ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 196

ਗਉੜੀ ਮਹਲਾ ੫ ॥ ਕਰਿ ਕਿਰਪਾ ਭੇਟੇ ਗੁਰ ਸੋਈ ॥ ਤਿਤੁ ਬਲਿ ਰੋਗੁ ਨ ਬਿਆਪੈ ਕੋਈ ॥੧॥ ਰਾਮ ਰਮਣ ਤਰਣ ਭੈ ਸਾਗਰ ॥ ਸਰਣਿ ਸੂਰ ਫਾਰੇ ਜਮ ਕਾਗਰ ॥੧॥ ਰਹਾਉ ॥ ਸਤਿਗੁਰਿ ਮੰਤ੍ਰੁ ਦੀਓ ਹਰਿ ਨਾਮ ॥ ਇਹ ਆਸਰ ਪੂਰਨ ਭਏ ਕਾਮ ॥੨॥ ਜਪ ਤਪ ਸੰਜਮ ਪੂਰੀ ਵਡਿਆਈ ॥ ਗੁਰ ਕਿਰਪਾਲ ਹਰਿ ਭਏ ਸਹਾਈ ॥੩॥ ਮਾਨ ਮੋਹ ਖੋਏ ਗੁਰਿ ਭਰਮ ॥ ਪੇਖੁ ਨਾਨਕ ਪਸਰੇ ਪਾਰਬ੍ਰਹਮ ॥੪॥੮੧॥੧੫੦॥ {ਪੰਨਾ 196}

ਪਦ ਅਰਥ: ਕਰਿ = ਕਰੇ, ਕਰਦਾ ਹੈ। ਭੇਟੇ = ਮਿਲਦਾ ਹੈ। ਗੁਰ = ਗੁਰੂ ਨੂੰ। ਸੋਈ = ਉਹੀ। ਤਿਤੁ = ਉਸ ਦੀ ਰਾਹੀਂ। ਤਿਤੁ ਬਲਿ = ਉਸ (ਆਤਮਕ) ਬਲ ਦੀ ਰਾਹੀਂ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।1।

ਰਮਣ = ਸਿਮਰਨ। ਤਰਣ = ਪਾਰ ਲੰਘ ਜਾਣਾ। ਭੈ ਸਾਗਰ = ਸੰਸਾਰ-ਸਮੁੰਦਰ। ਸੂਰ = ਸੂਰਮਾ (ਗੁਰੂ) । ਫਾਰੇ = ਪਾੜੇ ਜਾਂਦੇ ਹਨ। ਜਮ ਕਾਗਰ = ਜਮਾਂ ਦੇ ਕਾਗ਼ਜ਼, ਜਮਾਂ ਦੇ ਲੇਖੇ, ਆਤਮਕ ਮੌਤ ਲਿਆਉਣ ਵਾਲੇ ਸੰਸਕਾਰ।1। ਰਹਾਉ।

ਸਤਿਗੁਰਿ = ਸਤਿਗੁਰੂ ਨੇ। ਆਸਰ = ਆਸਰੇ।2।

ਸੰਜਮ = ਇੰਦਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਯਤਨ। ਸਹਾਈ = ਮਦਦ ਕਰਨ ਵਾਲੇ।3।

ਗੁਰਿ = ਗੁਰੂ ਨੇ। ਪੇਖੁ = ਵੇਖ। ਨਾਨਕ = ਹੇ ਨਾਨਕ! ਪਸਰੇ = ਵਿਆਪਕ।4।

ਅਰਥ: (ਹੇ ਭਾਈ!) ਪਰਮਾਤਮਾ ਦਾ ਸਿਮਰਨ ਕਰਨ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਸੂਰਮੇ ਗੁਰੂ ਦੀ ਸਰਨ ਪਿਆਂ ਜਮਾਂ ਦੇ ਲੇਖੇ ਪਾੜੇ ਜਾਂਦੇ ਹਨ, (ਆਤਮਕ ਮੌਤ ਲਿਆਉਣ ਵਾਲੇ ਸਾਰੇ ਸੰਸਕਾਰ ਮਿਟ ਜਾਂਦੇ ਹਨ) ।1। ਰਹਾਉ।

(ਪਰ ਹੇ ਭਾਈ!) ਉਹੀ ਮਨੁੱਖ ਗੁਰੂ ਨੂੰ ਮਿਲਦਾ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ। (ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਬਲ ਪੈਦਾ ਹੁੰਦਾ ਹੈ) ਉਸ ਬਲ ਦੇ ਕਾਰਨ ਕੋਈ ਰੋਗ ਆਪਣਾ ਜ਼ੋਰ ਨਹੀਂ ਪਾ ਸਕਦਾ।1।

(ਹੇ ਭਾਈ! ਜਿਸ ਮਨੁੱਖ ਨੂੰ) ਸਤਿਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਦੇ ਦਿੱਤਾ, ਇਸ ਨਾਮ-ਮੰਤ੍ਰ ਦੇ ਆਸਰੇ ਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ।2।

(ਹੇ ਭਾਈ! ਜਿਸ ਮਨੁੱਖ ਉਤੇ) ਸਤਿਗੁਰੂ ਜੀ ਕਿਰਪਾਲ ਹੋਏ, ਜਿਸ ਦੇ ਮਦਦਗਾਰ ਪ੍ਰਭੂ ਜੀ ਬਣ ਗਏ, ਉਸ ਨੂੰ ਸਾਰੇ ਜਪਾਂ ਦੀ, ਸਾਰੇ ਤਪਾਂ ਦੀ, ਸਾਰੇ ਸੰਜਮਾਂ ਦੀ ਵਡਿਆਈ ਪ੍ਰਾਪਤ ਹੋ ਗਈ।3।

ਹੇ ਨਾਨਕ! ਵੇਖ, ਗੁਰੂ ਨੇ ਜਿਸ ਮਨੁੱਖ ਦੇ ਅਹੰਕਾਰ ਮੋਹ ਆਦਿਕ ਭਰਮ ਨਾਸ ਕਰ ਦਿੱਤੇ, ਉਸ ਨੂੰ ਪਾਰਬ੍ਰਹਮ ਪ੍ਰਭੂ ਜੀ ਹਰ ਥਾਂ ਵਿਆਪਕ ਦਿੱਸ ਪਏ।4। 81। 150।

ਗਉੜੀ ਮਹਲਾ ੫ ॥ ਬਿਖੈ ਰਾਜ ਤੇ ਅੰਧੁਲਾ ਭਾਰੀ ॥ ਦੁਖਿ ਲਾਗੈ ਰਾਮ ਨਾਮੁ ਚਿਤਾਰੀ ॥੧॥ ਤੇਰੇ ਦਾਸ ਕਉ ਤੁਹੀ ਵਡਿਆਈ ॥ ਮਾਇਆ ਮਗਨੁ ਨਰਕਿ ਲੈ ਜਾਈ ॥੧॥ ਰਹਾਉ ॥ ਰੋਗ ਗਿਰਸਤ ਚਿਤਾਰੇ ਨਾਉ ॥ ਬਿਖੁ ਮਾਤੇ ਕਾ ਠਉਰ ਨ ਠਾਉ ॥੨॥ ਚਰਨ ਕਮਲ ਸਿਉ ਲਾਗੀ ਪ੍ਰੀਤਿ ॥ ਆਨ ਸੁਖਾ ਨਹੀ ਆਵਹਿ ਚੀਤਿ ॥੩॥ ਸਦਾ ਸਦਾ ਸਿਮਰਉ ਪ੍ਰਭ ਸੁਆਮੀ ॥ ਮਿਲੁ ਨਾਨਕ ਹਰਿ ਅੰਤਰਜਾਮੀ ॥੪॥੮੨॥੧੫੧॥ {ਪੰਨਾ 196}

ਪਦ ਅਰਥ: ਬਿਖੈ ਰਾਜ ਤੇ = ਵਿਸ਼ਿਆਂ ਦੇ ਪ੍ਰਭਾਵ ਨਾਲ। ਅੰਧੁਲਾ = (ਵਿਕਾਰਾਂ ਵਿਚ) ਅੰਨ੍ਹਾ। ਦੁਖਿ = ਦੁੱਖ ਵਿਚ। ਲਾਗੈ = ਲੱਗਦਾ ਹੈ, ਫਸਦਾ ਹੈ। ਚਿਤਾਰੀ = ਚਿਤਾਰਦਾ ਹੈ।1।

ਕਉ = ਨੂੰ, ਵਾਸਤੇ। ਤੁਹੀ = ਤੂੰ ਹੀ, ਤੇਰਾ ਨਾਮ ਹੀ। ਮਗਨੁ = ਮਸਤ। ਨਰਕਿ = ਨਰਕ ਵਿਚ।1। ਰਹਾਉ।

ਗਿਰਸਤ = ਘਿਰਿਆ ਹੋਇਆ। ਬਿਖੁ = (ਵਿਕਾਰਾਂ ਦੀ) ਜ਼ਹਰ। ਮਾਤੇ ਕਾ = ਮਸਤ ਹੋਏ ਹੋਏ ਦਾ। ਠਉਰ ਠਾਉ = ਥਾਂ-ਥਿੱਤਾ, ਨਾਮ-ਨਿਸ਼ਾਨ।2।

ਸਿਉ = ਨਾਲ। ਆਨ = {ANX} ਹੋਰ ਹੋਰ। ਚੀਤਿ = ਚਿੱਤ ਵਿਚ।3।

ਸਿਮਰਉ = ਮੈ ਸਿਮਰਾਂ। ਪ੍ਰਭ = ਹੇ ਪ੍ਰਭੂ। ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!।4।

ਅਰਥ: (ਹੇ ਪ੍ਰਭੂ!) ਤੇਰੇ ਦਾਸ ਦੇ ਵਾਸਤੇ ਤੇਰਾ ਨਾਮ ਹੀ (ਲੋਕ-ਪਰਲੋਕ ਵਿਚ) ਇੱਜ਼ਤ ਹੈ। (ਤੇਰਾ ਦਾਸ ਜਾਣਦਾ ਹੈ ਕਿ) ਮਾਇਆ ਵਿਚ ਮਸਤ ਮਨੁੱਖ ਨੂੰ (ਮਾਇਆ) ਨਰਕ ਵਿਚ ਲੈ ਜਾਂਦੀ ਹੈ (ਸਦਾ ਦੁਖੀ ਰੱਖਦੀ ਹੈ) ।1। ਰਹਾਉ।

(ਹੇ ਭਾਈ!) ਵਿਸ਼ਿਆਂ ਦੇ ਪ੍ਰਭਾਵ ਨਾਲ (ਮਨੁੱਖ ਵਿਕਾਰਾਂ ਵਿਚ) ਬਹੁਤ ਅੰਨ੍ਹਾ ਹੋ ਜਾਂਦਾ ਹੈ (ਤਦੋਂ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੀ ਨਹੀਂ ਸੁੱਝਦਾ, ਪਰ ਵਿਕਾਰਾਂ ਦੇ ਕਾਰਨ ਜਦੋਂ ਉਹ) ਦੁੱਖ ਵਿਚ ਫਸਦਾ ਹੈ, ਤਦੋਂ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ।1।

(ਹੇ ਭਾਈ!) ਰੋਗਾਂ ਨਾਲ ਘਿਰਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ, ਪਰ ਵਿਕਾਰਾਂ ਦੀ ਜ਼ਹਿਰ ਵਿਚ ਮਸਤ ਹੋਏ ਮਨੁੱਖ ਦੇ ਆਤਮਕ ਜੀਵਨ ਦਾ ਕਿਤੇ ਨਾਮ-ਨਿਸ਼ਾਨ ਨਹੀਂ ਲੱਭਦਾ, (ਵਿਕਾਰਾਂ ਦੀ ਜ਼ਹਿਰ ਉਸ ਦੇ ਆਤਮਕ ਜੀਵਨ ਨੂੰ ਮਾਰ-ਮੁਕਾਂਦੀ ਹੈ) ।2।

(ਹੇ ਭਾਈ! ਪਰਮਾਤਮਾ ਦੇ) ਸੋਹਣੇ ਚਰਨਾਂ ਨਾਲ (ਜਿਸ ਮਨੁੱਖ ਦੀ) ਪ੍ਰੀਤਿ ਬਣ ਜਾਂਦੀ ਹੈ, ਉਸ ਨੂੰ ਦੁਨੀਆ ਵਾਲੇ ਹੋਰ ਹੋਰ ਸੁਖ ਚੇਤੇ ਨਹੀਂ ਆਉਂਦੇ।3।

ਹੇ ਨਾਨਕ! (ਅਰਦਾਸ ਕਰ ਤੇ ਆਖ) = ਹੇ ਪ੍ਰਭੂ! ਹੇ ਸੁਆਮੀ! ਹੇ ਅੰਤਰਜਾਮੀ ਹਰੀ! (ਮੈਨੂੰ) ਮਿਲ, ਮੈਂ ਸਦਾ ਹੀ ਤੈਨੂੰ ਸਿਮਰਦਾ ਰਹਾਂ।4। 82। 151।

ਗਉੜੀ ਮਹਲਾ ੫ ॥ ਆਠ ਪਹਰ ਸੰਗੀ ਬਟਵਾਰੇ ॥ ਕਰਿ ਕਿਰਪਾ ਪ੍ਰਭਿ ਲਏ ਨਿਵਾਰੇ ॥੧॥ ਐਸਾ ਹਰਿ ਰਸੁ ਰਮਹੁ ਸਭੁ ਕੋਇ ॥ ਸਰਬ ਕਲਾ ਪੂਰਨ ਪ੍ਰਭੁ ਸੋਇ ॥੧॥ ਰਹਾਉ ॥ ਮਹਾ ਤਪਤਿ ਸਾਗਰ ਸੰਸਾਰ ॥ ਪ੍ਰਭ ਖਿਨ ਮਹਿ ਪਾਰਿ ਉਤਾਰਣਹਾਰ ॥੨॥ ਅਨਿਕ ਬੰਧਨ ਤੋਰੇ ਨਹੀ ਜਾਹਿ ॥ ਸਿਮਰਤ ਨਾਮ ਮੁਕਤਿ ਫਲ ਪਾਹਿ ॥੩॥ ਉਕਤਿ ਸਿਆਨਪ ਇਸ ਤੇ ਕਛੁ ਨਾਹਿ ॥ ਕਰਿ ਕਿਰਪਾ ਨਾਨਕ ਗੁਣ ਗਾਹਿ ॥੪॥੮੩॥੧੫੨॥ {ਪੰਨਾ 196}

ਪਦ ਅਰਥ: ਸੰਗੀ = ਸਾਥੀ। ਬਟਵਾਰੇ = ਵਾਟ-ਮਾਰੇ, ਰਾਹਜ਼ਨ, ਡਾਕੂ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਲਏ ਨਿਵਾਰੇ = ਨਿਵਾਰਿ ਲਏ, ਦੂਰ ਕਰ ਦਿੱਤੇ।1।

ਰਮਹੁ = ਮਾਣੋ। ਸਭੁ ਕੋਇ = ਹਰੇਕ ਜੀਵ। ਕਲਾ = ਤਾਕਤ। ਸੋਇ = ਉਹ।1। ਰਹਾਉ।

ਤਪਤਿ = ਤਪਸ਼, ਸੜਨ। ਸਾਗਰ = ਸਮੁੰਦਰ। ਉਤਾਰਣਹਾਰ = ਲੰਘਾਣ ਦੀ ਤਾਕਤ ਰੱਖਣ ਵਾਲਾ।2।

ਸਿਮਰਤ = ਸਿਮਰਦਿਆਂ। ਮੁਕਤਿ = ਖ਼ਲਾਸੀ। ਪਾਹਿ = ਪ੍ਰਾਪਤ ਕਰ ਲੈਂਦੇ ਹਨ।3।

ਉਕਤਿ = ਯੁਕਤੀ, ਦਲੀਲ। ਇਸ ਤੇ = ਇਸ ਜੀਵ ਪਾਸੋਂ {ਲਫ਼ਜ਼ 'ਇਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}। ਕਰਿ ਕਿਰਪਾ = ਮਿਹਰ ਕਰ। ਗਾਹਿ = ਗਾ ਸਕਦੇ ਹਨ।4।

ਅਰਥ: (ਹੇ ਭਾਈ!) ਉਹ ਪਰਮਾਤਮਾ ਸਾਰੀਆਂ ਮੁਕੰਮਲ ਤਾਕਤਾਂ ਦਾ ਮਾਲਕ ਹੈ (ਜੇਹੜਾ ਮਨੁੱਖ ਉਸ ਦਾ ਪੱਲਾ ਫੜਦਾ ਹੈ, ਉਹ ਕਿਸੇ ਵਿਕਾਰ ਨੂੰ ਉਸ ਦੇ ਨੇੜੇ ਨਹੀਂ ਢੁੱਕਣ ਦੇਂਦਾ) । ਹਰੇਕ ਜੀਵ ਅਜੇਹੀ ਸਮਰੱਥਾ ਵਾਲੇ ਪ੍ਰਭੂ ਦੇ ਨਾਮ ਦਾ ਰਸ ਮਾਣੋ।1। ਰਹਾਉ।

(ਹੇ ਭਾਈ! ਕਾਮਾਦਿਕ ਪੰਜੇ) ਡਾਕੂ ਅੱਠੇ ਪਹਰ (ਮਨੁੱਖ ਦੇ ਨਾਲ) ਸਾਥੀ ਬਣੇ ਰਹਿੰਦੇ ਹਨ (ਤੇ ਇਸ ਦੇ ਆਤਮਕ ਜੀਵਨ ਉਤੇ ਡਾਕਾ ਮਾਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਬਚਾਇਆ ਹੈ) ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਬਚਾ ਲਿਆ ਹੈ।1।

(ਹੇ ਭਾਈ! ਕਾਮਾਦਿਕ ਵਿਕਾਰਾਂ ਦੀ) ਸੰਸਾਰ-ਸਮੁੰਦਰ ਵਿਚ ਬੜੀ ਤਪਸ਼ ਪੈ ਰਹੀ ਹੈ (ਇਸ ਤਪਸ਼ ਤੋਂ ਬਚਣ ਲਈ ਪ੍ਰਭੂ ਦਾ ਹੀ ਆਸਰਾ ਲਵੋ) ਪ੍ਰਭੂ ਇਕ ਖਿਨ ਵਿਚ ਇਸ ਸੜਨ ਵਿਚੋਂ ਪਾਰ ਲੰਘਾਣ ਦੀ ਤਾਕਤ ਰੱਖਣ ਵਾਲਾ ਹੈ।2।

(ਹੇ ਭਾਈ! ਮਾਇਆ ਦੇ ਮੋਹ ਦੀਆਂ ਇਹ ਵਿਕਾਰ ਆਦਿਕ) ਅਨੇਕਾਂ ਫਾਹੀਆਂ ਹਨ (ਮਨੁੱਖਾਂ ਪਾਸੋਂ ਆਪਣੇ ਜਤਨ ਨਾਲ ਇਹ ਫਾਹੀਆਂ) ਤੋੜੀਆਂ ਨਹੀਂ ਜਾ ਸਕਦੀਆਂ। ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਇਹਨਾਂ ਫਾਹੀਆਂ ਤੋਂ ਖ਼ਲਾਸੀ-ਰੂਪ ਫਲ ਹਾਸਲ ਕਰ ਲੈਂਦੇ ਹਨ।3।

ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ– ਹੇ ਪ੍ਰਭੂ!) ਇਸ ਜੀਵ ਪਾਸੋਂ ਕੋਈ ਅਜੇਹੀ ਸਿਆਣਪ ਕੋਈ ਅਜੇਹੀ ਦਲੀਲ ਨਹੀ ਚੱਲ ਸਕਦੀ (ਜਿਸ ਕਰਕੇ ਇਹ ਇਹਨਾਂ ਡਾਕੂਆਂ ਦੇ ਪੰਜੇ ਤੋਂ ਬਚ ਸਕੇ। ਹੇ ਪ੍ਰਭੂ! ਤੂੰ ਆਪ) ਕਿਰਪਾ ਕਰ, ਜੀਵ ਤੇਰੇ ਗੁਣ ਗਾਵਣ (ਤੇ ਇਹਨਾਂ ਤੋਂ ਬਚ ਸਕਣ) ।4। 83। 152।

ਗਉੜੀ ਮਹਲਾ ੫ ॥ ਥਾਤੀ ਪਾਈ ਹਰਿ ਕੋ ਨਾਮ ॥ ਬਿਚਰੁ ਸੰਸਾਰ ਪੂਰਨ ਸਭਿ ਕਾਮ ॥੧॥ ਵਡਭਾਗੀ ਹਰਿ ਕੀਰਤਨੁ ਗਾਈਐ ॥ ਪਾਰਬ੍ਰਹਮ ਤੂੰ ਦੇਹਿ ਤ ਪਾਈਐ ॥੧॥ ਰਹਾਉ ॥ ਹਰਿ ਕੇ ਚਰਣ ਹਿਰਦੈ ਉਰਿ ਧਾਰਿ ॥ ਭਵ ਸਾਗਰੁ ਚੜਿ ਉਤਰਹਿ ਪਾਰਿ ॥੨॥ ਸਾਧੂ ਸੰਗੁ ਕਰਹੁ ਸਭੁ ਕੋਇ ॥ ਸਦਾ ਕਲਿਆਣ ਫਿਰਿ ਦੂਖੁ ਨ ਹੋਇ ॥੩॥ ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ ॥ ਨਾਨਕ ਦਰਗਹ ਪਾਈਐ ਮਾਨੁ ॥੪॥੮੪॥੧੫੩॥ {ਪੰਨਾ 196}

ਪਦ ਅਰਥ: ਥਾਤੀ = ਧਨ ਦੀ ਥੈਲੀ। ਕੋ = ਦਾ। ਬਿਚਰੁ = ਫਿਰ ਤੁਰ। ਸਭਿ = ਸਾਰੇ।1।

ਵਡ ਭਾਗੀ = ਵੱਡੇ ਭਾਗਾਂ ਨਾਲ। ਪਾਰਬ੍ਰਹਮ = ਹੇ ਪਾਰਬ੍ਰਹਮ! ਤ = ਤਾਂ।1। ਰਹਾਉ।

ਉਰਿ = ਹਿਰਦੇ ਵਿਚ {ars`}। ਭਵ ਸਾਗਰੁ = ਸੰਸਾਰ-ਸਮੁੰਦਰ। ਚੜਿ = (ਪ੍ਰਭੂ-ਚਰਨਾਂ ਦੇ ਜਹਾਜ਼ ਉਤੇ) ਚੜ੍ਹ ਕੇ।2।

ਸਾਧੂ ਸੰਗੁ = ਗੁਰੂ ਦੀ ਸੰਗਤਿ। ਸਭੁ ਕੋਇ = ਹਰੇਕ ਮਨੁੱਖ। ਕਲਿਆਣ = ਸੁਖ।3।

ਗੁਣੀ ਨਿਧਾਨੁ = ਗੁਣਾਂ ਦਾ ਖ਼ਜਾਨਾ ਪ੍ਰਭੂ। ਮਾਨੁ = ਆਦਰ।4।

ਅਰਥ: (ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਵੱਡੇ ਭਾਗਾਂ ਨਾਲ ਗਾਇਆ ਜਾ ਸਕਦਾ ਹੈ। ਹੇ ਪਾਰਬ੍ਰਹਮ ਪ੍ਰਭੂ! ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇਵੇਂ ਤਾਂ ਹੀ ਸਾਨੂੰ ਮਿਲ ਸਕਦੀ ਹੈ।1। ਰਹਾਉ।

(ਹੇ ਭਾਈ! ਜੇ ਤੂੰ ਪਰਮਾਤਮਾ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ-ਧਨ ਦੀ ਥੈਲੀ ਹਾਸਲ ਕਰ ਲਈ ਹੈ, ਤਾਂ ਤੂੰ ਸੰਸਾਰ ਦੇ ਕਾਰ-ਵਿਹਾਰਾਂ ਵਿਚ ਭੀ (ਨਿਸੰਗ ਹੋ ਕੇ) ਤੁਰ ਫਿਰ। ਤੇਰੇ ਸਾਰੇ ਕੰਮ ਸਿਰੇ ਚੜ੍ਹ ਜਾਣਗੇ।1।

(ਹੇ ਭਾਈ!) ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਦਿਲ ਵਿਚ ਟਿਕਾਈ ਰੱਖ। (ਪ੍ਰਭੂ-ਚਰਨ-ਰੂਪ ਜਹਾਜ਼ ਉਤੇ) ਚੜ੍ਹ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ।2।

(ਹੇ ਭਾਈ!) ਹਰੇਕ ਪ੍ਰਾਣੀ ਗੁਰੂ ਦੀ ਸੰਗਤਿ ਕਰੋ। (ਗੁਰੂ ਦੀ ਸੰਗਤਿ ਵਿਚ ਰਿਹਾਂ) ਸਦਾ ਸੁਖ ਹੀ ਸੁਖ ਹੋਣਗੇ, ਮੁੜ ਕੋਈ ਦੁੱਖ ਪੋਹ ਨਹੀਂ ਸਕੇਗਾ।3।

ਹੇ ਨਾਨਕ! ਪ੍ਰੇਮ-ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖ਼ਜਾਨੇ ਪਰਮਾਤਮਾ ਦਾ ਭਜਨ ਕਰ, (ਇਸ ਤਰ੍ਹਾਂ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਮਿਲਦਾ ਹੈ।4। 84। 153।

ਗਉੜੀ ਮਹਲਾ ੫ ॥ ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ ॥ ਭ੍ਰਮ ਬਿਨਸੇ ਗਾਏ ਗੁਣ ਨੀਤ ॥੧॥ ਊਠਤ ਸੋਵਤ ਹਰਿ ਸੰਗਿ ਪਹਰੂਆ ॥ ਜਾ ਕੈ ਸਿਮਰਣਿ ਜਮ ਨਹੀ ਡਰੂਆ ॥੧॥ ਰਹਾਉ ॥ ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥ ਸਗਲ ਦੂਖ ਕਾ ਹੋਇਆ ਨਾਸੁ ॥੨॥ ਆਸਾ ਮਾਣੁ ਤਾਣੁ ਧਨੁ ਏਕ ॥ ਸਾਚੇ ਸਾਹ ਕੀ ਮਨ ਮਹਿ ਟੇਕ ॥੩॥ ਮਹਾ ਗਰੀਬ ਜਨ ਸਾਧ ਅਨਾਥ ॥ ਨਾਨਕ ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥ {ਪੰਨਾ 196-197}

ਪਦ ਅਰਥ: ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਹਰਿ ਮੀਤ ਗੁਣ = ਪ੍ਰਭੂ-ਮਿੱਤਰ ਦੇ ਗੁਣ। ਨੀਤ = ਸਦਾ। ਭ੍ਰਮ = ਭਟਕਣ।1।

ਸੰਗਿ = (ਜੀਵ ਦੇ) ਨਾਲ। ਪਹਰੂਆ = ਰਾਖਾ। ਜਾ ਕੈ ਸਿਮਰਣਿ = ਜਿਸ ਦੇ ਸਿਮਰਨ ਨਾਲ। ਜਮ ਡਰੂਆ = ਮੌਤ ਦਾ ਡਰ।1। ਰਹਾਉ।

ਰਿਦੈ = ਹਿਰਦੈ ਵਿਚ।2।

ਏਕ = ਇਕ ਪਰਮਾਤਮਾ ਦੀ। ਟੇਕ = ਸਹਾਰਾ।3।

ਜਨ ਸਾਧ = ਸਾਧ ਜਨ, ਗੁਰਮੁਖਿ, ਗੁਰੂ ਦੇ ਸੇਵਕ। ਅਨਾਥ = ਨਿਆਸਰੇ। ਪ੍ਰਭਿ = ਪ੍ਰਭੂ ਨੇ।4।

ਅਰਥ: (ਹੇ ਭਾਈ!) ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) , ਉਹ ਪਰਮਾਤਮਾ ਜਾਗਦਿਆਂ ਸੁੱਤਿਆਂ ਹਰ ਵੇਲੇ ਜੀਵ ਦੇ ਨਾਲ ਰਾਖਾ ਹੈ।1। ਰਹਾਉ।

(ਹੇ ਭਾਈ!) ਜੇਹੜਾ ਪ੍ਰਭੂ-ਮਿੱਤਰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ, ਉਸ ਦੇ ਗੁਣ ਸਦਾ ਗਾਵਿਆਂ ਸਭ ਕਿਸਮ ਦੇ ਭਟਕਣ ਨਾਸ ਹੋ ਜਾਂਦੇ ਹਨ।

(ਹੇ ਭਾਈ!) ਪ੍ਰਭੂ ਦੇ ਸੋਹਣੇ ਚਰਨਾਂ ਦਾ ਜਿਸ ਮਨੁੱਖ ਦੇ ਹਿਰਦੇ ਵਿਚ ਨਿਵਾਸ ਹੋ ਜਾਂਦਾ ਹੈ, ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ;

ਇਕ ਪਰਮਾਤਮਾ ਦਾ ਨਾਮ ਹੀ ਉਸ ਮਨੁੱਖ ਦੀ ਆਸ ਬਣ ਜਾਂਦਾ ਹੈ, ਪ੍ਰਭੂ ਦਾ ਨਾਮ ਹੀ ਉਸ ਦਾ ਮਾਣ-ਤਾਣ ਤੇ ਧਨ ਹੋ ਜਾਂਦਾ ਹੈ, ਉਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ। 2, 3।

ਹੇ ਨਾਨਕ! (ਆਖ– ਹੇ ਭਾਈ! ਜੇਹੜੇ) ਬੜੇ ਗਰੀਬ ਤੇ ਅਨਾਥ ਬੰਦੇ (ਸਨ, ਜਦੋਂ ਉਹ) ਗੁਰੂ ਦੇ ਸੇਵਕ (ਬਣ ਗਏ, ਗੁਰੂ ਦੀ ਸਰਨ ਆ ਪਏ) ਪਰਮਾਤਮਾ ਨੇ (ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ) ਹੱਥ ਦੇ ਕੇ ਰੱਖ ਲਿਆ।4। 85। 154।

TOP OF PAGE

Sri Guru Granth Darpan, by Professor Sahib Singh