ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 198

ਗਉੜੀ ਮਹਲਾ ੫ ॥ ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ ॥ ਓਹੁ ਬਿਖਈ ਓਸੁ ਰਾਮ ਕੋ ਰੰਗੁ ॥੧॥ ਰਹਾਉ ॥ ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥ ਜਿਉ ਕਾਪੁਰਖੁ ਪੁਚਾਰੈ ਨਾਰੀ ॥੧॥ ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥ ਗਊ ਚਰਿ ਸਿੰਘ ਪਾਛੈ ਪਾਵੈ ॥੨॥ ਗਾਡਰ ਲੇ ਕਾਮਧੇਨੁ ਕਰਿ ਪੂਜੀ ॥ ਸਉਦੇ ਕਉ ਧਾਵੈ ਬਿਨੁ ਪੂੰਜੀ ॥੩॥ ਨਾਨਕ ਰਾਮ ਨਾਮੁ ਜਪਿ ਚੀਤ ॥ ਸਿਮਰਿ ਸੁਆਮੀ ਹਰਿ ਸਾ ਮੀਤ ॥੪॥੯੧॥੧੬੦॥ {ਪੰਨਾ 198}

ਪਦ ਅਰਥ: ਸਿਉ = ਨਾਲ। ਸਾਕਤ ਸੰਗੁ = ਸਾਕਤ ਦਾ ਜੋੜ। ਸਾਕਤ = ਮਾਇਆ-ਵੇੜ੍ਹਿਆ ਮਨੁੱਖ, ਰੱਬ ਨਾਲੋਂ ਟੁੱਟਾ ਹੋਇਆ। ਓਹੁ = ਉਹ ਸਾਕਤ। ਬਿਖਈ = ਵਿਸ਼ਈ, ਵਿਸ਼ਿਆਂ ਦਾ ਪਿਆਰਾ। ਓਸੁ = ਉਸ (ਦਾਸ) ਨੂੰ। ਕੋ = ਦਾ।1। ਰਹਾਉ।

ਮਨ ਅਸਵਾਰ = {ਜਿਵੇਂ 'ਮਨ-ਤਾਰੂ'} ਜੇਹੜਾ ਸਵਾਰੀ ਕਰਨੀ ਨਹੀਂ ਜਾਣਦਾ। ਤੁਰੀ = ਘੋੜੀ। ਕਾਪੁਰਖੁ = ਖੁਸਰਾ, ਹੀਜੜਾ। ਪੁਚਾਰੈ = ਪਿਆਰ ਕਰਦਾ ਹੈ।1।

ਨੇਤ੍ਰਾ = ਨਿਆਣਾ, ਰੱਸੀ। ਦੁਹਾਵੈ = ਚੋਂਦਾ ਹੈ। ਚਰਿ = ਚੜ੍ਹ ਕੇ। ਪਾਵੈ = ਦੌੜਾਂਦਾ ਹੈ।2।

ਗਾਡਰ = ਭੇਡ। ਕਾਮਧੇਨੁ = {ਧੇਨੁ = ਗਾਂ। ਕਾਮ = ਵਾਸਨਾ} ਹਰੇਕ ਵਾਸਨਾ ਪੂਰੀ ਕਰਨ ਵਾਲੀ ਗਾਂ (ਜੋ ਸੁਰਗ ਵਿਚ ਰਹਿੰਦੀ ਮੰਨੀ ਜਾਂਦੀ ਹੈ ਤੇ ਜੋ ਸਮੁੰਦਰ ਨੂੰ ਰਿੜਕਣ ਸਮੇ ਚੌਦਾਂ ਰਤਨਾਂ ਵਿਚੋਂ ਇਕ ਰਤਨ ਸੀ) । ਪੂਜੀ = ਪੂਜਾ ਕੀਤੀ। ਪੂੰਜੀ = ਸਰਮਾਇਆ।3।

ਸਾ = ਵਰਗਾ।4।

ਅਰਥ: (ਹੇ ਭਾਈ!) ਪਰਮਾਤਮਾ ਦੇ ਭਗਤ ਨਾਲ ਮਾਇਆ-ਵੇੜ੍ਹੇ ਮਨੁੱਖ ਦਾ ਜੋੜ ਨਹੀਂ ਬਣ ਸਕਦਾ (ਕਿਉਂਕਿ) ਉਹ ਸਾਕਤ ਵਿਸ਼ਿਆਂ ਦਾ ਪਿਆਰਾ ਹੁੰਦਾ ਹੈ ਤੇ ਉਸ ਭਗਤ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਿਆ ਹੁੰਦਾ ਹੈ।1। ਰਹਾਉ।

(ਹਰੀ ਦੇ ਦਾਸ ਅਤੇ ਸਾਕਤ ਦਾ ਸੰਗ ਇਉਂ ਹੀ ਹੈ) ਜਿਵੇਂ ਕਿਸੇ ਅਨਾੜੀ ਅਸਵਾਰ ਵਾਸਤੇ ਇਕ ਸਜਾਈ ਹੋਈ ਘੋੜੀ ਹੋਵੇ, ਜਿਵੇਂ ਕੋਈ ਖੁਸਰਾ ਇਸਤ੍ਰੀ ਨੂੰ ਪਿਆਰ ਕਰਦਾ ਹੋਵੇ।1।

(ਹੇ ਭਾਈ!) ਹਰੀ ਦੇ ਦਾਸ ਅਤੇ ਸਾਕਤ ਦਾ ਮੇਲ ਇਉਂ ਹੀ ਹੈ, ਜਿਵੇਂ ਕੋਈ ਮਨੁੱਖ ਨਿਆਣਾ ਪਾ ਕੇ ਬਲਦ ਨੂੰ ਚੋਣ ਲੱਗ ਪਏ, ਜਿਵੇਂ ਕੋਈ ਮਨੁੱਖ ਗਾਂ ਉਤੇ ਚੜ੍ਹ ਕੇ ਉਸ ਨੂੰ ਸ਼ੇਰ ਦੇ ਪਿੱਛੇ ਦੁੜਾਣ ਲੱਗ ਪਏ।2।

(ਹੇ ਭਾਈ!) ਹਰੀ ਦੇ ਭਗਤ ਤੇ ਸਾਕਤ ਦਾ ਜੋੜ ਇਉਂ ਹੈ, ਜਿਵੇਂ ਕੋਈ ਮਨੁੱਖ ਭੇਡ ਲੈ ਕੇ ਉਸ ਨੂੰ ਕਾਮਧੇਨ ਮਿਥ ਕੇ ਪੂਜਣ ਲੱਗ ਪਏ, ਜਿਵੇਂ ਕੋਈ ਮਨੁੱਖ ਸਰਮਾਏ ਤੋਂ ਬਿਨਾ ਹੀ ਸੌਦਾ ਖ਼ਰੀਦਣ ਉੱਠ ਦੌੜੇ।3।

ਹੇ ਨਾਨਕ! (ਹਰੀ ਦੇ ਦਾਸਾਂ ਦੀ ਸੰਗਤਿ ਵਿਚ ਟਿਕ ਕੇ) ਪਰਮਾਤਮਾ ਦਾ ਨਾਮ ਆਪਣੇ ਚਿੱਤ ਵਿਚ ਸਿਮਰ, ਪਰਮਾਤਮਾ ਵਰਗੇ ਮਾਲਕ ਤੇ ਮਿੱਤਰ ਦਾ ਸਿਮਰਨ ਕਰਿਆ ਕਰ।4। 91। 160।

ਗਉੜੀ ਮਹਲਾ ੫ ॥ ਸਾ ਮਤਿ ਨਿਰਮਲ ਕਹੀਅਤ ਧੀਰ ॥ ਰਾਮ ਰਸਾਇਣੁ ਪੀਵਤ ਬੀਰ ॥੧॥ ਹਰਿ ਕੇ ਚਰਣ ਹਿਰਦੈ ਕਰਿ ਓਟ ॥ ਜਨਮ ਮਰਣ ਤੇ ਹੋਵਤ ਛੋਟ ॥੧॥ ਰਹਾਉ ॥ ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ ॥ ਰਾਮ ਰੰਗਿ ਨਿਰਮਲ ਪਰਤਾਪੁ ॥੨॥ ਸਾਧਸੰਗਿ ਮਿਟਿ ਜਾਤ ਬਿਕਾਰ ॥ ਸਭ ਤੇ ਊਚ ਏਹੋ ਉਪਕਾਰ ॥੩॥ ਪ੍ਰੇਮ ਭਗਤਿ ਰਾਤੇ ਗੋਪਾਲ ॥ ਨਾਨਕ ਜਾਚੈ ਸਾਧ ਰਵਾਲ ॥੪॥੯੨॥੧੬੧॥ {ਪੰਨਾ 198}

ਪਦ ਅਰਥ: ਸਾ = ਉਹ {ਇਹ ਲਫ਼ਜ਼ ਇਸਤ੍ਰੀ ਲਿੰਗ ਹੈ}। ਮਤਿ = ਅਕਲ। ਕਹੀਅਤ = ਆਖੀ ਜਾਂਦੀ ਹੈ। ਧੀਰ = ਧੀਰਜ ਵਾਲੀ। ਰਸਾਇਣ = ਰਸਾਂ ਦਾ ਘਰ, ਸਭ ਰਸਾਂ ਤੋਂ ਸ੍ਰੇਸ਼ਟ। ਬੀਰ = ਹੇ ਵੀਰ!।1।

ਓਟ = ਆਸਰਾ। ਛੋਟ = ਖ਼ਲਾਸੀ।1। ਰਹਾਉ।

ਨਿਰਮਲੁ = ਪਵਿਤ੍ਰ {ਇਹ ਲਫ਼ਜ਼ ਪੁਲਿੰਗ ਹੈ। ਪਹਿਲੀ ਤੁਕ ਵਾਲਾ ਲਫ਼ਜ਼ 'ਨਿਰਮਲ' ਇਸਤ੍ਰੀ ਲਿੰਗ ਹੈ}। ਜਿਤੁ = ਜਿਸ ਵਿਚ, ਜਿਸ ਦੀ ਰਾਹੀਂ। ਰੰਗਿ = ਪ੍ਰੇਮ ਵਿਚ।2।

ਮਿਟਿ ਜਾਤ = ਮਿਟ ਜਾਂਦੇ ਹਨ। ਤੇ = ਤੋਂ।3।

ਰਾਤੇ = ਰੰਗੇ ਹੋਏ। ਜਾਚੈ = ਮੰਗਦਾ ਹੈ। ਰਵਾਲ = ਚਰਨਾਂ ਦੀ ਧੂੜ।4।

ਅਰਥ: (ਹੇ ਭਾਈ!) ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਆਸਰਾ ਬਣਾ, (ਇਉਂ ਕੀਤਿਆਂ) ਜਨਮ ਮਰਨ ਦੇ ਗੇੜ ਤੋਂ ਖ਼ਲਾਸੀ ਹੋ ਜਾਂਦੀ ਹੈ।1। ਰਹਾਉ।

ਹੇ ਭਾਈ! ਉਹ ਅਕਲ ਪਵਿਤ੍ਰ ਆਖੀ ਜਾਂਦੀ ਹੈ ਧੀਰਜ ਵਾਲੀ ਆਖੀ ਜਾਂਦੀ ਹੈ, (ਜਿਸ ਦਾ ਆਸਰਾ ਲੈ ਕੇ ਮਨੁੱਖ) ਸਭ ਰਸਾਂ ਤੋਂ ਸ੍ਰੇਸ਼ਟ ਪ੍ਰਭੂ-ਨਾਮ ਦਾ ਰਸ ਪੀਂਦਾ ਹੈ।1।

(ਹੇ ਭਾਈ!) ਉਹ ਸਰੀਰ ਪਵਿਤ੍ਰ ਹੈ ਜਿਸ ਵਿਚ ਕੋਈ ਪਾਪ ਨਹੀਂ ਪੈਦਾ ਹੁੰਦਾ। ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਪਵਿਤ੍ਰ ਹੋਏ ਮਨੁੱਖ ਦਾ ਤੇਜ-ਪਰਤਾਪ (ਚਮਕਦਾ ਹੈ) ।2।

(ਹੇ ਭਾਈ! ਸਾਧ ਸੰਗਤਿ ਕਰਿਆ ਕਰ) ਸਾਧ ਸੰਗਤਿ ਵਿਚ ਰਿਹਾਂ (ਅੰਦਰੋਂ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। (ਸਾਧ ਸੰਗਤਿ ਦਾ) ਸਭ ਤੋਂ ਉੱਚਾ ਇਹੀ ਉਪਕਾਰ ਹੈ।3।

ਜੇਹੜੇ ਮਨੁੱਖ ਪਰਮਾਤਮਾ ਦੀ ਪ੍ਰੇਮ-ਭਗਤੀ ਦੇ ਰੰਗ ਵਿਚ ਰੰਗੇ ਰਹਿੰਦੇ ਹਨ, ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।4। 92। 161।

ਗਉੜੀ ਮਹਲਾ ੫ ॥ ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥ ਮੇਲਿ ਲਏ ਪੂਰਨ ਵਡਭਾਗੀ ॥੧॥ ਰਹਾਉ ॥ ਭਰਤਾ ਪੇਖਿ ਬਿਗਸੈ ਜਿਉ ਨਾਰੀ ॥ ਤਿਉ ਹਰਿ ਜਨੁ ਜੀਵੈ ਨਾਮੁ ਚਿਤਾਰੀ ॥੧॥ ਪੂਤ ਪੇਖਿ ਜਿਉ ਜੀਵਤ ਮਾਤਾ ॥ ਓਤਿ ਪੋਤਿ ਜਨੁ ਹਰਿ ਸਿਉ ਰਾਤਾ ॥੨॥ ਲੋਭੀ ਅਨਦੁ ਕਰੈ ਪੇਖਿ ਧਨਾ ॥ ਜਨ ਚਰਨ ਕਮਲ ਸਿਉ ਲਾਗੋ ਮਨਾ ॥੩॥ ਬਿਸਰੁ ਨਹੀ ਇਕੁ ਤਿਲੁ ਦਾਤਾਰ ॥ ਨਾਨਕ ਕੇ ਪ੍ਰਭ ਪ੍ਰਾਨ ਅਧਾਰ ॥੪॥੯੩॥੧੬੨॥ {ਪੰਨਾ 198}

ਪਦ ਅਰਥ: ਸਿਉ = ਨਾਲ। ਪੂਰਨ = ਸਾਰੇ ਗੁਣਾਂ ਨਾਲ ਭਰਪੂਰ। ਵਡਭਾਗੀ = ਵੱਡੇ ਭਾਗਾਂ ਵਾਲੇ।1। ਰਹਾਉ।

ਭਰਤਾ = ਖਸਮ। ਪੇਖਿ = ਵੇਖ ਕੇ। ਬਿਗਸੈ = ਖਿੜ ਪੈਂਦੀ ਹੈ, ਖ਼ੁਸ਼ ਹੁੰਦੀ ਹੈ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਚਿਤਾਰੀ = ਚਿਤਾਰਿ, ਚਿਤਾਰ ਕੇ।1।

ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਰਾਤਾ = ਰੰਗਿਆ ਹੋਇਆ, ਮਸਤ।2।

ਅਨਦੁ = ਖ਼ੁਸ਼ੀ। ਜਨ ਮਨਾ = ਸੇਵਕ ਦਾ ਮਨ।3।

ਦਾਤਾਰ = ਹੇ ਦਾਤਾਰ! ਅਧਾਰ = ਹੇ ਆਸਰੇ!।4।

ਅਰਥ: (ਹੇ ਭਾਈ!) ਪਰਮਾਤਮਾ ਨਾਲ ਜਿਨ੍ਹਾਂ ਮਨੁੱਖਾਂ ਦੀ ਇਹੋ ਜਿਹੀ ਪ੍ਰੀਤਿ (ਜਿਸ ਦਾ ਜ਼ਿਕਰ ਇਥੇ ਕੀਤਾ ਜਾ ਰਿਹਾ ਹੈ) ਬਣਦੀ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਾਰੇ ਗੁਣਾਂ ਨਾਲ ਭਰਪੂਰ ਹੋ ਜਾਂਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।1। ਰਹਾਉ।

ਜਿਵੇਂ ਇਸਤ੍ਰੀ ਆਪਣੇ ਪਤੀ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ, ਤਿਵੇਂ ਹਰੀ ਦਾ ਦਾਸ ਹਰੀ ਦਾ ਨਾਮ ਚੇਤੇ ਕਰ ਕੇ ਅੰਤਰ ਆਤਮੇ ਹੁਲਾਰੇ ਵਿਚ ਆਉਂਦਾ ਹੈ।1।

ਜਿਵੇਂ ਮਾਂ ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਜੀਊਂਦੀ ਹੈ, ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਨਾਲ ਤਾਣੇ ਪੇਟੇ ਦੇ ਸੂਤਰ ਵਾਂਗ ਰੱਤਾ ਰਹਿੰਦਾ ਹੈ।2।

(ਜਿਵੇਂ, ਹੇ ਭਾਈ!) ਲਾਲਚੀ ਮਨੁੱਖ ਧਨ ਵੇਖ ਕੇ ਖ਼ੁਸ਼ੀ ਮਨਾਂਦਾ ਹੈ, ਤਿਵੇਂ ਪਰਮਾਤਮਾ ਦੇ ਭਗਤ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਲਪਟਿਆ ਰਹਿੰਦਾ ਹੈ।3।

ਹੇ ਦਾਤਾਰ! ਹੇ ਨਾਨਕ ਦੇ ਪ੍ਰਾਣਾਂ ਦੇ ਆਸਰੇ ਪ੍ਰਭੂ! (ਮੈਨੂੰ ਨਾਨਕ ਨੂੰ) ਇਕ ਰਤਾ ਜਿਤਨਾ ਸਮਾ ਭੀ ਨਾਹ ਭੁੱਲ।4। 93। 162।

ਗਉੜੀ ਮਹਲਾ ੫ ॥ ਰਾਮ ਰਸਾਇਣਿ ਜੋ ਜਨ ਗੀਧੇ ॥ ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥ ਆਨ ਰਸਾ ਦੀਸਹਿ ਸਭਿ ਛਾਰੁ ॥ ਨਾਮ ਬਿਨਾ ਨਿਹਫਲ ਸੰਸਾਰ ॥੧॥ ਅੰਧ ਕੂਪ ਤੇ ਕਾਢੇ ਆਪਿ ॥ ਗੁਣ ਗੋਵਿੰਦ ਅਚਰਜ ਪਰਤਾਪ ॥੨॥ ਵਣਿ ਤ੍ਰਿਣਿ ਤ੍ਰਿਭਵਣਿ ਪੂਰਨ ਗੋਪਾਲ ॥ ਬ੍ਰਹਮ ਪਸਾਰੁ ਜੀਅ ਸੰਗਿ ਦਇਆਲ ॥੩॥ ਕਹੁ ਨਾਨਕ ਸਾ ਕਥਨੀ ਸਾਰੁ ॥ ਮਾਨਿ ਲੇਤੁ ਜਿਸੁ ਸਿਰਜਨਹਾਰੁ ॥੪॥੯੪॥੧੬੩॥ {ਪੰਨਾ 198}

ਪਦ ਅਰਥ: ਰਸਾਇਣਿ = ਰਸਾਇਣ ਵਿਚ, ਰਸਾਂ ਦੇ ਘਰ ਹਰਿ-ਨਾਮ ਵਿਚ। ਗੀਧੇ = ਗਿੱਝੇ ਹੋਏ, ਮਸਤ, ਰਚੇ ਹੋਏ। ਬੀਧੇ = ਵਿੱਝੇ ਹੋਏ।1। ਰਹਾਉ।

ਆਨ = {ANX} ਹੋਰ ਹੋਰ। ਦੀਸਹਿ = ਦਿੱਸਦੇ ਹਨ। ਸਭਿ = ਸਾਰੇ। ਛਾਰੁ = ਸੁਆਹ। ਨਿਹਫਲ = ਵਿਅਰਥ।1।

ਅੰਧ = ਅੰਨ੍ਹਾ। ਕੂਪ = ਖੂਹ। ਤੇ = ਤੋਂ।2।

ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ। ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ। ਪਸਾਰੁ = ਖਿਲਾਰਾ। ਜੀਅ ਸੰਗਿ = ਸਾਰੇ ਜੀਵਾਂ ਨਾਲ।3।

ਸਾਰੁ = ਸਾਂਭ, ਹਿਰਦੇ ਵਿਚ ਸੰਭਾਲ।4।

ਅਰਥ: (ਹੇ ਭਾਈ!) ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਹਰਿ-ਨਾਮ-ਰਸ ਵਿਚ ਮਸਤ ਰਹਿੰਦੇ ਹਨ ਉਹ ਮਨੁੱਖ ਪਰਮਾਤਮਾ ਦੇ ਸੁਹਣੇ ਚਰਨਾਂ ਦੀ ਪ੍ਰੇਮ-ਭਗਤੀ ਵਿੱਚ ਵਿੱਝੇ ਰਹਿੰਦੇ ਹਨ (ਜਿਵੇਂ ਭੌਰਾ ਫੁੱਲ ਵਿਚ ਵਿੱਝ ਜਾਂਦਾ ਹੈ) ।1। ਰਹਾਉ।

(ਹੇ ਭਾਈ! ਉਹਨਾਂ ਮਨੁੱਖਾਂ ਨੂੰ ਦੁਨੀਆ ਦੇ) ਹੋਰ ਸਾਰੇ ਰਸ (ਪ੍ਰਭੂ-ਨਾਮ-ਰਸ ਦੇ ਟਾਕਰੇ ਤੇ) ਸੁਆਹ ਦਿੱਸਦੇ ਹਨ, ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੇ ਸਾਰੇ ਪਦਾਰਥ ਉਹਨਾਂ ਨੂੰ ਵਿਅਰਥ ਜਾਪਦੇ ਹਨ।1।

(ਹੇ ਭਾਈ!) ਗੋਬਿੰਦ ਦੇ ਗੁਣ ਅਸਚਰਜ ਪਰਤਾਪ ਵਾਲੇ ਹਨ (ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ ਉਹਨਾਂ ਨੂੰ ਪਰਮਾਤਮਾ) ਆਪ (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ।2।

(ਹੇ ਭਾਈ! ਹਰਿ-ਨਾਮ-ਰਸ ਵਿਚ ਮਸਤ ਬੰਦਿਆਂ ਨੂੰ) ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਵਣ ਵਿਚ ਤ੍ਰਿਣ ਵਿਚ ਤਿੰਨ-ਭਵਨੀ ਸੰਸਾਰ ਵਿਚ ਵਿਆਪਕ ਦਿੱਸਦਾ ਹੈ, ਉਹਨਾਂ ਨੂੰ ਇਹ ਸਾਰਾ ਜਗਤ ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ, ਪਰਮਾਤਮਾ ਸਭ ਜੀਵਾਂ ਦੇ ਅੰਗ-ਸੰਗ ਪ੍ਰਤੀਤ ਹੁੰਦਾ ਹੈ, ਤੇ ਦਇਆ ਦਾ ਘਰ ਦਿੱਸਦਾ ਹੈ।3।

ਹੇ ਨਾਨਕ! ਆਖ– (ਹੇ ਭਾਈ! ਤੂੰ ਭੀ ਆਪਣੇ ਹਿਰਦੇ ਵਿਚ) ਉਹ ਸਿਫ਼ਤਿ-ਸਾਲਾਹ ਸੰਭਾਲ ਜਿਸ (ਸਿਫ਼ਤਿ-ਸਾਲਾਹ-ਰੂਪ ਕਥਨੀ) ਨੂੰ ਸਿਰਜਣਹਾਰ ਪ੍ਰਭੂ ਆਦਰ-ਸਤਕਾਰ ਦੇਂਦਾ ਹੈ।4। 94। 163।

ਗਉੜੀ ਮਹਲਾ ੫ ॥ ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ ॥ ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ ॥ ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥ ਸੰਤਸੰਗਿ ਤਹ ਗੋਸਟਿ ਹੋਇ ॥ ਕੋਟਿ ਜਨਮ ਕੇ ਕਿਲਵਿਖ ਖੋਇ ॥੨॥ ਸਿਮਰਹਿ ਸਾਧ ਕਰਹਿ ਆਨੰਦੁ ॥ ਮਨਿ ਤਨਿ ਰਵਿਆ ਪਰਮਾਨੰਦੁ ॥੩॥ ਜਿਸਹਿ ਪਰਾਪਤਿ ਹਰਿ ਚਰਣ ਨਿਧਾਨ ॥ ਨਾਨਕ ਦਾਸ ਤਿਸਹਿ ਕੁਰਬਾਨ ॥੪॥੯੫॥੧੬੪॥ {ਪੰਨਾ 198-199}

ਪਦ ਅਰਥ: ਨਿਤ ਪ੍ਰਤਿ = ਸਦਾ ਹੀ। ਨਾਵਣੁ = ਇਸ਼ਨਾਨ। ਸਰਿ = ਸਰ ਵਿਚ। ਰਾਮ ਸਰਿ = ਰਾਮ (ਦੇ ਨਾਮ-ਰੂਪ) ਸਰ ਵਿਚ। ਕੀਜੈ = ਕਰਨਾ ਚਾਹੀਦਾ ਹੈ। ਝੋਲਿ = ਹਿਲਾ ਕੇ ਪ੍ਰੇਮ ਨਾਲ। ਪੀਜੈ = ਪੀਣਾ ਚਾਹੀਦਾ ਹੈ।1। ਰਹਾਉ।

ਉਦਕੁ = ਪਾਣੀ। ਮਜਨੁ = ਇਸ਼ਨਾਨ। ਸਭਿ = ਸਾਰੇ।1।

ਸੰਤ ਸੰਗਿ = ਹਰਿ-ਸੰਤ ਨਾਲ। ਤਹ = ਉਥੇ, ਰਾਮ-ਸਰ ਵਿਚ ਚੁੱਭੀ ਲਾਇਆਂ, ਪ੍ਰਭੂ-ਚਰਨਾਂ ਵਿਚ ਜੁੜਿਆਂ। ਗੋਸਟਿ = ਮਿਲਾਪ। ਕਿਲਵਿਖ = ਪਾਪ। ਖੋਇ = (ਮਨੁੱਖ) ਨਾਸ ਕਰ ਲੈਂਦਾ ਹੈ।2।

ਸਾਧ = ਗੁਰਮੁਖ ਬੰਦੇ। ਮਨਿ = ਮਨ ਵਿਚ। ਤਨਿ = ਤਨ ਵਿਚ। ਰਵਿਆ = ਹਰ ਵੇਲੇ ਮੌਜੂਦ। ਪਰਮਾਨੰਦੁ = ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ।3।

ਜਿਸਹਿ = ਜਿਸ ਮਨੁੱਖ ਨੂੰ। ਨਿਧਾਨ = ਖ਼ਜ਼ਾਨੇ।4।

ਅਰਥ: (ਹੇ ਭਾਈ!) ਪਰਮਾਤਮਾ ਦੇ ਨਾਮ-ਸਰ ਵਿਚ ਸਦਾ ਹੀ ਇਸ਼ਨਾਨ ਕਰਨਾ ਚਾਹੀਦਾ ਹੈ। (ਪਰਮਾਤਮਾ ਦੇ ਨਾਮ ਦਾ ਰਸ) ਸਭ ਤੋਂ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲੇ ਇਸ ਹਰਿ-ਨਾਮ-ਰਸ ਨੂੰ ਬੜੇ ਪ੍ਰੇਮ ਨਾਲ ਪੀਣਾ ਚਾਹੀਦਾ ਹੈ।1। ਰਹਾਉ।

(ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਜਲ ਹੈ, (ਇਸ ਜਲ ਵਿਚ) ਇਸ਼ਨਾਨ ਕਰਦਿਆਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਸਭ ਵਾਸ਼ਨਾਂ ਮੁੱਕ ਜਾਂਦੀਆਂ ਹਨ) ।1।

(ਹੇ ਭਾਈ!) ਉਥੇ (ਉਸ ਹਰਿ-ਨਾਮ-ਜਲ ਵਿਚ ਚੁੱਭੀ ਲਾਂਦਿਆਂ) ਪ੍ਰਭੂ-ਸੰਤ ਨਾਲ ਮਿਲਾਪ ਹੋ ਜਾਂਦਾ ਹੈ (ਤੇ, ਮਨੁੱਖ ਆਪਣੇ) ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਲੈਂਦਾ ਹੈ।2।

(ਹੇ ਭਾਈ! ਜੇਹੜੇ) ਗੁਰਮੁਖ ਬੰਦੇ (ਹਰਿ-ਨਾਮ) ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, ਉਹਨਾਂ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪਰਮਾਤਮਾ ਹਰ ਵੇਲੇ ਮੌਜੂਦ ਦਿੱਸਦਾ ਹੈ।3।

ਹੇ ਨਾਨਕ! (ਆਖ–) ਪਰਮਾਤਮਾ ਦੇ ਚਰਨਾਂ ਦੇ ਖ਼ਜ਼ਾਨੇ ਜਿਸ ਮਨੁੱਖ ਨੂੰ ਲੱਭ ਪੈਂਦੇ ਹਨ, ਉਸ ਮਨੁੱਖ ਤੋਂ ਪ੍ਰਭੂ ਦੇ ਭਗਤ-ਸੇਵਕ ਕੁਰਬਾਨ ਜਾਂਦੇ ਹਨ।4। 95। 164।

TOP OF PAGE

Sri Guru Granth Darpan, by Professor Sahib Singh