ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 202 ਗਉੜੀ ਮਹਲਾ ੫ ॥ ਕੋਟਿ ਮਜਨ ਕੀਨੋ ਇਸਨਾਨ ॥ ਲਾਖ ਅਰਬ ਖਰਬ ਦੀਨੋ ਦਾਨੁ ॥ ਜਾ ਮਨਿ ਵਸਿਓ ਹਰਿ ਕੋ ਨਾਮੁ ॥੧॥ ਸਗਲ ਪਵਿਤ ਗੁਨ ਗਾਇ ਗੁਪਾਲ ॥ ਪਾਪ ਮਿਟਹਿ ਸਾਧੂ ਸਰਨਿ ਦਇਆਲ ॥ ਰਹਾਉ ॥ ਬਹੁਤੁ ਉਰਧ ਤਪ ਸਾਧਨ ਸਾਧੇ ॥ ਅਨਿਕ ਲਾਭ ਮਨੋਰਥ ਲਾਧੇ ॥ ਹਰਿ ਹਰਿ ਨਾਮ ਰਸਨ ਆਰਾਧੇ ॥੨॥ ਸਿੰਮ੍ਰਿਤਿ ਸਾਸਤ ਬੇਦ ਬਖਾਨੇ ॥ ਜੋਗ ਗਿਆਨ ਸਿਧ ਸੁਖ ਜਾਨੇ ॥ ਨਾਮੁ ਜਪਤ ਪ੍ਰਭ ਸਿਉ ਮਨ ਮਾਨੇ ॥੩॥ ਅਗਾਧਿ ਬੋਧਿ ਹਰਿ ਅਗਮ ਅਪਾਰੇ ॥ ਨਾਮੁ ਜਪਤ ਨਾਮੁ ਰਿਦੇ ਬੀਚਾਰੇ ॥ ਨਾਨਕ ਕਉ ਪ੍ਰਭ ਕਿਰਪਾ ਧਾਰੇ ॥੪॥੧੧੧॥ {ਪੰਨਾ 202} ਪਦ ਅਰਥ: ਮਜਨ = ਚੁੱਭੀਆਂ {ਮੱਜਨੁ = ਚੁੱਭੀ}। ਅਰਬ ਖਰਬ = ਸੌ ਲੱਖ ਦਾ ਇਕ ਕ੍ਰੋੜ, ਸੌ ਕ੍ਰੋੜ ਦਾ ਇਕ ਅਰਬ, ਸੌ ਅਰਬ ਦਾ ਇਕ ਖਰਬ। ਮਨਿ = ਮਨ ਵਿਚ। ਜਾ ਮਨਿ = ਜਿਸ (ਮਨੁੱਖ) ਦੇ ਮਨ ਵਿਚ।1। ਗਾਇ = ਗਾ ਕੇ। ਮਿਟਹਿ = ਮਿਟ ਜਾਂਦੇ ਹਨ। ਸਾਧੂ = ਗੁਰੂ। ਰਹਾਉ। ਉਰਧ = {@ÆvL = ਉੱਚਾ} ਉੱਚਾ ਪੁੱਠਾ ਲਟਕ ਕੇ। ਰਸਨ = ਜੀਭ (ਨਾਲ) ।2। ਬਖਾਨੇ = ਉਚਾਰੇ, ਪੜ੍ਹ ਲਏ। ਮਾਨੇ = ਪਤੀਜ ਗਏ।3। ਅਗਾਧਿ = ਅਥਾਹ। ਅਗਾਧਿ ਬੋਧਿ = ਅਥਾਹ ਬੋਧ ਵਾਲਾ, ਜਿਸ ਦੇ ਪੂਰਨ ਸਰੂਪ ਦਾ ਸਹੀ ਗਿਆਨ ਨਹੀਂ ਹੋ ਸਕਦਾ।4। ਅਰਥ: (ਹੇ ਭਾਈ!) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾ ਕੇ ਸਾਰੇ ਮਨੁੱਖ ਪਵਿਤ੍ਰ ਹੋ ਸਕਦੇ ਹਨ। ਦਇਆ ਦੇ ਸੋਮੇ ਗੁਰੂ ਦੀ ਸਰਨ ਪਿਆਂ (ਸਾਰੇ) ਪਾਪ ਮਿਟ ਜਾਂਦੇ ਹਨ। ਰਹਾਉ। (ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਨੇ (ਮਾਨੋ) ਕ੍ਰੋੜਾਂ ਤੀਰਥਾਂ ਵਿਚ ਚੁੱਭੀਆਂ ਲਾ ਲਈਆਂ, ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਕਰ ਲਏ, ਉਸ ਨੇ (ਮਾਨੋ) ਲੱਖਾਂ ਰੁਪਏ ਅਰਬਾਂ ਰੁਪਏ ਖਰਬਾਂ ਰੁਪਏ ਦਾਨ ਕਰ ਲਏ।1। (ਹੇ ਭਾਈ!) ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਨੇ (ਮਾਨੋ) ਪੁੱਠੇ ਲਟਕ ਕੇ ਅਨੇਕਾਂ ਤਪਾਂ ਦੇ ਸਾਧਨ ਸਾਧ ਲਏ, ਉਸ ਨੇ (ਮਾਨੋ, ਰਿੱਧੀਆਂ ਸਿੱਧੀਆਂ ਦੇ) ਅਨੇਕਾਂ ਲਾਭ ਖੱਟ ਲਏ, ਅਨੇਕਾਂ ਮਨੋਰਥ ਹਾਸਲ ਕਰ ਲਏ।2। (ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਜਿਸ ਮਨੁੱਖ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ, ਉਸ ਨੇ (ਮਾਨੋ) ਸਿਮ੍ਰਿਤੀਆਂ ਸ਼ਾਸਤ੍ਰਾਂ ਵੇਦਾਂ ਦੇ ਉਚਾਰਨ ਕਰ ਲਏ, ਉਸ ਨੇ (ਮਾਨੋ) ਜੋਗ (ਦੀਆਂ ਗੁੰਝਲਾਂ) ਦੀ ਸੂਝ ਪ੍ਰਾਪਤ ਕਰ ਲਈ, ਉਸ ਨੇ (ਮਾਨੋ) ਸਿੱਧਾਂ ਨੂੰ ਮਿਲੇ ਸੁਖਾਂ ਨਾਲ ਸਾਂਝ ਪਾ ਲਈ।3। (ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ) ਉਸ ਅਥਾਹ ਹਸਤੀ ਵਾਲੇ ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ। (ਹੇ ਨਾਨਕ! ਤੂੰ ਭੀ ਅਰਦਾਸ ਕਰ ਤੇ ਆਖ–) ਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ (ਤਾ ਕਿ ਮੈਂ ਤੇਰਾ ਨਾਮ ਜਪ ਸਕਾਂ) ।4। 111। ਗਉੜੀ ਮਃ ੫ ॥ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥ ਚਰਨ ਕਮਲ ਗੁਰ ਰਿਦੈ ਬਸਾਇਆ ॥੧॥ ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥ ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥ ਅਨਦਿਨੁ ਜਪਉ ਗੁਰੂ ਗੁਰ ਨਾਮ ॥ ਤਾ ਤੇ ਸਿਧਿ ਭਏ ਸਗਲ ਕਾਂਮ ॥੨॥ ਦਰਸਨ ਦੇਖਿ ਸੀਤਲ ਮਨ ਭਏ ॥ ਜਨਮ ਜਨਮ ਕੇ ਕਿਲਬਿਖ ਗਏ ॥੩॥ ਕਹੁ ਨਾਨਕ ਕਹਾ ਭੈ ਭਾਈ ॥ ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥ {ਪੰਨਾ 202} ਪਦ ਅਰਥ: ਸਿਮਰਿ = ਸਿਮਰ ਕੇ। ਸੁਖੁ = ਆਤਮਕ ਆਨੰਦ। ਚਰਨ ਕਮਲ ਗੁਰ = ਗੁਰੂ ਦੇ ਸੋਹਣੇ ਚਰਨ (ਕੌਲ-ਫੁਲਾਂ ਵਰਗੇ) । ਰਿਦੈ = ਹਿਰਦੇ ਵਿਚ।1। ਪੂਰਾ = ਅਭੁੱਲ, ਸਾਰੇ ਗੁਣਾਂ ਵਾਲਾ। ਤਿਸਹਿ = ਉਸ (ਗੋਬਿੰਦ) ਨੂੰ। ਧੀਰਾ = ਧੀਰਜ ਵਾਲਾ। ਰਹਾਉ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਪਉ = ਜਪਉਂ, ਮੈਂ ਜਪਦਾ ਹਾਂ। ਤਾ ਤੇ = ਉਸ (ਜਪਣ) ਦੀ ਬਰਕਤਿ ਨਾਲ। ਸਿਧਿ = ਸਫਲਤਾ। ਸਿਧਿ ਸਗਲ ਕਾਂਮ = ਸਾਰੇ ਕੰਮਾਂ ਦੀ ਸਫਲਤਾ।2। ਦੇਖਿ = ਵੇਖ ਕੇ। ਸੀਤਲ ਮਨ = ਠੰਢੇ-ਠਾਰ ਮਨ ਵਾਲੇ। ਕਿਲਬਿਖ = ਪਾਪ।3। ਨਾਨਕ = ਹੇ ਨਾਨਕ! ਭਾਈ = ਹੇ ਭਾਈ! ਭੈ = ਡਰ-ਖ਼ਤਰੇ {'ਭਉ' ਤੋਂ ਬਹੁ-ਬਚਨ}। ਪੈਜ = ਇੱਜ਼ਤ।4। ਅਰਥ: (ਹੇ ਭਾਈ!) ਗੋਬਿੰਦ ਪਾਰਬ੍ਰਹਮ (ਸਭ ਹਸਤੀਆਂ ਨਾਲੋਂ) ਵੱਡਾ ਹੈ, ਸਾਰੇ ਗੁਣਾਂ ਦਾ ਮਾਲਕ ਹੈ (ਉਸ ਵਿਚ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਹੈ) । ਉਸ ਗੋਬਿੰਦ ਨੂੰ ਆਰਾਧ ਕੇ ਮੇਰਾ ਮਨ ਹੌਸਲੇ ਵਾਲਾ ਬਣ ਜਾਂਦਾ ਹੈ (ਤੇ ਅਨੇਕਾਂ ਕਿਲਬਿਖਾਂ ਦਾ ਟਾਕਰਾ ਕਰਨ ਜੋਗਾ ਹੋ ਜਾਂਦਾ ਹੈ) । ਰਹਾਉ। (ਪਰ, ਹੇ ਭਾਈ! ਗੋਬਿੰਦ ਦਾ ਆਰਾਧਨ ਗੁਰੂ ਦੀ ਰਾਹੀਂ ਹੀ ਮਿਲਦਾ ਹੈ। ਜਿਸ ਮਨੁੱਖ ਨੇ) ਗੁਰੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ, ਉਸ ਨੇ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ।1। (ਹੇ ਭਾਈ!) ਮੈਂ ਤਾਂ ਹਰ ਵੇਲੇ ਗੁਰੂ ਦਾ ਨਾਮ ਚੇਤੇ ਰੱਖਦਾ ਹਾਂ (ਗੁਰੂ ਦੀ ਮਿਹਰ ਨਾਲ ਹੀ ਗੋਬਿੰਦ ਦਾ ਸਿਮਰਨ ਪ੍ਰਾਪਤ ਹੁੰਦਾ ਹੈ ਤੇ) ਉਸ ਸਿਮਰਨ ਦੀ ਬਰਕਤਿ ਨਾਲ ਸਾਰੇ ਕੰਮਾਂ ਵਿਚ ਸਫਲਤਾ ਹਾਸਲ ਹੁੰਦੀ ਹੈ।2। (ਹੇ ਭਾਈ! ਗੁਰੂ ਦੀ ਰਾਹੀਂ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਦਰਸਨ ਕਰਨ ਵਾਲੇ) ਠੰਢੇ ਠਾਰ ਮਨ ਵਾਲੇ ਹੋ ਜਾਂਦੇ ਹਨ, ਤੇ ਉਹਨਾਂ ਦੇ ਅਨੇਕਾਂ (ਪਹਿਲੇ) ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ।3। ਹੇ ਨਾਨਕ! ਆਖ– ਹੇ ਭਾਈ! (ਗੁਰੂ ਦੀ ਸਰਨ ਪੈ ਕੇ ਗੋਬਿੰਦ ਦਾ ਨਾਮ ਸਿਮਰਿਆਂ ਦੁਨੀਆ ਵਾਲੇ) ਸਾਰੇ ਡਰ-ਖ਼ਤਰੇ ਮਨ ਤੋਂ ਲਹਿ ਜਾਂਦੇ ਹਨ (ਕਿਉਂਕਿ) ਸਿਮਰਨ ਦੀ ਬਰਕਤਿ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ (ਗੋਬਿੰਦ ਆਪਣੇ ਸੇਵਕ ਦੀ ਆਪ ਲਾਜ ਰੱਖਦਾ ਹੈ।4। 112। ਗਉੜੀ ਮਹਲਾ ੫ ॥ ਅਪਨੇ ਸੇਵਕ ਕਉ ਆਪਿ ਸਹਾਈ ॥ ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ ॥੧॥ ਪ੍ਰਭ ਕੀ ਸਰਨਿ ਉਬਰੈ ਸਭ ਕੋਇ ॥ ਕਰਨ ਕਰਾਵਨ ਪੂਰਨ ਸਚੁ ਸੋਇ ॥ ਰਹਾਉ ॥ ਅਬ ਮਨਿ ਬਸਿਆ ਕਰਨੈਹਾਰਾ ॥ ਭੈ ਬਿਨਸੇ ਆਤਮ ਸੁਖ ਸਾਰਾ ॥੨॥ ਕਰਿ ਕਿਰਪਾ ਅਪਨੇ ਜਨ ਰਾਖੇ ॥ ਜਨਮ ਜਨਮ ਕੇ ਕਿਲਬਿਖ ਲਾਥੇ ॥੩॥ ਕਹਨੁ ਨ ਜਾਇ ਪ੍ਰਭ ਕੀ ਵਡਿਆਈ ॥ ਨਾਨਕ ਦਾਸ ਸਦਾ ਸਰਨਾਈ ॥੪॥੧੧੩॥ {ਪੰਨਾ 202} ਪਦ ਅਰਥ: ਕਉ = ਵਾਸਤੇ। ਸਹਾਈ = ਮਦਦਗਾਰ। ਨਿਤ = ਸਦਾ। ਪ੍ਰਤਿਪਾਰ = ਪਾਲਣਾ ਕਰਦਾ ਹੈ, ਸੰਭਾਲ ਕਰਦਾ ਹੈ।1। ਉਬਰੈ = (ਡਰਾਂ ਖ਼ਤਰਿਆਂ ਕਿਲਬਿਖਾਂ ਤੋਂ) ਬਚ ਜਾਂਦਾ ਹੈ। ਸਭ ਕੋਇ = ਹਰੇਕ ਜੀਵ। ਸਚੁ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ ਪਰਮਾਤਮਾ। ਰਹਾਉ। ਅਬ = ਹੁਣ। ਮਨਿ = ਮਨ ਵਿਚ। ਕਰਨੈਹਾਰਾ = ਪੈਦਾ ਕਰਨ ਵਾਲਾ ਪ੍ਰਭੂ। ਸਾਰਾ = ਸੰਭਾਲਿਆ ਹੈ, ਮਾਣਿਆ ਹੈ।2। ਕਰਿ = ਕਰ ਕੇ। ਕਿਲਬਿਖ = ਪਾਪ।3। ਕਹਨੁ ਨ ਜਾਇ = ਦੱਸੀ ਨਹੀਂ ਜਾ ਸਕਦੀ।4। ਅਰਥ: (ਹੇ ਭਾਈ!) ਹਰੇਕ ਮਨੁੱਖ (ਜੇਹੜਾ) ਪਰਮਾਤਮਾ ਦੀ ਸਰਨ ਵਿਚ (ਆਉਂਦਾ ਹੈ, ਸਾਰੇ ਵਿਕਾਰਾਂ ਡਰਾਂ-ਸਹਿਮਾਂ ਤੋਂ) ਬਚ ਜਾਂਦਾ ਹੈ, ਉਸ ਨੂੰ ਨਿਸਚਾ ਬਣ ਜਾਂਦਾ ਹੈ ਕਿ ਉਹ ਸਰਬ-ਵਿਆਪਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾਣ ਵਾਲਾ ਹੈ। ਰਹਾਉ। (ਹੇ ਭਾਈ!) ਪਰਮਾਤਮਾ ਆਪਣੇ ਸੇਵਕ ਦੇ ਵਾਸਤੇ (ਸਦਾ) ਮਦਦਗਾਰ ਬਣਿਆ ਰਹਿੰਦਾ ਹੈ, ਸਦਾ (ਆਪਣੇ ਸੇਵਕ ਦੀ) ਸੰਭਾਲ ਕਰਦਾ ਹੈ ਜਿਵੇਂ ਮਾਂ ਤੇ ਪਿਉ (ਆਪਣੇ ਬੱਚੇ ਦੀ ਸੰਭਾਲ ਕਰਦੇ ਹਨ) ।1। (ਹੇ ਭਾਈ!) ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ (ਮੇਰੇ) ਮਨ ਵਿਚ ਆ ਵੱਸਿਆ ਹੈ, ਹੁਣ ਮੇਰੇ ਸਾਰੇ ਡਰ-ਖ਼ਤਰੇ ਨਾਸ ਹੋ ਗਏ ਹਨ ਤੇ ਮੈਂ ਆਤਮਕ ਆਨੰਦ ਮਾਣ ਰਿਹਾ ਹਾਂ।2। (ਹੇ ਭਾਈ!) ਪਰਮਾਤਮਾ ਕਿਰਪਾ ਕਰ ਕੇ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ, ਉਹਨਾਂ ਦੇ (ਪਹਿਲੇ) ਅਨੇਕਾਂ ਜਨਮਾਂ ਦੇ (ਕੀਤੇ) ਪਾਪਾਂ ਦੇ ਸੰਸਕਾਰ (ਉਹਨਾਂ ਦੇ ਮਨ ਤੋਂ) ਲਹਿ ਜਾਂਦੇ ਹਨ।3। ਪਰਮਾਤਮਾ ਕੇਡੀ ਵੱਡੀ ਸਮਰੱਥਾ ਵਾਲਾ ਹੈ– ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ। ਹੇ ਨਾਨਕ! ਪਰਮਾਤਮਾ ਦੇ ਸੇਵਕ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ।4। 113। ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਰਾਮ ਕੋ ਬਲੁ ਪੂਰਨ ਭਾਈ ॥ ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥੧॥ ਰਹਾਉ ॥ ਜੋ ਜੋ ਚਿਤਵੈ ਦਾਸੁ ਹਰਿ ਮਾਈ ॥ ਸੋ ਸੋ ਕਰਤਾ ਆਪਿ ਕਰਾਈ ॥੧॥ ਨਿੰਦਕ ਕੀ ਪ੍ਰਭਿ ਪਤਿ ਗਵਾਈ ॥ ਨਾਨਕ ਹਰਿ ਗੁਣ ਨਿਰਭਉ ਗਾਈ ॥੨॥੧੧੪॥ {ਪੰਨਾ 202-203} ਪਦ ਅਰਥ: ਕੋ = ਦਾ। ਪੂਰਨੁ = ਹਰ ਥਾਂ ਮੌਜੂਦ। ਭਾਈ = ਹੇ ਭਾਈ! ਤਾ ਤੇ = ਉਸ ਬਲ ਦੀ ਬਰਕਤਿ ਨਾਲ। ਬਿਰਥਾ = ਪੀੜ, ਦੁੱਖ-ਕਲੇਸ਼। ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ।1। ਰਹਾਉ। ਦਾਸੁ ਹਰਿ = ਹਰੀ ਦਾ ਦਾਸ। ਮਾਈ = ਹੇ ਮਾਂ! ਕਰਤਾ = ਕਰਤਾਰ।1। ਪ੍ਰਭਿ = ਪ੍ਰਭੂ ਨੇ। ਪਤਿ = ਇੱਜ਼ਤ। ਨਾਨਕ = ਹੇ ਨਾਨਕ!।2। ਅਰਥ: ਹੇ ਭਾਈ! ਪਰਮਾਤਮਾ ਦੀ ਤਾਕਤ ਹਰ ਥਾਂ (ਆਪਣਾ ਪ੍ਰਭਾਵ ਪਾ ਰਹੀ ਹੈ) (ਇਸ ਵਾਸਤੇ ਜਿਸ ਸੇਵਕ ਦੇ ਸਿਰ ਉਤੇ ਪਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ) ਉਸ ਤਾਕਤ ਦੀ ਬਰਕਤਿ ਨਾਲ (ਉਸ ਸੇਵਕ ਉੱਤੇ) ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ।1। ਰਹਾਉ। ਹੇ (ਮੇਰੀ) ਮਾਂ! ਪਰਮਾਤਮਾ ਦਾ ਸੇਵਕ ਜੇਹੜੀ ਜੇਹੜੀ ਮੰਗ ਆਪਣੇ ਮਨ ਵਿਚ ਚਿਤਾਰਦਾ ਹੈ, ਕਰਤਾਰ ਆਪ ਉਸ ਦੀ ਉਹ ਮੰਗ ਪੂਰੀ ਕਰ ਦੇਂਦਾ ਹੈ।1। ਹੇ ਨਾਨਕ! (ਪਰਮਾਤਮਾ ਦਾ ਸੇਵਕ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਤੇ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ, (ਪਰ ਸੇਵਕ ਦੇ) ਦੋਖੀ-ਨਿੰਦਕ ਦੀ ਇੱਜ਼ਤ ਪ੍ਰਭੂ ਨੇ ਲੋਕ-ਪਰਲੋਕ ਵਿਚ ਆਪ ਗਵਾ ਦਿੱਤੀ ਹੁੰਦੀ ਹੈ।2। 114। ਨੋਟ: ਗਉੜੀ ਗੁਆਰੇਰੀ ਦੇ ਸ਼ਬਦ ਮੁੱਕ ਚੁੱਕੇ ਹਨ, ਹੁਣ ਇਥੋਂ ਗਉੜੀ ਚੇਤੀ ਦੇ ਸ਼ਬਦ ਸ਼ੁਰੂ ਹੋਏ ਹਨ। |
Sri Guru Granth Darpan, by Professor Sahib Singh |