ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 205

ਰਾਗੁ ਗਉੜੀ ਪੂਰਬੀ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥ ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥ ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ॥ ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ॥੧॥ ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥ ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ ॥੨॥ ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥ ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ॥੩॥ ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧਸੰਗਤਿ ਲਿਵ ਲਾਈ ॥ ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਨ ਭਾਈ ॥੪॥ ਮੇਰੇ ਰਾਮ ਰਾਇ ਇਨ ਬਿਧਿ ਮਿਲੈ ਗੁਸਾਈ ॥ ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ ਮਿਲਿ ਜੋਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥ {ਪੰਨਾ 205}

ਪਦ ਅਰਥ: ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਗੁਸਾਈ = ਸ੍ਰਿਸ਼ਟੀ ਦਾ ਮਾਲਕ। ਰਾਮ ਰਾਇ = ਹੇ ਪ੍ਰਭੂ ਪਾਤਿਸ਼ਾਹ! ਸਹਜ = ਆਤਮਕ ਅਡੋਲਤਾ। ਮੋਹਿ = ਮੈਨੂੰ। ਮਾਰਗੁ = ਰਸਤਾ।1। ਰਹਾਉ।

ਅੰਤਰਿ = (ਜੀਵ ਦੇ) ਅੰਦਰ। ਅਲਖੁ = ਅਦ੍ਰਿਸ਼ਟ ਪ੍ਰਭੂ। ਪਾਈ = ਪਾਇਆ ਹੋਇਆ ਹੈ। ਮੋਹਿ = ਮੋਹ ਵਿਚ।1।

ਇਕਤੁ ਗ੍ਰਿਹਿ = ਇਕੋ ਘਰ ਵਿਚ। ਭਾਈ = ਹੇ ਭਾਈ! ਪੰਚ = ਪੰਜੇ ਗਿਆਨ-ਇੰਦ੍ਰੇ। ਦੁਹੇਲੇ = ਦੁੱਖੀ। ਓਹ = (ਇਹ ਲਫ਼ਜ਼ ਇਸਤ੍ਰੀ ਲਿੰਗ ਹੈ, ਲਫ਼ਜ਼ 'ਬਸਤੁ' ਦਾ ਵਿਸ਼ੇਸ਼ਣ}। ਅਗੋਚਰ = {ਅ-ਗੋ-ਚਰ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਠਾਈ = ਠਾਇ, ਥਾਂ ਵਿਚ।2।

ਤਾਲਾ = ਜੰਦ੍ਰਾ। ਗੁਰ ਸਉਪਾਈ = ਗੁਰੂ ਨੂੰ ਸੌਂਪੀ ਹੋਈ ਹੈ।3।

ਸਤਿਗੁਰ = ਹੇ ਸਤਿਗੁਰ! ਲਿਵ = ਲਗਨ, ਪ੍ਰੀਤਿ। ਪੰਚ ਜਨਾ = ਪੰਜੇ ਗਿਆਨ-ਇੰਦ੍ਰਿਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ। ਭੇਦੁ = ਵਿੱਥ, ਫ਼ਰਕ। ਭਾਈ = ਹੇ ਭਾਈ!।4।

ਇਨ ਬਿਧਿ = ਇਹਨਾਂ ਤਰੀਕਿਆਂ ਨਾਲ। ਨਾਠਾ = ਨੱਸ ਗਿਆ। ਜੋਤੀ = ਪਰਮਾਤਮਾ। ਰਹਾਉ ਦੂਜਾ।

ਅਰਥ: ਹੇ ਮੇਰੇ ਪ੍ਰਭੂ ਪਾਤਿਸ਼ਾਹ! ਮੈਨੂੰ ਧਰਤੀ ਦਾ ਖਸਮ-ਪ੍ਰਭੂ ਕਿਨ੍ਹਾਂ ਤਰੀਕਿਆਂ ਨਾਲ ਮਿਲ ਸਕੇ? ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਕੋਈ ਇਹੋ ਜਿਹਾ ਸੰਤ ਮੈਨੂੰ ਮਿਲ ਪਏ, ਜੇਹੜਾ ਮੈਨੂੰ ਰਸਤਾ ਦੱਸ ਦੇਵੇ।1। ਰਹਾਉ।

(ਹਰੇਕ ਜੀਵ ਦੇ) ਅੰਦਰ ਅਦ੍ਰਿਸ਼ਟ ਪ੍ਰਭੂ ਵੱਸਦਾ ਹੈ, ਪਰ (ਜੀਵ ਨੂੰ) ਇਹ ਸਮਝ ਨਹੀਂ ਆ ਸਕਦੀ, ਕਿਉਂਕਿ (ਜੀਵ ਦੇ ਅੰਦਰ) ਹਉਮੈ ਦਾ ਪਰਦਾ ਪਿਆ ਹੋਇਆ ਹੈ। ਸਾਰਾ ਜਗਤ ਹੀ ਮਾਇਆ ਦੇ ਮੋਹ ਵਿਚ ਸੁੱਤਾ ਪਿਆ ਹੈ। (ਹੇ ਭਾਈ!) ਦੱਸ, (ਜੀਵ ਦੀ) ਇਹ ਭਟਕਣਾ ਕਿਵੇਂ ਦੂਰ ਹੋਵੇ?।1।

(ਹੇ ਭਾਈ! ਆਤਮਾ ਤੇ ਪਰਮਾਤਮਾ ਦੀ) ਇਕੋ ਹੀ ਸੰਗਤਿ ਹੈ, ਦੋਵੇਂ ਇਕੋ ਹੀ (ਹਿਰਦੇ-) ਘਰ ਵਿਚ ਵੱਸਦੇ ਹਨ, ਪਰ (ਆਪੋ ਵਿਚ) ਮਿਲ ਕੇ (ਕਦੇ) ਗੱਲ ਨਹੀਂ ਕਰਦੇ। ਇਕ (ਨਾਮ) ਪਦਾਰਥ ਤੋਂ ਬਿਨਾ (ਜੀਵ ਦੇ) ਪੰਜੇ ਗਿਆਨ-ਇੰਦ੍ਰੇ ਦੁੱਖੀ ਰਹਿੰਦੇ ਹਨ। ਉਹ (ਨਾਮ) ਪਦਾਰਥ ਅਜੇਹੇ ਥਾਂ ਵਿਚ ਹੈ, ਜਿਥੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ।2।

(ਹੇ ਭਾਈ!) ਜਿਸ ਹਰੀ ਦਾ ਇਹ ਬਣਾਇਆ ਹੋਇਆ (ਸਰੀਰ-) ਘਰ ਹੈ, ਉਸ ਨੇ ਹੀ (ਮੋਹ ਦਾ) ਜੰਦ੍ਰਾ ਮਾਰਿਆ ਹੋਇਆ ਹੈ, ਤੇ ਕੁੰਜੀ ਗੁਰੂ ਨੂੰ ਸੌਂਪ ਦਿੱਤੀ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਹੋਰ ਹੋਰ ਅਨੇਕਾਂ ਹੀਲੇ ਕਰਦਾ ਹੈ, (ਪਰ ਉਹਨਾਂ ਹੀਲਿਆਂ ਨਾਲ ਪਰਮਾਤਮਾ ਨੂੰ) ਲੱਭ ਨਹੀਂ ਸਕਦਾ।3।

ਹੇ ਸਤਿਗੁਰੂ! ਜਿਨ੍ਹਾਂ ਦੇ (ਮਾਇਆ ਦੇ) ਬੰਧਨ ਤੂੰ ਕੱਟ ਦਿੱਤੇ, ਉਹਨਾਂ ਨੇ ਸਾਧ ਸੰਗਤਿ ਵਿਚ ਟਿਕ ਕੇ (ਪ੍ਰਭੂ ਨਾਲ) ਪ੍ਰੀਤਿ ਬਣਾਈ। ਹੇ ਨਾਨਕ! (ਆਖ–) ਉਹਨਾਂ ਦੇ ਪੰਜੇ ਗਿਆਨ-ਇੰਦ੍ਰਿਆਂ ਨੇ ਮਿਲ ਕੇ ਸਿਫ਼ਤਿ-ਸਾਲਾਹ ਦਾ ਗੀਤ ਗਾਇਆ। ਹੇ ਭਾਈ! ਉਹਨਾਂ ਵਿਚ ਤੇ ਹਰੀ ਵਿਚ ਕੋਈ ਵਿੱਥ ਨਾਹ ਰਹਿ ਗਈ।4।

ਹੇ ਮੇਰੇ ਪ੍ਰਭੂ ਪਾਤਿਸ਼ਾਹ! ਇਹਨਾਂ ਤਰੀਕਿਆਂ ਨਾਲ ਧਰਤੀ ਦਾ ਖਸਮ-ਪਰਮਾਤਮਾ ਮਿਲਦਾ ਹੈ। ਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਗਈ ਹੈ, ਉਸ ਦੀ (ਮਾਇਆ ਦੀ ਖ਼ਾਤਰ) ਭਟਕਣਾ ਇਕ ਖਿਨ ਵਿਚ ਦੂਰ ਹੋ ਗਈ। ਉਸ ਦੀ ਜੋਤਿ ਪ੍ਰਭੂ ਵਿਚ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਈ।1। ਰਹਾਉ ਦੂਜਾ।1। 122।

ਨੋਟ: 'ਗਉੜੀ ਪੂਰਬੀ ਘਰੁ 1' ਦਾ ਇਹ ਪਹਿਲਾ ਸ਼ਬਦ ਹੈ।

ਗਉੜੀ ਮਹਲਾ ੫ ॥ ਐਸੋ ਪਰਚਉ ਪਾਇਓ ॥ ਕਰੀ ਕ੍ਰਿਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥ ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ ॥ ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ ॥੧॥ ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ ॥ ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥੨॥ ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ ॥ ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਰਿ ਕੈਠੈ ਜਾਇਓ ॥੩॥ ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ ॥ ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥ {ਪੰਨਾ 205}

ਪਦ ਅਰਥ: ਪਰਚਉ = {pircX} ਸਾਂਝ, ਮਿਤ੍ਰਤਾ। ਬੀਠੁਲੈ = ਬੀਠੁਲ ਨੇ। ਬੀਠਲ = {ivÕTl। ਵਿ-ਪਰੇ। ÔQl = ਟਿਕਿਆ ਹੋਇਆ} ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕਿਆ ਹੋਇਆ। ਸਤਿਗੁਰ = ਗੁਰੂ ਦਾ (ਪਤਾ) ।1। ਰਹਾਉ।

ਜਤ ਕਤ = ਜਿਧਰ ਕਿਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਮੋਹਿ = ਮੈਨੂੰ। ਬਿਸੁਆਸੁ = ਯਕੀਨ, ਨਿਸ਼ਚਾ। ਕੈ ਪਹਿ = ਕਿਸ ਦੇ ਪਾਸ? ਕਰਉ = ਕਰਉਂ, ਮੈਂ ਕਰਾਂ। ਜਉ = ਜਦੋਂ।1।

ਲਹਿਓ = ਲਹਿ ਗਿਆ ਹੈ। ਸਹਸਾ = ਫ਼ਿਕਰ। ਗੁਰਿ = ਗੁਰੂ ਨੇ। ਤੋਰੇ = ਤੋੜ ਦਿੱਤੇ। ਸਹਜ = ਆਤਮਕ ਅਡੋਲਤਾ। ਸਾ = ਸੀ। ਹੋਸੀ = ਹੋਵੇਗਾ।2।

ਠਾਣਾ = {ÔQwn} ਥਾਂ, ਟਿਕਾਣਾ। ਗੁਰਿ = ਗੁਰੂ ਨੇ। ਖੋਲਿ = ਖੋਲ੍ਹ ਕੇ। ਨਿਧਿ = ਖ਼ਜ਼ਾਨਾ। ਨਿਧਾਨੁ = ਖ਼ਜ਼ਾਨਾ। ਇਕ ਠਾਈ = ਇਕੱਠੇ, ਇਕੋ ਥਾਂ ਵਿਚ, ਇਕ ਠਾਇ। ਕੈਠੈ = ਕੈ ਠਾਇ? ਕਿਸ ਥਾਂ ਤੇ? ਕਿੱਥੇ?।3।

ਕਨਿਕ = ਸੋਨਾ। ਸਾਜੀ = ਬਣਾਈ, ਰਚੀ। ਗੁਰਿ = ਗੁਰੂ ਨੇ। ਇਵ = ਇਸ ਤਰ੍ਹਾਂ। ਤਤੈ = ਤੱਤ ਵਿਚ।4।

ਅਰਥ: (ਪਰਮਾਤਮਾ ਨਾਲ ਮੇਰੀ) ਇਹੋ ਜਿਹੀ ਸਾਂਝ ਬਣ ਗਈ ਕਿ ਉਸ ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕੇ ਹੋਏ ਦਿਆਲ ਪ੍ਰਭੂ ਨੇ ਮੇਰੇ ਉਤੇ ਕਿਰਪਾ ਕੀਤੀ ਤੇ ਮੈਨੂੰ ਗੁਰੂ ਦਾ ਪਤਾ ਦੱਸ ਦਿੱਤਾ।1। ਰਹਾਉ।

(ਗੁਰੂ ਦੀ ਸਹਾਇਤਾ ਨਾਲ ਹੁਣ) ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ ਮੈਂ ਜਿਧਰ ਵੇਖਦਾ ਹਾਂ, ਹੇ ਪ੍ਰਭੂ! ਮੈਨੂੰ ਤੂੰ ਹੀ ਤੂੰ ਦਿੱਸਦਾ ਹੈਂ। (ਹੇ ਭਾਈ! ਮੈਨੂੰ ਯਕੀਨ ਹੋ ਗਿਆ ਹੈ ਕਿ) ਜਦੋਂ ਪਰਮਾਤਮਾ ਆਪ (ਜੀਵਾਂ ਦੀ ਅਰਦਾਸ ਬੇਨਤੀ) ਸੁਣਦਾ ਹੈ ਤਾਂ ਮੈਂ (ਉਸ ਤੋਂ ਬਿਨਾ ਹੋਰ) ਕਿਸ ਦੇ ਪਾਸ ਅਰਜ਼ੋਈ ਕਰਾਂ ਬੇਨਤੀ ਕਰਾਂ?।1।

(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਦਿੱਤੇ, ਉਸ ਦਾ ਸਾਰਾ ਸਹਮ-ਫ਼ਿਕਰ ਦੂਰ ਹੋ ਗਿਆ, ਤਦੋਂ ਉਸ ਨੇ ਸਦਾ ਲਈ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਕਰ ਲਿਆ। (ਉਸ ਨੂੰ ਯਕੀਨ ਬਣ ਗਿਆ ਕਿ ਪ੍ਰਭੂ ਦੀ ਰਜ਼ਾ ਅਨੁਸਾਰ) ਜੋ ਕੁਝ ਵਾਪਰਨਾ ਸੀ ਉਹੀ ਵਰਤੇਗਾ (ਉਸ ਦੇ ਹੁਕਮ ਤੋਂ ਬਿਨਾ) ਕੋਈ ਸੁਖ ਜਾਂ ਕੋਈ ਦੁੱਖ ਕਿਤੇ ਭੀ ਵਿਖਾਲੀ ਨਹੀਂ ਦੇ ਸਕਦਾ।2।

(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਹਉਮੈ ਦਾ) ਪਰਦਾ ਖੋਲ੍ਹ ਕੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ, ਉਸ ਨੂੰ ਪਰਮਾਤਮਾ ਹੀ ਸਾਰੇ ਖੰਡਾਂ ਬ੍ਰਹਮੰਡਾਂ ਦਾ ਇਕੋ ਟਿਕਾਣਾ ਦਿੱਸਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਹੀ (ਗੁਰੂ ਦੀ ਕਿਰਪਾ ਨਾਲ) ਜਗਤ ਦੇ ਨੌ ਹੀ ਖ਼ਜ਼ਾਨਿਆਂ ਦਾ ਰੂਪ ਪ੍ਰਭੂ-ਨਾਮ-ਖ਼ਜ਼ਾਨਾ ਆ ਵੱਸੇ, ਉਸ ਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਰਹਿੰਦੀ।3।

(ਹੇ ਭਾਈ! ਜਿਵੇਂ) ਇੱਕ ਸੋਨੇ ਤੋਂ ਸੁਨਿਆਰੇ ਨੇ ਗਹਣਿਆਂ ਦੀ ਅਨੇਕਾਂ ਕਿਸਮਾਂ ਦੀ ਬਣਤਰ ਬਣਾ ਦਿੱਤੀ, ਤਿਵੇਂ ਪਰਮਾਤਮਾ ਨੇ ਕਈ ਕਿਸਮਾਂ ਦੀ ਇਹ ਜਗਤ-ਰਚਨਾ ਰਚ ਦਿੱਤੀ ਹੈ।

ਹੇ ਨਾਨਕ! ਆਖ– ਗੁਰੂ ਨੇ ਜਿਸ ਮਨੁੱਖ ਦਾ ਭਰਮ-ਭੁਲੇਖਾ ਦੂਰ ਕਰ ਦਿੱਤਾ, ਉਸ ਨੂੰ ਉਸੇ ਤਰ੍ਹਾਂ ਹਰੇਕ ਤੱਤ (ਮੂਲ-) ਤੱਤ (ਪ੍ਰਭੂ) ਵਿਚ ਮਿਲਦਾ ਦਿੱਸਦਾ ਹੈ (ਜਿਵੇਂ ਅਨੇਕਾਂ ਰੂਪਾਂ ਦੇ ਗਹਣੇ ਮੁੜ ਸੋਨੇ ਵਿਚ ਹੀ ਮਿਲ ਜਾਂਦੇ ਹਨ) ।4।2। 123।

ਗਉੜੀ ਮਹਲਾ ੫ ॥ ਅਉਧ ਘਟੈ ਦਿਨਸੁ ਰੈਨਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥ ਕਰਉ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ ਇਹੁ ਸੰਸਾਰੁ ਬਿਕਾਰੁ ਸਹਸੇ ਮਹਿ ਤਰਿਓ ਬ੍ਰਹਮ ਗਿਆਨੀ ॥ ਜਿਸਹਿ ਜਗਾਇ ਪੀਆਏ ਹਰਿ ਰਸੁ ਅਕਥ ਕਥਾ ਤਿਨਿ ਜਾਨੀ ॥੨॥ ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਨਾਨਕੁ ਦਾਸੁ ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੩॥੧੨੪॥ {ਪੰਨਾ 205}

ਪਦ ਅਰਥ: ਅਉਧ = ਉਮਰ। ਰੈਨਾ = ਰਾਤ। ਰੇ = ਹੇ ਭਾਈ! ਮਨ = ਹੇ ਮਨ! ਮਿਲਿ = ਮਿਲ ਕੇ। ਸਵਾਰੇ = ਸਵਾਰਿ।1। ਰਹਾਉ।

ਕਰਉ = ਕਰਉਂ, ਮੈਂ ਕਰਦਾ ਹਾਂ। ਮੀਤਾ = ਹੇ ਮਿੱਤਰ! ਬੇਲਾ = ਵੇਲਾ, ਸਮਾ। ਈਹਾ = ਇੱਥੇ, ਇਸ ਲੋਕ ਵਿਚ। ਲਾਹਾ = ਲਾਭ। ਆਗੈ = ਪਰਲੋਕ ਵਿਚ। ਸੁਹੇਲਾ = ਸੌਖਾ। ਬਸਨੁ = ਵਾਸ।1।

ਸਹਸੇ ਮਹਿ = ਚਿੰਤਾ-ਫ਼ਿਕਰ ਵਿਚ। ਬ੍ਰਹਮ ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ। ਜਿਸਹਿ = ਜਿਸ ਮਨੁੱਖ ਨੂੰ। ਪੀਆਏ = ਪਿਲਾਂਦਾ ਹੈ। ਅਕਥ ਕਥਾ = ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਤਿਨਿ = ਉਸ (ਮਨੁੱਖ) ਨੇ।2।

ਜਾ ਕਉ = ਜਿਸ ਦੀ ਖ਼ਾਤਰ। ਵਿਹਾਝਹੁ = ਖ਼ਰੀਦੋ। ਤੇ = ਤੋਂ। ਗੁਰ ਤੇ = ਗੁਰੂ ਦੀ ਸਹਾਇਤਾ ਨਾਲ। ਮਨਹਿ = ਮਨ ਵਿਚ। ਹਰਿ ਬਸੇਰਾ = ਹਰੀ ਦਾ ਨਿਵਾਸ। ਨਿਜ ਘਰਿ = ਆਪਣੇ ਹਿਰਦੇ-ਘਰ ਵਿਚ। ਮਹਲੁ = ਪਰਮਾਤਮਾ ਦਾ ਟਿਕਾਣਾ।3।

ਬਿਧਾਤੇ = ਹੇ ਕਰਤਾਰ! ਪੂਰੇ = ਪੂਰਿ, ਪੂਰੀ ਕਰ। ਮੋ ਕਉ = ਮੈਨੂੰ। ਧੂਰੇ = ਧੂਰਿ, ਚਰਨ-ਧੂੜ।4।

ਅਰਥ: ਹੇ ਭਾਈ! (ਤੇਰੀ) ਉਮਰ (ਇਕ ਇਕ) ਦਿਨ (ਇਕ ਇਕ) ਰਾਤ ਕਰ ਕੇ ਘਟਦੀ ਜਾ ਰਹੀ ਹੈ। ਹੇ ਮਨ! (ਜਿਸ ਕੰਮ ਲਈ ਤੂੰ ਜਗਤ ਵਿਚ ਆਇਆ ਹੈਂ, ਆਪਣੇ ਉਸ) ਕੰਮ ਨੂੰ ਗੁਰੂ ਨੂੰ ਮਿਲ ਕੇ ਸਿਰੇ ਚਾੜ੍ਹ।1। ਰਹਾਉ।

ਹੇ ਮੇਰੇ ਮਿੱਤਰ! ਸੁਣ, ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ (ਇਹ ਮਨੁੱਖਾ ਜਨਮ) ਸੰਤਾਂ ਦੀ ਟਹਲ ਕਰਨ ਦਾ ਸਮਾ ਹੈ। ਇਥੋਂ ਹਰਿ-ਨਾਮ ਦਾ ਲਾਭ ਖੱਟ ਕੇ ਤੁਰੋ, ਪਰਲੋਕ ਵਿਚ ਸੌਖਾ ਵਾਸ ਪ੍ਰਾਪਤ ਹੋਵੇਗਾ।1।

(ਹੇ ਭਾਈ!) ਇਹ ਜਗਤ ਵਿਕਾਰ-ਰੂਪ ਬਣਿਆ ਪਿਆ ਹੈ (ਵਿਕਾਰਾਂ ਨਾਲ ਭਰਪੂਰ ਹੈ, ਵਿਕਾਰਾਂ ਵਿਚ ਫਸ ਕੇ ਜੀਵ) ਚਿੰਤਾ-ਫ਼ਿਕਰਾਂ ਵਿਚ (ਡੁੱਬੇ ਰਹਿੰਦੇ ਹਨ) । ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ, ਉਹ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਜਾਂਦਾ ਹੈ। ਜਿਸ ਮਨੁੱਖ ਨੂੰ (ਪਰਮਾਤਮਾ ਵਿਕਾਰਾਂ ਦੀ ਨੀਂਦ ਵਿਚੋਂ) ਸੁਚੇਤ ਕਰਦਾ ਹੈ, ਉਸ ਨੂੰ ਆਪਣਾ ਹਰਿ-ਨਾਮ-ਰਸ ਪਿਲਾਂਦਾ ਹੈ। ਉਸ ਮਨੁੱਖ ਨੇ ਫਿਰ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।2।

ਹੇ ਭਾਈ! ਜਿਸ (ਨਾਮ-ਪਦਾਰਥ ਦੇ ਖ਼ਰੀਦਣ) ਵਾਸਤੇ (ਜਗਤ ਵਿਚ) ਆਏ ਹੋ, ਉਹ ਸੌਦਾ ਖ਼ਰੀਦੋ। ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦਾ ਵਾਸ ਮਨ ਵਿਚ ਹੋ ਸਕਦਾ ਹੈ। ਹੇ ਭਾਈ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕ ਕੇ ਆਪਣਾ ਹਿਰਦੇ-ਘਰ ਵਿਚ ਪਰਮਾਤਮਾ ਦਾ ਟਿਕਾਣਾ ਲੱਭੋ। ਇਸ ਤਰ੍ਹਾਂ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲੇਗਾ।3।

ਹੇ ਅੰਤਰਜਾਮੀ ਸਰਬ-ਵਿਆਪਕ ਕਰਤਾਰ! ਮੇਰੇ ਮਨ ਦੀ ਸਰਧਾ ਪੂਰੀ ਕਰ। ਤੇਰਾ ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ– ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾ ਦੇ।4।3। 124।

TOP OF PAGE

Sri Guru Granth Darpan, by Professor Sahib Singh