ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 199

ਗਉੜੀ ਮਹਲਾ ੫ ॥ ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥ ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥ ਏਕੋ ਸਿਮਰਿ ਨ ਦੂਜਾ ਭਾਉ ॥ ਸੰਤਸੰਗਿ ਜਪਿ ਕੇਵਲ ਨਾਉ ॥੧॥ ਕਰਮ ਧਰਮ ਨੇਮ ਬ੍ਰਤ ਪੂਜਾ ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥ ਤਾ ਕੀ ਪੂਰਨ ਹੋਈ ਘਾਲ ॥ ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥ ਸੋ ਬੈਸਨੋ ਹੈ ਅਪਰ ਅਪਾਰੁ ॥ ਕਹੁ ਨਾਨਕ ਜਿਨਿ ਤਜੇ ਬਿਕਾਰ ॥੪॥੯੬॥੧੬੫॥ {ਪੰਨਾ 199}

ਪਦ ਅਰਥ: ਜਿਤੁ = ਜਿਸ (ਦੇ ਕਰਨ) ਨਾਲ। ਜਾਗੈ = ਜਾਗਦਾ ਰਹੇ, ਵਿਕਾਰਾਂ ਵਲੋਂ ਸੁਚੇਤ ਰਹੇ।1। ਰਹਾਉ।

ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ। ਸੰਗਿ = ਸੰਗਤਿ ਵਿਚ।1।

ਜਾਨੁ ਨ = ਨਾਹ ਸਮਝ।2।

ਘਾਲ = ਮਿਹਨਤ। ਜਾ ਕੀ = ਜਿਸ (ਮਨੁੱਖ) ਦੀ।3।

ਬੈਸਨੋ = ਵਿਸ਼ਨੂ ਦਾ ਭਗਤ। ਅਪਰ ਅਪਾਰੁ = ਪਰੇ ਤੋਂ ਪਰੇ, ਬਹੁਤ ਸ੍ਰੇਸ਼ਟ। ਜਿਨਿ = ਜਿਸ ਨੇ।4।

ਅਰਥ: (ਹੇ ਭਾਈ!) ਉਹ (ਧਾਰਮਿਕ) ਉੱਦਮ ਕਰ, ਜਿਸ ਦੇ ਕਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ, ਤੇ ਤੇਰਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੇ।1। ਰਹਾਉ।

(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦਾ ਨਾਮ ਜਪ, ਕਿਸੇ ਹੋਰ ਦਾ ਪਿਆਰ (ਆਪਣੇ ਮਨ ਵਿਚ) ਨਾਹ ਲਿਆ। ਸਾਧ ਸੰਗਤਿ ਵਿਚ ਟਿਕ ਕੇ ਸਿਰਫ਼ ਪਰਮਾਤਮਾ ਦਾ ਨਾਮ ਜਪਿਆ ਕਰ।1।

(ਹੇ ਭਾਈ! ਮਿਥੇ ਹੋਏ) ਧਾਰਮਿਕ ਕਰਮ, ਵਰਤ ਪੂਜਾ ਆਦਿਕ (ਬਣਾਏ ਹੋਏ) ਨੇਮ = ਪਰਮਾਤਮਾ ਦੇ ਸਿਮਰਨ ਤੋਂ ਬਿਨਾ ਅਜੇਹੇ ਕਿਸੇ ਦੂਜੇ ਕੰਮ ਨੂੰ (ਉੱਚੇ ਆਤਮਕ ਜੀਵਨ ਵਾਸਤੇ ਸਹਾਇਕ) ਨਾਹ ਸਮਝ।2।

(ਹੇ ਭਾਈ! ਸਿਰਫ਼) ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ, ਜਿਸ ਦੀ ਪ੍ਰੀਤਿ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ।3।

ਹੇ ਨਾਨਕ! ਆਖ– (ਕਰਮ ਧਰਮ ਨੇਮ ਬ੍ਰਤ ਪੂਜਾ ਕਰਨ ਵਾਲਾ ਮਨੁੱਖ ਅਸਲ ਬੈਸਨੋ ਨਹੀਂ ਹੈ) ਉਹ ਬੈਸਨੋ ਪਰੇ ਤੋਂ ਪਰੇ ਤੇ ਸ੍ਰੇਸ਼ਟ ਹੈ, ਜਿਸ ਨੇ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ ਆਪਣੇ ਅੰਦਰੋਂ) ਸਾਰੇ ਵਿਕਾਰ ਦੂਰ ਕਰ ਲਏ ਹਨ।4। 96। 165।

ਗਉੜੀ ਮਹਲਾ ੫ ॥ ਜੀਵਤ ਛਾਡਿ ਜਾਹਿ ਦੇਵਾਨੇ ॥ ਮੁਇਆ ਉਨ ਤੇ ਕੋ ਵਰਸਾਂਨੇ ॥੧॥ ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥ ਕਾਹੂ ਕਾਜ ਨ ਆਵਤ ਬਿਖਿਆ ॥੧॥ ਰਹਾਉ ॥ ਬਿਖੈ ਠਗਉਰੀ ਜਿਨਿ ਜਿਨਿ ਖਾਈ ॥ ਤਾ ਕੀ ਤ੍ਰਿਸਨਾ ਕਬਹੂੰ ਨ ਜਾਈ ॥੨॥ ਦਾਰਨ ਦੁਖ ਦੁਤਰ ਸੰਸਾਰੁ ॥ ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ ॥੩॥ ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥ ਰਾਮ ਨਾਮ ਨਾਨਕ ਆਰਾਧਿ ॥੪॥੯੭॥੧੬੬॥ {ਪੰਨਾ 199}

ਪਦ ਅਰਥ: ਜੀਵਤ = ਜੀਊਂਦਿਆਂ। ਦੇਵਾਨੇ = ਹੇ ਦੀਵਾਨੇ! ਹੇ ਕਮਲੇ ਮਨੁੱਖ! ਉਨ ਤੇ = ਉਹਨਾਂ ਤੋਂ। ਕੋ ਵਰਸਾਂਨੇ = ਕੌਣ ਲਾਭ ਉਠਾ ਸਕਦੇ ਹਨ?।1।

ਮਨਿ = ਮਨ ਵਿਚ। ਤਨਿ = ਤਨ ਵਿਚ। ਧੁਰਿ = ਧੁਰ ਤੋਂ। ਲਿਖਿਆ = ਉੱਕਰਿਆ ਹੋਇਆ। ਬਿਖਿਆ = ਮਾਇਆ।1। ਰਹਾਉ।

ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜਿਹੜੀ ਖਵਾ ਕੇ ਠੱਗ ਭੋਲੇ ਲੋਕਾਂ ਨੂੰ ਠੱਗ ਲੈਂਦੇ ਹਨ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ-ਬੂਟੀ। ਜਿਨਿ ਜਿਨਿ = ਜਿਸ ਜਿਸ ਨੇ।2।

ਦਾਰਨ = ਭਿਆਨਕ। ਦੁਤਰ = {duÔqr} ਜਿਸ ਤੋਂ ਪਾਰ ਲੰਘਣਾ ਔਖਾ ਹੈ। ਉਤਰਸਿ = ਤੂੰ ਪਾਰ ਲੰਘੇਂਗਾ।3।

ਦੁਇ ਕੁਲ = ਇਹ ਲੋਕ ਤੇ ਪਰਲੋਕ। ਸਾਧਿ = ਸੰਵਾਰ ਲੈ। ਆਰਾਧਿ = ਸਿਮਰ।4।

ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰ, (ਇਹ ਸਿਮਰਨ-ਲੇਖ ਹੀ ਧੁਰੋਂ ਰੱਬੀ ਨਿਯਮ ਅਨੁਸਾਰ ਤੇਰੇ ਮਨ ਵਿਚ ਤੇਰੇ ਹਿਰਦੇ ਵਿਚ (ਸਦਾ ਲਈ) ਉੱਕਰਿਆ ਰਹਿ ਸਕਦਾ ਹੈ, ਪਰ ਇਹ ਮਾਇਆ (ਜਿਸ ਦੀ ਖ਼ਾਤਰ ਸਾਰੀ ਉਮਰ ਦੌੜ-ਭੱਜ ਕਰਦਾ ਹੈਂ, ਆਖ਼ਿਰ) ਕਿਸੇ ਕੰਮ ਨਹੀਂ ਆਉਂਦੀ।1। ਰਹਾਉ।

ਹੇ ਝੱਲੇ ਮਨੁੱਖ! ਜੇਹੜੇ ਮਾਇਕ ਪਦਾਰਥ ਮਨੁੱਖ ਨੂੰ ਜੀਊਂਦੇ ਨੂੰ ਹੀ ਛੱਡ ਜਾਂਦੇ ਹਨ, ਮੌਤ ਆਉਣ ਤੇ ਉਹਨਾਂ ਪਾਸੋਂ ਕੌਣ ਕੋਈ ਲਾਭ ਉਠਾ ਸਕਦਾ ਹੈ?।1।

(ਹੇ ਭਾਈ! ਚੇਤੇ ਰੱਖ) ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠਗ-ਬੂਟੀ ਖਾ ਲਈ ਹੈ, (ਵਿਕਾਰਾਂ ਦੀ) ਉਸ ਦੀ ਤ੍ਰਿਸ਼ਨਾ ਕਦੇ ਭੀ ਮਿਟਦੀ ਨਹੀਂ।2।

(ਹੇ ਭਾਈ!) ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਇਹ ਬੜੇ ਭਿਆਨਕ ਦੁੱਖਾਂ ਨਾਲ ਭਰਪੂਰ ਹੈ। ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤਰ੍ਹਾਂ ਇਸ ਤੋਂ ਪਾਰ ਲੰਘ ਸਕੇਂਗਾ?।3।

ਹੇ ਨਾਨਕ! (ਆਖ– ਹੇ ਭਾਈ!) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰ, ਤੇ ਇਹ ਲੋਕ ਤੇ ਪਰਲੋਕ ਦੋਵੇਂ ਹੀ ਸੰਵਾਰ ਲੈ।4। 97। 166।

ਗਉੜੀ ਮਹਲਾ ੫ ॥ ਗਰੀਬਾ ਉਪਰਿ ਜਿ ਖਿੰਜੈ ਦਾੜੀ ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥ ਪੂਰਾ ਨਿਆਉ ਕਰੇ ਕਰਤਾਰੁ ॥ ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ ॥ ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥ ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥ ਤਿਨਿ ਮਾਰਿਆ ਜਿ ਰਖੈ ਨ ਕੋਇ ॥ ਆਗੈ ਪਾਛੈ ਮੰਦੀ ਸੋਇ ॥੩॥ ਅਪੁਨੇ ਦਾਸ ਰਾਖੈ ਕੰਠਿ ਲਾਇ ॥ ਸਰਣਿ ਨਾਨਕ ਹਰਿ ਨਾਮੁ ਧਿਆਇ ॥੪॥੯੮॥੧੬੭॥ {ਪੰਨਾ 199}

ਪਦ ਅਰਥ: ਜਿ ਦਾੜੀ = ਜੇਹੜੀ ਦਾੜ੍ਹੀ। ਖਿੰਜੈ = ਖਿੱਝਦੀ ਹੈ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸਾ = ਉਹ ਦਾੜ੍ਹੀ {ਲਫ਼ਜ਼ 'ਸਾ' ਇਸਤ੍ਰੀ ਲਿੰਗ ਹੈ}।1।

ਪੂਰਾ = ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ। ਰਾਖਨਹਾਰੁ = ਰੱਖਣ ਦੀ ਤਾਕਤ ਵਾਲਾ।1। ਰਹਾਉ।

ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਪ੍ਰਗਟਿ = ਪ੍ਰਗਟੈ, ਪਰਗਟ ਹੁੰਦਾ ਆਇਆ ਹੈ। ਮੁਆ = ਆਤਮਕ ਮੌਤੇ ਮਰਦਾ ਹੈ। ਉਪਜਿ = ਉਪਜ ਕੇ। ਤਾਪੁ = ਦੁੱਖ-ਕਲੇਸ਼।2।

ਤਿਨਿ = ਉਸ (ਪਰਮਾਤਮਾ) ਨੇ। ਜਿ = ਜਿਸ ਦੇ ਮਾਰੇ ਨੂੰ। ਆਗੈ = ਪਰਲੋਕ ਵਿਚ। ਪਾਛੈ = ਇਸ ਲੋਕ ਵਿਚ। ਮੰਦੀ ਸੋਇ = ਬਦਨਾਮੀ।3।

ਕੰਠਿ = ਗਲ ਨਾਲ। ਲਾਇ = ਲਾ ਕੇ। ਨਾਨਕ = ਹੇ ਨਾਨਕ!।4।

ਅਰਥ: (ਹੇ ਭਾਈ!) ਜੀਵਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਸਦਾ) ਨਿਆਂ ਕਰਦਾ ਹੈ (ਐਸਾ ਨਿਆਂ) ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ। ਉਹ ਕਰਤਾਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ।1। ਰਹਾਉ।

(ਹੇ ਭਾਈ! ਵੇਖ ਉਸ ਦਾ ਨਿਆਂ!) ਜੇਹੜੀ ਦਾੜ੍ਹੀ ਗਰੀਬਾਂ ਉਤੇ ਖਿੱਝਦੀ ਰਹਿੰਦੀ ਹੈ ਪਾਰਬ੍ਰਹਮ-ਪ੍ਰਭੂ ਨੇ ਉਹ ਦਾੜ੍ਹੀ ਅੱਗ ਵਿਚ ਸਾੜ ਦਿੱਤੀ (ਹੁੰਦੀ) ਹੈ (ਭਾਵ, ਜੇਹੜਾ ਮਨੁੱਖ ਅਹੰਕਾਰ ਵਿਚ ਆ ਕੇ ਦੂਜਿਆਂ ਨੂੰ ਦੁੱਖੀ ਕਰਦਾ ਹੈ, ਉਹ ਆਪ ਭੀ ਕ੍ਰੋਧ-ਅੱਗ ਵਿਚ ਸੜਦਾ ਰਹਿੰਦਾ ਹੈ) ।1।

(ਹੇ ਭਾਈ! ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਹੀ ਪਰਮਾਤਮਾ ਦਾ ਤੇਜ-ਪਰਤਾਪ ਪਰਗਟ ਹੁੰਦਾ ਆਇਆ ਹੈ (ਕਿ ਦੂਜਿਆਂ ਦੀ) ਨਿੰਦਾ ਕਰਨ ਵਾਲਾ ਮਨੁੱਖ (ਆਪ) ਆਤਮਕ ਮੌਤੇ ਮਰਿਆ ਰਹਿੰਦਾ ਹੈ, (ਉਸ ਦੇ ਆਪਣੇ ਅੰਦਰ ਨਿੰਦਾ ਦੇ ਕਾਰਨ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ।2।

(ਹੇ ਭਾਈ! ਗਰੀਬਾਂ ਉਤੇ ਵਧੀਕੀ ਕਰਨ ਵਾਲੇ ਮਨੁੱਖ ਨੂੰ) ਉਸ ਪਰਮਾਤਮਾ ਨੇ (ਆਪ) ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ਜਿਸ ਤੋਂ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਬਚਾ ਨਹੀਂ ਸਕਦਾ, (ਅਜੇਹੇ ਮਨੁੱਖ ਦੀ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬਦਨਾਮੀ ਹੀ ਹੁੰਦੀ ਹੈ।3।

ਹੇ ਨਾਨਕ! (ਆਖ–) ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਉਹਨਾਂ ਦੇ ਉੱਚੇ ਆਤਮਕ ਜੀਵਨ ਦਾ ਪੂਰਾ ਧਿਆਨ ਰੱਖਦਾ ਹੈ) । (ਹੇ ਭਾਈ!) ਉਸ ਪਰਮਾਤਮਾ ਦੀ ਸਰਨ ਪਉ, ਤੇ ਉਸ ਪਰਮਾਤਮਾ ਦਾ ਨਾਮ (ਸਦਾ) ਸਿਮਰ।4। 98। 167।

ਗਉੜੀ ਮਹਲਾ ੫ ॥ ਮਹਜਰੁ ਝੂਠਾ ਕੀਤੋਨੁ ਆਪਿ ॥ ਪਾਪੀ ਕਉ ਲਾਗਾ ਸੰਤਾਪੁ ॥੧॥ ਜਿਸਹਿ ਸਹਾਈ ਗੋਬਿਦੁ ਮੇਰਾ ॥ ਤਿਸੁ ਕਉ ਜਮੁ ਨਹੀ ਆਵੈ ਨੇਰਾ ॥੧॥ ਰਹਾਉ ॥ ਸਾਚੀ ਦਰਗਹ ਬੋਲੈ ਕੂੜੁ ॥ ਸਿਰੁ ਹਾਥ ਪਛੋੜੈ ਅੰਧਾ ਮੂੜੁ ॥੨॥ ਰੋਗ ਬਿਆਪੇ ਕਰਦੇ ਪਾਪ ॥ ਅਦਲੀ ਹੋਇ ਬੈਠਾ ਪ੍ਰਭੁ ਆਪਿ ॥੩॥ ਅਪਨ ਕਮਾਇਐ ਆਪੇ ਬਾਧੇ ॥ ਦਰਬੁ ਗਇਆ ਸਭੁ ਜੀਅ ਕੈ ਸਾਥੈ ॥੪॥ ਨਾਨਕ ਸਰਨਿ ਪਰੇ ਦਰਬਾਰਿ ॥ ਰਾਖੀ ਪੈਜ ਮੇਰੈ ਕਰਤਾਰਿ ॥੫॥੯੯॥੧੬੮॥ {ਪੰਨਾ 199}

ਪਦ ਅਰਥ: ਮਹਜਰੁ = (ਅਰਬੀ ਲਫ਼ਜ਼ 'ਮਹਜ਼ਰ') ਮੇਜਰਨਾਮਾ, ਕਿਸੇ ਦੇ ਵਿਰੁੱਧ ਕੀਤੀ ਹੋਈ ਸ਼ਿਕਾਇਤ ਜਿਸ ਉਤੇ ਬਹੁਤਿਆਂ ਦੇ ਦਸਖ਼ਤ ਹੋਣ। ਕੀਤੋਨੁ = ਕੀਤਾ ਉਨ, ਉਸ (ਪਰਮਾਤਮਾ) ਨੇ ਕਰ ਦਿੱਤਾ। ਸੰਤਾਪੁ = ਕਲੇਸ਼।1।

ਜਿਸਹਿ ਸਹਾਈ = ਜਿਸ ਦੀ ਸਹਾਇਤਾ ਕਰਨ ਵਾਲਾ। ਜਮੁ = ਮੌਤ ਦਾ ਡਰ। ਨੇਰਾ = ਨੇੜੇ।1। ਰਹਾਉ।

ਕੂੜੁ = ਝੂਠ। ਹਾਥ ਪਛੋੜੈ = ਹੱਥਾਂ ਨਾਲ ਪਟਕਦਾ ਹੈ। ਮੂੜੁ = ਮੂਰਖ।2।

ਬਿਆਪੇ = ਘਿਰੇ ਹੋਏ, ਦਬਾਏ ਹੋਏ। ਅਦਲੀ = ਅਦਲ ਕਰਨ ਵਾਲਾ, ਨਿਆਂ ਕਰਨ ਵਾਲਾ।3।

ਅਪਨ ਕਮਾਇਐ = ਆਪਣੇ ਕੀਤੇ ਕਰਮਾਂ ਅਨੁਸਾਰ। ਆਪੇ = ਆਪ ਹੀ। ਬਾਧੇ = ਬੱਝੇ ਹੋਏ। ਦਰਬੁ = ਧਨ। ਸਭੁ = ਸਾਰਾ। ਜੀਅ ਕੈ ਸਾਥੈ = ਜਿੰਦ ਦੇ ਨਾਲ ਹੀ।4।

ਅਰਥ: (ਹੇ ਭਾਈ!) ਮੇਰਾ ਗੋਬਿੰਦ ਜਿਸ ਮਨੁੱਖ ਦਾ ਸਹਾਈ ਬਣਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ।1। ਰਹਾਉ।

(ਹੇ ਭਾਈ! ਵੇਖੋ, ਸਾਡੇ ਵਿਰੁੱਧ ਤਿਆਰ ਕੀਤਾ ਹੋਇਆ) ਮੇਜਰਨਾਮਾ ਕਰਤਾਰ ਨੇ ਆਪ ਝੂਠਾ (ਸਾਬਤ) ਕਰ ਦਿੱਤਾ, (ਤੇ ਝੂਠ ਅਨਰਥ ਥੱਪਣ ਵਾਲੇ) ਪਾਪੀਆਂ ਨੂੰ (ਆਤਮਕ ਤੌਰ ਤੇ) ਬੜਾ ਦੁੱਖ-ਕਲੇਸ਼ ਹੋਇਆ।1।

(ਹੇ ਭਾਈ!) ਜੇਹੜਾ ਮਨੁੱਖ (ਕਿਸੇ ਨੂੰ ਹਾਨੀ ਪੁਚਾਣ ਵਾਸਤੇ) ਝੂਠ ਬੋਲਦਾ ਹੈ ਉਹ ਅੰਨ੍ਹਾ ਮੂਰਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਪਣਾ ਸਿਰ ਆਪਣਾ ਹੱਥਾਂ ਨਾਲ ਪਿੱਟਦਾ ਹੈ (ਭਾਵ, ਉਹ ਪਛੁਤਾਵੇ ਕਰਦਾ ਹੈ) ।2।

(ਹੇ ਭਾਈ!) ਪਰਮਾਤਮਾ ਆਪ ਨਿਆਂ ਕਰਨ ਵਾਲਾ ਬਣ ਕੇ (ਕਚਹਿਰੀ ਲਾਈ) ਬੈਠਾ ਹੋਇਆ ਹੈ (ਉਸ ਨਾਲ ਕੋਈ ਠੱਗੀ ਨਹੀਂ ਹੋ ਸਕਦੀ) । ਜੇਹੜੇ ਮਨੁੱਖ ਮੰਦੇ ਕੰਮ ਕਰਦੇ ਹਨ (ਉਸ ਦੇ ਨਿਆਂ ਅਨੁਸਾਰ) ਉਹ ਅਨੇਕਾਂ ਰੋਗਾਂ ਵਿਚ ਗ੍ਰਸੇ ਰਹਿੰਦੇ ਹਨ।3।

(ਹੇ ਭਾਈ! ਧਨ ਆਦਿਕ ਦੀ ਖ਼ਾਤਰ ਜੀਵ ਪਾਪ ਕਰਮ ਕਰਦੇ ਹਨ, ਪਰ) ਸਾਰਾ ਹੀ ਧਨ ਜਿੰਦ ਦੇ ਨਾਲ ਹੀ (ਜੀਵ ਦੇ ਹੱਥੋਂ) ਚਲਾ ਜਾਂਦਾ ਹੈ, ਤੇ ਆਪਣੇ ਕੀਤੇ ਕਰਮਾਂ ਅਨੁਸਾਰ ਜੀਵ ਆਪ ਹੀ (ਮੋਹ ਦੇ ਬੰਧਨਾਂ ਵਿਚ) ਬੱਝੇ ਰਹਿੰਦੇ ਹਨ।4।

ਹੇ ਨਾਨਕ! (ਆਖ–) ਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਪਰਮਾਤਮਾ ਦੇ ਦਰ ਤੇ ਡਿੱਗਦੇ ਹਨ, ਉਹਨਾਂ ਦੀ ਇੱਜ਼ਤ ਮੇਰੇ ਕਰਤਾਰ ਨੇ ਸਦਾ ਹੀ ਰੱਖ ਲਈ ਹੈ।5। 99। 168।

ਗਉੜੀ ਮਹਲਾ ੫ ॥ ਜਨ ਕੀ ਧੂਰਿ ਮਨ ਮੀਠ ਖਟਾਨੀ ॥ ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥ ਅਹੰਬੁਧਿ ਮਨ ਪੂਰਿ ਥਿਧਾਈ ॥ ਸਾਧ ਧੂਰਿ ਕਰਿ ਸੁਧ ਮੰਜਾਈ ॥੧॥ ਅਨਿਕ ਜਲਾ ਜੇ ਧੋਵੈ ਦੇਹੀ ॥ ਮੈਲੁ ਨ ਉਤਰੈ ਸੁਧੁ ਨ ਤੇਹੀ ॥੨॥ ਸਤਿਗੁਰੁ ਭੇਟਿਓ ਸਦਾ ਕ੍ਰਿਪਾਲ ॥ ਹਰਿ ਸਿਮਰਿ ਸਿਮਰਿ ਕਾਟਿਆ ਭਉ ਕਾਲ ॥੩॥ ਮੁਕਤਿ ਭੁਗਤਿ ਜੁਗਤਿ ਹਰਿ ਨਾਉ ॥ ਪ੍ਰੇਮ ਭਗਤਿ ਨਾਨਕ ਗੁਣ ਗਾਉ ॥੪॥੧੦੦॥੧੬੯॥ {ਪੰਨਾ 199-200}

ਪਦ ਅਰਥ: ਮੀਠ ਖਟਾਨੀ = ਮਿੱਠੀ ਲੱਗੀ ਹੈ। ਪੂਰਬਿ ਕਰਮਿ = ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ। ਧੁਰਿ = ਧੁਰ ਤੋਂ।1।

ਅਹੰਬੁਧਿ = ਹਉ ਹਉ ਕਰਨ ਵਾਲੀ ਬੁੱਧੀ। ਮਨ ਥਿਧਾਈ = ਮਨ ਦੀ ਥਿੰਧਾਈ। ਮੰਜਾਈ = ਮਾਂਜ ਦਿੱਤੀ {ਨੋਟ: ਥਿੰਧੇ ਭਾਂਡੇ ਨੂੰ ਮਿੱਟੀ ਜਾਂ ਸੁਆਹ ਨਾਲ ਮਾਂਜੀਦਾ ਹੈ}।1।

ਦੇਹੀ = ਸਰੀਰ। ਤੇਹੀ = ਉਸ ਤਰੀਕੇ ਨਾਲ। ਸੁਧੁ = ਪਵਿਤ੍ਰ {ਲਫ਼ਜ਼ 'ਸੁਧੁ' ਪੁਲਿੰਗ 'ਸੁਧ' ਇਸਤ੍ਰੀ ਲਿੰਗ}।2।

ਭੇਟਿਓ = ਮਿਲਿਆ। ਭਉ ਕਾਲ = ਕਾਲ ਦਾ ਭਉ।3।

ਮੁਕਤਿ = ਮੋਖ। ਭੁਗਤਿ = ਭੋਗ। ਜੁਗਤਿ = ਜੋਗ।4।

ਅਰਥ: (ਹੇ ਭਾਈ!) ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ ਜਿਸ ਪ੍ਰਾਣੀ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ, ਉਸ ਦੇ ਮਨ ਨੂੰ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਮਿੱਠੀ ਲੱਗਦੀ ਹੈ।1। ਰਹਾਉ।

ਹਉਮੈ ਵਾਲੀ ਬੁੱਧੀ ਦੇ ਕਾਰਨ (ਮਨੁੱਖ ਦੇ) ਮਨ ਨੂੰ (ਹਉਮੈ ਦੀ) ਥਿੰਧਾਈ ਲੱਗੀ ਰਹਿੰਦੀ ਹੈ (ਉਸ ਥਿੰਧਾਈ ਦੇ ਕਾਰਨ ਮਨ ਉਤੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਜਿਵੇਂ ਥਿੰਧੇ ਭਾਂਡੇ ਉਤੋਂ ਦੀ ਪਾਣੀ ਤਿਲਕ ਜਾਂਦਾ ਹੈ। ਜਿਸ ਮਨੁੱਖ ਨੂੰ 'ਜਨ ਕੀ ਧੂਰਿ' ਮਿੱਠੀ ਲੱਗਦੀ ਹੈ) ਸਾਧੂ ਦੀ ਚਰਨ-ਧੂੜ ਨਾਲ ਉਸ ਦੀ ਬੁੱਧੀ ਮਾਂਜੀ ਜਾਂਦੀ ਹੈ ਤੇ ਸੁੱਧ ਹੋ ਜਾਂਦੀ ਹੈ।1।

ਜੇ ਮਨੁੱਖ ਅਨੇਕਾਂ (ਤੀਰਥਾਂ ਦੇ) ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ, ਤਾਂ ਭੀ ਉਸ ਦੇ ਮਨ ਦੀ ਮੈਲ ਨਹੀਂ ਲਹਿੰਦੀ, ਉਸ ਤਰ੍ਹਾਂ (ਭਾਵ, ਤੀਰਥ-ਇਸ਼ਨਾਨਾਂ ਨਾਲ) ਉਹ ਮਨੁੱਖ ਪਵਿਤ੍ਰ ਨਹੀਂ ਹੋ ਸਕਦਾ।2।

(ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਜਿਸ ਉਤੇ ਗੁਰੂ ਸਦਾ ਦਇਆਵਾਨ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਮੌਤ ਦਾ ਡਰ (ਆਤਮਕ ਮੌਤ ਦਾ ਖ਼ਤਰਾ) ਦੂਰ ਕਰ ਲੈਂਦਾ ਹੈ।3।

ਹੇ ਨਾਨਕ! ਪ੍ਰੇਮ-ਭਰੀ ਭਗਤੀ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹੁ। ਪਰਮਾਤਮਾ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ, ਨਾਮ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਨਾਮ ਜਪਣਾ ਹੀ ਜੀਵਨ ਦੀ ਸਹੀ ਜੁਗਤੀ ਹੈ।4। 100। 169।

TOP OF PAGE

Sri Guru Granth Darpan, by Professor Sahib Singh