨੁੱਖ ਪਰਮਾਤਮਾ ਨੂੰ ਅੰਗ-ਸੰਗ ਨਾਹ ਜਾਣਦਾ ਹੋਇਆ) ਅਨੇਕਾਂ ਪਰਦਿਆਂ ਪਿਛੇ (ਲੋਕਾਂ ਤੋਂ ਲੁਕਾ ਕੇ) ਵਿਕਾਰ ਕਰਮ ਕਮਾਂਦਾ ਹੈ, ਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ।3।

ਹੇ ਨਾਨਕ! ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜਾ ਰਹਿੰਦਾ ਹੈ, ਸਿਰਜਣਹਾਰ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ।4। 71।140।

ਗਉੜੀ ਮਹਲਾ ੫ ॥ ਰਾਮ ਰੰਗੁ ਕਦੇ ਉਤਰਿ ਨ ਜਾਇ ॥ ਗੁਰੁ ਪੂਰਾ ਜਿਸੁ ਦੇਇ ਬੁਝਾਇ ॥੧॥ ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥ ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥ ਸੰਤਹ ਸੰਗਿ ਬੈਸਿ ਗੁਨ ਗਾਇ ॥ ਤਾ ਕਾ ਰੰਗੁ ਨ ਉਤਰੈ ਜਾਇ ॥੨॥ ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ ॥ ਆਨ ਰੰਗ ਫੀਕੇ ਸਭ ਮਾਇਆ ॥੩॥ ਗੁਰਿ ਰੰਗੇ ਸੇ ਭਏ ਨਿਹਾਲ ॥ ਕਹੁ ਨਾਨਕ ਗੁਰ ਭਏ ਹੈ ਦਇਆਲ ॥੪॥੭੨॥੧੪੧॥ {ਪੰਨਾ 194}

ਪਦ ਅਰਥ: ਰਾਮ ਰੰਗੁ = ਪਰਮਾਤਮਾ (ਦੇ ਪਿਆਰ) ਦਾ ਰੰਗ। ਦੇਇ ਬੁਝਾਇ = ਸਮਝਾ ਦੇਵੇ, ਸੂਝ ਪਾ ਦੇਵੇ।1।

ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਸਾਚਾ = ਸਦਾ ਕਾਇਮ ਰਹਿਣ ਵਾਲਾ, ਪੱਕੇ ਰੰਗ ਵਾਲਾ, ਜਿਸ ਉਤੇ ਕੋਈ ਹੋਰ ਰੰਗ ਆਪਣਾ ਅਸਰ ਨਾਹ ਕਰ ਸਕੇ। ਬਿਧਾਤਾ = ਸਿਰਜਣਹਾਰ।1। ਰਹਾਉ।

ਸੰਤਹ ਸੰਗਿ = ਸੰਤਾਂ ਦੀ ਸੰਗਤਿ ਵਿਚ। ਬੈਸਿ = ਬੈਠ ਕੇ।2।

ਆਨ = {ANX} ਹੋਰ ਹੋਰ। ਫੀਕੇ = ਫਿੱਕੇ, ਕੱਚੇ, ਬੇ-ਸੁਆਦੇ।3।

ਗੁਰਿ = ਗੁਰੂ ਨੇ। ਸੇ = ਉਹ ਬੰਦੇ {ਬਹੁ-ਵਚਨ}। ਨਿਹਾਲ = ਪ੍ਰਸੰਨ, ਖਿੜੇ ਹੋਏ ਜੀਵਨ ਵਾਲੇ।4।

ਅਰਥ: ਜੇਹੜਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਉਤੇ (ਮਾਇਆ ਦਾ) ਕੋਈ ਹੋਰ ਰੰਗ ਆਪਣਾ ਅਸਰ ਨਹੀਂ ਪਾ ਸਕਦਾ, ਉਹ (ਮਾਨੋ) ਗੂੜ੍ਹੇ ਲਾਲ ਰੰਗ ਵਾਲਾ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ।1। ਰਹਾਉ।

(ਹੇ ਭਾਈ!) ਪਰਮਾਤਮਾ ਦੇ ਪਿਆਰ ਦਾ ਰੰਗ (ਜੇ ਕਿਸੇ ਵਡਭਾਗੀ ਦੇ ਮਨ ਉਤੇ ਚੜ੍ਹ ਜਾਏ ਤਾਂ ਫਿਰ) ਕਦੇ (ਉਸ ਮਨ ਤੋਂ) ਉਤਰਦਾ ਨਹੀਂ, ਦੂਰ ਨਹੀਂ ਹੁੰਦਾ।1।

(ਹੇ ਭਾਈ! ਜੇਹੜਾ ਮਨੁੱਖ) ਸੰਤ ਜਨਾਂ ਦੀ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਮਨ ਨੂੰ ਪਰਮਾਤਮਾ ਦੇ ਪਿਆਰ ਦਾ ਰੰਗ ਚੜ੍ਹ ਜਾਂਦਾ ਹੈ, ਤੇ) ਉਸ ਦਾ ਉਹ ਰੰਗ ਕਦੇ ਨਹੀਂ ਉਤਰਦਾ, ਕਦੇ ਨਹੀਂ ਲਹਿਂਦਾ।2।

(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਕਦੇ ਕਿਸੇ ਨੇ) ਆਤਮਕ ਆਨੰਦ ਨਹੀਂ ਲੱਭਾ। (ਹੇ ਭਾਈ!) ਮਾਇਆ (ਦੇ ਸੁਆਦਾਂ) ਦੇ ਹੋਰ ਹੋਰ ਰੰਗ ਸਭ ਉਤਰ ਜਾਂਦੇ ਹਨ (ਮਾਇਆ ਦੇ ਸੁਆਦਾਂ ਤੋਂ ਮਿਲਣ ਵਾਲੇ ਸੁਖ ਹੋਛੇ ਹੁੰਦੇ ਹਨ।3।

ਹੇ ਨਾਨਕ! ਆਖ– ਜਿਨ੍ਹਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗ ਦਿੱਤਾ ਹੈ, ਉਹ ਸਦਾ ਖਿੜੇ ਜੀਵਨ ਵਾਲੇ ਰਹਿੰਦੇ ਹਨ।4। 72।141।

ਨੋਟ: ਪਾਠਕ ਚੇਤੇ ਰੱਖਣ ਕਿ ਇਥੇ ਪਿਛਲੇ ਸਿਲਸਿਲੇ ਅਨੁਸਾਰ ਵੱਡਾ ਅੰਕ 142 ਚਾਹੀਦਾ ਸੀ। ਗਿਣਤੀ ਵਿਚ ਇੱਕ ਦੀ ਕਮੀ ਤੁਰੀ ਆ ਰਹੀ ਹੈ।

ਗਉੜੀ ਮਹਲਾ ੫ ॥ ਸਿਮਰਤ ਸੁਆਮੀ ਕਿਲਵਿਖ ਨਾਸੇ ॥ ਸੂਖ ਸਹਜ ਆਨੰਦ ਨਿਵਾਸੇ ॥੧॥ ਰਾਮ ਜਨਾ ਕਉ ਰਾਮ ਭਰੋਸਾ ॥ ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥੧॥ ਰਹਾਉ ॥ ਸਾਧਸੰਗਿ ਕਛੁ ਭਉ ਨ ਭਰਾਤੀ ॥ ਗੁਣ ਗੋਪਾਲ ਗਾਈਅਹਿ ਦਿਨੁ ਰਾਤੀ ॥੨॥ ਕਰਿ ਕਿਰਪਾ ਪ੍ਰਭ ਬੰਧਨ ਛੋਟ ॥ ਚਰਣ ਕਮਲ ਕੀ ਦੀਨੀ ਓਟ ॥੩॥ ਕਹੁ ਨਾਨਕ ਮਨਿ ਭਈ ਪਰਤੀਤਿ ॥ ਨਿਰਮਲ ਜਸੁ ਪੀਵਹਿ ਜਨ ਨੀਤਿ ॥੪॥੭੩॥੧੪੨॥ {ਪੰਨਾ 194}

ਪਦ ਅਰਥ: ਸਿਮਰਤ = ਸਿਮਰਦਿਆਂ। ਕਿਲਵਿਖ = ਪਾਪ। ਸਹਜ = ਆਤਮਕ ਅਡੋਲਤਾ। ਨਿਵਾਸੇ = ਵੱਸ ਪੈਂਦੇ ਹਨ।1।

ਕਉ = ਨੂੰ। ਜਪਤ = ਜਪਦਿਆਂ। ਸਭੁ ਅੰਦੇਸਾ = ਸਾਰਾ ਫ਼ਿਕਰ।1। ਰਹਾਉ।

ਸਾਧ ਸੰਗਿ = ਸਾਧ ਸੰਗਤਿ ਵਿਚ। ਭਰਾਤੀ = ਭਟਕਣਾ। ਗਾਈਅਹਿ = ਗਾਏ ਜਾਂਦੇ ਹਨ।2।

ਪ੍ਰਭ ਬੰਧਨ ਛੋਟ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਜੀ ਨੇ। ਓਟ = ਸਹਾਰਾ।3।

ਮਨਿ = ਮਨ ਵਿਚ। ਪਰਤੀਤਿ = ਸਰਧਾ। ਜਸੁ = ਸਿਫ਼ਤਿ-ਸਾਲਾਹ (ਦਾ ਜਲ) । ਨੀਤਿ = ਸਦਾ।4।

ਅਰਥ: (ਹੇ ਭਾਈ!) ਪਰਮਾਤਮਾ ਦੇ ਸੇਵਕਾਂ ਨੂੰ (ਹਰ ਵੇਲੇ) ਪਰਮਾਤਮਾ (ਦੀ ਸਹਾਇਤਾ) ਦਾ ਭਰੋਸਾ ਬਣਿਆ ਰਹਿੰਦਾ ਹੈ, (ਇਸ ਵਾਸਤੇ) ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ ਅੰਦਰੋਂ) ਹਰੇਕ ਫ਼ਿਕਰ ਮਿਟਿਆ ਰਹਿੰਦਾ ਹੈ।1। ਰਹਾਉ।

(ਹੇ ਭਾਈ!) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ (ਪਰਮਾਤਮਾ ਦੇ ਸੇਵਕਾਂ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ, (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖਾਂ ਆਨੰਦਾਂ ਦਾ ਨਿਵਾਸ ਬਣਿਆ ਰਹਿੰਦਾ ਹੈ।1।

(ਹੇ ਭਾਈ!) ਸਾਧ ਸੰਗਤਿ ਵਿਚ ਰਹਿਣ ਕਰਕੇ (ਪਰਮਾਤਮਾ ਦੇ ਸੇਵਕਾਂ ਨੂੰ) ਕੋਈ ਡਰ ਨਹੀਂ ਪੋਹ ਸਕਦਾ ਕੋਈ ਭਟਕਣਾ ਨਹੀਂ ਪੋਹ ਸਕਦੀ (ਕਿਉਂਕਿ ਪਰਮਾਤਮਾ ਦੇ ਸੇਵਕਾਂ ਦੇ ਹਿਰਦੇ ਵਿਚ) ਦਿਨ ਰਾਤ ਗੋਪਾਲ-ਪ੍ਰਭੂ ਦੇ ਗੁਣ ਗਾਏ ਜਾਂਦੇ ਹਨ (ਉਹਨਾਂ ਦੇ ਅੰਦਰ ਹਰ ਵੇਲੇ ਸਿਫ਼ਤਿ-ਸਾਲਾਹ ਟਿਕੀ ਰਹਿੰਦੀ ਹੈ।2।

(ਹੇ ਭਾਈ!) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਜੀ ਨੇ ਮਿਹਰ ਕਰ ਕੇ (ਆਪਣੇ ਸੇਵਕਾਂ ਨੂੰ ਆਪਣੇ) ਸੋਹਣੇ ਚਰਨਾਂ ਦਾ ਸਹਾਰਾ (ਸਦਾ) ਬਖ਼ਸ਼ਿਆ ਹੁੰਦਾ ਹੈ।3। ;

(ਇਸ ਵਾਸਤੇ) ਹੇ ਨਾਨਕ! ਆਖ– (ਪਰਮਾਤਮਾ ਦੇ ਸੇਵਕਾਂ ਦੇ) ਮਨ ਵਿਚ (ਪਰਮਾਤਮਾ ਦੀ ਓਟ ਆਸਰੇ ਦਾ) ਨਿਸ਼ਚਾ ਬਣਿਆ ਰਹਿੰਦਾ ਹੈ, ਤੇ ਪਰਮਾਤਮਾ ਦੇ ਸੇਵਕ ਸਦਾ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਸਿਫ਼ਤਿ-ਸਾਲਾਹ ਦਾ ਅੰਮ੍ਰਿਤ ਪੀਂਦੇ ਰਹਿੰਦੇ ਹਨ।4। 73।142।

ਗਉੜੀ ਮਹਲਾ ੫ ॥ ਹਰਿ ਚਰਣੀ ਜਾ ਕਾ ਮਨੁ ਲਾਗਾ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ॥੧॥ ਹਰਿ ਧਨ ਕੋ ਵਾਪਾਰੀ ਪੂਰਾ ॥ ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ ॥ ਜਾ ਕਉ ਭਏ ਕ੍ਰਿਪਾਲ ਗੁਸਾਈ ॥ ਸੇ ਜਨ ਲਾਗੇ ਗੁਰ ਕੀ ਪਾਈ ॥੨॥ ਸੂਖ ਸਹਜ ਸਾਂਤਿ ਆਨੰਦਾ ॥ ਜਪਿ ਜਪਿ ਜੀਵੇ ਪਰਮਾਨੰਦਾ ॥੩॥ ਨਾਮ ਰਾਸਿ ਸਾਧ ਸੰਗਿ ਖਾਟੀ ॥ ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥ {ਪੰਨਾ 194}

ਪਦ ਅਰਥ: ਜਾ ਕਾ = ਜਿਸ (ਮਨੁੱਖ) ਦਾ। ਤਾ ਕਾ = ਉਸ (ਮਨੁੱਖ) ਦਾ।1।

ਕੋ = ਦਾ। ਵਾਪਾਰੀ = ਵਣਜ ਕਰਨ ਵਾਲਾ। ਪੂਰਾ = ਅਡੋਲ-ਚਿੱਤ, ਜਿਸ ਉਤੇ ਕੋਈ ਉਕਾਈ ਆਪਣਾ ਪ੍ਰਭਾਵ ਨਾਹ ਪਾ ਸਕੇ। ਜਿਸਹਿ = ਜਿਸ (ਮਨੁੱਖ) ਨੂੰ। ਨਿਵਾਜੇ = ਇੱਜ਼ਤ ਬਖ਼ਸ਼ਦਾ ਹੈ, ਮਿਹਰ ਕਰਦਾ ਹੈ। ਸੂਰਾ = ਸੂਰਮਾ, ਵਿਕਾਰਾਂ ਦਾ ਟਾਕਰਾ ਕਰਨ ਦੇ ਸਮਰੱਥ।1। ਰਹਾਉ।

ਕਉ = ਨੂੰ {ਲਫ਼ਜ਼ = 'ਕੋ' ਅਤੇ 'ਕਉ' ਦਾ ਫ਼ਰਕ ਪਾਠਕ-ਜਨ ਚੇਤੇ ਰੱਖਣ}। ਗੁਸਾਈ = ਧਰਤੀ ਦਾ ਮਾਲਕ, ਪ੍ਰਭੂ। ਪਾਈ = ਪਾਈਂ, ਪੈਰੀਂ।2।

ਸਹਜ = ਆਤਮਕ ਅਡੋਲਤਾ। ਜਪਿ = ਜਪ ਕੇ। ਜੀਵੇ = ਉਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਪਰਮਾਨੰਦ = ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ-ਪ੍ਰਭੂ।3।

ਰਾਸਿ = ਪੂੰਜੀ, ਸਰਮਾਇਆ, ਧਨ। ਖਾਟੀ = ਖੱਟ ਲਈ। ਪ੍ਰਭਿ = ਪ੍ਰਭੂ ਨੇ। ਅਪਦਾ = ਬਿਪਤਾ, ਮੁਸੀਬਤ।4।

ਅਰਥ: (ਹੇ ਭਾਈ!) ਪਰਮਾਤਮਾ ਦੇ ਨਾਮ-ਧਨ ਦਾ ਵਣਜ ਕਰਨ ਵਾਲਾ ਮਨੁੱਖ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ (ਉਸ ਉਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ) ਜਿਸ ਮਨੁੱਖ ਉੱਤੇ ਪਰਮਾਤਮਾ ਆਪਣੇ ਨਾਮ-ਧਨ ਦੀ ਦਾਤਿ ਦੀ ਮਿਹਰ ਕਰਦਾ ਹੈ ਉਹ ਮਨੁੱਖ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਬਣ ਜਾਂਦਾ ਹੈ।1। ਰਹਾਉ।

(ਹੇ ਭਾਈ! ਪਰਮਾਤਮਾ ਦੀ ਮਿਹਰ ਨਾਲ) ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਪਰਚ ਜਾਂਦਾ ਹੈ ਉਸ ਦਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ, ਉਸ ਦੀ (ਮਾਇਆ ਆਦਿਕ ਵਾਲੀ) ਭਟਕਣਾ ਮੁੱਕ ਜਾਂਦੀ ਹੈ।1।

(ਪਰ ਹੇ ਭਾਈ! ਨਾਮ-ਧਨ ਦੀ ਦਾਤਿ ਗੁਰੂ ਰਾਹੀਂ ਮਿਲਦੀ ਹੈ ਤੇ) , ਜਿਨ੍ਹਾਂ ਮਨੁੱਖਾਂ ਉਤੇ ਧਰਤੀ ਦੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ (ਗੁਰੂ ਦੀ ਸਰਨ ਪੈਂਦੇ ਹਨ) ।2।

(ਹੇ ਭਾਈ!) ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ ਨੂੰ ਸਿਮਰ ਸਿਮਰ ਕੇ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਫਿਰ ਉਹਨਾਂ ਦੇ ਅੰਦਰ ਸਦਾ ਸੁਖ ਸ਼ਾਂਤੀ ਤੇ ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ।3।

ਹੇ ਨਾਨਕ! ਆਖ– ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੇ ਨਾਮ-ਧਨ ਦਾ ਸਰਮਾਇਆ ਕਮਾ ਲਿਆ ਹੈ, ਪਰਮਾਤਮਾ ਨੇ ਉਸ ਦੀ ਹਰੇਕ ਕਿਸਮ ਦੀ ਬਿਪਤਾ ਦੂਰ ਕਰ ਦਿੱਤੀ ਹੈ।4। 74।143।

ਗਉੜੀ ਮਹਲਾ ੫ ॥ ਹਰਿ ਸਿਮਰਤ ਸਭਿ ਮਿਟਹਿ ਕਲੇਸ ॥ ਚਰਣ ਕਮਲ ਮਨ ਮਹਿ ਪਰਵੇਸ ॥੧॥ ਉਚਰਹੁ ਰਾਮ ਨਾਮੁ ਲਖ ਬਾਰੀ ॥ ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ ਰਹਾਉ ॥ ਸੂਖ ਸਹਜ ਰਸ ਮਹਾ ਅਨੰਦਾ ॥ ਜਪਿ ਜਪਿ ਜੀਵੇ ਪਰਮਾਨੰਦਾ ॥੨॥ ਕਾਮ ਕ੍ਰੋਧ ਲੋਭ ਮਦ ਖੋਏ ॥ ਸਾਧ ਕੈ ਸੰਗਿ ਕਿਲਬਿਖ ਸਭ ਧੋਏ ॥੩॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਨਾਨਕ ਦੀਜੈ ਸਾਧ ਰਵਾਲਾ ॥੪॥੭੫॥੧੪੪॥ {ਪੰਨਾ 194}

ਪਦ ਅਰਥ: ਸਭਿ = ਸਾਰੇ। ਮਿਟਹਿ = ਮਿਟ ਜਾਂਦੇ ਹਨ। ਚਰਣ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਪਰਵੇਸ = ਟਿਕਾਈ ਰੱਖ।1।

ਲਖ ਬਾਰੀ = ਲੱਖਾਂ ਵਾਰੀ। ਪ੍ਰਭ = ਪ੍ਰਭੂ ਦਾ। ਪਿਆਰੀ = ਹੇ ਪਿਆਰੀ ਜੀਭ!।1। ਰਹਾਉ।

ਸਹਜ = ਆਤਮਕ ਅਡੋਲਤਾ। ਜਪਿ = ਜਪ ਕੇ। ਜੀਵੇ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਪਰਮਾਨੰਦਾ = ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ-ਪ੍ਰਭੂ।2।

ਮਦ = ਅਹੰਕਾਰ। ਖੋਏ = ਨਾਸ ਕਰ ਲਏ। ਸੰਗਿ = ਸੰਗਤਿ ਵਿਚ। ਕਿਲਬਿਖ = ਪਾਪ।3।

ਕਰਿ ਕਿਰਪਾ = ਕਿਰਪਾ ਕਰ। ਪ੍ਰਭ = ਹੇ ਪ੍ਰਭੂ! ਰਵਾਲਾ = ਚਰਨ-ਧੂੜ।4।

ਅਰਥ: ਹੇ ਪਿਆਰੀ ਜੀਭ! ਲੱਖਾਂ ਵਾਰੀ ਪਰਮਾਤਮਾ ਦਾ ਨਾਮ ਉਚਾਰਦੀ ਰਹੁ ਤੇ ਪਰਮਾਤਮਾ ਦਾ ਆਤਮਕ ਜੀਵਨ ਵਾਲਾ ਨਾਮ-ਰਸ ਪੀਂਦੀ ਰਹੁ।1। ਰਹਾਉ।

(ਹੇ ਭਾਈ!) ਆਪਣੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ ਵਸਾਈ ਰੱਖ। ਪਰਮਾਤਮਾ ਦਾ ਨਾਮ ਸਿਮਰਿਆਂ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ।1।

(ਹੇ ਭਾਈ! ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਹਨ, ਉਹ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੇ ਵੱਡੇ ਸੁਖ ਆਨੰਦ ਬਣੇ ਰਹਿੰਦੇ ਹਨ।2।

(ਹੇ ਭਾਈ! ਨਾਮ-ਰਸ ਪੀਣ ਵਾਲੇ ਮਨੁੱਖ ਆਪਣੇ ਅੰਦਰੋਂ) ਕਾਮ, ਕਰੋਧ, ਲੋਭ, ਅਹੰਕਾਰ (ਆਦਿਕ ਵਿਕਾਰ) ਨਾਸ ਕਰ ਲੈਂਦੇ ਹਨ। ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ (ਆਪਣੇ ਮਨ ਵਿਚੋਂ) ਸਾਰੇ ਪਾਪ ਧੋ ਲੈਂਦੇ ਹਨ।3।

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮਿਹਰ ਕਰ ਤੇ ਨਾਨਕ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼।4। 75।144।

TOP OF PAGE

Sri Guru Granth Darpan, by Professor Sahib Singh