ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 197 ਗਉੜੀ ਮਹਲਾ ੫ ॥ ਹਰਿ ਹਰਿ ਨਾਮਿ ਮਜਨੁ ਕਰਿ ਸੂਚੇ ॥ ਕੋਟਿ ਗ੍ਰਹਣ ਪੁੰਨ ਫਲ ਮੂਚੇ ॥੧॥ ਰਹਾਉ ॥ ਹਰਿ ਕੇ ਚਰਣ ਰਿਦੇ ਮਹਿ ਬਸੇ ॥ ਜਨਮ ਜਨਮ ਕੇ ਕਿਲਵਿਖ ਨਸੇ ॥੧॥ ਸਾਧਸੰਗਿ ਕੀਰਤਨ ਫਲੁ ਪਾਇਆ ॥ ਜਮ ਕਾ ਮਾਰਗੁ ਦ੍ਰਿਸਟਿ ਨ ਆਇਆ ॥੨॥ ਮਨ ਬਚ ਕ੍ਰਮ ਗੋਵਿੰਦ ਅਧਾਰੁ ॥ ਤਾ ਤੇ ਛੁਟਿਓ ਬਿਖੁ ਸੰਸਾਰੁ ॥੩॥ ਕਰਿ ਕਿਰਪਾ ਪ੍ਰਭਿ ਕੀਨੋ ਅਪਨਾ ॥ ਨਾਨਕ ਜਾਪੁ ਜਪੇ ਹਰਿ ਜਪਨਾ ॥੪॥੮੬॥੧੫੫॥ {ਪੰਨਾ 197} ਪਦ ਅਰਥ: ਨਾਮਿ = ਨਾਮ ਵਿਚ, ਨਾਮ (-ਤੀਰਥ) ਵਿਚ। ਮਜਨੁ = ਇਸ਼ਨਾਨ। ਕਰਿ = ਕਰ ਕੇ। ਸੂਚੇ = ਸੁੱਚੇ, ਪਵਿਤ੍ਰ। ਕੋਟਿ = ਕ੍ਰੋੜਾਂ। ਮੂਚੇ = ਬਹੁਤ, ਵਧੀਕ।1। ਰਹਾਉ। ਕਿਲਵਿਖ = ਪਾਪ।1। ਸੰਗਿ = ਸੰਗਤਿ ਵਿਚ। ਮਾਰਗੁ = ਰਸਤਾ।2। ਬਚ = ਬਚਨ। ਕ੍ਰਮ = ਕਰਮ, ਕੰਮ। ਅਧਾਰੁ = ਆਸਰਾ। ਤਾ ਤੇ = ਉਸ ਤੋਂ। ਬਿਖੁ = ਜ਼ਹਰ।3। ਪ੍ਰਭਿ = ਪ੍ਰਭੂ ਨੇ। ਜਪੇ = ਜਪਦਾ ਹੈ। ਅਰਥ: (ਹੇ ਭਾਈ!) ਪਰਮਾਤਮਾ ਦੇ ਨਾਮ (-ਤੀਰਥ ਵਿਚ ਇਸ਼ਨਾਨ ਕਰ ਕੇ ਸੁੱਚੇ (ਜੀਵਨ ਵਾਲਾ ਬਣ ਜਾਈਦਾ ਹੈ) । (ਨਾਮ-ਤੀਰਥ ਵਿਚ ਇਸ਼ਨਾਨ ਕੀਤਿਆਂ) ਕ੍ਰੋੜਾਂ ਗ੍ਰਹਣਾਂ ਸਮੇ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਭੀ ਵਧੀਕ ਫਲ ਮਿਲਦੇ ਹਨ।1। ਰਹਾਉ। (ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸ ਪੈਣ, ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ।1। (ਹੇ ਭਾਈ! ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਫਲ ਪ੍ਰਾਪਤ ਕਰ ਲਿਆ, ਜਮਾਂ ਦਾ ਰਸਤਾ ਉਸ ਦੀ ਨਜ਼ਰੀਂ ਭੀ ਨ ਪਿਆ (ਆਤਮਕ ਮੌਤ ਉਸ ਦੇ ਕਿਤੇ ਨੇੜੇ ਭੀ ਨਾਹ ਢੁੱਕੀ) ।2। (ਹੇ ਭਾਈ! ਜਿਸ ਮਨੁੱਖ ਨੇ) ਆਪਣੇ ਮਨ ਦਾ ਆਪਣੇ ਬੋਲਾਂ ਦਾ ਆਪਣੇ ਕੰਮਾਂ ਦਾ ਆਸਰਾ ਪਰਮਾਤਮਾ (ਦੇ ਨਾਮ) ਨੂੰ ਬਣਾ ਲਿਆ, ਉਸ ਤੋਂ ਸੰਸਾਰ (ਦਾ ਮੋਹ) ਪਰੇ ਹਟ ਗਿਆ, ਉਸ ਤੋਂ (ਵਿਕਾਰਾਂ ਦਾ ਉਹ) ਜ਼ਹਰ ਪਰੇ ਰਹਿ ਗਿਆ (ਜੋ ਮਨੁੱਖ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ।3। ਹੇ ਨਾਨਕ! ਮਿਹਰ ਕਰ ਕੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ। ਉਹ ਮਨੁੱਖ ਸਦਾ ਪ੍ਰਭੂ ਦਾ ਜਾਪ ਜਪਦਾ ਹੈ ਪ੍ਰਭੂ ਦਾ ਭਜਨ ਕਰਦਾ ਹੈ।4। 86। 155। ਗਉੜੀ ਮਹਲਾ ੫ ॥ ਪਉ ਸਰਣਾਈ ਜਿਨਿ ਹਰਿ ਜਾਤੇ ॥ ਮਨੁ ਤਨੁ ਸੀਤਲੁ ਚਰਣ ਹਰਿ ਰਾਤੇ ॥੧॥ ਭੈ ਭੰਜਨ ਪ੍ਰਭ ਮਨਿ ਨ ਬਸਾਹੀ ॥ ਡਰਪਤ ਡਰਪਤ ਜਨਮ ਬਹੁਤੁ ਜਾਹੀ ॥੧॥ ਰਹਾਉ ॥ ਜਾ ਕੈ ਰਿਦੈ ਬਸਿਓ ਹਰਿ ਨਾਮ ॥ ਸਗਲ ਮਨੋਰਥ ਤਾ ਕੇ ਪੂਰਨ ਕਾਮ ॥੨॥ ਜਨਮੁ ਜਰਾ ਮਿਰਤੁ ਜਿਸੁ ਵਾਸਿ ॥ ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ॥੩॥ ਮੀਤੁ ਸਾਜਨੁ ਸਖਾ ਪ੍ਰਭੁ ਏਕ ॥ ਨਾਮੁ ਸੁਆਮੀ ਕਾ ਨਾਨਕ ਟੇਕ ॥੪॥੮੭॥੧੫੬॥ {ਪੰਨਾ 197} ਪਦ ਅਰਥ: ਜਿਨਿ = ਜਿਸ (ਮਨੁੱਖ) ਨੇ। ਹਰਿ ਜਾਤੇ = ਹਰੀ ਨਾਲ ਡੂੰਘੀ ਸਾਂਝ ਪਾਈ ਹੈ। ਸੀਤਲੁ = ਠੰਢਾ, ਸ਼ਾਂਤ। ਰਾਤੇ = ਰੱਤਿਆਂ, ਪਿਆਰ ਪਾਇਆਂ।1। ਭੈ ਭੰਜਨ ਪ੍ਰਭ = ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪ੍ਰਭੂ। ਮਨਿ = ਮਨ ਵਿਚ। ਨ ਬਸਾਹੀ = ਜੇਹੜੇ ਮਨੁੱਖ ਨਹੀਂ ਵਸਾਂਦੇ, ਬਸਾਹਿ। ਜਾਹੀ = ਜਾਹਿ, ਲੰਘ ਜਾਂਦੇ ਹਨ।1। ਰਹਾਉ। ਰਿਦੈ = ਹਿਰਦੇ ਵਿਚ। ਤਾ ਕੇ = ਉਸ ਦੇ।2। ਜਨਮੁ = ਜ਼ਿੰਦਗੀ। ਜਰਾ = ਬੁਢੇਪਾ। ਮਿਰਤੁ = ਮੌਤ। ਵਾਸਿ = ਵੱਸ ਵਿਚ। ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = (ਹਰੇਕ) ਗਿਰਾਹੀ ਦੇ ਨਾਲ।3। ਸਖਾ = ਸਾਥੀ। ਟੇਕ = ਆਸਰਾ, ਸਹਾਰਾ।4। ਅਰਥ: (ਹੇ ਭਾਈ! ਜੇਹੜੇ ਮਨੁੱਖ) ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ, ਉਹਨਾਂ ਦੇ ਅਨੇਕਾਂ ਜਨਮ ਇਹਨਾਂ ਡਰਾਂ ਤੋਂ ਕੰਬਦਿਆਂ ਹੀ ਬੀਤ ਜਾਂਦੇ ਹਨ।1। ਰਹਾਉ। (ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ਉਸ ਦੀ ਸਰਨ ਪਿਆ ਰਹੁ (ਕਿਉਂਕਿ) ਪ੍ਰਭੂ-ਚਰਨਾਂ ਵਿਚ ਪਿਆਰ ਪਾਇਆਂ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ (ਭਾਵ, ਹਰੇਕ ਇੰਦ੍ਰਾ) ਸ਼ਾਂਤ ਹੋ ਜਾਂਦਾ ਹੈ।1। (ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦੇ ਸਾਰੇ ਕੰਮ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ।2। (ਹੇ ਭਾਈ!) ਸਾਡਾ ਜੀਊਣ, ਸਾਡਾ ਬੁਢੇਪਾ ਤੇ ਸਾਡੀ ਮੌਤ ਜਿਸ ਪਰਮਾਤਮਾ ਦੇ ਵੱਸ ਵਿਚ ਹੈ, ਉਸ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਤੇ ਹਰੇਕ ਗਿਰਾਹੀ ਦੇ ਨਾਲ ਸਿਮਰਦਾ ਰਹੁ।3। ਹੇ ਨਾਨਕ! (ਆਖ– ਹੇ ਭਾਈ!) ਇਕ ਪਰਮਾਤਮਾ ਹੀ (ਸਾਡਾ ਜੀਵਾਂ ਦਾ) ਮਿੱਤਰ ਹੈ ਸੱਜਣ ਹੈ ਸਾਥੀ ਹੈ। ਉਸ ਮਾਲਕ-ਪ੍ਰਭੂ ਦਾ ਨਾਮ ਹੀ (ਸਾਡੀ ਜ਼ਿੰਦਗੀ ਦਾ) ਸਹਾਰਾ ਹੈ।4। 87। 156। ਗਉੜੀ ਮਹਲਾ ੫ ॥ ਬਾਹਰਿ ਰਾਖਿਓ ਰਿਦੈ ਸਮਾਲਿ ॥ ਘਰਿ ਆਏ ਗੋਵਿੰਦੁ ਲੈ ਨਾਲਿ ॥੧॥ ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥ ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ ॥ ਗੁਰ ਪਰਸਾਦੀ ਸਾਗਰੁ ਤਰਿਆ ॥ ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥ ਸੋਭਾ ਸੁਰਤਿ ਨਾਮਿ ਭਗਵੰਤੁ ॥ ਪੂਰੇ ਗੁਰ ਕਾ ਨਿਰਮਲ ਮੰਤੁ ॥੩॥ ਚਰਣ ਕਮਲ ਹਿਰਦੇ ਮਹਿ ਜਾਪੁ ॥ ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥ {ਪੰਨਾ 197} ਪਦ ਅਰਥ: ਬਾਹਰਿ = ਜਗਤ ਨਾਲ ਵਰਤਣ-ਵਿਹਾਰ ਕਰਦਿਆਂ। ਰਿਦੈ = ਹਿਰਦੇ ਵਿਚ। ਸਮਾਲਿ = ਸਾਂਭ ਕੇ। ਘਰਿ = ਹਿਰਦੇ-ਘਰ ਵਿਚ। ਲੈ ਨਾਲਿ = ਨਾਲ ਲੈ ਕੇ।1। ਸੰਤਨ ਕੈ ਸੰਗਿ = ਸੰਤਾਂ ਦੇ ਨਾਲ। ਰਾਤਾ = ਰੰਗਿਆ ਹੋਇਆ। ਰੰਗਿ = ਰੰਗ ਵਿਚ।1। ਰਹਾਉ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਾਗਰੁ = (ਸੰਸਾਰ-) ਸਮੁੰਦਰ। ਕਿਲਵਿਖ = ਪਾਪ। ਸਭਿ = ਸਾਰੇ। ਹਿਰਿਆ = ਦੂਰ ਕਰ ਲਏ।2। ਨਾਮਿ = ਨਾਮ ਵਿਚ। ਭਗਵੰਤੁ = ਭਾਗਾਂ ਵਾਲਾ। ਮੰਤੁ = ਉਪਦੇਸ਼।3। ਜਾਪੁ = ਜਪਦਾ ਰਹੁ। ਨਾਨਕੁ ਜੀਵੈ = ਨਾਨਕ ਆਤਮਕ ਜੀਵਨ ਹਾਸਲ ਕਰਦਾ ਹੈ। ਪੇਖਿ = ਵੇਖ ਕੇ।4। ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ। ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਸੰਤ ਜਨਾਂ ਦਾ) ਮਨ ਰੰਗਿਆ ਰਹਿੰਦਾ ਹੈ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਰੰਗਿਆ ਰਹਿੰਦਾ ਹੈ।1। ਰਹਾਉ। (ਹੇ ਭਾਈ!) ਜਗਤ ਨਾਲ ਕਾਰ-ਵਿਹਾਰ ਕਰਦਿਆਂ ਸੰਤ ਜਨਾਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਿਆ ਹੁੰਦਾ ਹੈ, ਗੋਬਿੰਦ ਨੂੰ ਸੰਤ ਜਨ ਆਪਣੇ ਹਿਰਦੇ-ਘਰ ਵਿਚ ਸਦਾ ਆਪਣੇ ਨਾਲ ਰੱਖਦੇ ਹਨ।1। (ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਹਿਰਦੇ ਵਿਚ ਸਾਂਭ ਕੇ ਸੰਤ ਜਨ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਤੇ ਅਨੇਕਾਂ ਜਨਮਾਂ ਦੇ (ਪਹਿਲੇ ਕੀਤੇ ਹੋਏ) ਸਾਰੇ ਪਾਪ ਦੂਰ ਕਰ ਲੈਂਦੇ ਹਨ।2। (ਹੇ ਭਾਈ! ਤੂੰ ਭੀ) ਪੂਰੇ ਗੁਰੂ ਦਾ ਉਪਦੇਸ਼ (ਆਪਣੇ ਹਿਰਦੇ ਵਿਚ ਵਸਾ। ਜੇਹੜਾ ਮਨੁੱਖ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ) ਭਾਗਾਂ ਵਾਲਾ ਹੋ ਜਾਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਖੱਟਦਾ ਹੈ, ਉਸ ਦੀ ਸੁਰਤਿ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ।3। (ਹੇ ਭਾਈ! ਤੂੰ ਭੀ ਪਰਮਾਤਮਾ ਦੇ) ਸੋਹਣੇ ਚਰਨ (ਆਪਣੇ) ਹਿਰਦੇ ਵਿਚ ਜਪਦਾ ਰਹੁ। ਨਾਨਕ (ਉਸ ਪਰਮਾਤਮਾ ਦਾ) ਪਰਤਾਪ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ।4। 88। 157। ਗਉੜੀ ਮਹਲਾ ੫ ॥ ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥ ਕੁਸਲ ਖੇਮ ਪ੍ਰਭਿ ਆਪਿ ਬਸਾਏ ॥੧॥ ਰਹਾਉ ॥ ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥ ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੧॥ ਹਰਿ ਬਿਸਰਿਐ ਦੁਖ ਰੋਗ ਘਨੇਰੇ ॥ ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥੨॥ ਸੋ ਵਡਭਾਗੀ ਨਿਹਚਲ ਥਾਨੁ ॥ ਜਹ ਜਪੀਐ ਪ੍ਰਭ ਕੇਵਲ ਨਾਮੁ ॥੩॥ ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥ ਨਾਨਕ ਕਉ ਮਿਲਿਆ ਅੰਤਰਜਾਮੀ ॥੪॥੮੯॥੧੫੮॥ {ਪੰਨਾ 197} ਪਦ ਅਰਥ: ਧੰਨੁ = ਭਾਗਾਂ ਵਾਲਾ। ਇਹੁ ਥਾਨੁ = ਇਹ ਹਿਰਦਾ ਥਾਂ। ਕੁਸਲ ਖੇਮ = ਸੁਖ ਆਨੰਦ। ਪ੍ਰਭਿ = ਪ੍ਰਭੂ ਨੇ।1। ਰਹਾਉ। ਬਿਪਤਿ = ਮੁਸੀਬਤ। ਕੋਟਿ = ਕ੍ਰੋੜਾਂ। ਗਾਹੀ = ਗਾਏ ਜਾਂਦੇ ਹਨ।1। ਹਰਿ ਬਿਸਰਿਐ = ਹੇ ਹਰੀ ਵਿਸਰ ਜਾਏ। ਘਨੇਰੇ = ਬਹੁਤ। ਨੇਰੇ = ਨੇੜੇ।2। ਥਾਨੁ = ਥਾਂ, ਹਿਰਦਾ। ਜਹ = ਜਿੱਥੇ।3। ਸੁਆਮੀ = ਮਾਲਕ-ਪ੍ਰਭੂ। ਕਉ = ਨੂੰ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।4। ਅਰਥ: (ਹੇ ਭਾਈ!) ਗੋਬਿੰਦ ਦੇ ਗੁਣ ਗਾਂਵਿਆਂ (ਮਨੁੱਖ ਦਾ) ਇਹ ਹਿਰਦਾ-ਥਾਂ ਭਾਗਾਂ ਵਾਲਾ ਬਣ ਜਾਂਦਾ ਹੈ (ਕਿਉਂਕਿ ਜਿਸ ਹਿਰਦੇ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਆ ਵੱਸੀ, ਉਸ ਵਿਚ) ਪ੍ਰਭੂ ਨੇ ਆਪ ਸਾਰੇ ਸੁਖ ਸਾਰੇ ਆਨੰਦ ਲਿਆ ਵਸਾਏ।1। ਰਹਾਉ। (ਹੇ ਭਾਈ!) ਬਿਪਤਾ (ਸਦਾ) ਉਸ ਹਿਰਦੇ ਵਿਚ (ਵਾਪਰੀ ਰਹਿੰਦੀ) ਹੈ, ਜਿਸ ਵਿਚ ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਹੈ। ਜਿਸ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਉਥੇ ਕ੍ਰੋੜਾਂ ਹੀ ਆਨੰਦ ਹਨ।1। (ਹੇ ਭਾਈ!) ਜੇ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਵਿਸਰ ਜਾਏ, ਤਾਂ ਉਸ ਨੂੰ ਅਨੇਕਾਂ ਦੁੱਖ ਅਨੇਕਾਂ ਰੋਗ (ਆ ਘੇਰਦੇ ਹਨ) । (ਪਰ) ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਜਮ (ਮੌਤ ਦਾ ਭਉ) ਨੇੜੇ ਨਹੀਂ ਢੁੱਕਦਾ (ਆਤਮਕ ਮੌਤ ਨਹੀਂ ਆਉਂਦੀ) ।2। (ਹੇ ਭਾਈ!) ਉਹ ਹਿਰਦਾ-ਥਾਂ ਵੱਡੇ ਭਾਗਾਂ ਵਾਲਾ ਹੈ ਉਹ ਹਿਰਦਾ ਸਦਾ ਅਡੋਲ ਰਹਿੰਦਾ ਹੈ, ਜਿਸ ਵਿਚ ਪਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ।3। (ਹੇ ਭਾਈ!) ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਆਪਣੀ ਕਿਰਪਾ ਨਾਲ ਮੈਨੂੰ) ਨਾਨਕ ਨੂੰ ਮਿਲ ਪਿਆ ਹੈ, ਹੁਣ ਮੈਂ ਜਿਧਰ ਜਾਂਦਾ ਹਾਂ, ਉਧਰ ਮੇਰਾ ਮਾਲਕ-ਪ੍ਰਭੂ ਮੈਨੂੰ ਆਪਣੇ ਨਾਲ ਦਿੱਸਦਾ ਹੈ।4। 89। 158। ਗਉੜੀ ਮਹਲਾ ੫ ॥ ਜੋ ਪ੍ਰਾਣੀ ਗੋਵਿੰਦੁ ਧਿਆਵੈ ॥ ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥ ਸਾਧੂ ਸੰਗਿ ਸਿਮਰਿ ਗੋਪਾਲ ॥ ਬਿਨੁ ਨਾਵੈ ਝੂਠਾ ਧਨੁ ਮਾਲੁ ॥੧॥ ਰਹਾਉ ॥ ਰੂਪਵੰਤੁ ਸੋ ਚਤੁਰੁ ਸਿਆਣਾ ॥ ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ ॥੨॥ ਜਗ ਮਹਿ ਆਇਆ ਸੋ ਪਰਵਾਣੁ ॥ ਘਟਿ ਘਟਿ ਅਪਣਾ ਸੁਆਮੀ ਜਾਣੁ ॥੩॥ ਕਹੁ ਨਾਨਕ ਜਾ ਕੇ ਪੂਰਨ ਭਾਗ ॥ ਹਰਿ ਚਰਣੀ ਤਾ ਕਾ ਮਨੁ ਲਾਗ ॥੪॥੯੦॥੧੫੯॥ {ਪੰਨਾ 197-198} ਪਦ ਅਰਥ: ਧਿਆਵੈ = ਧਿਆਉਂਦਾ ਹੈ, ਹਿਰਦੇ ਵਿਚ ਚੇਤੇ ਰੱਖਦਾ ਹੈ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।1। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ।1। ਰਹਾਉ। ਰੂਪਵੰਤੁ = ਰੂਪ ਵਾਲਾ। ਚਤੁਰੁ = ਤੀਛਣ ਬੁੱਧਿ ਵਾਲਾ। ਜਿਨਿ = ਜਿਸ ਨੇ। ਜਿਨ ਜਨਿ = ਜਿਸ ਜਨ ਨੇ।2। ਪਰਵਾਣੁ = ਕਬੂਲ। ਘਟਿ ਘਟਿ = ਹਰੇਕ ਸਰੀਰ ਵਿਚ। ਜਾਣੁ = ਪਛਾਣ।3। ਜਾ ਕੇ = ਜਿਸ ਮਨੁੱਖ ਦੇ।4। ਅਰਥ: (ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦੇ ਨਾਮ) ਦਾ ਸਿਮਰਨ ਕਰਿਆ ਕਰ। ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਧਨ ਕੋਈ ਮਾਲ ਪੱਕਾ ਸਾਥ ਨਿਬਾਹੁਣ ਵਾਲਾ ਨਹੀਂ ਹੈ।1। ਰਹਾਉ। ਜੇਹੜਾ ਮਨੁੱਖ ਗੋਬਿੰਦ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਕਰਦਾ ਰਹਿੰਦਾ ਹੈ, ਉਹ ਚਾਹੇ ਵਿਦਵਾਨ ਹੋਵੇ ਚਾਹੇ ਵਿੱਦਿਆ-ਹੀਨ, ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਲੈਂਦਾ ਹੈ।1। (ਹੇ ਭਾਈ!) ਉਹੀ ਮਨੁੱਖ ਰੂਪ ਵਾਲਾ ਹੈ ਉਹੀ ਤੀਖਣ ਬੁੱਧਿ ਵਾਲਾ ਹੈ ਉਹੀ ਸਿਆਣਾ ਹੈ, ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ (ਸਦਾ ਸਿਰ ਮੱਥੇ ਉਤੇ) ਮੰਨਿਆ ਹੈ।2। (ਹੇ ਭਾਈ!) ਆਪਣੇ ਮਾਲਕ-ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ। (ਜਿਸ ਮਨੁੱਖ ਨੇ ਮਾਲਕ-ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲਿਆ ਹੈ) ਉਹੀ ਮਨੁੱਖ ਜਗਤ ਵਿਚ ਆਇਆ ਸਫਲ ਹੈ।3। ਹੇ ਨਾਨਕ! ਆਖ– ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗਾ ਰਹਿੰਦਾ ਹੈ।4। 90। 159। |
Sri Guru Granth Darpan, by Professor Sahib Singh |