ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 203

ਗਉੜੀ ਮਹਲਾ ੫ ॥ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥ ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ ॥੧॥ ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ ॥ ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ ॥੨॥੨॥੧੧੫॥ {ਪੰਨਾ 203}

ਪਦ ਅਰਥ: ਭੁਜ = ਬਾਂਹ। ਬਲ = ਤਾਕਤ। ਭੁਜ ਬਲ = ਜਿਸ ਦੀਆਂ ਬਾਹਾਂ ਵਿਚ ਤਾਕਤ ਹੈ, ਹੇ ਬਲਵਾਨ ਬਾਹਾਂ ਵਾਲੇ! ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਗਰਤ = ਟੋਆ। ਪਰਤ = ਪੈਂਦਾ, ਡਿਗਦਾ। ਗਹਿ ਲੇਹੁ = ਫੜ ਲੈ। ਅੰਗੁਰੀਆ = ਉਂਗਲੀ।1। ਰਹਾਉ।

ਸ੍ਰਵਨਿ = ਸ੍ਰਵਨ ਵਿਚ, ਕੰਨ ਵਿਚ। ਸੁਰਤਿ = ਸੁਣਨ ਦੀ ਸਮਰੱਥਾ। ਆਰਤ = {AwqL} ਦੁਖੀਆ। ਦੁਆਰਿ = (ਤੇਰੇ) ਦਰ ਤੇ। ਰਟਤ = ਪੁਕਾਰਦਾ। ਪਿੰਗੁਰੀਆ = ਪਿੰਗਲਾ, ਪੈਰ-ਹੀਣ।1।

ਦੀਨਾ ਨਾਥ = ਹੇ ਗ਼ਰੀਬਾਂ ਦੇ ਖਸਮ! ਕਰੁਣਾ ਮੈ = {k}xw-mX} ਤਰਸ-ਰੂਪ, ਤਰਸ-ਭਰਪੂਰ। ਮਹਤਰੀਆ = ਮਾਂ। ਚਰਨ ਕਵਲ = ਕੌਲ ਫੁੱਲਾਂ ਵਰਗੇ ਚਰਨ। ਗਹਿ = ਫੜ ਕੇ।2।

ਅਰਥ: ਹੇ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ ਪਾਰਬ੍ਰਹਮ! (ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ) ਟੋਏ ਵਿਚ ਡਿਗਦੇ ਦੀ (ਮੇਰੀ) ਉਂਗਲੀ ਫੜ ਲੈ।1। ਰਹਾਉ।

(ਹੇ ਪ੍ਰਭੂ! ਮੇਰੇ) ਕੰਨ ਵਿਚ (ਤੇਰੀ ਸਿਫ਼ਤਿ-ਸਾਲਾਹ) ਸੁਣਨ (ਦੀ ਸੂਝ) ਨਹੀਂ, ਮੇਰੀਆਂ ਅੱਖਾਂ (ਅਜੇਹੀਆਂ) ਸੋਹਣੀਆਂ ਨਹੀਂ (ਕਿ ਹਰ ਥਾਂ ਤੇਰਾ ਦੀਦਾਰ ਕਰ ਸਕਣ) , ਮੈਂ ਤੇਰੀ ਸਾਧ ਸੰਗਤਿ ਵਿਚ ਜਾਣ ਜੋਗਾ ਨਹੀਂ ਹਾਂ, ਮੈਂ ਪਿੰਗਲਾ ਹੋ ਚੁਕਾ ਹਾਂ ਤੇ ਦੁੱਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ (ਮੈਨੂੰ ਵਿਕਾਰਾਂ ਦੇ ਟੋਏ ਵਿਚੋਂ ਬਚਾ ਲੈ) ।1।

ਹੇ ਨਾਨਕ! (ਆਖ) = ਹੇ ਗਰੀਬਾਂ ਦੇ ਖਸਮ! ਹੇ ਯਤੀਮਾਂ ਉਤੇ ਤਰਸ ਕਰਨ ਵਾਲੇ! ਹੇ ਸੱਜਣ! ਹੇ ਮਿੱਤਰ ਪ੍ਰਭੂ! ਹੇ ਮੇਰੇ ਪਿਤਾ! ਹੇ ਮੇਰੀ ਮਾਂ ਪ੍ਰਭੂ! ਤੇਰੇ ਸੰਤ ਤੇਰੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਰੱਖ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਹਨ, (ਮਿਹਰ ਕਰ, ਮੈਨੂੰ ਭੀ ਆਪਣੇ ਚਰਨਾਂ ਦਾ ਪਿਆਰ ਬਖ਼ਸ਼ ਤੇ ਮੈਨੂੰ ਭੀ ਪਾਰ ਲੰਘਾ ਲੈ) ।2। 2। 115।

ਨੋਟ: ਪਹਿਲਾ ਅੰਕ 2 ਸ਼ਬਦ ਦੇ ਬੰਦਾਂ ਦੀ ਗਿਣਤੀ ਦੱਸਦਾ ਹੈ। ਦੂਜਾ ਅੰਕ 2 ਦੱਸਦਾ ਹੈ ਕਿ 'ਗਉੜੀ ਚੇਤੀ' ਦਾ ਇਹ ਦੂਜਾ ਸ਼ਬਦ ਹੈ।

ਰਾਗੁ ਗਉੜੀ ਬੈਰਾਗਣਿ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ ॥੧॥ ਰਹਾਉ ॥ ਤੁਝ ਬਿਨੁ ਘਰੀ ਨ ਜੀਵਨਾ ਧ੍ਰਿਗੁ ਰਹਣਾ ਸੰਸਾਰਿ ॥ ਜੀਅ ਪ੍ਰਾਣ ਸੁਖਦਾਤਿਆ ਨਿਮਖ ਨਿਮਖ ਬਲਿਹਾਰਿ ਜੀ ॥੧॥ ਹਸਤ ਅਲੰਬਨੁ ਦੇਹੁ ਪ੍ਰਭ ਗਰਤਹੁ ਉਧਰੁ ਗੋਪਾਲ ॥ ਮੋਹਿ ਨਿਰਗੁਨ ਮਤਿ ਥੋਰੀਆ ਤੂੰ ਸਦ ਹੀ ਦੀਨ ਦਇਆਲ ॥੨॥ ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਚਾਰ ॥ ਸਰਣਿ ਸਮਾਈ ਦਾਸ ਹਿਤ ਊਚੇ ਅਗਮ ਅਪਾਰ ॥੩॥ ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ ॥ ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹਿ ॥੪॥ ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ ॥ ਸਾਧਸੰਗਿ ਨਾਨਕੁ ਭਜੈ ਬਿਖੁ ਤਰਿਆ ਸੰਸਾਰੁ ॥੫॥੧॥੧੧੬॥ {ਪੰਨਾ 203}

ਪਦ ਅਰਥ: ਦਯ = ਹੇ ਤਰਸ ਕਰਨ ਵਾਲੇ! {dX` = to feel pity}। ਮੀਤੁਲਾ = ਪਿਆਰਾ ਮਿੱਤਰ। ਬਾਸੁ = ਵੱਸ।1। ਰਹਾਉ।

ਸੰਸਾਰਿ = ਸੰਸਾਰ ਵਿਚ। ਜੀਅ ਦਾਤਿਆ = ਹੇ ਜਿੰਦ ਦੇ ਦੇਣ ਵਾਲੇ! ਨਿਮਖ = ਅੱਖ ਝਮਕਣ ਜਿਤਨਾ ਸਮਾ {inmy = }। ਬਲਿਹਾਰਿ = ਮੈਂ ਸਦਕੇ ਜਾਂਦਾ ਹਾਂ।1।

ਅਲੰਬਨੁ = ਆਸਰਾ। ਹਸਤ ਅਲੰਬਨੁ = ਹੱਥ ਦਾ ਸਹਾਰਾ। ਪ੍ਰਭ = ਹੇ ਪ੍ਰਭੂ! ਗਰਤਹੁ = ਟੋਏ ਤੋਂ। ਉਧਰੁ = ਕੱਢ ਲੈ। ਮੋਹਿ = ਮੇਰੀ। ਸਦ ਹੀ = ਸਦਾ ਹੀ।2।

ਸੰਮਲਾ = ਸੰਮਲਾਂ, ਮੈਂ ਚੇਤੇ ਕਰਾਂ। ਕਵਨ ਬਿਧੀ = ਕੇਹੜੇ ਕੇਹੜੇ ਤਰੀਕੇ ਨਾਲ? ਸਰਣਿ ਸਮਾਈ = ਹੇ ਸਰਨ ਆਏ ਦੀ ਸਮਾਈ ਕਰਨ ਵਾਲੇ! ਦਾਸ ਹਿਤ = ਹੇ ਦਾਸਾਂ ਦੇ ਹਿਤੂ!।3।

ਅਸਟਿ ਸਿਧਿ = ਅੱਠ ਸਿੱਧੀਆਂ। ਕੇਸਵਾ = {ky_w: pR_ÔXw: siNq AÔX} ਲੰਮੇ ਕੇਸਾਂ ਵਾਲਾ ਪ੍ਰਭੂ। ਗਾਹਿ = ਗਾਂਦੇ ਹਨ।4।

ਬੰਧਪੋ = ਬੰਧਪੁ, ਰਿਸ਼ਤੇਦਾਰ। ਅਧਾਰ = ਆਸਰਾ। ਨਾਨਕੁ ਭਜੈ = ਨਾਨਕ ਸਿਮਰਦਾ ਹੈ। ਬਿਖੁ = ਜ਼ਹਿਰ।5।1। 116।

ਅਰਥ: ਹੇ ਤਰਸ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਖਸਮ! ਤੂੰ ਮੇਰਾ ਪਿਆਰਾ ਮਿੱਤਰ ਹੈਂ, ਸਦਾ ਮੇਰੇ ਨਾਲ ਵੱਸਦਾ ਰਹੁ।1। ਰਹਾਉ।

ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦੇਣ ਵਾਲੇ! ਹੇ ਸੁਖ ਦੇਣ ਵਾਲੇ ਪ੍ਰਭੂ! ਮੈਂ ਤੈਥੋਂ ਨਿਮਖ ਨਿਮਖ ਕੁਰਬਾਨ ਜਾਂਦਾ ਹਾਂ। ਤੈਥੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਹੋ ਸਕਦਾ ਤੇ (ਆਤਮਕ ਜੀਵਨ ਤੋਂ ਬਿਨਾ) ਸੰਸਾਰ ਵਿਚ ਰਹਿਣਾ ਫਿਟਕਾਰ-ਜੋਗ ਹੈ।1।

ਹੇ ਪ੍ਰਭੂ! ਮੈਨੂੰ ਆਪਣੇ ਹੱਥ ਦਾ ਸਹਾਰਾ ਦੇਹ। ਹੇ ਗੋਪਾਲ! ਮੈਨੂੰ (ਵਿਕਾਰਾਂ ਦੇ) ਟੋਏ ਵਿਚੋਂ ਕੱਢ ਲੈ। ਮੈਂ ਗੁਣ-ਹੀਣ ਹਾਂ, ਮੇਰੀ ਮਤਿ ਹੋਛੀ ਹੈ। ਤੂੰ ਸਦਾ ਹੀ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ।2।

ਹੇ ਉੱਚੇ! ਹੇ ਅਪਹੁੰਚ! ਹੇ ਬੇਅੰਤ ਪ੍ਰਭੂ! ਹੇ ਸਰਨ ਆਏ ਦੀ ਸਹਾਇਤਾ ਕਰਨ ਵਾਲੇ ਪ੍ਰਭੂ! ਹੇ ਆਪਣੇ ਸੇਵਕਾਂ ਦੇ ਹਿਤੂ ਪ੍ਰਭੂ! ਮੈਂ ਤੇਰੇ (ਦਿਤੇ ਹੋਏ) ਕੇਹੜੇ ਕੇਹੜੇ ਸੁਖ ਚੇਤੇ ਕਰਾਂ? ਮੈਂ ਕਿਹੜੇ ਕਿਹੜੇ ਤਰੀਕਿਆਂ ਨਾਲ (ਤੇਰੇ ਬਖ਼ਸ਼ੇ ਸੁਖਾਂ ਦੀ) ਵਿਚਾਰ ਕਰਾਂ? (ਮੈਂ ਤੇਰੇ ਦਿੱਤੇ ਬੇਅੰਤ ਸੁਖ ਗਿਣ ਨਹੀਂ ਸਕਦਾ) ।3।

ਹੇ ਭਾਈ! ਦੁਨੀਆ ਦੇ ਸਾਰੇ ਪਦਾਰਥ (ਜੋਗੀਆਂ ਦੀਆਂ) ਅੱਠੇ ਸਿੱਧੀਆਂ ਸਭ ਤੋਂ ਸ੍ਰੇਸ਼ਟ ਰਸ ਨਾਮ-ਰਸ ਵਿਚ ਮੌਜੂਦ ਹਨ। (ਹੇ ਭਾਈ!) ਜਿਨ੍ਹਾਂ ਉਤੇ ਸੋਹਣੇ ਲੰਮੇ ਕੇਸਾਂ ਵਾਲਾ ਪ੍ਰਭੂ ਪ੍ਰਸੰਨ ਹੁੰਦਾ ਹੈ, ਉਹ ਬੰਦੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।4।

(ਹੇ ਦਯ! ਹੇ ਗੋਸਾਈਂ!) ਹੇ ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ (ਸਭ ਕੁਝ ਮੇਰਾ) ਤੂੰ ਹੀ ਤੂੰ ਹੈਂ। (ਤੇਰਾ ਦਾਸ) ਨਾਨਕ (ਤੇਰੀ) ਸਾਧ ਸੰਗਤਿ ਵਿਚ (ਤੇਰੀ ਮਿਹਰ ਨਾਲ) ਤੇਰਾ ਭਜਨ ਕਰਦਾ ਹੈ। (ਜੇਹੜਾ ਮਨੁੱਖ ਤੇਰਾ ਭਜਨ ਕਰਦਾ ਹੈ ਉਹ ਵਿਕਾਰਾਂ ਦੇ) ਜ਼ਹਰ-ਭਰੇ ਸੰਸਾਰ ਤੋਂ (ਸਹੀ-ਸਲਾਮਤਿ ਆਤਮਕ ਜੀਵਨ ਲੈ ਕੇ) ਪਾਰ ਲੰਘ ਜਾਂਦਾ ਹੈ।5।1। 116।

ਨੋਟ: 'ਗਉੜੀ ਬੈਰਾਗਣਿ' ਦਾ ਇਹ ਪਹਿਲਾ ਸ਼ਬਦ ਹੈ।

ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫ ੴ ਸਤਿਗੁਰ ਪ੍ਰਸਾਦਿ ॥ ਹੈ ਕੋਈ ਰਾਮ ਪਿਆਰੋ ਗਾਵੈ ॥ ਸਰਬ ਕਲਿਆਣ ਸੂਖ ਸਚੁ ਪਾਵੈ ॥ ਰਹਾਉ ॥ ਬਨੁ ਬਨੁ ਖੋਜਤ ਫਿਰਤ ਬੈਰਾਗੀ ॥ ਬਿਰਲੇ ਕਾਹੂ ਏਕ ਲਿਵ ਲਾਗੀ ॥ ਜਿਨਿ ਹਰਿ ਪਾਇਆ ਸੇ ਵਡਭਾਗੀ ॥੧॥ ਬ੍ਰਹਮਾਦਿਕ ਸਨਕਾਦਿਕ ਚਾਹੈ ॥ ਜੋਗੀ ਜਤੀ ਸਿਧ ਹਰਿ ਆਹੈ ॥ ਜਿਸਹਿ ਪਰਾਪਤਿ ਸੋ ਹਰਿ ਗੁਣ ਗਾਹੈ ॥੨॥ ਤਾ ਕੀ ਸਰਣਿ ਜਿਨ ਬਿਸਰਤ ਨਾਹੀ ॥ ਵਡਭਾਗੀ ਹਰਿ ਸੰਤ ਮਿਲਾਹੀ ॥ ਜਨਮ ਮਰਣ ਤਿਹ ਮੂਲੇ ਨਾਹੀ ॥੩॥ ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ ॥ ਬਿਨਉ ਸੁਨਹੁ ਪ੍ਰਭ ਊਚ ਅਪਾਰੇ ॥ ਨਾਨਕੁ ਮਾਂਗਤੁ ਨਾਮੁ ਅਧਾਰੇ ॥੪॥੧॥੧੧੭॥ {ਪੰਨਾ 203}

ਪਦ ਅਰਥ: ਰਹੋਆ = ਇਕ ਕਿਸਮ ਦੀ ਧਾਰਨਾ ਦਾ ਪੰਜਾਬੀ ਗੀਤ ਜੋ ਲੰਮੀ ਹੇਕ ਨਾਲ ਗਾਵਿਆਂ ਜਾਂਦਾ ਹੈ। ਇਸ ਨੂੰ ਖ਼ਾਸ ਕਰਕੇ ਜ਼ਨਾਨੀਆਂ ਵਿਆਹ ਸਮੇ ਗਾਂਦੀਆਂ ਹਨ। ਲੰਮੀ ਹੇਕ ਤੋਂ ਇਲਾਵਾ ਟੇਕ ਵਾਲੀ ਤੁਕ ਭੀ ਮੁੜ ਮੁੜ ਗਾਈ ਜਾਂਦੀ ਹੈ। ਘਰਿ = ਘਰ ਵਿਚ। ਰਹੋਏ ਕੇ ਛੰਤ ਕੇ ਘਰਿ = (ਇਸ ਸ਼ਬਦ ਨੂੰ ਉਸ 'ਘਰ' ਵਿਚ ਗਾਵਣਾ ਹੈ) ਜਿਸ ਘਰ ਵਿਚ ਲੰਮੀ ਹੇਕ ਵਾਲਾ ਵਿਆਹ ਦਾ ਗੀਤ ਗਾਇਆ ਜਾਂਦਾ ਹੈ।

ਸਰਬ = ਸਾਰੇ। ਕਲਿਆਣ = ਸੁਖ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਰਹਾਉ।

ਬਨੁ ਬਨੁ = ਹਰੇਕ ਜੰਗਲ। ਬੈਰਾਗੀ = ਵਿਰਕਤ। ਏਕ ਲਿਵ = ਇਕ ਪ੍ਰਭੂ ਦੀ ਲਗਨ। ਜਿਨਿ = ਜਿਸ ਨੇ {ਲਫ਼ਜ਼ 'ਜਿਨਿ' ਇਕ-ਵਚਨ ਹੈ। ਇਸ ਦੇ ਨਾਲ ਵਰਤਿਆ ਪੜਨਾਂਵ 'ਸੇ' ਬਹੁ-ਵਚਨ ਹੈ। ਸੋ, ਇਸ ਦਾ ਅਰਥ ਕਰਨਾ ਹੈ– ਜਿਸ ਨੇ ਜਿਸ ਨੇ, ਜਿਸ ਜਿਸ ਨੇ}।1।

ਬ੍ਰਹਮਾਦਿਕ = ਬ੍ਰਹਮਾ ਆਦਿਕ, ਬ੍ਰਹਮਾ ਅਤੇ ਹੋਰ ਦੇਵਤੇ। ਸਨਕਾਦਿਕ = ਸਨਕ ਆਦਿਕ, ਸਨਕ ਅਤੇ ਉਸ ਦੇ ਹੋਰ ਭਰਾ ਸਨੰਦਨ, ਸਨਾਤਨ, ਸਨਤ ਕੁਮਾਰ। ਆਹੈ– ਤਾਂਘ ਕਰਦਾ ਹੈ। ਗਾਹੈ– ਗਾਂਹਦਾ ਹੈ, ਚੁੱਭੀ ਲਾਂਦਾ ਹੈ।2।

ਜਿਨ = ਜਿਨ੍ਹਾਂ ਨੂੰ {ਲਫ਼ਜ਼ 'ਜਿਨਿ' ਇਕ-ਵਚਨ, ਲਫ਼ਜ਼ 'ਜਿਨ' ਬਹੁ-ਵਚਨ}। ਤਾ ਕੀ = ਉਹਨਾਂ ਦੀ। ਮਿਲਾਹੀ = ਮਿਲਹਿ, ਮਿਲਦੇ ਹਨ। ਤਿਹ = ਉਹਨਾਂ ਨੂੰ। ਮੂਲੇ = ਬਿਲਕੁਲ।3।

ਪ੍ਰੀਤਮ = ਹੇ ਪ੍ਰੀਤਮ! ਬਿਨਉ = ਬੇਨਤੀ {ivnX}। ਮਾਂਗਤੁ = ਮੰਗਦਾ ਹੈ।4।

ਅਰਥ: (ਹੇ ਭਾਈ!) ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪਿਆਰੇ ਦੇ ਗੁਣ ਗਾਂਦਾ ਹੈ, ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ਸਾਰੇ ਆਨੰਦ ਮਾਣਦਾ ਹੈ, ਸਦਾ-ਥਿਰ ਪਰਮਾਤਮਾ ਨੂੰ ਮਿਲ ਪੈਂਦਾ ਹੈ। ਰਹਾਉ।

(ਹੇ ਭਾਈ! ਪਰਮਾਤਮਾ ਨੂੰ ਮਿਲਣ ਵਾਸਤੇ ਜੇ) ਕੋਈ ਮਨੁੱਖ ਗ੍ਰਿਹਸਤ ਤੋਂ ਉਪਰਾਮ ਹੋ ਕੇ ਹਰੇਕ ਜੰਗਲ ਢੂੰਡਦਾ ਫਿਰਦਾ ਹੈ (ਤਾਂ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ) । ਕਿਸੇ ਵਿਰਲੇ ਮਨੁੱਖ ਦੀ ਇਕ ਪਰਮਾਤਮਾ ਨਾਲ ਲਗਨ ਲੱਗਦੀ ਹੈ। ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਲੱਭ ਲਿਆ ਹੈ, ਉਹ ਸਾਰੇ ਵੱਡੇ ਭਾਗਾਂ ਵਾਲੇ ਹਨ।1।

(ਹੇ ਭਾਈ!) ਬ੍ਰਹਮਾ ਅਤੇ ਹੋਰ ਵੱਡੇ ਦੇਵਤੇ, ਸਨਕ ਅਤੇ ਉਸ ਦੇ ਭਰਾ ਸਨੰਦਨ ਸਨਾਤਨ ਸਨਤ ਕੁਮਾਰ = ਇਹਨਾਂ ਵਿਚੋਂ ਹਰੇਕ ਪ੍ਰਭੂ-ਮਿਲਾਪ ਚਾਹੁੰਦਾ ਹੈ। ਜੋਗੀ ਜਤੀ ਸਿੱਧ = ਹਰੇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰਦਾ ਹੈ, (ਪਰ ਜਿਸ ਨੂੰ ਧੁਰੋਂ) ਇਹ ਦਾਤਿ ਮਿਲੀ ਹੈ, ਉਹੀ ਪ੍ਰਭੂ ਦੇ ਗੁਣ ਗਾਂਦਾ ਹੈ।2।

(ਹੇ ਭਾਈ!) ਉਹਨਾਂ ਦੀ ਸਰਨ ਪਈਏ, ਜਿਨ੍ਹਾਂ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ। ਪਰਮਾਤਮਾ ਦੇ ਸੰਤਾਂ ਨੂੰ ਕੋਈ ਵੱਡੇ ਭਾਗਾਂ ਵਾਲੇ ਹੀ ਮਿਲ ਸਕਦੇ ਹਨ। ਉਹਨਾਂ ਸੰਤ ਜਨਾਂ ਨੂੰ ਜਨਮ ਮਰਨ ਦੇ ਗੇੜ ਕਦੇ ਭੀ ਨਹੀਂ ਵਿਆਪਦੇ।3।

ਹੇ ਪਿਆਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਕਿਰਪਾ ਕਰ ਤੇ (ਮੈਨੂੰ) ਮਿਲ। ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! (ਮੇਰੀ ਇਹ) ਬੇਨਤੀ ਸੁਣ। (ਤੇਰਾ ਦਾਸ) ਨਾਨਕ (ਤੈਥੋਂ ਤੇਰਾ) ਨਾਮ (ਹੀ ਜ਼ਿੰਦਗੀ ਦਾ) ਆਸਰਾ ਮੰਗਦਾ ਹੈ।4।1। 117।

ਨੋਟ: "ਗਉੜੀ ਬੈਰਾਗਣਿ" ਦਾ ਇਹ ਪਹਿਲਾ ਸ਼ਬਦ ਹੈ। ਅੰਕ 1 ਇਹੀ ਦੱਸਦਾ ਹੈ। ਇਸ ਤੋਂ ਅਗਾਂਹ "ਗਉੜੀ ਪੂਰਬੀ" ਦੇ ਸ਼ਬਦ ਚੱਲ ਪਏ ਹਨ।

TOP OF PAGE

Sri Guru Granth Darpan, by Professor Sahib Singh