ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 201 ਗਉੜੀ ਮਹਲਾ ੫ ॥ ਧੋਤੀ ਖੋਲਿ ਵਿਛਾਏ ਹੇਠਿ ॥ ਗਰਧਪ ਵਾਂਗੂ ਲਾਹੇ ਪੇਟਿ ॥੧॥ ਬਿਨੁ ਕਰਤੂਤੀ ਮੁਕਤਿ ਨ ਪਾਈਐ ॥ ਮੁਕਤਿ ਪਦਾਰਥੁ ਨਾਮੁ ਧਿਆਈਐ ॥੧॥ ਰਹਾਉ ॥ ਪੂਜਾ ਤਿਲਕ ਕਰਤ ਇਸਨਾਨਾਂ ॥ ਛੁਰੀ ਕਾਢਿ ਲੇਵੈ ਹਥਿ ਦਾਨਾ ॥੨॥ ਬੇਦੁ ਪੜੈ ਮੁਖਿ ਮੀਠੀ ਬਾਣੀ ॥ ਜੀਆਂ ਕੁਹਤ ਨ ਸੰਗੈ ਪਰਾਣੀ ॥੩॥ ਕਹੁ ਨਾਨਕ ਜਿਸੁ ਕਿਰਪਾ ਧਾਰੈ ॥ ਹਿਰਦਾ ਸੁਧੁ ਬ੍ਰਹਮੁ ਬੀਚਾਰੈ ॥੪॥੧੦੭॥ {ਪੰਨਾ 201} ਪਦ ਅਰਥ: ਧੋਤੀ ਖੋਲਿ = ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ। ਹੇਠਿ = ਹੇਠ, ਭੁੰਞੇ। ਗਰਧਪ = ਖੋਤਾ। ਪੇਟਿ = ਪੇਟ ਵਿਚ, ਢਿੱਡ ਵਿਚ। ਲਾਹੇ = ਪਾਈ ਜਾਂਦਾ ਹੈ, (ਖੀਰ ਆਦਿਕ) ।1। ਕਰਤੂਤੀ = ਕਰਤੂਤ, ਨਾਮ ਸਿਮਰਨ ਦਾ ਉੱਦਮ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ, ਮੋਖ-ਪਦਵੀ।1। ਰਹਾਉ। ਛੁਰੀ ਕਾਢਿ = ਛੁਰੀ ਕੱਢ ਕੇ, ਨਿਰਦਇਤਾ ਨਾਲ, (ਸੁਰਗ ਆਦਿਕ ਦਾ) ਧੋਖਾ ਦੇ ਕੇ। ਲੇਵੈ ਹਥਿ = ਹੱਥ ਵਿਚ ਲੈਂਦਾ ਹੈ, ਹਾਸਲ ਕਰਦਾ ਹੈ।2। ਮੁਖਿ = ਮੂੰਹੋਂ। ਮੀਠੀ ਬਾਣੀ = ਮਿੱਠੀ ਸੁਰ ਨਾਲ। ਕੁਹਤ = ਮਾਰਦਿਆਂ। ਜੀਆਂ ਕੁਹਤ = ਜੀਵਾਂ ਨੂੰ ਕੁਂਹਦਿਆਂ, ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ। ਨ ਸੰਗੈ = ਨਹੀਂ ਸੰਗਦਾ, ਨਹੀਂ ਝਕਦਾ।3। ਸੁਧੁ = ਪਵਿੱਤਰ। ਬ੍ਰਹਮੁ = ਪਰਮਾਤਮਾ।4। ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਖ਼ਲਾਸੀ ਦੇਂਦਾ ਹੈ। (ਹੇ ਭਾਈ!) ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾ ਮੋਖ-ਪਦਵੀ ਨਹੀਂ ਮਿਲਦੀ।1। ਰਹਾਉ। (ਪਰ, ਹੇ ਭਾਈ! ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹੀ ਦੱਸਦਾ ਹੈ ਕਿ ਬ੍ਰਾਹਮਣ ਨੂੰ ਦਿੱਤਾ ਦਾਨ ਹੀ ਮੋਖ-ਪਦਵੀ ਮਿਲਣ ਦਾ ਰਸਤਾ ਹੈ। ਉਹ ਬ੍ਰਾਹਮਣ ਸਰਾਧ ਆਦਿਕ ਦੇ ਸਮੇ ਜਜਮਾਨ ਦੇ ਘਰ ਜਾ ਕੇ ਚੌਕੇ ਵਿਚ ਬੈਠ ਕੇ) ਆਪਣੀ ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ ਹੇਠਾਂ ਧਰ ਲੈਂਦਾ ਹੈ ਤੇ ਖੋਤੇ ਵਾਂਗ (ਦਬਾਦਬ ਖੀਰ ਆਦਿਕ) ਆਪਣੇ ਢਿੱਡ ਵਿਚ ਪਾਈ ਜਾਂਦਾ ਹੈ।1। (ਬ੍ਰਾਹਮਣ) ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (-ਮੰਤ੍ਰ) ਪੜ੍ਹਦਾ ਹੈ, ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ।3। (ਪਰ) ਹੇ ਨਾਨਕ! ਆਖ– (ਬ੍ਰਾਹਮਣ ਦੇ ਭੀ ਕੀਹ ਵੱਸ?) ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਹ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ) ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ (ਤੇ ਉਹ ਕਿਸੇ ਨਾਲ ਠੱਗੀ-ਫ਼ਰੇਬ ਨਹੀਂ ਕਰਦਾ) ।4। 107। ਗਉੜੀ ਮਹਲਾ ੫ ॥ ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥ ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥੧॥ ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥ ਨਿਰਭਉ ਹੋਇ ਭਜਹੁ ਭਗਵਾਨ ॥ ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥ ਸਰਣਿ ਪਰੇ ਪ੍ਰਭ ਅੰਤਰਜਾਮੀ ॥ ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥ {ਪੰਨਾ 201} ਪਦ ਅਰਥ: ਥਿਰੁ = ਅਡੋਲ-ਚਿੱਤ, ਸਰਧਾ ਨਾਲ। ਘਰਿ = ਹਿਰਦੇ-ਘਰ ਵਿਚ। ਹਰਿ ਜਨ = ਹੇ ਹਰੀ ਦੇ ਸੇਵਕੋ! ਸਤਿਗੁਰਿ = ਸਤਿਗੁਰੂ ਨੇ।1। ਰਹਾਉ। ਪਰਮੇਸਰਿ = ਪਰਮੇਸਰ ਨੇ। ਜਨ ਕੀ ਪੈਜ = ਸੇਵਕ ਦੀ ਲਾਜ। ਕਰਤਾਰੇ = ਕਰਤਾਰਿ, ਕਰਤਾਰ ਨੇ।1। ਵਸਿ = ਵੱਸ ਵਿਚ। ਪੀਨੇ = ਪੀਂਦੇ ਹਨ।2। ਮਿਲਿ = ਮਿਲ ਕੇ। ਕੀਨੋ = ਕੀਤਾ ਹੈ।3। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਓਟ = ਆਸਰਾ।4। ਅਰਥ: ਹੇ ਪਿਆਰੇ ਭਗਤ ਜਨੋ! ਆਪਣੇ ਹਿਰਦੇ ਵਿਚ ਇਹ ਪੂਰੀ ਸਰਧਾ ਬਣਾਓ, ਕਿ ਸਤਿਗੁਰੂ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ (ਕਿ ਸਤਿਗੁਰੂ ਸਰਨ ਪਿਆਂ ਦੇ ਕਾਰਜ ਸਿਰੇ ਚਾੜ੍ਹ ਦੇਂਦਾ ਹੈ) ।1। ਰਹਾਉ। (ਹੇ ਸੰਤ ਜਨੋ! ਇਹ ਨਿਸ਼ਚਾ ਧਾਰੋ ਕਿ ਜੇਹੜਾ ਮਨੁੱਖ ਹੋਰ ਆਸਰੇ ਛੱਡ ਕੇ ਪਰਮੇਸਰ ਦਾ ਆਸਰਾ ਤੱਕਦਾ ਹੈ) ਪਰਮੇਸਰ ਨੇ ਉਸ ਦੇ ਦੋਖੀ ਵੈਰੀ ਸਭ ਮੁਕਾ ਦਿੱਤੇ ਹਨ, ਕਰਤਾਰ ਨੇ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖੀ ਹੈ।1। (ਹੇ ਸੰਤ ਜਨੋ! ਪਰਮੇਸਰ ਨੇ ਆਪਣੇ ਸੇਵਕਾਂ ਨੂੰ) ਦੁਨੀਆ ਦੇ ਸ਼ਾਹਾਂ ਬਾਦਸ਼ਾਹਾਂ ਵਲੋਂ ਬੇ-ਮੁਥਾਜ ਕਰ ਦਿੱਤਾ ਹੈ, ਪਰਮੇਸਰ ਦੇ ਸੇਵਕ ਆਤਮਕ ਜੀਵਨ ਦੇਣ ਵਾਲਾ ਪਰਮੇਸਰ ਦਾ ਸਭ ਰਸਾਂ ਤੋਂ ਮਿੱਠਾ ਨਾਮ-ਰਸ ਪੀਂਦੇ ਰਹਿੰਦੇ ਹਨ।2। (ਹੇ ਪਿਆਰੇ ਭਗਤ-ਜਨੋ! ਪਰਮਾਤਮਾ ਨੇ ਤੁਹਾਡੇ ਉਤੇ) ਨਾਮ ਦੀ ਬਖ਼ਸ਼ਸ਼ ਕੀਤੀ ਹੈ, ਤੁਸੀ ਸਾਧ ਸੰਗਤਿ ਵਿਚ ਮਿਲ ਕੇ ਨਿਡਰ ਹੋ ਕੇ ਭਗਵਾਨ ਦਾ ਨਾਮ ਸਿਮਰਦੇ ਰਹੋ।3। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ–) ਹੇ ਅੰਤਰਜਾਮੀ ਪ੍ਰਭੂ! ਹੇ ਸੁਆਮੀ ਪ੍ਰਭੂ! ਮੈਂ ਤੇਰੀ ਸਰਨ ਪਿਆ ਹਾਂ, ਮੈਂ ਤੇਰਾ ਆਸਰਾ ਲਿਆ ਹੈ (ਮੈਨੂੰ ਆਪਣੇ ਨਾਮਿ ਦੀ ਦਾਤਿ ਬਖ਼ਸ਼) ।4। 108। ਗਉੜੀ ਮਹਲਾ ੫ ॥ ਹਰਿ ਸੰਗਿ ਰਾਤੇ ਭਾਹਿ ਨ ਜਲੈ ॥ ਹਰਿ ਸੰਗਿ ਰਾਤੇ ਮਾਇਆ ਨਹੀ ਛਲੈ ॥ ਹਰਿ ਸੰਗਿ ਰਾਤੇ ਨਹੀ ਡੂਬੈ ਜਲਾ ॥ ਹਰਿ ਸੰਗਿ ਰਾਤੇ ਸੁਫਲ ਫਲਾ ॥੧॥ ਸਭ ਭੈ ਮਿਟਹਿ ਤੁਮਾਰੈ ਨਾਇ ॥ ਭੇਟਤ ਸੰਗਿ ਹਰਿ ਹਰਿ ਗੁਨ ਗਾਇ ॥ ਰਹਾਉ ॥ ਹਰਿ ਸੰਗਿ ਰਾਤੇ ਮਿਟੈ ਸਭ ਚਿੰਤਾ ॥ ਹਰਿ ਸਿਉ ਸੋ ਰਚੈ ਜਿਸੁ ਸਾਧ ਕਾ ਮੰਤਾ ॥ ਹਰਿ ਸੰਗਿ ਰਾਤੇ ਜਮ ਕੀ ਨਹੀ ਤ੍ਰਾਸ ॥ ਹਰਿ ਸੰਗਿ ਰਾਤੇ ਪੂਰਨ ਆਸ ॥੨॥ ਹਰਿ ਸੰਗਿ ਰਾਤੇ ਦੂਖੁ ਨ ਲਾਗੈ ॥ ਹਰਿ ਸੰਗਿ ਰਾਤਾ ਅਨਦਿਨੁ ਜਾਗੈ ॥ ਹਰਿ ਸੰਗਿ ਰਾਤਾ ਸਹਜ ਘਰਿ ਵਸੈ ॥ ਹਰਿ ਸੰਗਿ ਰਾਤੇ ਭ੍ਰਮੁ ਭਉ ਨਸੈ ॥੩॥ ਹਰਿ ਸੰਗਿ ਰਾਤੇ ਮਤਿ ਊਤਮ ਹੋਇ ॥ ਹਰਿ ਸੰਗਿ ਰਾਤੇ ਨਿਰਮਲ ਸੋਇ ॥ ਕਹੁ ਨਾਨਕ ਤਿਨ ਕਉ ਬਲਿ ਜਾਈ ॥ ਜਿਨ ਕਉ ਪ੍ਰਭੁ ਮੇਰਾ ਬਿਸਰਤ ਨਾਹੀ ॥੪॥੧੦੯॥ {ਪੰਨਾ 201} ਪਦ ਅਰਥ: ਭਾਹਿ = (ਤ੍ਰਿਸ਼ਨਾ ਦੀ) ਅੱਗ (ਵਿਚ) । ਸੰਗਿ = ਨਾਲ। ਰਾਤੇ = ਰੱਤਿਆਂ। ਜਲਾ = ਸੰਸਾਰ-ਸਮੁੰਦਰ ਵਿਚ।1। ਨਾਇ = ਨਾਮ ਦੀ ਰਾਹੀਂ। ਭੇਟਤ = ਮਿਲਿਆਂ। ਗਾਇ = ਗਾਂਦਾ ਹੈ। ਭੈ = {'ਭਉ' ਤੋਂ ਬਹੁ-ਵਚਨ}।1। ਰਹਾਉ। ਸਾਧ = ਗੁਰੂ। ਮੰਤਾ = ਉਪਦੇਸ਼। ਤ੍ਰਾਸ = ਡਰ।2। ਨ ਲਾਗੈ = ਮੋਹ ਨਹੀਂ ਸਕਦਾ। ਰਾਤਾ = ਰੱਤਾ ਹੋਇਆ। ਅਨਦਿਨੁ = ਹਰ ਰੋਜ਼। ਜਾਗੈ = (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ। ਸਹਜ ਘਰਿ = ਆਤਮਕ ਅਡੋਲਤਾ ਦੇ ਘਰ ਵਿਚ।3। ਨਿਰਮਲ = ਪਵਿਤ੍ਰ, ਬੇ-ਦਾਗ਼। ਸੋਇ = ਸੋਭਾ। ਬਲਿ ਜਾਈ = ਮੈਂ ਕੁਰਬਾਨ ਜਾਂਦਾ ਹਾਂ।4। ਅਰਥ: (ਹੇ ਪ੍ਰਭੂ!) ਤੇਰੇ ਨਾਮ ਵਿਚ ਜੁੜਿਆਂ (ਮਨੁੱਖਾਂ ਦੇ ਸਾਰੇ) ਡਰ ਦੂਰ ਹੋ ਜਾਂਦੇ ਹਨ। (ਹੇ ਭਾਈ!) ਪ੍ਰਭੂ ਦੀ ਸੰਗਤਿ ਵਿਚ ਰਿਹਾਂ (ਚਰਨਾਂ ਵਿਚ ਜੁੜਿਆਂ) ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।1। ਰਹਾਉ। (ਹੇ ਭਾਈ!) ਪਰਮਾਤਮਾ ਨਾਲ ਰੱਤੇ ਰਿਹਾਂ (ਮਨੁੱਖ ਤ੍ਰਿਸ਼ਨਾ ਦੀ) ਅੱਗ ਵਿਚ ਨਹੀਂ ਸੜਦਾ, ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਿਹਾਂ (ਮਨੁੱਖ ਨੂੰ) ਮਾਇਆ ਠੱਗ ਨਹੀਂ ਸਕਦੀ, ਪਰਮਾਤਮਾ ਦੀ ਯਾਦ ਵਿਚ ਮਸਤ ਰਿਹਾਂ ਮਨੁੱਖ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿਚ ਗ਼ਰਕ ਨਹੀਂ ਹੁੰਦਾ, ਮਨੁੱਖਾ ਜਨਮ ਦਾ ਸੋਹਣਾ ਮਨੋਰਥ ਪ੍ਰਾਪਤ ਕਰ ਲੈਂਦਾ ਹੈ।1। (ਹੇ ਭਾਈ!) ਪਰਮਾਤਮਾ ਦੀ ਯਾਦ ਵਿਚ ਜੁੜੇ ਰਿਹਾਂ (ਮਨੁੱਖ ਦੀ) ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ, (ਪਰ) ਪਰਮਾਤਮਾ ਨਾਲ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ। ਪਰਮਾਤਮਾ ਨਾਲ ਰੱਤੇ ਰਿਹਾਂ ਮੌਤ ਦਾ ਸਹਮ ਨਹੀਂ ਰਹਿੰਦਾ, ਤੇ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ।2। (ਹੇ ਭਾਈ!) ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਿਹਾਂ ਕੋਈ ਦੁੱਖ ਪੋਹ ਨਹੀਂ ਸਕਦਾ। ਜੇਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦਾ ਹੈ, ਉਹ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਪਰਮਾਤਮਾ ਦੀ ਯਾਦ ਵਿਚ ਜੁੜੇ ਰਿਹਾਂ ਮਨੁੱਖ ਦੀ ਹਰੇਕ ਕਿਸਮ ਦੀ ਭਟਕਣਾ ਮੁੱਕ ਜਾਂਦੀ ਹੈ, ਹਰੇਕ ਸਹਮ ਦੂਰ ਹੋ ਜਾਂਦਾ ਹੈ।3। (ਹੇ ਭਾਈ!) ਪਰਮਾਤਮਾ ਦੀ ਯਾਦ ਵਿਚ ਰੱਤੇ ਰਿਹਾਂ ਮਨੁੱਖ ਦੀ ਅਕਲ ਸੁਅੱਛ ਹੋ ਜਾਂਦੀ ਹੈ। ਪਰਮਾਤਮਾ ਦੀ ਯਾਦ ਵਿਚ ਜੁੜੇ ਮਨੁੱਖ ਦੀ ਬੇ-ਦਾਗ਼ ਸੋਭਾ (ਜਗਤ ਵਿਚ ਖਿਲਰਦੀ ਹੈ) । ਹੇ ਨਾਨਕ! ਆਖ– ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਮੇਰਾ ਪਰਮਾਤਮਾ ਕਦੇ ਭੁੱਲਦਾ ਨਹੀਂ।4। 109। ਗਉੜੀ ਮਹਲਾ ੫ ॥ ਉਦਮੁ ਕਰਤ ਸੀਤਲ ਮਨ ਭਏ ॥ ਮਾਰਗਿ ਚਲਤ ਸਗਲ ਦੁਖ ਗਏ ॥ ਨਾਮੁ ਜਪਤ ਮਨਿ ਭਏ ਅਨੰਦ ॥ ਰਸਿ ਗਾਏ ਗੁਨ ਪਰਮਾਨੰਦ ॥੧॥ ਖੇਮ ਭਇਆ ਕੁਸਲ ਘਰਿ ਆਏ ॥ ਭੇਟਤ ਸਾਧਸੰਗਿ ਗਈ ਬਲਾਏ ॥ ਰਹਾਉ ॥ ਨੇਤ੍ਰ ਪੁਨੀਤ ਪੇਖਤ ਹੀ ਦਰਸ ॥ ਧਨਿ ਮਸਤਕ ਚਰਨ ਕਮਲ ਹੀ ਪਰਸ ॥ ਗੋਬਿੰਦ ਕੀ ਟਹਲ ਸਫਲ ਇਹ ਕਾਂਇਆ ॥ ਸੰਤ ਪ੍ਰਸਾਦਿ ਪਰਮ ਪਦੁ ਪਾਇਆ ॥੨॥ ਜਨ ਕੀ ਕੀਨੀ ਆਪਿ ਸਹਾਇ ॥ ਸੁਖੁ ਪਾਇਆ ਲਗਿ ਦਾਸਹ ਪਾਇ ॥ ਆਪੁ ਗਇਆ ਤਾ ਆਪਹਿ ਭਏ ॥ ਕ੍ਰਿਪਾ ਨਿਧਾਨ ਕੀ ਸਰਨੀ ਪਏ ॥੩॥ ਜੋ ਚਾਹਤ ਸੋਈ ਜਬ ਪਾਇਆ ॥ ਤਬ ਢੂੰਢਨ ਕਹਾ ਕੋ ਜਾਇਆ ॥ ਅਸਥਿਰ ਭਏ ਬਸੇ ਸੁਖ ਆਸਨ ॥ ਗੁਰ ਪ੍ਰਸਾਦਿ ਨਾਨਕ ਸੁਖ ਬਾਸਨ ॥੪॥੧੧੦॥ {ਪੰਨਾ 201-202} ਪਦ ਅਰਥ: ਸੀਤਲ-ਮਨ = ਠੰਢੇ ਮਨ ਵਾਲੇ, ਸ਼ਾਂਤ-ਚਿੱਤ। ਮਾਰਗਿ = ਰਸਤੇ ਵਿਚ। ਸਗਲ = ਸਾਰੇ। ਮਨਿ = ਮਨ ਵਿਚ। ਰਸਿ = ਪ੍ਰੇਮ ਨਾਲ। ਗੁਨ ਪਰਮਾਨੰਦ = ਪਰਮਾਨੰਦ ਦੇ ਗੁਣ। ਪਰਮਾਨੰਦ = ਸਭ ਤੋਂ ਉੱਚੇ ਆਨੰਦ ਦਾ ਮਾਲਕ ਪ੍ਰਭੂ।1। ਖੇਮ = ਸੁਖ। ਕੁਸਲ ਘਰਿ = ਸੁਖ ਦੇ ਘਰਿ ਵਿਚ, ਸੁਖ ਦੀ ਅਵਸਥਾ ਵਿਚ। ਭੇਟਤ = ਮਿਲਿਆਂ। ਬਲਾਏ = ਮਾਇਆ-ਚੁੜੇਲ।1। ਰਹਾਉ। ਨੇਤ੍ਰ = ਅੱਖਾਂ। ਪੁਨੀਤ = ਪਵਿਤ੍ਰ, ਪਰਾਇਆ ਰੂਪ ਤੱਕਣ ਦੀ ਬਾਣ ਤੋਂ ਰਹਿਤ। ਪੇਖਤ = ਵੇਖਦਿਆਂ। ਧਨਿ = {DNX} ਭਾਗਾਂ ਵਾਲੇ। ਮਸਤਕ = ਮੱਥੇ {ਮਸਤਕੁ = ਮੱਥਾ}। ਪਰਸ = ਛੁਹ। ਕਾਂਇਆ = ਸਰੀਰ। ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।2। ਸਹਾਇ = ਸਹਾਇਤਾ। ਲਗਿ = ਲੱਗ ਕੇ। ਦਾਸਹ ਪਾਇ = ਦਾਸਾਂ ਦੀ ਪੈਰੀਂ। ਆਪੁ = ਆਪਾ-ਭਾਵ {ਨੋਟ: ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਆਪਹਿ = ਆਪਿ ਹੀ, ਪ੍ਰਭੂ ਆਪਿ ਹੀ, ਪਰਮਾਤਮਾ ਦਾ ਰੂਪ ਹੀ। ਤਾ = ਤਦੋਂ। ਕ੍ਰਿਪਾ ਨਿਧਾਨ = ਕਿਰਪਾ ਦਾ ਖ਼ਜ਼ਾਨਾ।3। ਜੋ ਚਾਹਤ = ਜਿਸ ਨੂੰ ਮਿਲਣਾ ਚਾਹੁੰਦਾ ਹੈ। ਸੋਈ = ਉਹੀ (ਪਰਮਾਤਮਾ) । ਕਹਾ = ਕਿੱਥੇ? ਕੋ = ਕੋਈ। ਅਸਥਿਰ = ਅਡੋਲ-ਚਿੱਤ। ਸੁਖ ਆਸਨ = ਆਨੰਦ ਦੇ ਆਸਣ (ਉੱਤੇ) । ਸੁਖ ਬਾਸਨ = ਸੁਖਾਂ ਵਿਚ ਵੱਸਣ ਵਾਲੇ।4। ਅਰਥ: (ਹੇ ਭਾਈ!) ਸਾਧ ਸੰਗਤਿ ਵਿਚ ਮਿਲਿਆਂ (ਮਾਇਆ-) ਚੁੜੇਲ (ਦੀ ਚੰਬੜ) ਦੂਰ ਹੋ ਜਾਂਦੀ ਹੈ। (ਜੇਹੜੇ ਮਨੁੱਖ ਸਾਧ ਸੰਗਤਿ ਵਿਚ ਜੁੜਦੇ ਹਨ ਉਹਨਾਂ ਨੂੰ) ਸੁਖ ਹੀ ਸੁਖ ਹੋ ਜਾਂਦਾ ਹੈ, ਉਹ ਆਨੰਦ ਦੀ ਅਵਸਥਾ ਵਿਚ ਟਿਕ ਜਾਂਦੇ ਹਨ।1। ਰਹਾਉ। (ਹੇ ਭਾਈ! ਸਾਧ ਸੰਗਤਿ ਵਿਚ ਜਾਣ ਦਾ) ਉੱਦਮ ਕਰਦਿਆਂ (ਮਨੁੱਖ) ਸ਼ਾਂਤ-ਚਿੱਤ ਹੋ ਜਾਂਦੇ ਹਨ, (ਸਾਧ ਸੰਗਤਿ ਦੇ) ਰਾਹ ਉਤੇ ਤੁਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ (ਪੋਹ ਨਹੀਂ ਸਕਦੇ) । (ਹੇ ਭਾਈ!) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ਪ੍ਰੇਮ ਨਾਲ ਗਾਵਿਆਂ, ਪ੍ਰਭੂ ਦਾ ਨਾਮ ਜਪਿਆਂ ਮਨ ਵਿਚ ਆਨੰਦ ਹੀ ਆਨੰਦ ਪੈਦਾ ਹੋ ਜਾਂਦੇ ਹਨ।1। (ਹੇ ਭਾਈ!) ਗੋਬਿੰਦ ਦਾ ਦਰਸਨ ਕਰਦਿਆਂ ਹੀ ਅੱਖਾਂ ਪਵਿਤ੍ਰ ਹੋ ਜਾਂਦੀਆਂ ਹਨ (ਵਿਕਾਰ-ਵਾਸਨਾ ਤੋਂ ਰਹਿਤ ਹੋ ਜਾਂਦੀਆਂ ਹਨ) । (ਹੇ ਭਾਈ!) ਭਾਗਾਂ ਵਾਲੇ ਹਨ ਉਹ ਮੱਥੇ ਜਿਨ੍ਹਾਂ ਨੂੰ ਗੋਬਿੰਦ ਦੇ ਸੋਹਣੇ ਚਰਨਾਂ ਦੀ ਛੋਹ ਮਿਲਦੀ ਹੈ। ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਇਹ ਸਰੀਰ ਸਫਲ ਹੋ ਜਾਂਦਾ ਹੈ, ਗੁਰੂ-ਸੰਤ ਦੀ ਕਿਰਪਾ ਨਾਲ ਸਭ ਤੋਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ।2। (ਹੇ ਭਾਈ!) ਪਰਮਾਤਮਾ ਨੇ ਆਪ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਨੇ ਪਰਮਾਤਮਾ ਦੇ ਭਗਤਾਂ ਦੀ ਚਰਨੀਂ ਲੱਗ ਕੇ ਆਤਮਕ ਆਨੰਦ ਮਾਣਿਆ। ਜੇਹੜੇ ਮਨੁੱਖ ਦਇਆ ਦੇ ਖ਼ਜ਼ਾਨੇ ਪਰਮਾਤਮਾ ਦੀ ਸਰਨ ਆ ਪਏ, ਉਹਨਾਂ ਦੇ ਅੰਦਰੋਂ (ਜਦੋਂ) ਆਪਾ-ਭਾਵ ਦੂਰ ਹੋ ਗਿਆ ਤਦੋਂ ਉਹ ਪਰਮਾਤਮਾ ਦਾ ਰੂਪ ਹੀ ਹੋ ਗਏ।3। (ਹੇ ਭਾਈ!) ਜਦੋਂ ਕਿਸੇ ਮਨੁੱਖ ਨੂੰ (ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਹੀ ਮਿਲ ਪੈਂਦਾ ਹੈ ਜਿਸ ਨੂੰ ਉਹ ਮਿਲਣਾ ਚਾਹੁੰਦਾ ਹੈ, ਤਦੋਂ ਉਹ (ਬਾਹਰ ਜੰਗਲਾਂ ਪਹਾੜਾਂ ਆਦਿਕ ਵਿਚ ਉਸ ਨੂੰ) ਲੱਭਣ ਲਈ ਨਹੀਂ ਜਾਂਦਾ। ਹੇ ਨਾਨਕ! (ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲੈਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ, ਉਹ ਸਦਾ ਆਨੰਦ ਅਵਸਥਾ ਵਿਚ ਟਿਕੇ ਰਹਿੰਦੇ ਹਨ, ਗੁਰੂ ਦੀ ਕਿਰਪਾ ਨਾਲ ਉਹ ਸਦਾ ਸੁਖਾਂ ਵਿਚ ਵੱਸਣ ਵਾਲੇ ਹੋ ਜਾਂਦੇ ਹਨ।4। 110। TOP OF PAGE |
Sri Guru Granth Darpan, by Professor Sahib Singh |