ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 195 ਗਉੜੀ ਮਹਲਾ ੫ ॥ ਜਿਸ ਕਾ ਦੀਆ ਪੈਨੈ ਖਾਇ ॥ ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥ ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥ ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ ॥ ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥ ਦਾਸਿ ਸਲਾਮੁ ਕਰਤ ਕਤ ਸੋਭਾ ॥੨॥ ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥ ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥੩॥ ਕਹੁ ਨਾਨਕ ਹਮ ਲੂਣ ਹਰਾਮੀ ॥ ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥ {ਪੰਨਾ 195} ਪਦ ਅਰਥ: ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਪੈਨੈ = ਪਹਿਨਦਾ ਹੈ। ਖਾਇ = ਖਾਂਦਾ ਹੈ। ਕਿਉ ਬਨੈ = ਕਿਵੇਂ ਫਬ ਸਕਦਾ ਹੈ? ਨਹੀਂ ਫਬਦਾ। ਮਾਇ = ਹੇ ਮਾਂ!।1। ਬਿਸਾਰਿ = ਭੁਲਾ ਕੇ। ਆਨ = {ANX} ਹੋਰ। ਕੰਮਿ = ਕੰਮ ਵਿਚ। ਲਾਗਹਿ = ਲੱਗਦੇ ਹਨ।1। ਰਹਾਉ। ਤਿਆਗਿ = ਤਿਆਗਿ ਕੇ। ਦਾਸਿ = ਦਾਸੀ, ਮਾਇਆ। ਕਤ = ਕਿੱਥੇ?।2। ਖਾਵਹਿ = ਖਾਂਦੇ ਹਨ। ਜਿਨਿ = ਜਿਸ (ਪ੍ਰਭੂ) ਨੇ। ਤਿਸਹਿ = ਉਸ (ਪ੍ਰਭੂ) ਨੂੰ। ਸੁਆਨ = {ਬੁਹ-ਵਚਨ} ਕੁੱਤੇ।3। ਲੂਣ ਹਰਾਮੀ = (ਖਾਧੇ) ਲੂਣ ਨੂੰ ਹਰਾਮ ਕਰਨ ਵਾਲੇ, ਨਾ-ਸ਼ੁਕਰੇ। ਪ੍ਰਭ = ਹੇ ਪ੍ਰਭੂ!।4। ਅਰਥ: (ਹੇ ਭਾਈ! ਜੇਹੜੇ ਮਨੁੱਖ) ਮਾਲਕ-ਪ੍ਰਭੂ (ਦੀ ਯਾਦ) ਭੁਲਾ ਕੇ ਹੋਰ ਹੋਰ ਕੰਮ ਵਿਚ ਰੁੱਝੇ ਰਹਿੰਦੇ ਹਨ, ਉਹ ਨਕਾਰੀ ਮਾਇਆ ਦੇ ਵੱਟੇ ਵਿਚ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਲੈਂਦੇ ਹਨ। (ਉਹ ਰਤਨ ਤਾਂ ਸੁੱਟ ਦੇਂਦੇ ਹਨ, ਪਰ ਕਉਡੀ ਨੂੰ ਸਾਂਭਦੇ ਹਨ) ।1। ਰਹਾਉ। ਹੇ ਮਾਂ! ਜਿਸ ਪਰਮਾਤਮਾ ਦਾ ਦਿੱਤਾ ਹੋਇਆ (ਅੰਨ) ਮਨੁੱਖ ਖਾਂਦਾ ਹੈ (ਦਿੱਤਾ ਹੋਇਆ ਕੱਪੜਾ ਮਨੁੱਖ) ਪਹਿਨਦਾ ਹੈ ਉਸ ਦੀ ਯਾਦ ਵਲੋਂ ਆਲਸ ਕਰਨਾ ਕਿਸੇ ਤਰ੍ਹਾਂ ਭੀ ਫਬਦਾ ਨਹੀਂ।1। (ਹੇ ਭਾਈ!) ਪਰਮਾਤਮਾ ਨੂੰ ਛੱਡ ਕੇ ਹੋਰ (ਪਦਾਰਥਾਂ ਦੇ) ਲੋਭ ਵਿਚ ਲੱਗਿਆਂ ਤੇ (ਪਰਮਾਤਮਾ ਦੀ) ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਭੀ ਸੋਭਾ ਨਹੀਂ ਮਿਲ ਸਕਦੀ।1। (ਹੇ ਭਾਈ!) ਕੁੱਤੇ (ਦੇ ਸੁਭਾਅ ਵਾਲੇ ਮਨੁੱਖ) ਸੁਆਦਲੇ ਭੋਜਨ ਖਾਂਦੇ ਹਨ, ਚੰਗੇ ਚੰਗੇ ਖਾਣੇ ਖਾਂਦੇ ਹਨ, ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ, ਪਰ ਜਿਸ ਪਰਮਾਤਮਾ ਨੇ (ਇਹ ਸਾਰੇ ਪਦਾਰਥ) ਦਿੱਤੇ ਹੋਏ ਹਨ ਉਸ ਨੂੰ ਜਾਣਦੇ-ਪਛਾਣਦੇ ਭੀ ਨਹੀਂ।3। ਹੇ ਨਾਨਕ! ਆਖ– ਹੇ ਪ੍ਰਭੂ! ਅਸੀਂ ਜੀਵ ਨਾ-ਸ਼ੁਕਰੇ ਹਾਂ। ਹੇ ਜੀਵਾਂ ਦੇ ਦਿਲ ਜਾਣਨ ਵਾਲੇ ਪ੍ਰਭੂ! ਸਾਨੂੰ ਬਖ਼ਸ਼ ਲੈ।4। 76।145। ਗਉੜੀ ਮਹਲਾ ੫ ॥ ਪ੍ਰਭ ਕੇ ਚਰਨ ਮਨ ਮਾਹਿ ਧਿਆਨੁ ॥ ਸਗਲ ਤੀਰਥ ਮਜਨ ਇਸਨਾਨੁ ॥੧॥ ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ ॥ ਕੋਟਿ ਜਨਮ ਕੀ ਮਲੁ ਲਹਿ ਜਾਈ ॥੧॥ ਰਹਾਉ ॥ ਹਰਿ ਕੀ ਕਥਾ ਰਿਦ ਮਾਹਿ ਬਸਾਈ ॥ ਮਨ ਬਾਂਛਤ ਸਗਲੇ ਫਲ ਪਾਈ ॥੨॥ ਜੀਵਨ ਮਰਣੁ ਜਨਮੁ ਪਰਵਾਨੁ ॥ ਜਾ ਕੈ ਰਿਦੈ ਵਸੈ ਭਗਵਾਨੁ ॥੩॥ ਕਹੁ ਨਾਨਕ ਸੇਈ ਜਨ ਪੂਰੇ ॥ ਜਿਨਾ ਪਰਾਪਤਿ ਸਾਧੂ ਧੂਰੇ ॥੪॥੭੭॥੧੪੬॥ {ਪੰਨਾ 195} ਪਦ ਅਰਥ: ਮਾਹਿ = ਵਿਚ। ਮਜਨ = ਇਸ਼ਨਾਨ, ਚੁੱਭੀ।1। ਦਿਨੁ = (ਸਾਰਾ) ਦਿਨ। ਹਰਿ ਹਰਿ ਸਿਮਰਨੁ = ਸਦਾ ਹਰੀ ਦਾ ਸਿਮਰਨ (ਕਰ) । ਭਾਈ = ਹੇ ਭਾਈ! ਕੋਟਿ = ਕ੍ਰੋੜਾਂ। ਮਲੁ = (ਵਿਕਾਰਾਂ ਦੀ) ਮੈਲ {ਲਫ਼ਜ਼ 'ਮਲੁ' ਸ਼ਕਲ ਵਿਚ ਪੁਲਿੰਗ ਵਾਂਗ ਹੈ, ਪਰ ਹੈ ਇਹ ਇਸਤ੍ਰੀ ਲਿੰਗ}।1। ਰਹਾਉ। ਕਥਾ = ਸਿਫ਼ਤਿ-ਸਾਲਾਹ। ਮਨ ਬਾਂਛਤ = ਮਨ-ਲੋੜੀਂਦੇ, ਮਨ-ਇੱਛਿਤ।2। ਜੀਵਨ ਮਰਣੁ ਜਨਮੁ-ਜੰਮਣ ਤੋਂ ਮਰਨ ਤਕ ਸਾਰਾ ਜੀਵਨ। ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ।3। ਪੂਰੇ = ਸਾਰੇ ਗੁਣਾਂ ਵਾਲੇ। ਸਾਧੂ ਧੂਰੇ = ਗੁਰੂ ਦੇ ਚਰਨਾਂ ਦੀ ਧੂੜ।4। ਅਰਥ: ਹੇ ਮੇਰੇ ਵੀਰ! ਸਾਰਾ ਦਿਨ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ। (ਜੇਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਦੇ) ਕ੍ਰੋੜਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।1। ਰਹਾਉ। (ਹੇ ਮੇਰੇ ਵੀਰ!) ਆਪਣੇ ਮਨ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ। (ਪ੍ਰਭੂ-ਚਰਨਾਂ ਦਾ ਧਿਆਨ ਹੀ) ਸਾਰੇ ਤੀਰਥਾਂ ਦਾ ਇਸ਼ਨਾਨ ਹੈ।1। (ਹੇ ਮੇਰੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ ਸਾਰੇ ਮਨ-ਲੋੜੀਂਦੇ ਫਲ ਪ੍ਰਾਪਤ ਕਰ ਲੈਂਦਾ ਹੈ।2। (ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਆ ਵੱਸਦਾ ਹੈ, ਜਨਮ ਤੋਂ ਲੈ ਕੇ ਮੌਤ ਤਕ ਉਸ ਮਨੁੱਖ ਦਾ ਸਾਰਾ ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ।3। ਹੇ ਨਾਨਕ! ਉਹੀ ਮਨੁੱਖ ਸੁੱਧੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ।4। 77।146। ਗਉੜੀ ਮਹਲਾ ੫ ॥ ਖਾਦਾ ਪੈਨਦਾ ਮੂਕਰਿ ਪਾਇ ॥ ਤਿਸ ਨੋ ਜੋਹਹਿ ਦੂਤ ਧਰਮਰਾਇ ॥੧॥ ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥ ਕੋਟਿ ਜਨਮ ਭਰਮਹਿ ਬਹੁ ਜੂਨਾ ॥੧॥ ਰਹਾਉ ॥ ਸਾਕਤ ਕੀ ਐਸੀ ਹੈ ਰੀਤਿ ॥ ਜੋ ਕਿਛੁ ਕਰੈ ਸਗਲ ਬਿਪਰੀਤਿ ॥੨॥ ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ ॥ ਸੋਈ ਠਾਕੁਰੁ ਮਨਹੁ ਬਿਸਾਰਿਆ ॥੩॥ ਬਧੇ ਬਿਕਾਰ ਲਿਖੇ ਬਹੁ ਕਾਗਰ ॥ ਨਾਨਕ ਉਧਰੁ ਕ੍ਰਿਪਾ ਸੁਖ ਸਾਗਰ ॥੪॥ ਪਾਰਬ੍ਰਹਮ ਤੇਰੀ ਸਰਣਾਇ ॥ ਬੰਧਨ ਕਾਟਿ ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥ {ਪੰਨਾ 195} ਪਦ ਅਰਥ: ਮੂਕਰਿ ਪਾਇ = {ਸੰਯੁਕਤ ਕ੍ਰਿਆ ਦਾ ਪਹਿਲਾ ਹਿੱਸਾ ਸਦਾ ਇਕਾਰਾਂਤ ਹੁੰਦਾ ਹੈ, ਅਖ਼ੀਰਲੇ ਅੱਖਰ ਨਾਲ ਿ ਹੁੰਦੀ ਹੈ। ਇਹ ਨਿਯਮ ਸਾਰੀ ਹੀ ਬਾਣੀ ਵਿਚ ਠੀਕ ਉਤਰਦਾ ਹੈ। ਪਰ 'ਜਪੁ' ਬਾਣੀ ਵਿਚ ਵੇਖੋ "ਕੇਤੇ ਲੈ ਲੈ ਮੁਕਰੁ ਪਾਹਿ"} ਮੁੱਕਰ ਪੈਂਦਾ ਹੈ। ਜੋਹਹਿ = ਤੱਕ ਵਿਚ ਰੱਖਦੇ ਹਨ।1। ਜਿਨਿ = ਜਿਸ (ਪਰਮਾਤਮਾ) ਨੇ। ਜੀਉ = ਜਿੰਦ। ਪਿੰਡੁ = ਸਰੀਰ। ਭਰਮਹਿ = ਤੂੰ ਭਟਕੇਂਗਾ।1। ਰਹਾਉ। ਸਾਕਤ = ਮਾਇਆ-ਵੇੜ੍ਹਿਆ ਜੀਵ, ਪ੍ਰਭੂ ਨਾਲੋਂ ਟੁੱਟਾ ਹੋਇਆ। ਰੀਤਿ = ਜੀਵਨ-ਮਰਯਾਦਾ। ਬਿਪਰੀਤਿ = ਉਲਟ।2। ਜਿਨਿ = ਜਿਸ (ਪ੍ਰਭੂ) ਨੇ। ਧਾਰਿਆ = (ਆਪਣੀ ਜੋਤਿ ਨਾਲ) ਸਹਾਰਾ ਦਿੱਤਾ ਹੋਇਆ ਹੈ। ਮਨਹੁ = ਮਨ ਤੋਂ।3। ਬਧੇ = ਵਧੇ ਹੋਏ ਹਨ। ਕਾਗਰ = ਕਾਗ਼ਜ਼, ਦਫ਼ਤਰ। ਉਧਰੁ = ਬਚਾ ਲੈ। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ ਪ੍ਰਭੂ!।4। ਪਾਰਬ੍ਰਹਮ = ਹੇ ਪਾਰਬ੍ਰਹਮ! ਨਾਇ = ਨਾਮ ਦੀ ਰਾਹੀਂ।1। ਰਹਾਉ ਦੂਜਾ। ਅਰਥ: (ਹੇ ਭਾਈ! ਤੂੰ) ਉਸ ਪਰਮਾਤਮਾ (ਦੀ ਯਾਦ) ਵਲੋਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ (ਤੈਨੂੰ) ਜਿੰਦ ਦਿੱਤੀ, ਜਿਸ ਨੇ (ਤੈਨੂੰ) ਸਰੀਰ ਦਿੱਤਾ। (ਯਾਦ ਰੱਖ, ਇਥੋਂ ਖੁੰਝ ਕੇ) ਕ੍ਰੋੜਾਂ ਜਨਮਾਂ ਵਿਚ ਅਨੇਕਾਂ ਜੂਨਾਂ ਵਿਚ ਭਟਕਦਾ ਫਿਰੇਂਗਾ।1। ਰਹਾਉ। (ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ) ਖਾਂਦਾ ਰਹਿੰਦਾ ਹੈ ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ, ਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ ਆਪਣੀ ਤੱਕ ਵਿਚ ਰੱਖਦੇ ਹਨ (ਭਾਵ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ) ।1। (ਹੇ ਭਾਈ!) ਮਾਇਆ-ਵੇੜ੍ਹੇ ਮਨੁੱਖ ਦੀ ਜੀਵਨ-ਮਰਯਾਦਾ ਹੀ ਐਸੀ ਹੈ ਕਿ ਉਹ ਜੋ ਕੁਝ ਕਰਦਾ ਹੈ ਸਾਰਾ ਬੇ-ਮੁਖਤਾ ਦਾ ਕੰਮ ਹੀ ਕਰਦਾ ਹੈ।2। (ਹੇ ਭਾਈ!) ਜਿਸ ਪਰਮਾਤਮਾ ਨੇ ਜੀਵ ਦੀ ਜਿੰਦ ਨੂੰ ਮਨ ਨੂੰ ਸਰੀਰ ਨੂੰ (ਆਪਣੀ ਜੋਤਿ ਦਾ) ਸਹਾਰਾ ਦਿੱਤਾ ਹੋਇਆ ਹੈ, ਉਸ ਪਾਲਣਹਾਰ ਪ੍ਰਭੂ ਨੂੰ ਸਾਕਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ।3। (ਇਸ ਤਰ੍ਹਾਂ, ਹੇ ਭਾਈ! ਉਸ ਸਾਕਤ ਦੇ ਇਤਨੇ) ਵਿਕਾਰ ਵਧ ਜਾਂਦੇ ਹਨ ਕਿ ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਹਨ। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ–) ਹੇ ਦਇਆ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! (ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ) ਬਚਾ ਰੱਖ।4। ਹੇ ਪਾਰਬ੍ਰਹਮ ਪ੍ਰਭੂ! ਜੇਹੜੇ ਮਨੁੱਖ (ਤੇਰੀ ਮਿਹਰ ਨਾਲ) ਤੇਰੀ ਸਰਨ ਆਉਂਦੇ ਹਨ, ਉਹ ਤੇਰੇ ਹਰਿ-ਨਾਮ ਦੀ ਬਰਕਤਿ ਨਾਲ (ਆਪਣੇ ਮਾਇਆ ਦੇ) ਬੰਧਨ ਕੱਟ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।1। ਰਹਾਉ ਦੂਜਾ। 78।147। ਗਉੜੀ ਮਹਲਾ ੫ ॥ ਅਪਨੇ ਲੋਭ ਕਉ ਕੀਨੋ ਮੀਤੁ ॥ ਸਗਲ ਮਨੋਰਥ ਮੁਕਤਿ ਪਦੁ ਦੀਤੁ ॥੧॥ ਐਸਾ ਮੀਤੁ ਕਰਹੁ ਸਭੁ ਕੋਇ ॥ ਜਾ ਤੇ ਬਿਰਥਾ ਕੋਇ ਨ ਹੋਇ ॥੧॥ ਰਹਾਉ ॥ ਅਪੁਨੈ ਸੁਆਇ ਰਿਦੈ ਲੈ ਧਾਰਿਆ ॥ ਦੂਖ ਦਰਦ ਰੋਗ ਸਗਲ ਬਿਦਾਰਿਆ ॥੨॥ ਰਸਨਾ ਗੀਧੀ ਬੋਲਤ ਰਾਮ ॥ ਪੂਰਨ ਹੋਏ ਸਗਲੇ ਕਾਮ ॥੩॥ ਅਨਿਕ ਬਾਰ ਨਾਨਕ ਬਲਿਹਾਰਾ ॥ ਸਫਲ ਦਰਸਨੁ ਗੋਬਿੰਦੁ ਹਮਾਰਾ ॥੪॥੭੯॥੧੪੮॥ {ਪੰਨਾ 195} ਪਦ ਅਰਥ: ਲੋਭ ਕਉ = ਲੋਭ ਦੀ ਖ਼ਾਤਰ। ਕੀਨੋ = ਕੀਤਾ, ਬਣਾਇਆ। ਮੁਕਤਿ ਪਦੁ = ਉਹ ਆਤਮਕ ਦਰਜਾ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ।1। ਸਭੁ ਕੋਇ = ਹਰੇਕ ਜੀਵ। ਜਾ ਤੇ = ਜਿਸ ਤੋਂ। ਬਿਰਥਾ = ਖ਼ਾਲੀ।1। ਰਹਾਉ। ਸੁਆਇ = ਸੁਆਰਥ ਵਾਸਤੇ। ਰਿਦੈ = ਹਿਰਦੇ ਵਿਚ। ਬਿਦਾਰਿਆ = ਨਾਸ ਕਰ ਦਿੱਤਾ।2। ਰਸਨਾ = ਜੀਭ। ਗੀਧੀ = {gãG` = to covet, to desire} ਲਾਲਸਾ ਕਰਦੀ ਹੈ।3। ਬਲਿਹਾਰਾ = ਕੁਰਬਾਨ। ਸਫਲ ਦਰਸਨੁ = ਜਿਸ ਦਾ ਦਰਸਨ ਸਾਰੇ ਫਲ ਦੇਂਦਾ ਹੈ।4। ਅਰਥ: (ਹੇ ਭਾਈ!) ਹਰੇਕ ਮਨੁੱਖ ਇਹੋ ਜਿਹਾ (ਇਹੋ ਜਿਹੇ ਪ੍ਰਭੂ ਨੂੰ) ਮਿੱਤਰ ਬਣਾਓ, ਜਿਸ (ਦੇ ਦਰ) ਤੋਂ ਕੋਈ ਖ਼ਾਲੀ ਨਹੀਂ ਰਹਿੰਦਾ।1। ਰਹਾਉ। (ਹੇ ਭਾਈ! ਵੇਖੋ ਗੋਬਿੰਦ ਦੀ ਉਦਾਰਤਾ!) ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦੀ ਖ਼ਾਤਰ ਉਸ ਨੂੰ ਮਿੱਤਰ ਬਣਾਂਦਾ ਹੈ (ਫਿਰ ਭੀ ਉਹ ਉਸ ਦੇ) ਸਾਰੇ ਮਨੋਰਥ ਪੂਰੇ ਕਰ ਦੇਂਦਾ ਹੈ (ਤੇ ਉਸ ਨੂੰ) ਉਹ ਆਤਮਕ ਅਵਸਥਾ ਭੀ ਦੇ ਦੇਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।1। ਜਿਸ ਮਨੁੱਖ ਨੇ (ਉਸ ਗੋਬਿੰਦ ਨੂੰ) ਆਪਣੀ ਗ਼ਰਜ਼ ਵਾਸਤੇ ਭੀ ਆਪਣੇ ਹਿਰਦੇ ਵਿਚ ਲਿਆ ਟਿਕਾਇਆ ਹੈ, (ਗੋਬਿੰਦ ਨੇ ਉਸ ਦੇ) ਸਾਰੇ ਦੁੱਖ ਦਰਦ ਸਾਰੇ ਰੋਗ ਦੂਰ ਕਰ ਦਿੱਤੇ ਹਨ।2। (ਹੇ ਭਾਈ!) ਜਿਸ ਮਨੁੱਖ ਦੀ ਜੀਭ ਗੋਬਿੰਦ ਦਾ ਨਾਮ ਉੱਚਾਰਨ ਲਈ ਤਾਂਘ ਕਰਦੀ ਹੈ, ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।3। ਹੇ ਨਾਨਕ! (ਆਖ–) ਅਸੀਂ ਆਪਣੇ ਗੋਬਿੰਦ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ, ਸਾਡਾ ਗੋਬਿੰਦ ਐਸਾ ਹੈ ਕਿ ਉਸ ਦਾ ਦਰਸਨ ਸਾਰੇ ਫਲ ਦੇਂਦਾ ਹੈ।4।79।148। ਗਉੜੀ ਮਹਲਾ ੫ ॥ ਕੋਟਿ ਬਿਘਨ ਹਿਰੇ ਖਿਨ ਮਾਹਿ ॥ ਹਰਿ ਹਰਿ ਕਥਾ ਸਾਧਸੰਗਿ ਸੁਨਾਹਿ ॥੧॥ ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ ॥ ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥੧॥ ਰਹਾਉ ॥ ਸਰਬ ਕਲਿਆਣ ਸੁਖ ਸਹਜ ਨਿਧਾਨ ॥ ਜਾ ਕੈ ਰਿਦੈ ਵਸਹਿ ਭਗਵਾਨ ॥੨॥ ਅਉਖਧ ਮੰਤ੍ਰ ਤੰਤ ਸਭਿ ਛਾਰੁ ॥ ਕਰਣੈਹਾਰੁ ਰਿਦੇ ਮਹਿ ਧਾਰੁ ॥੩॥ ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥ ਕਹੁ ਨਾਨਕ ਅਟਲ ਇਹੁ ਧਰਮੁ ॥੪॥੮੦॥੧੪੯॥ {ਪੰਨਾ 195-196} ਪਦ ਅਰਥ: ਕੋਟਿ = ਕ੍ਰੋੜਾਂ। ਹਿਰੇ = ਨਾਸ ਹੋ ਜਾਂਦੇ ਹਨ। ਕਥਾ = ਸਿਫ਼ਤਿ-ਸਾਲਾਹ। ਸਾਧ ਸੰਗਿ = ਸਾਧ ਸੰਗਤਿ ਵਿਚ। ਸੁਨਾਹਿ = ਸੁਨਹਿ, (ਜੋ ਮਨੁੱਖ) ਸੁਣਦੇ ਹਨ।1। ਪੀਵਤ = ਪੀਂਦਿਆਂ। ਰਾਮ ਰਸੁ = ਰਾਮ ਦੇ ਨਾਮ ਦਾ ਰਸ। ਅੰਮ੍ਰਿਤ ਗੁਣ = ਆਤਮਕ ਜੀਵਨ ਦੇਣ ਵਾਲੇ ਗੁਣ। ਅੰਮ੍ਰਿਤ ਜਾਸੁ = ਆਤਮਕ ਜੀਵਨ ਦੇਣ ਵਾਲਾ ਜਸ। ਖੁਧਿਤਾਸੁ = ਭੁੱਖ।1। ਰਹਾਉ। ਸਹਜ = ਆਤਮਕ ਅਡੋਲਤਾ। ਨਿਧਾਨ = ਖ਼ਜ਼ਾਨੇ। ਭਗਵਾਨ = ਹੇ ਭਗਵਾਨ!।2। ਅਉਖਧ = ਦਵਾਈਆਂ। ਤੰਤ = ਟੂਣੇ। ਸਭਿ = ਸਾਰੇ। ਛਾਰੁ = ਸੁਆਹ, ਤੁੱਛ। ਧਾਰੁ = ਟਿਕਾ ਰੱਖ।3। ਤਜਿ = ਤਜ ਕੇ। ਭਜਿਓ = ਭਜਿਆ ਹੈ, ਸਿਮਰਿਆ ਹੈ। ਅਟਲ = ਅ-ਟਲ, ਕਦੇ ਨ ਟਲਣ ਵਾਲਾ।4। ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ-ਰਸ ਪੀਂਦਿਆਂ, ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣਾਂ ਦਾ ਜਸ ਗਾਂਦਿਆਂ, ਪਰਮਾਤਮਾ ਦੇ ਚਰਨ ਜਪ ਕੇ (ਮਾਇਆ ਦੀ) ਭੁੱਖ ਮਿਟ ਜਾਂਦੀ ਹੈ।1। ਰਹਾਉ। (ਹੇ ਭਾਈ!) ਜੇਹੜੇ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਉਹਨਾਂ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ ਕ੍ਰੋੜਾਂ ਰੁਕਾਵਟਾਂ ਇਕ ਖਿਨ ਵਿਚ ਨਾਸ ਹੋ ਜਾਂਦੀਆਂ ਹਨ।1। ਹੇ ਭਗਵਾਨ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ, ਉਸ ਨੂੰ ਸਾਰੇ ਸੁਖਾਂ ਦੇ ਖ਼ਜ਼ਾਨੇ ਤੇ ਆਤਮਕ ਅਡੋਲਤਾ ਦੇ ਆਨੰਦ ਮਿਲ ਜਾਂਦੇ ਹਨ।2। (ਹੇ ਭਾਈ!) ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖ, (ਇਸ ਦੇ ਟਾਕਰੇ ਤੇ ਹੋਰ) ਸਾਰੇ ਦਾਰੂ ਸਾਰੇ ਮੰਤਰ ਤੇ ਟੂਣੇ ਤੁੱਛ ਹਨ।3। ਹੇ ਨਾਨਕ! ਆਖ– ਜਿਸ ਮਨੁੱਖ ਨੇ ਸਾਰੇ ਭਰਮ ਤਿਆਗ ਕੇ ਪਾਰਬ੍ਰਹਮ ਪ੍ਰਭੂ ਦਾ ਭਜਨ ਕੀਤਾ ਹੈ, (ਉਸ ਨੇ ਵੇਖ ਲਿਆ ਹੈ ਕਿ ਭਜਨ-ਸਿਮਰਨ ਵਾਲਾ) ਧਰਮ ਐਸਾ ਹੈ ਜੋ ਕਦੇ ਫਲ ਦੇਣੋਂ ਉਕਾਈ ਨਹੀਂ ਖਾਂਦਾ।4। 80। 149। |
Sri Guru Granth Darpan, by Professor Sahib Singh |