ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 206 ਗਉੜੀ ਮਹਲਾ ੫ ॥ ਰਾਖੁ ਪਿਤਾ ਪ੍ਰਭ ਮੇਰੇ ॥ ਮੋਹਿ ਨਿਰਗੁਨੁ ਸਭ ਗੁਨ ਤੇਰੇ ॥੧॥ ਰਹਾਉ ॥ ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥ ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ॥੧॥ ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥ ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥੨॥ ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥ ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩॥ ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥ ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੪॥੪॥੧੨੫॥ {ਪੰਨਾ 206} ਪਦ ਅਰਥ: ਮੋਹਿ = ਮੈਨੂੰ। ਨਿਰਗੁਨੁ = ਗੁਣ-ਹੀਨ।1। ਰਹਾਉ। ਬਿਖਾਦੀ = {iv = widn`} ਝਗੜਾਲੂ, ਦਿਲ ਨੂੰ ਤੋੜਨ ਵਾਲੇ। ਖੇਦੁ = ਦੁੱਖ-ਕਲੇਸ਼। ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣਾ। ਅਰਿ = ਵੈਰੀ}।1। ਕਤਹੂੰ = ਕਿਤੇ ਭੀ। ਸੁਨਿ = ਸੁਣ ਕੇ। ਤਾਕੀ = ਤੱਕੀ। ਓਟਾ = ਆਸਰਾ। ਸੰਗਿ = ਸੰਗਤਿ ਵਿਚ।2। ਮੋਹਿ = ਮੈਨੂੰ। ਤਿਨ ਤੇ = ਉਹਨਾਂ (ਸੰਤਾਂ) ਤੋਂ। ਸੰਤੀ = ਸੰਤਾਂ ਨੇ। ਮੰਤੁ = ਉਪਦੇਸ਼।3। ਓਇ = {ਲਫ਼ਜ਼ 'ਉਹ' ਤੋਂ ਬਹੁ-ਵਚਨ}। ਸਹਜ = ਆਤਮਕ ਅਡੋਲਤਾ। ਸੁਹੇਲੀ = ਸੁਖਦਾਈ। ਮਨਿ = ਮਨ ਵਿਚ। ਪਰਗਾਸਾ = ਚਾਨਣ। ਪਦੁ = ਦਰਜਾ। ਨਿਰਬਾਣੀ = ਵਾਸ਼ਨਾ-ਰਹਿਤ।4। ਅਰਥ: ਹੇ ਮੇਰੇ ਮਿੱਤਰ ਪ੍ਰਭੂ! ਮੈਨੂੰ ਗੁਣ-ਹੀਨ ਨੂੰ ਬਚਾ ਲੈ। ਸਾਰੇ ਗੁਣ ਤੇਰੇ (ਵੱਸ ਵਿਚ ਹਨ, ਜਿਸ ਤੇ ਮਿਹਰ ਕਰੇਂ, ਉਸੇ ਨੂੰ ਮਿਲਦੇ ਹਨ। ਮੈਨੂੰ ਭੀ ਆਪਣੇ ਗੁਣ ਬਖ਼ਸ਼ ਤੇ ਅਉਗਣਾਂ ਤੋਂ ਬਚਾ ਲੈ) ।1। ਰਹਾਉ। ਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ! ਮੈਂ ਗਰੀਬ ਇਕੱਲਾ ਹਾਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ, ਮੇਰੀ ਸਹਾਇਤਾ ਕਰ, ਮੈਂ ਤੇਰੀ ਸਰਨ ਆਇਆ ਹਾਂ। ਇਹ ਪੰਜੇ ਮੈਨੂੰ ਦੁੱਖ ਦੇਂਦੇ ਹਨ ਤੇ ਬਹੁਤ ਸਤਾਂਦੇ ਹਨ।1। (ਹੇ ਪਿਤਾ-ਪ੍ਰਭੂ! ਇਹਨਾਂ ਪੰਜਾਂ ਬਿਖਾਦੀਆਂ ਤੋਂ ਬਚਣ ਲਈ) ਮੈਂ ਅਨੇਕਾਂ ਤੇ ਕਈ ਕਿਸਮਾਂ ਦੇ ਜਤਨ ਕਰ ਕਰ ਕੇ ਥੱਕ ਗਿਆ ਹਾਂ, ਇਹ ਕਿਸੇ ਤਰ੍ਹਾਂ ਭੀ ਮੇਰੀ ਖ਼ਲਾਸੀ ਨਹੀਂ ਕਰਦੇ। ਇਕ ਇਹ ਗੱਲ ਸੁਣ ਕੇ ਕਿ ਸਾਧ ਸੰਗਤਿ ਵਿਚ ਰਿਹਾਂ ਇਹ ਮੁੱਕ ਜਾਂਦੇ ਹਨ, ਮੈਂ ਤੇਰੀ ਸਾਧ ਸੰਗਤਿ ਦਾ ਆਸਰਾ ਲਿਆ ਹੈ।2। (ਸਾਧ ਸੰਗਤਿ ਵਿਚ) ਕਿਰਪਾ ਕਰ ਕੇ ਮੈਨੂੰ ਤੇਰੇ ਸੰਤ ਜਨ ਮਿਲ ਪਏ, ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਹੈ। ਸੰਤਾਂ ਨੇ ਮੈਨੂੰ (ਇਹਨਾਂ ਪੰਜਾਂ ਬਿਖਾਦੀਆਂ ਤੋਂ) ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ ਹੈ ਤੇ ਮੈਂ ਗੁਰੂ ਦਾ ਸ਼ਬਦ ਆਪਣੇ ਜੀਵਨ ਵਿਚ ਧਾਰਿਆ ਹੈ।3। ਗੁਰੂ ਦੀ ਆਤਮਕ ਅਡੋਲਤਾ ਦੇਣ ਵਾਲੀ, ਤੇ ਸੁਖ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂ ਜਿੱਤ ਲਏ ਹਨ। ਹੇ ਨਾਨਕ! (ਹੁਣ) ਆਖ– ਮੇਰੇ ਮਨ ਵਿਚ ਆਤਮਕ ਚਾਨਣ ਹੋ ਗਿਆ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ, ਜਿਥੇ ਕੋਈ ਵਾਸ਼ਨਾ ਨਹੀਂ ਪੋਹ ਸਕਦੀ।4। 4। 125। ਗਉੜੀ ਮਹਲਾ ੫ ॥ ਓਹੁ ਅਬਿਨਾਸੀ ਰਾਇਆ ॥ ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥੧॥ ਰਹਾਉ ॥ ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥੧॥ ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥ ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥੨॥ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥੩॥ ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥ ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥੪॥ ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥ ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ ॥੫॥੫॥੧੨੬॥ {ਪੰਨਾ 206} ਪਦ ਅਰਥ: ਰਾਇਆ = ਰਾਜਾ। ਸੰਗਿ ਤੁਮਾਰੈ = ਤੇਰੇ ਨਾਲ। ਕਹਾ ਤੇ = ਕਿਥੋਂ?।1। ਰਹਾਉ। ਮਹਲਿ = ਸਰੀਰ ਵਿਚ। ਅਫਾਰੋ = ਅਹੰਕਾਰੀ। ਨਿਮਾਨੋ = ਮਾਣ-ਰਹਿਤ। ਆਪੇ ਆਪੇ = ਆਪ ਹੀ ਆਪ, ਪੂਰਾ ਮਾਲਕ, ਸਭ ਇਖ਼ਤਿਆਰਾਂ ਵਾਲਾ।1। ਬਕਤਾ = ਚੰਗਾ ਬੋਲ ਸਕਣ ਵਾਲਾ। ਖਲੁ = ਮੂਰਖ। ਗ੍ਰਾਹਜੁ = ਲੈ ਲੈਣ ਵਾਲਾ।2। ਪੁਤਰੀ = ਪੁਤਲੀ। ਕਹਾ ਕਰੈ = ਕੀਹ ਕਰ ਸਕਦੀ ਹੈ? ਭੇਖੁ = ਸਾਂਗ। ਸਾਜੁ = ਬਨਾਵਟ। ਆਨੈ = ਲਿਆਉਂਦਾ ਹੈ।3। ਕਰੀਆ = ਬਣਾਈਆਂ। ਤੈਸੈ = ਉਹੋ ਜਿਹੇ (ਮਹਲ) ਵਿਚ। ਇਹੁ = ਇਹ ਜੀਵ।4। ਜਿਨਿ = ਜਿਸ (ਪਰਮਾਤਮਾ) ਨੇ। ਸਭ ਬਿਧਿ = ਸਾਰੀ ਰਚਨਾ। ਸਾਜੀ = ਰਚੀ। ਕੀਮਤ ਅਪੁਨੈ ਕਾਜੀ = ਆਪਣੇ ਕਾਜਾਂ (ਕੰਮਾਂ) ਦੀ ਕੀਮਤ।5। ਅਰਥ: (ਹੇ ਪ੍ਰਭੂ! ਤੂੰ ਇਕ) ਉਹ ਰਾਜਾ ਹੈਂ ਜੋ ਕਦੇ ਨਾਸ ਹੋਣ ਵਾਲਾ ਨਹੀਂ। ਜੇਹੜੇ ਜੀਵ ਤੇਰੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹ ਨਿਡਰ ਹੋ ਜਾਂਦੇ ਹਨ, ਉਹਨਾਂ ਨੂੰ ਕਿਤੋਂ ਭੀ ਕੋਈ ਡਰ-ਖ਼ੌਫ਼ ਨਹੀਂ ਆਉਂਦਾ।1। ਰਹਾਉ। (ਹੇ ਪ੍ਰਭੂ! ਤੇਰੇ ਚਰਨਾਂ ਵਿਚ ਟਿਕੇ ਰਹਿਣ ਵਾਲਿਆਂ ਨੂੰ ਯਕੀਨ ਹੈ ਕਿ) ਇਕ (ਮਨੁੱਖ ਦੇ) ਸਰੀਰ ਵਿਚ ਤੂੰ (ਆਪ ਹੀ) ਅਹੰਕਾਰੀ ਬਣਿਆ ਹੈਂ ਤੇ ਇਕ ਹੋਰ ਸਰੀਰ ਵਿਚ ਤੂੰ ਮਾਣ-ਰਹਿਤ ਹੈਂ। ਇਕ ਸਰੀਰ ਵਿਚ ਤੂੰ ਆਪ ਹੀ ਸਭ ਇਖ਼ਤਿਆਰ ਵਾਲਾ ਹੈਂ ਤੇ ਇਕ ਸਰੀਰ ਵਿਚ ਤੂੰ ਗ਼ਰੀਬ ਕੰਗਾਲ ਹੈਂ।1। (ਹੇ ਪ੍ਰਭੂ!) ਇਕ (ਮਨੁੱਖਾ) ਸਰੀਰ ਵਿਚ ਤੂੰ ਚੰਗਾ ਬੋਲ ਸਕਣ ਵਾਲਾ ਵਿਦਵਾਨ ਹੈਂ ਤੇ ਇਕ ਸਰੀਰ ਵਿਚ ਤੂੰ ਮੂਰਖ ਬਣਿਆ ਹੋਇਆ ਹੈਂ। ਇਕ ਸਰੀਰ ਵਿਚ (ਬੈਠ ਕੇ ਤੂੰ ਗਰੀਬਾਂ, ਕਮਜ਼ੋਰਾਂ ਪਾਸੋਂ) ਸਭ ਕੁਝ (ਖੋਹ ਕੇ ਆਪਣੇ ਪਾਸ) ਇਕੱਠਾ ਕਰਨ ਵਾਲਾ ਹੈਂ, ਤੇ ਇਕ ਸਰੀਰ ਵਿਚ ਤੂੰ (ਵਿਰਕਤ ਬਣ ਕੇ) ਕੋਈ ਚੀਜ਼ ਭੀ ਅੰਗੀਕਾਰ ਨਹੀਂ ਕਰਦਾ।2। (ਪਰ, ਹੇ ਭਾਈ!) ਇਹ ਜੀਵ ਵਿਚਾਰਾ ਕਾਠ ਦੀ ਪੁਤਲੀ ਹੈ, ਇਸ ਨੂੰ ਖਿਡਾਣ ਵਾਲਾ ਪ੍ਰਭੂ ਹੀ ਜਾਣਦਾ ਹੈ ਕਿ ਇਸ ਨੂੰ ਕਿਵੇਂ ਨਚਾ ਰਿਹਾ ਹੈ। (ਬਾਜੀ ਖਿਡਾਣ ਵਾਲਾ ਪ੍ਰਭੂ) ਬਾਜੀਗਰ ਜਿਹੋ ਜਿਹਾ ਸਾਂਗ ਰਚਾਂਦਾ ਹੈ, ਉਹ ਜੀਵ ਉਹੋ ਜਿਹਾ ਸਾਂਗ ਰਚਦਾ ਹੈ।3। ਪ੍ਰਭੂ ਨੇ (ਜਗਤ ਵਿਚ ਬੇਅੰਤ ਜੂਨਾਂ ਦੇ ਜੀਵਾਂ ਦੀਆਂ) ਅਨੇਕ (ਸਰੀਰ-) ਕੋਠੜੀਆਂ ਕਈ ਕਿਸਮਾਂ ਦੀਆਂ ਬਣਾ ਦਿੱਤੀਆਂ ਹਨ ਤੇ ਪ੍ਰਭੂ ਆਪ ਹੀ (ਸਭ ਦਾ) ਰਾਖਾ ਬਣਿਆ ਹੋਇਆ ਹੈ। ਇਹ ਵਿਚਾਰਾ ਜੀਵ (ਆਪਣੇ ਆਪ) ਕੁਝ ਭੀ ਕਰਨ ਜੋਗਾ ਨਹੀਂ ਹੈ। ਜਿਹੋ ਜਿਹੇ ਸਰੀਰ ਵਿਚ ਪਰਮਾਤਮਾ ਇਸ ਨੂੰ ਰੱਖਦਾ ਹੈ, ਉਹੋ ਜਿਹੇ ਸਰੀਰ ਵਿਚ ਇਸ ਨੂੰ ਰਹਿਣਾ ਪੈਂਦਾ ਹੈ।4। ਹੇ ਨਾਨਕ! ਆਖ– ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਜਿਸ ਪਰਮਾਤਮਾ ਨੇ ਇਹ ਸਾਰੀ ਖੇਡ ਬਣਾਈ ਹੈ, ਓਹੀ (ਇਸ ਦੇ ਭੇਦ ਨੂੰ) ਜਾਣਦਾ ਹੈ। ਉਹ ਪਰਮਾਤਮਾ ਪਰੇ ਤੋਂ ਪਰੇ ਹੈ, (ਸਾਰੀ ਰਚਨਾ ਦਾ) ਮਾਲਕ ਹੈ, ਤੇ ਉਹ ਆਪਣੇ ਕੰਮਾਂ ਦੀ ਕਦਰ ਆਪ ਹੀ ਜਾਣਦਾ ਹੈ।5। 5। 126। ਗਉੜੀ ਮਹਲਾ ੫ ॥ ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥ ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥ ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥ ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥ ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥ ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥੨॥ ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥ ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥ ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥ ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੪॥੬॥੧੨੭॥ {ਪੰਨਾ 206} ਪਦ ਅਰਥ: ਰੇ = ਹੇ ਭਾਈ! ਬਿਖਿਆ = ਮਾਇਆ। ਰਸੂਆ = ਚਸਕੇ। ਉਰਝਿ ਰਹਿਓ = ਤੂੰ ਫਸਿਆ ਪਿਆ ਹੈਂ। ਰੇ ਬਾਵਰ ਗਾਵਰ = ਹੇ ਕਮਲੇ ਗਵਾਰ! ਕਿਰਖੈ ਹਰਿਆਇਓ = ਹਰੇ ਖੇਤ ਵਿਚ।1। ਰਹਾਉ। ਅਪੁਨੇ ਕਾਜੈ = ਆਪਣੇ ਕੰਮ ਵਿਚ ਆਉਣ ਵਾਲਾ। ਤਸੂਆ = ਤੱਸੂ ਭਰ, ਰਤਾ ਭੀ {ਤਸੂ = ਇਕ ਇੰਚ ਦਾ ਦਸਵਾਂ ਹਿੱਸਾ}। ਸਿਧਾਸੀ = ਤੂੰ ਚਲਾ ਜਾਏਂਗਾ। ਫੇਰਿ = ਜੂਨਾਂ ਦੇ ਗੇੜ ਵਿਚ। ਕਾਲਿ = ਕਾਲ ਨੇ, ਆਤਮਕ ਮੌਤ ਨੇ।1। ਕਸੁੰਭ = ਕਸੁੰਭਾ ਫੁੱਲ, ਜਿਸ ਦਾ ਰੰਗ ਸ਼ੋਖ਼ ਹੁੰਦਾ ਹੈ, ਪਰ ਦੋ ਤਿੰਨਾਂ ਦਿਨਾਂ ਵਿਚ ਹੀ ਸੜ ਜਾਂਦਾ ਹੈ। ਪੇਖਿ = ਵੇਖ ਕੇ। ਲੀਲਾ = ਖੇਡ। ਰਾਚਿ ਮਾਚਿ = ਰਚ ਮਿਚ ਕੇ, ਮਸਤ ਹੋ ਕੇ। ਡੋਰਿ = ਡੋਰੀ (ਸੁਆਸਾਂ ਦੀ) । ਛੀਜਤ = ਕਮਜ਼ੋਰ ਹੁੰਦੀ ਜਾ ਰਹੀ। ਰੈਨੀ = ਰਾਤ। ਜੀਅ ਕੋ = ਜਿੰਦ ਦਾ, ਜਿੰਦ ਦੇ ਕੰਮ ਆਉਣ ਵਾਲਾ।2। ਇਵ ਹੀ = ਇਉਂ ਹੀ। ਬਿਰਧਾਨੋ = ਬੁੱਢਾ ਹੋ ਰਿਹਾ ਹੈ। ਉਕਤੇ = ਉਕਤਿ, ਦਲੀਲ, ਅਕਲ। ਖੀਨਸੂਆ = ਖੀਨ ਹੋ ਰਿਹਾ ਹੈ। ਉਨਿ = ਉਸ ਨੇ। ਮੋਹਨੀ ਬਾਲਾ = ਮੋਹਣ ਵਾਲੀ ਮਾਇਆ-ਇਸਤ੍ਰੀ ਨੇ। ਤੇ = ਤੋਂ। ਰੁਚ = ਪ੍ਰੇਮ। ਚਸੂਆ = ਰਤਾ ਭੀ।3। ਮੋਹਿ = ਮੈਨੂੰ। ਗੁਰਹਿ = ਗੁਰੂ ਨੇ। ਤਜਿ = ਤਜ ਕੇ। ਗਰਬਸੂਆ = ਮਾਣ। ਮਾਰਗੁ = ਰਸਤਾ। ਕੋ = ਦਾ। ਸੰਤਿ = ਸੰਤ ਨੇ, ਗੁਰੂ ਨੇ। ਜਸੂਆ = ਜਸ, ਸਿਫ਼ਤਿ-ਸਾਲਾਹ।4। ਅਰਥ: ਹੇ ਭਾਈ! ਮਾਇਆ ਦੇ ਚਸਕੇ ਛੱਡ ਦੇ ਛੱਡ ਦੇ। ਹੇ ਕਮਲੇ ਗੰਵਾਰ! ਤੂੰ (ਇਹਨਾਂ ਚਸਕਿਆਂ ਵਿਚ ਇਉਂ) ਮਸਤ ਪਿਆ ਹੈਂ, ਜਿਵੇਂ ਕੋਈ ਪਸ਼ੂ ਹਰੇ ਖੇਤ ਵਿਚ ਮਸਤ (ਹੁੰਦਾ ਹੈ) ।1। ਰਹਾਉ। (ਹੇ ਕਮਲੇ!) ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਉਹ ਰਤਾ ਭਰ ਭੀ (ਅੰਤ ਵੇਲੇ) ਤੇਰੇ ਨਾਲ ਨਹੀਂ ਜਾਂਦੀ। ਤੂੰ (ਜਗਤ ਵਿਚ) ਨੰਗਾ ਆਇਆ ਸੀ (ਇਥੋਂ) ਨੰਗਾ ਹੀ ਚਲਾ ਜਾਏਂਗਾ। ਤੂੰ (ਵਿਅਰਥ ਹੀ ਜੂਨਾਂ ਦੇ) ਗੇੜ ਵਿਚ ਫਿਰ ਰਿਹਾ ਹੈਂ ਅਤੇ ਤੈਨੂੰ ਆਤਮਕ ਮੌਤ ਨੇ ਗ੍ਰਸਿਆ ਹੋਇਆ ਹੈ।1। (ਹੇ ਕਮਲੇ!) (ਇਹ ਮਾਇਆ ਦੀ ਖੇਡ) ਕਸੁੰਭੇ ਦੀ ਖੇਡ (ਹੈ, ਇਸ ਨੂੰ) ਵੇਖ ਵੇਖ ਕੇ ਤੂੰ ਇਸ ਵਿਚ ਮਸਤ ਹੋ ਰਿਹਾ ਹੈਂ ਤੇ ਇਹਨਾਂ ਪਦਾਰਥਾਂ ਨਾਲ ਖ਼ੁਸ਼ ਹੋ ਰਿਹਾ ਹੈਂ। ਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ। ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਭੀ ਕੰਮ ਨਹੀਂ ਕੀਤਾ।2। (ਮਾਇਆ ਦੇ ਧੰਧੇ) ਕਰ ਕਰ ਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ, ਤੇ ਸਰੀਰ ਲਿੱਸਾ ਹੋ ਜਾਂਦਾ ਹੈ। ਜਿਵੇਂ (ਜਵਾਨੀ ਵੇਲੇ) ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿਚ ਫਸਾਇਆ ਸੀ, ਉਸ ਵਲੋਂ ਇਸ ਦੀ ਪ੍ਰੀਤਿ ਰਤਾ ਭੀ ਨਹੀਂ ਘਟਦੀ।3। ਹੇ ਦਾਸ ਨਾਨਕ! ਆਖ– ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ ਕਿ ਜਗਤ (ਦਾ ਮੋਹ) ਇਹੋ ਜਿਹਾ ਹੈ। ਤਦ ਮੈਂ (ਜਗਤ ਦਾ) ਮਾਣ ਛੱਡ ਕੇ (ਗੁਰੂ ਦੀ) ਸਰਨ ਪਿਆ ਹਾਂ। ਗੁਰੂ-ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿਚ ਪੱਕੀ ਕਰ ਲਈ ਹੈ।4।6। 127। |
Sri Guru Granth Darpan, by Professor Sahib Singh |