ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 200 ਗਉੜੀ ਮਹਲਾ ੫ ॥ ਜੀਵਨ ਪਦਵੀ ਹਰਿ ਕੇ ਦਾਸ ॥ ਜਿਨ ਮਿਲਿਆ ਆਤਮ ਪਰਗਾਸੁ ॥੧॥ ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥ ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥੧॥ ਰਹਾਉ ॥ ਆਠ ਪਹਰ ਧਿਆਈਐ ਗੋਪਾਲੁ ॥ ਨਾਨਕ ਦਰਸਨੁ ਦੇਖਿ ਨਿਹਾਲੁ ॥੨॥੧੦੧॥੧੭੦॥ {ਪੰਨਾ 200} ਪਦ ਅਰਥ: ਪਦਵੀ = ਦਰਜਾ। ਜੀਵਨ ਪਦਵੀ = ਉੱਚਾ ਆਤਮਕ ਦਰਜਾ। ਜਿਨ = ਜਿਨ੍ਹਾਂ (ਹਰਿ ਕੇ ਦਾਸਾਂ ਨੂੰ) । ਪਰਗਾਸੁ = ਚਾਨਣ।1। ਮਨ = ਹੇ ਮਨ! ਕਾਨੀ ਸੁਨਿ = ਕੰਨਾਂ ਨਾਲ ਸੁਣ, ਧਿਆਨ ਨਾਲ ਸੁਣ। ਹਰਿ ਦੁਆਰਿ = ਹਰੀ ਦੇ ਦਰ ਤੇ।1। ਰਹਾਉ। ਧਿਆਈਐ = ਧਿਆਉਣਾ ਚਾਹੀਦਾ ਹੈ। ਦੇਖਿ = ਦੇਖ ਕੇ। ਨਿਹਾਲੁ = ਪ੍ਰਸੰਨ।1। ਅਰਥ: ਹੇ ਮੇਰੇ ਮਨ! ਧਿਆਨ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ। ਹੇ ਪ੍ਰਾਣੀ! (ਸਿਮਰਨ ਦੀ ਬਰਕਤਿ ਨਾਲ) ਤੂੰ ਹਰੀ ਦੇ ਦਰ ਤੇ ਸੁਖ ਪ੍ਰਾਪਤ ਕਰੇਂਗਾ।1। ਰਹਾਉ। (ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਹਰੀ ਦੇ ਦਾਸ ਹਨ) ਹਰੀ ਦੇ ਦਾਸਾਂ ਨੂੰ ਉੱਚਾ ਆਤਮਕ ਦਰਜਾ ਪ੍ਰਾਪਤ ਹੈ, ਉਹਨਾਂ (ਹਰੀ ਦੇ ਦਾਸਾਂ) ਨੂੰ ਮਿਲਿਆਂ ਆਤਮਾ ਨੂੰ (ਗਿਆਨ ਦਾ) ਚਾਨਣ ਮਿਲ ਜਾਂਦਾ ਹੈ।1। ਹੇ ਨਾਨਕ! (ਹਰੀ ਦੇ ਦਾਸਾਂ ਦੀ ਸੰਗਤਿ ਵਿਚ ਰਹਿ ਕੇ) ਅੱਠੇ ਪਹਿਰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ। (ਸਿਮਰਨ ਦੀ ਬਰਕਤਿ ਨਾਲ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਮਨ) ਖਿੜਿਆ ਰਹਿੰਦਾ ਹੈ।2। 101। 170। ਗਉੜੀ ਮਹਲਾ ੫ ॥ ਸਾਂਤਿ ਭਈ ਗੁਰ ਗੋਬਿਦਿ ਪਾਈ ॥ ਤਾਪ ਪਾਪ ਬਿਨਸੇ ਮੇਰੇ ਭਾਈ ॥੧॥ ਰਹਾਉ ॥ ਰਾਮ ਨਾਮੁ ਨਿਤ ਰਸਨ ਬਖਾਨ ॥ ਬਿਨਸੇ ਰੋਗ ਭਏ ਕਲਿਆਨ ॥੧॥ ਪਾਰਬ੍ਰਹਮ ਗੁਣ ਅਗਮ ਬੀਚਾਰ ॥ ਸਾਧੂ ਸੰਗਮਿ ਹੈ ਨਿਸਤਾਰ ॥੨॥ ਨਿਰਮਲ ਗੁਣ ਗਾਵਹੁ ਨਿਤ ਨੀਤ ॥ ਗਈ ਬਿਆਧਿ ਉਬਰੇ ਜਨ ਮੀਤ ॥੩॥ ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ ॥ ਨਾਨਕ ਦਾਸ ਤੇਰੀ ਸਰਣਾਈ ॥੪॥੧੦੨॥੧੭੧॥ {ਪੰਨਾ 200} ਪਦ ਅਰਥ: ਗੋਬਿਦਿ = ਗੋਬਿੰਦ ਨੇ। ਗੁਰ ਗੋਬਿਦਿ = ਗੋਬਿੰਦ ਦੇ ਰੂਪ ਗੁਰੂ ਨੇ। ਪਾਈ = ਪਾ ਦਿੱਤੀ, ਬਖ਼ਸ਼ੀ। ਸਾਂਤਿ = ਠੰਢ। ਤਾਪ = ਦੁੱਖ ਕਲੇਸ਼। ਭਾਈ = ਹੇ ਭਾਈ!।1। ਰਹਾਉ। ਰਸਨ = ਜੀਭ ਨਾਲ। ਕਲਿਆਨ = ਖ਼ੁਸ਼ੀਆਂ।1। ਅਗਮ = ਅਪਹੁੰਚ। ਸਾਧੂ ਸੰਗਮਿ = ਗੁਰੂ ਦੀ ਸੰਗਤਿ ਵਿਚ। ਨਿਸਤਾਰ = ਪਾਰ-ਉਤਾਰਾ।2। ਨਿਤ ਨੀਤ = ਸਦਾ ਹੀ। ਬਿਆਧਿ = ਰੋਗ। ਉਬਰੇ = ਬਚ ਗਏ। ਮੀਤ = ਹੇ ਮਿੱਤਰ!।3। ਬਚ = ਬਚਨ। ਕ੍ਰਮ = ਕਰਮ। ਧਿਆਈ = ਮੈਂ ਧਿਆਵਾਂ, ਧਿਆਈਂ।4। ਅਰਥ: ਹੇ ਮੇਰੇ ਵੀਰ! ਗੋਬਿੰਦ ਦੇ ਰੂਪ ਗੁਰੂ ਨੇ (ਜਿਸ ਮਨੁੱਖ ਨੂੰ ਨਾਮ ਦੀ ਦਾਤਿ) ਬਖ਼ਸ਼ ਦਿੱਤੀ, ਉਸ ਦੇ ਅੰਦਰ ਠੰਢ ਪੈ ਗਈ, ਉਸ ਦੇ ਸਾਰੇ ਦੁੱਖ-ਕਲੇਸ਼ ਤੇ ਪਾਪ ਨਾਸ ਹੋ ਗਏ।1। ਰਹਾਉ। (ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਹੈ, ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਸ ਦੇ ਅੰਦਰ ਆਨੰਦ ਹੀ ਆਨੰਦ ਬਣੇ ਰਹਿੰਦੇ ਹਨ।1। (ਹੇ ਭਾਈ!) ਜੇਹੜਾ ਮਨੁੱਖ ਅਪਹੁੰਚ ਪਾਰਬ੍ਰਹਮ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਰਹਿੰਦਾ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਸ ਦਾ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।2। ਹੇ (ਮੇਰੇ) ਮਿੱਤਰ! ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹੋ। (ਜੇਹੜੇ ਮਨੁੱਖ ਗੁਣ ਗਾਂਦੇ ਹਨ, ਉਹਨਾਂ ਦਾ ਹਰੇਕ) ਰੋਗ ਦੂਰ ਹੋ ਜਾਂਦਾ ਹੈ, ਉਹ ਮਨੁੱਖ (ਰੋਗਾਂ ਵਿਕਾਰਾਂ ਤੋਂ) ਬਚੇ ਰਹਿੰਦੇ ਹਨ।3। ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਤੇ ਆਖ– ਹੇ ਪ੍ਰਭੂ!) ਮੈਂ ਤੇਰਾ ਦਾਸ ਤੇਰੀ ਸਰਨ ਆਇਆ ਹਾਂ (ਮਿਹਰ ਕਰ) ਮੈਂ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਤੇ ਕਰਮਾਂ ਦੀ ਰਾਹੀਂ ਸਦਾ ਆਪਣੇ ਮਾਲਕ-ਪ੍ਰਭੂ ਨੂੰ ਸਿਮਰਦਾ ਰਹਾਂ।4। 102। 171। ਗਉੜੀ ਮਹਲਾ ੫ ॥ ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥ ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥ ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥ ਨਾਨਕ ਨਾਮੁ ਜਪੈ ਸੋ ਜੀਵੈ ॥ ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥ {ਪੰਨਾ 200} ਪਦ ਅਰਥ: ਪ੍ਰਗਾਸੁ = ਚਾਨਣ। ਗੁਰਦੇਵ = ਹੇ ਗੁਰਦੇਵ!।1। ਰਹਾਉ। ਸੀਤਲਾ = ਮਾਤਾ ਦਾ ਰੋਗ, ਚੀਚਕ। ਤੇ = ਤੋਂ। ਰਖਿਆ = ਬਚਾਇਆ। ਬਿਹਾਰੀ = {ivhwirn`} ਹੇ ਸੁੰਦਰ ਪ੍ਰਭੂ! ਕਿਰਪਾ ਧਾਰੀ = ਕਿਰਪਾ ਧਾਰ ਕੇ।1। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਸਾਧ ਸੰਗਿ = ਸਾਧ ਸੰਗਤਿ ਵਿਚ।2। ਅਰਥ: ਹੇ ਗੁਰਦੇਵ! ਜਿਸ ਮਨੁੱਖ ਦੀਆਂ (ਆਤਮਕ) ਅੱਖਾਂ ਨੂੰ ਤੂੰ (ਗਿਆਨ ਦਾ) ਚਾਨਣ ਬਖ਼ਸ਼ਿਆ, ਉਸ ਦੇ ਸਾਰੇ ਵਹਮ (ਥਾਂ ਥਾਂ ਦੇ ਭਟਕਣ) ਦੂਰ ਹੋ ਗਏ, ਤੇਰੇ ਦਰ ਤੇ ਟਿਕ ਕੇ ਕੀਤੀ ਹੋਈ ਉਸ ਦੀ) ਸੇਵਾ ਸਿਰੇ ਚੜ੍ਹ ਗਈ।1। ਰਹਾਉ। ਹੇ ਸੁੰਦਰ ਸਰੂਪ! ਹੇ ਪਾਰਬ੍ਰਹਮ! ਹੇ ਪ੍ਰਭੂ! ਤੂੰ ਹੀ ਕਿਰਪਾ ਕਰ ਕੇ ਸੀਤਲਾ ਤੋਂ ਬਚਾਇਆ ਹੈ (ਹੋਰ ਕੋਈ ਦੇਵੀ ਆਦਿਕ ਤੇਰੇ ਬਰਾਬਰ ਦੀ ਨਹੀਂ ਹੈ) {ਨੋਟ: ਸੰਨ 1594 ਤੋਂ 1599 ਤਕ ਮਾਝੇ ਵਿਚ ਸਖ਼ਤ ਕਾਲ ਪਿਆ ਰਿਹਾ। ਸੀਤਲਾ ਆਦਿਕ ਬੀਮਾਰੀਆਂ ਦਾ ਭੀ ਜ਼ੋਰ ਪੈ ਗਿਆ। ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਸੰਨ 1595 ਵਿਚ ਹੋਇਆ ਸੀ। ਗੁਰੂ ਅਰਜਨ ਸਾਹਿਬ ਭੁੱਖੇ ਰੋਗ-ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਚਾਰ ਪੰਜ ਸਾਲ ਮਾਝੇ ਦੇ ਪਿੰਡਾਂ ਵਿਚ, ਫਿਰ ਲਾਹੌਰ ਸ਼ਹਰ ਵਿਚ ਭੀ, ਵਿਚਰਦੇ ਰਹੇ। ਬਾਲਕ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੀ ਆਪਣੇ ਨਾਲ ਹੀ ਰੱਖਣ ਦੀ ਆਵੱਸ਼ਕਤਾ ਬਣੀ ਰਹੀ, ਕਿਉਂਕਿ ਬਾਬਾ ਪ੍ਰਿਥੀ ਚੰਦ ਜੀ ਉਹਨਾਂ ਦੀ ਜਾਨ ਦੇ ਲਾਗੂ ਸਨ। ਚੀਚਕ ਵਾਲੇ ਇਲਾਕੇ ਵਿਚ ਫਿਰਨ ਕਰਕੇ ਅੰਮ੍ਰਿਤਸਰ ਵਾਪਸ ਆਉਣ ਤੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਤਾ ਨਿਕਲ ਆਈ। ਵਹਮਣ ਭਰਮਣ ਇਸਤ੍ਰੀਆਂ ਆ ਆ ਕੇ ਸੀਤਲਾ ਦੇਵੀ ਦੀ ਪੂਜਾ ਵਾਸਤੇ ਪ੍ਰੇਰਨਾ ਕਰਦੀਆਂ ਰਹੀਆਂ। ਇਸ ਭਰਮ-ਵਹਮ ਤੋਂ ਸਦਾ ਲਈ ਬਚਣ ਵਾਸਤੇ ਗੁਰੂ ਅਰਜਨ ਸਾਹਿਬ ਨੇ ਇਸ ਸ਼ਬਦ ਦੀ ਰਾਹੀਂ ਉਪਦੇਸ਼ ਕੀਤਾ ਹੈ}।1। ਹੇ ਨਾਨਕ! (ਆਖ– ਹੇ ਭਾਈ!) ਜੇਹੜਾ ਮਨੁੱਖ (ਹੋਰ ਸਾਰੇ ਆਸਰੇ ਛੱਡ ਕੇ) ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ (ਕਿਉਂਕਿ) ਉਹ ਸਾਧ ਸੰਗਤਿ ਵਿਚ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ।2। 103। 172। ਗਉੜੀ ਮਹਲਾ ੫ ॥ ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥ ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ ॥੧॥ ਨਾਮ ਬਿਨਾ ਕੈਸੇ ਸੁਖੁ ਲਹੀਐ ॥ ਰਸਨਾ ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥ ਤਿਨ ਊਪਰਿ ਜਾਈਐ ਕੁਰਬਾਣੁ ॥ ਨਾਨਕ ਜਿਨਿ ਜਪਿਆ ਨਿਰਬਾਣੁ ॥੨॥੧੦੪॥੧੭੩॥ ਪਦ ਅਰਥ: ਧਨੁ = ਭਾਗਾਂ ਵਾਲਾ। ਮਸਤਕੁ = ਮੱਥਾ। ਧਨੁ ਨੇਤ = ਭਾਗਾਂ ਵਾਲੇ ਹਨ ਉਹ ਨੇਤਰ। ਨੇਤ = ਅੱਖਾਂ। ਤੇਰੇ = (ਜੋ) ਤੇਰੇ (ਦੀਦਾਰ ਵਿਚ ਮਸਤ ਹਨ) । ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਤੁਮ ਸੰਗਿ = ਤੇਰੇ ਨਾਲ। ਹੇਤ = ਹਿਤ, ਪਿਆਰ।1। ਕੈਸੇ ਲਹੀਐ = ਕਿਵੇਂ ਲੱਭ ਸਕਦਾ ਹੈ? ਕਦੇ ਨਹੀਂ ਲੱਭ ਸਕਦਾ। ਰਸਨਾ = ਜੀਭ (ਨਾਲ) । ਜਸੁ = ਸਿਫ਼ਤਿ-ਸਾਲਾਹ। ਕਹੀਐ = ਕਹਿਣਾ ਚਾਹੀਦਾ ਹੈ।1। ਰਹਾਉ। ਜਾਈਐ = ਜਾਣਾ ਚਾਹੀਦਾ ਹੈ। ਜਿਨਿ = ਜਿਸ ਨੇ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ। ਲਫ਼ਜ਼ 'ਜਿਨਿ' ਇਕ-ਵਚਨ ਹੈ}। ਨਿਰਬਾਣੁ = ਵਾਸਨਾ-ਰਹਿਤ, ਜਿਸ ਨੂੰ ਕੋਈ ਵਾਸਨਾ ਪੋਹ ਨ ਸਕੇ।2। ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਸੁਖ ਨਹੀਂ ਮਿਲ ਸਕਦਾ। (ਇਸ ਵਾਸਤੇ ਸਦਾ) ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।1। ਰਹਾਉ। (ਹੇ ਪ੍ਰਭੂ!) ਭਾਗਾਂ ਵਾਲਾ ਹੈ ਉਹ ਮੱਥਾ (ਜੇਹੜਾ ਤੇਰੇ ਦਰ ਤੇ ਨਿਉਂਦਾ ਹੈ) ਭਾਗਾਂ ਵਾਲੀਆਂ ਹਨ ਉਹ ਅੱਖਾਂ (ਜੋ) ਤੇਰੇ (ਦੀਦਾਰ ਵਿਚ ਮਸਤ ਰਹਿੰਦੀਆਂ ਹਨ) । ਭਾਗਾਂ ਵਾਲੇ ਹਨ ਉਹ ਭਗਤ ਜਨ ਜਿਨ੍ਹਾਂ ਦਾ ਤੇਰੇ ਨਾਲ ਪ੍ਰੇਮ ਬਣਿਆ ਰਹਿੰਦਾ ਹੈ।1। ਹੇ ਨਾਨਕ! (ਆਖ– ਹੇ ਭਾਈ!) ਜਿਸ ਜਿਸ ਨੇ ਵਾਸਨਾ-ਰਹਿਤ ਪ੍ਰਭੂ ਦਾ ਨਾਮ ਜਪਿਆ ਹੈ, ਉਹਨਾਂ ਉਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ।2। 104। 173। ਗਉੜੀ ਮਹਲਾ ੫ ॥ ਤੂੰਹੈ ਮਸਲਤਿ ਤੂੰਹੈ ਨਾਲਿ ॥ ਤੂਹੈ ਰਾਖਹਿ ਸਾਰਿ ਸਮਾਲਿ ॥੧॥ ਐਸਾ ਰਾਮੁ ਦੀਨ ਦੁਨੀ ਸਹਾਈ ॥ ਦਾਸ ਕੀ ਪੈਜ ਰਖੈ ਮੇਰੇ ਭਾਈ ॥੧॥ ਰਹਾਉ ॥ ਆਗੈ ਆਪਿ ਇਹੁ ਥਾਨੁ ਵਸਿ ਜਾ ਕੈ ॥ ਆਠ ਪਹਰ ਮਨੁ ਹਰਿ ਕਉ ਜਾਪੈ ॥੨॥ ਪਤਿ ਪਰਵਾਣੁ ਸਚੁ ਨੀਸਾਣੁ ॥ ਜਾ ਕਉ ਆਪਿ ਕਰਹਿ ਫੁਰਮਾਨੁ ॥੩॥ ਆਪੇ ਦਾਤਾ ਆਪਿ ਪ੍ਰਤਿਪਾਲਿ ॥ ਨਿਤ ਨਿਤ ਨਾਨਕ ਰਾਮ ਨਾਮੁ ਸਮਾਲਿ ॥੪॥੧੦੫॥੧੭੪॥ {ਪੰਨਾ 200} ਪਦ ਅਰਥ: ਮਸਲਤਿ = ਸਾਲਾਹ (ਦੇਣ ਵਾਲਾ) । ਰਾਖਹਿ = ਰੱਖਦਾ ਹੈਂ, ਰੱਖਿਆ ਕਰਦਾ ਹੈਂ। ਸਾਰਿ = ਸਾਂਭ ਕੇ, ਸਾਰ ਲੈ ਕੇ। ਸਮਾਲਿ = ਸੰਭਾਲ ਕਰ ਕੇ।1। ਦੀਨ ਦੁਨੀ ਸਹਾਈ = ਦੀਨ ਦਾ ਸਾਥੀ ਤੇ ਦੁਨੀਆ ਦਾ ਸਾਥੀ, ਲੋਕ ਪਰਲੋਕ ਦਾ ਸਾਥੀ। ਪੈਜ = ਇੱਜ਼ਤ, ਲਾਜ। ਭਾਈ = ਹੇ ਭਾਈ!।1। ਰਹਾਉ। ਆਗੈ = ਪਰਲੋਕ ਵਿਚ। ਇਹੁ ਥਾਨੁ = ਇਹ ਲੋਕ। ਵਸਿ ਜਾ ਕੈ = ਜਿਸ ਦੇ ਵੱਸ ਵਿਚ। ਮਨੁ = (ਮੇਰਾ) ਮਨ। ਜਾਪੈ = ਜਪਦਾ ਹੈ।2। ਪਤਿ = ਇੱਜ਼ਤ। ਪਰਵਾਣੁ = ਕਬੂਲ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਨੀਸਾਣੁ = ਪਰਵਾਨਾ, ਜ਼ਿੰਦਗੀ ਦੇ ਸਫ਼ਰ ਵਿਚ ਰਾਹਦਾਰੀ। ਫੁਰਮਾਨੁ = ਹੁਕਮ।3। ਪ੍ਰਤਿਪਾਲਿ = ਪ੍ਰਿਤਪਾਲੇ, ਪਾਲਣਾ ਕਰਦਾ ਹੈ। ਸਮਾਲਿ = ਸਾਂਭ।4। ਅਰਥ: ਹੇ ਮੇਰੇ ਵੀਰ! ਪਰਮਾਤਮਾ ਇਸ ਲੋਕ ਤੇ ਪਰਲੋਕ ਵਿਚ ਅਜਿਹਾ ਸਾਥੀ ਹੈ ਕਿ ਉਹ ਆਪਣੇ ਸੇਵਕ ਦੀ ਇੱਜ਼ਤ (ਹਰ ਥਾਂ) ਰੱਖਦਾ ਹੈ।1। ਰਹਾਉ। ਹੇ ਪ੍ਰਭੂ! ਤੂੰ (ਹਰ ਥਾਂ ਮੇਰਾ) ਸਲਾਹਕਾਰ ਹੈਂ, ਤੂੰ ਹੀ (ਹਰ ਥਾਂ) ਮੇਰੇ ਨਾਲ ਵੱਸਦਾ ਹੈਂ। ਤੂੰ ਹੀ (ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰ ਕੇ ਰੱਖਿਆ ਕਰਦਾ ਹੈਂ।1। (ਹੇ ਭਾਈ!) ਜਿਸ ਪਰਮਾਤਮਾ ਦੇ ਵੱਸ ਵਿਚ ਸਾਡਾ ਇਹ ਲੋਕ ਹੈ, ਉਹੀ ਆਪ ਪਰਲੋਕ ਵਿਚ ਭੀ (ਸਾਡਾ ਰਾਖਾ) ਹੈ। (ਹੇ ਭਾਈ!) ਮੇਰਾ ਮਨ ਤਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪਦਾ ਹੈ।2। ਹੇ ਪ੍ਰਭੂ! ਜਿਸ (ਸੇਵਕ) ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈਂ, ਉਸ ਨੂੰ (ਤੇਰੇ ਦਰਬਾਰ ਵਿਚ) ਇੱਜ਼ਤ ਮਿਲਦੀ ਹੈ, ਉਹ (ਤੇਰੇ ਦਰ ਤੇ) ਕਬੂਲ ਹੁੰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ, ਰਾਹਦਾਰੀ (ਵਜੋਂ) ਮਿਲਦਾ ਹੈ।3। ਹੇ ਨਾਨਕ! ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈ, ਆਪ ਹੀ (ਸਭ ਦੀ) ਪਾਲਣਾ ਕਰਨ ਵਾਲਾ ਹੈ। ਤੂੰ ਸਦਾ ਹੀ ਉਸ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ।4। 105। 174। ਨੋਟ: ਪਾਠਕ ਇਹ ਚੇਤੇ ਰੱਖਣ ਕਿ ਇਥੋਂ ਤਕ ਵੱਡੇ ਜੋੜ ਵਿਚ ਇਕ ਦੀ ਘਾਟ ਤੁਰੀ ਆ ਰਹੀ ਹੈ। ਵੱਡਾ ਅੰਕ ਇਥੇ 175 ਚਾਹੀਦਾ ਸੀ। ਗਉੜੀ ਮਹਲਾ ੫ ॥ ਸਤਿਗੁਰੁ ਪੂਰਾ ਭਇਆ ਕ੍ਰਿਪਾਲੁ ॥ ਹਿਰਦੈ ਵਸਿਆ ਸਦਾ ਗੁਪਾਲੁ ॥੧॥ ਰਾਮੁ ਰਵਤ ਸਦ ਹੀ ਸੁਖੁ ਪਾਇਆ ॥ ਮਇਆ ਕਰੀ ਪੂਰਨ ਹਰਿ ਰਾਇਆ ॥੧॥ ਰਹਾਉ ॥ ਕਹੁ ਨਾਨਕ ਜਾ ਕੇ ਪੂਰੇ ਭਾਗ ॥ ਹਰਿ ਹਰਿ ਨਾਮੁ ਅਸਥਿਰੁ ਸੋਹਾਗੁ ॥੨॥੧੦੬॥ {ਪੰਨਾ 200-201} ਪਦ ਅਰਥ: ਕ੍ਰਿਪਾਲੁ = {øpw-AwlX} ਕਿਰਪਾ ਦਾ ਘਰ, ਦਇਆਵਾਨ। ਹਿਰਦੈ = ਹਿਰਦੇ ਵਿਚ।1। ਰਵਤ = ਸਿਮਰਦਿਆਂ। ਸਦ ਹੀ = ਸਦਾ ਹੀ। ਮਇਆ = ਕਿਰਪਾ। ਪੂਰਨ = ਸਰਬ-ਵਿਆਪਕ। ਹਰਿ ਰਾਇਆ = ਪ੍ਰਭੂ ਪਾਤਸ਼ਾਹ।1। ਰਹਾਉ। ਜਾ ਕੇ = ਜਿਸ (ਮਨੁੱਖ) ਦੇ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸੋਹਾਗੁ = {sOBwÀX} ਖਸਮ, ਪਤੀ।2। ਅਰਥ: (ਹੇ ਭਾਈ!) ਜਿਸ ਮਨੁੱਖ ਉੱਤੇ ਸਰਬ-ਵਿਆਪਕ ਪ੍ਰਭੂ-ਪਾਤਿਸ਼ਾਹ ਨੇ ਮਿਹਰ ਕੀਤੀ ਹੈ, ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਨੇ ਸਦਾ ਹੀ ਆਤਮਕ ਆਨੰਦ ਮਾਣਿਆ ਹੈ।1। ਰਹਾਉ। (ਹੇ ਭਾਈ!) ਅਭੁੱਲ ਗੁਰੂ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਸ੍ਰਿਸ਼ਟੀ ਦੇ ਰੱਖਿਅਕ ਪਰਮਾਤਮਾ (ਦਾ ਨਾਮ) ਸਦਾ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ।1। ਹੇ ਨਾਨਕ! ਆਖ– ਜਿਸ ਮਨੁੱਖ ਦੇ (ਮੱਥੇ ਉਤੇ) ਪੂਰੇ ਭਾਗ ਜਾਗ ਪੈਂਦੇ ਹਨ, ਉਹ ਸਦਾ ਪਰਮਾਤਮਾ ਦਾ ਨਾਮ ਜਪਦਾ ਹੈ, (ਉਸ ਦੇ ਸਿਰ ਤੇ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਖਸਮ (ਆਪਣਾ ਹੱਥ ਰੱਖਦਾ ਹੈ) ।2। 106। ਨੋਟ: ਇਥੋਂ ਤਕ ਗੁਰੂ ਅਰਜਨ ਸਾਹਿਬ ਦੇ 106 ਸ਼ਬਦ ਹਨ। ਪਿਛਲਾ ਜੋੜ 70 ਸੀ। ਵੱਡਾ ਜੋੜ 176 ਬਣਦਾ ਹੈ, ਪਰ ਹੁਣ ਤਕ ਵੱਡੇ ਜੋੜ ਵਿਚ ਇੱਕ ਦੀ ਕਮੀ ਚਲੀ ਆ ਰਹੀ ਸੀ, ਇਥੇ ਪਹੁੰਚ ਕੇ ਉਹ ਕਮੀ ਦਿੱਸ ਪਈ ਹੈ। ਪਿਛਲੇ ਸਾਰੇ ਵੱਡੇ ਅੰਕ ਭੰਨਣੇ ਪੈਂਦੇ ਸਨ। ਇਸ ਦੇ ਥਾਂ ਅਗਾਂਹ ਵੱਡਾ ਅੰਕ ਲਿਖਣਾ ਬੰਦ ਕਰ ਦਿੱਤਾ ਗਿਆ ਹੈ। |
Sri Guru Granth Darpan, by Professor Sahib Singh |