ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 204 ਰਾਗੁ ਗਉੜੀ ਪੂਰਬੀ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥ ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥ ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥ ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥ ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥ {ਪੰਨਾ 204} ਪਦ ਅਰਥ: ਪ੍ਰਾਨਪਤਿ = ਜਿੰਦ ਦਾ ਮਾਲਕ ਪ੍ਰਭੂ। ਮਿਲਉ = ਮਿਲਉਂ, ਮੈਂ ਮਿਲਾਂ। ਮਾਈ = ਹੇ ਮਾਂ!।1। ਰਹਾਉ। ਹੀਨ = ਖ਼ਾਲੀ। ਬੁਧਿ ਹੀਨੀ = ਅਕਲ ਤੋਂ ਖ਼ਾਲੀ। ਮੋਹਿ = ਮੈਂ। ਦੂਰ ਤੇ = ਦੂਰ ਤੋਂ, ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ।1। ਨਾਹਿਨ = ਨਹੀਂ। ਦਰਬੁ = ਧਨ। ਜੋਬਨ = ਜਵਾਨੀ। ਮਾਤੀ = ਮੱਤੀ ਹੋਈ, ਮਸਤ। ਸਮਾਈ = ਲੀਨਤਾ। ਕਰਹੁ ਸਮਾਈ = ਲੀਨਤਾ ਕਰੋ, ਆਪਣੇ ਚਰਨਾਂ ਵਿਚ ਜੋੜ ਲਵੋ।2। ਬੈਰਾਗਨਿ = ਵੈਰਾਗਵਾਨ। ਕਉ = ਨੂੰ, ਵਾਸਤੇ। ਤਿਸਾਈ = ਤਿਹਾਈ।3। ਜਲਨਿ = ਸੜਨ, ਵਿਛੋੜੇ ਦੀ ਸੜਨ। ਸਾਧ ਸੰਗਿ = ਸਾਧ ਸੰਗਤਿ ਨੇ। ਸੰਗਿ = ਸੰਗ ਨੇ।4। ਅਰਥ: ਹੇ ਮੇਰੀ ਮਾਂ! ਮੈਂ ਕੇਹੜੇ ਗੁਣਾਂ ਦੀ ਬਰਕਤਿ ਨਾਲ ਆਪਣੀ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਸਕਾਂ? (ਮੇਰੇ ਵਿਚ ਤਾਂ ਕੋਈ ਗੁਣ ਨਹੀਂ ਹੈ) ।1। ਰਹਾਉ। (ਹੇ ਮੇਰੀ ਮਾਂ!) ਮੈਂ ਆਤਮਕ ਰੂਪ ਤੋਂ ਸੱਖਣੀ ਹਾਂ, ਅਕਲ-ਹੀਣ ਹਾਂ, (ਮੇਰੇ ਅੰਦਰ ਆਤਮਕ) ਤਾਕਤ ਭੀ ਨਹੀਂ ਹੈ (ਫਿਰ) ਮੈਂ ਪਰਦੇਸਣ ਹਾਂ (ਪ੍ਰਭੂ-ਚਰਨਾਂ ਨੂੰ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ) ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ (ਇਸ ਮਨੁੱਖਾ ਜਨਮ ਵਿਚ) ਆਈ ਹਾਂ।1। (ਹੇ ਮੇਰੇ ਪ੍ਰਾਨਪਤਿ!) ਮੇਰੇ ਪਾਸ ਤੇਰਾ ਨਾਮ-ਧਨ ਨਹੀਂ ਹੈ, ਮੇਰੇ ਅੰਦਰ ਆਤਮਕ ਗੁਣਾਂ ਦਾ ਜੋਬਨ ਭੀ ਨਹੀਂ ਜਿਸ ਦਾ ਮੈਨੂੰ ਹੁਲਾਰਾ ਆ ਸਕੇ। ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿਚ ਜੋੜ ਲੈ।2। (ਹੇ ਮੇਰੀ ਮਾਂ!) ਆਪਣੇ ਪ੍ਰਾਨਪਤੀ-ਪ੍ਰਭੂ ਦੇ ਦਰਸਨ ਵਾਸਤੇ ਮੈਂ ਤਿਹਾਈ ਫਿਰ ਰਹੀ ਹਾਂ, ਉਸ ਨੂੰ ਲੱਭਦੀ ਲੱਭਦੀ ਮੈਂ ਕਮਲੀ ਹੋਈ ਪਈ ਹਾਂ।3। ਹੇ ਨਾਨਕ! (ਆਖ–) ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕਿਰਪਾ ਦੇ ਘਰ! ਹੇ ਪ੍ਰਭੂ! (ਤੇਰੀ ਮਿਹਰ ਨਾਲ) ਸਾਧ ਸੰਗਤਿ ਨੇ ਮੇਰੀ ਇਹ ਵਿਛੋੜੇ ਦੀ ਸੜਨ ਬੁਝਾ ਦਿੱਤੀ ਹੈ।4।1। 118। ਗਉੜੀ ਮਹਲਾ ੫ ॥ ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥ ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥ ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥ ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥ {ਪੰਨਾ 204} ਪਦ ਅਰਥ: ਮਿਲਬੇ ਕਉ = ਮਿਲਣ ਵਾਸਤੇ। ਮਨਿ = ਮਨ ਵਿਚ। ਪਾਇ = ਪੈਰੀਂ। ਲਗਉ = ਲਗਉਂ, ਮੈਂ ਲੱਗਾ। ਕਰਉ = ਮੈਂ ਕਰਾਂ।1। ਰਹਾਉ। ਅਰਪਉ = ਮੈਂ ਹਵਾਲੇ ਕਰ ਦਿਆਂ। ਮਤਿ = ਅਕਲ, ਚਤੁਰਾਈ। ਮੋਹਿ = ਮੈਂ। ਅਨਦਿਨੁ = ਹਰ ਰੋਜ਼। ਵਿਰਾਗੀ = ਬਉਰੀ, ਪਿਆਰ ਵਿਚ ਕਮਲੀ ਹੋਈ।1। ਪੂਰਬ ਕਰਮ ਅੰਕੁਰ = ਪਹਿਲੇ ਜਨਮਾਂ ਵਿਚ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ। ਪ੍ਰਗਟੇ = ਉੱਘੜ ਪਏ। ਰਸਿਕ = (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸ ਮਾਣਨ ਵਾਲਾ। ਬੈਰਾਗੀ = ਵਿਰਕਤ, ਨਿਰਲੇਪ। ਅੰਧੇਰੁ = ਹਨੇਰਾ। ਮਿਲਤ = ਮਿਲਿਆਂ। ਸੋਈ = ਸੁੱਤੀ ਹੋਈ।2। ਅਰਥ: (ਹੇ ਭੈਣ!) ਪਰਮਾਤਮਾ ਨੂੰ ਮਿਲਣ ਵਾਸਤੇ ਮੇਰੇ ਮਨ ਵਿਚ ਪ੍ਰੀਤਿ ਪੈਦਾ ਹੋ ਗਈ ਹੈ। (ਪਰਮਾਤਮਾ ਨਾਲ ਮਿਲਾ ਸਕਣ ਵਾਲਾ ਜੇ) ਵੱਡੇ ਭਾਗਾਂ ਵਾਲਾ (ਗੁਰੂ-) ਸੰਤ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰੀਂ ਲੱਗਾਂ, ਮੈਂ ਉਸ ਅਗੇ ਬੇਨਤੀ ਕਰਾਂ (ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ) ।1। ਰਹਾਉ। (ਹੇ ਭੈਣ!) ਜੇਹੜਾ (ਵਡਭਾਗੀ ਸੰਤ ਮੈਨੂੰ) ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦਾ ਰਹੇ, ਮੈਂ ਹਰ ਵੇਲੇ ਉਸ ਦੇ ਪਿੱਛੇ ਪਿੱਛੇ ਪ੍ਰੇਮ ਵਿਚ ਕਮਲੀ ਹੋਈ ਫਿਰਦੀ ਰਹਾਂ, ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ ਆਪਣਾ ਧਨ ਉਸ ਦੇ ਅੱਗੇ ਰੱਖ ਦਿਆਂ। (ਹੇ ਭੈਣ!) ਮੈਂ ਆਪਣੇ ਮਨ ਦੀ ਸਾਰੀ ਚਤੁਰਾਈ ਛੱਡ ਦਿੱਤੀ ਹੈ।1। ਹੇ ਨਾਨਕ! (ਆਖ–) ਪਹਿਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ ਜਿਸ ਜੀਵ-ਇਸਤ੍ਰੀ ਦੇ ਉੱਘੜ ਪਏ, ਉਸ ਨੂੰ ਉਹ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ ਜੋ ਸਾਰੇ ਜੀਵਾਂ ਵਿਚ ਬੈਠਾ ਸਭ ਰਸ ਮਾਣਨ ਵਾਲਾ ਹੈ ਤੇ ਜੋ ਰਸਾਂ ਤੋਂ ਨਿਰਲੇਪ ਭੀ ਹੈ। ਪਰਮਾਤਮਾ ਨੂੰ ਮਿਲਦਿਆਂ ਹੀ ਉਸ ਜੀਵ-ਇਸਤ੍ਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਹ ਅਨੇਕਾਂ ਜਨਮਾਂ ਤੋਂ ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜਾਗ ਪੈਂਦੀ ਹੈ।2। 2। 119। ਗਉੜੀ ਮਹਲਾ ੫ ॥ ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥ ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥ ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਯ੍ਯਣ ਮੋਹ ਕੀ ਫਾਸ ॥ ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥ ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ॥ ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥ {ਪੰਨਾ 204} ਪਦ ਅਰਥ: ਨਿਕਸੁ = (ਬਾਹਰ) ਨਿਕਲ। ਰੇ = ਹੇ! ਪੰਖੀ = ਪੰਛੀ। ਪਾਂਖ = ਖੰਭ। ਸਾਧੂ = ਗੁਰੂ। ਮਿਲਿ = ਮਿਲ ਕੇ। ਗਹੁ = ਫੜ। ਹੀਅਰੇ ਸੰਗਿ = ਹਿਰਦੇ ਦੇ ਨਾਲ।1। ਰਹਾਉ। ਭ੍ਰਮ = ਮਾਇਆ ਦੀ ਖ਼ਾਤਰ ਭਟਕਣਾ। ਕੂਈ = {kup} ਖੂਹੀ। ਪੰਕਜ = ਚਿੱਕੜ। ਤੀਖ੍ਹ੍ਹਣ = ਤੇਜ਼, ਤ੍ਰਿੱਖੀ। ਫਾਸ = ਫਾਹੀ। ਤਾ ਕੇ ਚਰਨ ਕਮਲ = ਉਸ ਦੇ ਸੋਹਣੇ ਚਰਨਾਂ ਵਿਚ।1। ਕਰਿ ਕਿਰਪਾ = ਕਿਰਪਾ ਕਰ। ਕਰੁ = ਹੱਥ। {ਨੋਟ: ਲਫ਼ਜ਼ 'ਕਰਿ' ਕ੍ਰਿਆ ਹੈ। ਲਫ਼ਜ਼ 'ਕਰੁ' ਨਾਂਵ ਹੈ}। ਗਹਿ ਲੇਹੁ = ਫੜ ਲੈ। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਸਰਮਾਇਆ।2। ਅਰਥ: ਹੇ ਜੀਵ-ਪੰਛੀ! (ਮਾਇਆ ਦੇ ਮੋਹ ਦੇ ਆਲ੍ਹਣੇ ਵਿਚੋਂ ਬਾਹਰ) ਨਿਕਲ। ਪਰਮਾਤਮਾ ਦਾ ਸਿਮਰਨ ਕਰ। (ਪ੍ਰਭੂ ਦਾ ਸਿਮਰਨ) ਖੰਭ ਹਨ (ਇਹਨਾਂ ਖੰਭਾਂ ਦੀ ਸਹਾਇਤਾ ਨਾਲ ਹੀ ਤੂੰ ਮੋਹ ਦੇ ਆਲ੍ਹਣੇ ਵਿਚੋਂ ਬਾਹਰ ਉੱਡ ਕੇ ਜਾ ਸਕੇਂਗਾ) । (ਹੇ ਭਾਈ!) ਗੁਰੂ ਨੂੰ ਮਿਲ ਕੇ ਪੂਰਨ-ਪ੍ਰਭੂ ਦਾ ਆਸਰਾ ਲੈ, ਪਰਮਾਤਮਾ ਦਾ ਨਾਮ-ਰਤਨ ਆਪਣੇ ਹਿਰਦੇ ਨਾਲ (ਸਾਂਭ ਕੇ) ਰੱਖ।1। ਰਹਾਉ। (ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣ ਦੀ ਖੂਹੀ ਹੈ, ਮਾਇਆ ਦੀ ਤ੍ਰਿਸ਼ਨਾ ਤੇ ਵਿਕਾਰਾਂ ਦੇ ਚਸਕੇ (ਉਸ ਖੂਹੀ ਵਿਚ) ਚਿੱਕੜ ਹੈ, (ਜੀਵਾਂ ਦੇ ਗਲ ਵਿਚ ਪਈ ਹੋਈ) ਮੋਹ ਦੀ ਫਾਹੀ ਬੜੀ ਪੱਕੀ (ਤ੍ਰਿੱਖੀ) ਹੈ। ਇਸ ਫਾਹੀ ਨੂੰ ਕੱਟਣ-ਜੋਗਾ ਜਗਤ ਦਾ ਗੁਰੂ ਗੋਬਿੰਦ ਹੀ ਹੈ। (ਹੇ ਭਾਈ!) ਉਸ ਗੋਬਿੰਦ ਦੇ ਚਰਨ-ਕਮਲਾਂ ਵਿਚ ਨਿਵਾਸ ਕਰੀ ਰੱਖ।1। ਹੇ ਗੋਬਿੰਦ! ਹੇ ਪ੍ਰੀਤਮ ਪ੍ਰਭੂ! ਹੇ ਗਰੀਬਾਂ ਦੇ ਮਾਲਕ! ਹੇ ਨਾਨਕ ਦੇ ਸੁਆਮੀ! ਮਿਹਰ ਕਰ, ਮੇਰੀ ਬੇਨਤੀ ਸੁਣ, ਮੇਰਾ ਹੱਥ ਫੜ ਲੈ (ਤੇ ਮੈਨੂੰ ਇਸ ਖੂਹੀ ਵਿਚੋਂ ਕੱਢ ਲੈ) ਮੇਰੀ ਇਹ ਜਿੰਦ ਤੇਰਾ ਦਿੱਤਾ ਹੋਇਆ ਸਰਮਾਇਆ ਹੈ, ਮੇਰਾ ਇਹ ਸਰੀਰ ਤੇਰੀ ਬਖ਼ਸ਼ੀ ਹੋਈ ਪੂੰਜੀ ਹੈ (ਇਸ ਰਾਸਿ-ਪੂੰਜੀ ਨੂੰ ਮੋਹ ਦੇ ਹੱਥੀਂ ਉਜੜਨ ਤੋਂ ਤੂੰ ਆਪ ਹੀ ਬਚਾ ਲੈ) ।2।3। 120। ਗਉੜੀ ਮਹਲਾ ੫ ॥ ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥ ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥੧॥ ਰਹਾਉ ॥ ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ ॥੧॥ ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥ ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥{ਪੰਨਾ 204} ਪਦ ਅਰਥ: ਪੇਖਨ ਕਉ = ਵੇਖਣ ਵਾਸਤੇ। ਆਸ ਪਿਆਸੀ = (ਦਰਸਨ ਦੀ) ਆਸ ਨਾਲ ਵਿਆਕੁਲ। ਚਿਤਵਉ = ਮੈਂ ਯਾਦ ਕਰਦੀ ਹਾਂ। ਰੈਨੀ = ਰਾਤ। ਨੇਰਾ = ਨੇੜੇ।1। ਰਹਾਉ। ਕਰਉ = ਕਰਉਂ, ਮੈਂ ਕਰਾਂ। ਨਿਹੋਰਾ = ਤਰਲਾ। ਤੁਲਾ = ਤੱਕੜੀ। ਧਾਰਿ = ਰੱਖ ਕੇ। ਸਗਲੇ = ਸਾਰੇ। ਸਭੋ ਹੀ = ਸੁਖਾਂ ਦਾ ਇਹ ਸਾਰਾ ਇਕੱਠ। ਥੋਰਾ = ਥੋੜਾ, ਹੌਲਾ।1। ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਸਾਗਰ = ਸਮੁੰਦਰ। ਜਨਮ ਜਨਮ ਕੋ ਜਾਤ = ਅਨੇਕਾਂ ਜਨਮਾਂ ਦਾ ਭਟਕਦਾ ਫਿਰਦਾ। ਬਹੋਰਾ = ਮੋੜ ਲਿਆਂਦਾ। ਭੇਟਤ ਹਰਿ = ਹਰੀ ਨੂੰ ਮਿਲਿਆਂ। ਕ੍ਰਿਤਾਰਥੁ = {øq-AQL} ਜਿਸ ਦੀ ਲੋੜ ਸਿਰੇ ਚੜ੍ਹ ਗਈ। ਸਵੇਰਾ = ਵੇਲੇ ਸਿਰ।2। ਅਰਥ: (ਹੇ ਭੈਣ!) ਪ੍ਰਭੂ-ਪਤੀ ਦਾ ਦਰਸਨ ਕਰਨ ਵਾਸਤੇ ਮੇਰਾ ਮਨ ਉਸ ਦਾ ਸਿਮਰਨ ਕਰ ਰਿਹਾ ਹੈ। ਉਸ ਦੇ ਦਰਸਨ ਦੀ ਆਸ ਨਾਲ ਵਿਆਕੁਲ ਹੋਈ ਮੈਂ ਦਿਨ ਰਾਤ ਉਸ ਦਾ ਨਾਮ ਚਿਤਾਰਦੀ ਰਹਿੰਦੀ ਹਾਂ। (ਹੇ ਭੈਣ! ਮੈਨੂੰ) ਕੋਈ ਐਸਾ ਸੰਤ (ਮਿਲ ਜਾਏ, ਜੇਹੜਾ ਮੈਨੂੰ ਉਸ ਪ੍ਰਭੂ-ਪਤੀ ਨਾਲ) ਨੇੜੇ ਹੀ ਮਿਲਾ ਦੇਵੇ।1। ਰਹਾਉ। (ਹੇ ਭੈਣ! ਜੇ ਉਹ ਗੁਰੂ-ਸੰਤ ਮਿਲ ਪਏ ਤਾਂ) ਮੈਂ ਉਸ ਦੇ ਦਾਸਾਂ ਦੀ ਸੇਵਾ ਕਰਾਂ, ਮੈਂ ਅਨੇਕਾਂ ਤਰੀਕਿਆਂ ਨਾਲ ਉਸ ਅੱਗੇ ਤਰਲੇ ਕਰਾਂ। (ਹੇ ਭੈਣ!) ਤੱਕੜੀ ਉਤੇ ਰੱਖ ਕੇ ਮੈਂ (ਦੁਨੀਆ ਦੇ) ਸਾਰੇ ਸੁਖ ਤੋਲੇ ਹਨ, ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ ਇਹ ਸਾਰੇ ਹੀ ਸੁਖ (ਦਰਸਨ ਦੇ ਸੁਖ ਨਾਲੋਂ) ਹੌਲੇ ਹਨ।1। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਗੁਣਾਂ ਦੇ ਸਮੁੰਦਰ ਪਰਮਾਤਮਾ ਦੇ ਗੁਣ ਗਾਂਦਾ ਹੈ (ਗੁਰੂ ਪਰਮੇਸਰ ਉਸ ਨੂੰ) ਅਨੇਕਾਂ ਜਨਮਾਂ ਦੇ ਭਟਕਦੇ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਮੋੜ ਲਿਆਉਂਦਾ ਹੈ। ਹੇ ਨਾਨਕ! ਪਰਮਾਤਮਾ ਨੂੰ ਮਿਲਿਆਂ ਬੇਅੰਤ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਜਨਮ ਵੇਲੇ-ਸਿਰ (ਇਸੇ ਜਨਮ ਵਿਚ) ਸਫਲ ਹੋ ਜਾਂਦਾ ਹੈ।2।4। 121। ਨੋਟ: ਇਹ ਉਪਰਲੇ ਚਾਰ ਸ਼ਬਦ 'ਗਉੜੀ ਪੂਰਬੀ' ਦੇ ਹਨ। ਪਰ ਇਹਨਾਂ ਨੂੰ ਕਿਸੇ ਖ਼ਾਸ 'ਘਰ' ਵਿਚ ਗਾਵਣ ਦੀ ਹਿਦਾਇਤ ਨਹੀਂ ਦਿੱਤੀ ਗਈ। ਅਗਾਂਹ ਭੀ 'ਗਉੜੀ ਪੂਰਬੀ' ਦੇ ਹੀ ਸ਼ਬਦ ਹਨ। ਪਰ ਉਹ ਵੱਖਰੇ ਸੰਗ੍ਰਹ ਵਿਚ ਰੱਖੇ ਗਏ ਹਨ। ਉਹਨਾਂ ਵਾਸਤੇ 'ਘਰ' 1, 2 ਆਦਿਕ ਨਿਯਤ ਕੀਤਾ ਗਿਆ ਹੈ। |
Sri Guru Granth Darpan, by Professor Sahib Singh |