ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 207

ਗਉੜੀ ਮਹਲਾ ੫ ॥ ਤੁਝ ਬਿਨੁ ਕਵਨੁ ਹਮਾਰਾ ॥ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ ॥ ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥ ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥ ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥ ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥ ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥ ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥ ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥ ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥ {ਪੰਨਾ 207}

ਪਦ ਅਰਥ: ਪ੍ਰਾਨ ਅਧਾਰਾ = ਹੇ ਮੇਰੀ ਜਿੰਦ ਦੇ ਆਸਰੇ!।1। ਰਹਾਉ।

ਅੰਤਰ ਕੀ ਬਿਧਿ = ਮੇਰੇ ਦਿਲ ਦੀ ਹਾਲਤ। ਸੁਹੇਲੇ = ਸੁਖ ਦੇਣ ਵਾਲੇ। ਤੇ = ਤੋਂ, ਪਾਸੋਂ। ਅਗਹ = ਹੇ ਅਗਾਹ! ਹੇ ਅਥਾਹ ਪ੍ਰਭੂ!।1।

ਰੰਗਾ = ਚੋਜ। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਗੁਰ ਤੇ = ਗੁਰੂ ਤੋਂ। ਜਾਤੇ = ਪਛਾਣਿਆ।2।

ਭ੍ਰਮੁ = ਭਟਕਣਾ। ਨਿਹਕੇਵਲ = {inÕkYvÑX} ਪਵਿੱਤ੍ਰ, ਸੁੱਧ। ਜਬ ਤੇ = ਜਦੋਂ ਤੋਂ। ਕੋ = ਦਾ। ਚੂਕੋ = ਮੁੱਕ ਗਿਆ। ਦਰਸਾਰੀ = ਦਰਸਨ ਨਾਲ।3।

ਪਖਾਰਿ = ਪਖਾਲਿ, ਧੋ ਕੇ। ਕਰਉ = ਕਰਉਂ, ਮੈਂ ਕਰਾਂ। ਬਾਰਿ ਜਾਉ = ਮੈਂ ਕੁਰਬਾਨ ਜਾਵਾਂ। ਬਰੀਆ = ਵਾਰੀ। ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਭਉਜਲੁ = ਸੰਸਾਰ-ਸਮੁੰਦਰ। ਮਿਰੀਆ = ਮਿਲਿਆ।4।

ਅਰਥ: ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਤੈਥੋਂ ਬਿਨਾ ਸਾਡਾ ਹੋਰ ਕੌਣ (ਸਹਾਰਾ) ਹੈ?।1। ਰਹਾਉ।

ਹੇ ਮੇਰੇ ਅਥਾਹ ਤੇ ਅਡੋਲ ਠਾਕੁਰ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੂੰ ਹੀ ਮੇਰਾ ਸੱਜਣ ਹੈਂ; ਤੂੰ ਹੀ ਮੈਨੂੰ ਸੁਖ ਦੇਣ ਵਾਲਾ ਹੈਂ। ਸਾਰੇ ਸੁਖ ਮੈਂ ਤੈਥੋਂ ਹੀ ਲੱਭੇ ਹਨ।1।

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਹੇ ਸੁਖ ਦੇਣ ਵਾਲੇ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਅਬਿਨਾਸੀ ਪ੍ਰਭੂ! ਪੂਰੇ ਗੁਰੂ ਦੀ ਰਾਹੀਂ ਹੀ ਤੇਰੇ ਨਾਲ ਡੂੰਘੀ ਸਾਂਝ ਪੈ ਸਕਦੀ ਹੈ।2।

(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਗੁਰੂ ਦੀ ਸਰਨ ਪੈ ਕੇ) ਜਦੋਂ ਤੋਂ (ਆਪਣੇ ਅੰਦਰੋਂ ਹਉਮੈ ਦੂਰ ਕਰਦੇ ਹਨ, ਗੁਰੂ ਉਹਨਾਂ ਦੀ ਭਟਕਣਾ ਤੇ ਡਰ ਦੂਰ ਕਰ ਕੇ ਉਹਨਾਂ ਨੂੰ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ। ਸਾਧ ਸੰਗਤਿ ਵਿਚ (ਗੁਰੂ ਦੇ) ਦਰਸਨ ਦੀ ਬਰਕਤਿ ਨਾਲ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਮ ਮੁੱਕ ਜਾਂਦਾ ਹੈ।3।

ਹੇ ਦਾਸ ਨਾਨਕ! (ਆਖ–) ਮੈਂ (ਗੁਰੂ ਦੇ) ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਮੈਂ (ਗੁਰੂ ਤੋਂ) ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ, ਕਿਉਂਕਿ ਉਸ (ਗੁਰੂ) ਦੀ ਕਿਰਪਾ ਨਾਲ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤੇ ਪ੍ਰੀਤਮ ਪ੍ਰਭੂ (ਦੇ ਚਰਨਾਂ) ਵਿਚ ਜੁੜ ਸਕੀਦਾ ਹੈ।4।7। 128।

ਗਉੜੀ ਮਹਲਾ ੫ ॥ ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥ ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥ ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥ ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥ {ਪੰਨਾ 207}

ਪਦ ਅਰਥ: ਤੁਝ ਬਿਨੁ, = ਤੈਥੋਂ ਬਿਨਾ, ਤੇਰੀ ਕਿਰਪਾ ਤੋਂ ਬਿਨਾ। ਰੀਝਾਵੈ = ਪ੍ਰਸੰਨ ਕਰੇ। ਤੋਹੀ = ਤੈਨੂੰ। ਸਗਲ = ਸਾਰੀ ਲੁਕਾਈ। ਮੋਹੀ = ਮਸਤ ਹੋ ਜਾਂਦੀ ਹੈ।1। ਰਹਾਉ।

ਪਇਆਲ = ਪਾਤਾਲ। ਮਿਰਤ = ਮਾਤ ਲੋਕ। ਭੂਅ ਮੰਡਲ = ਭੂਮੀ ਦੇ ਮੰਡਲ, ਧਰਤੀਆਂ ਦੇ ਚੱਕਰ, ਸਾਰੇ ਬ੍ਰਹਮੰਡ। ਏਕੈ ਓਹੀ = ਇਕ ਉਹ ਪਰਮਾਤਮਾ ਹੀ। ਸਿਵ = ਸ਼ਿਵ, ਕਲਿਆਣ-ਸਰੂਪ। ਕਰ = ਦੋਵੇਂ ਹੱਥ {'ਕਰੁ' ਇਕ-ਵਚਨ, 'ਕਰ' ਬਹੁ-ਵਚਨ}। ਸਰਬ ਮਇਆ = ਹੇ ਸਭ ਉਤੇ ਦਇਆ ਕਰਨ ਵਾਲੇ! ਦੋਹੀ = ਦੁਹਾਈ, ਸਹਾਇਤਾ ਵਾਸਤੇ ਪੁਕਾਰ। ਮਇਆ = ਦਇਆ।1।

ਪਤਿਤ ਪਾਵਨੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਸੀਤਲੋਹੀ = ਸ਼ਾਂਤੀ ਸਰੂਪ। ਸਿਉ = ਨਾਲ। ਗਾਲ ਗਲੋਹੀ = ਗੱਲਾਂ ਬਾਤਾਂ।2।

ਅਰਥ: ਹੇ ਪ੍ਰਭੂ! ਤੇਰਾ (ਸੋਹਣਾ ਸਰਬ-ਵਿਆਪਕ) ਰੂਪ ਵੇਖ ਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ। ਤੇਰੀ ਮਿਹਰ ਤੋਂ ਬਿਨਾ ਤੈਨੂੰ ਕੋਈ ਜੀਵ ਪ੍ਰਸੰਨ ਨਹੀਂ ਕਰ ਸਕਦਾ।1। ਰਹਾਉ।

(ਹੇ ਭਾਈ!) ਸੁਰਗ-ਲੋਕ, ਪਾਤਾਲ-ਲੋਕ, ਮਾਤ-ਲੋਕ ਸਾਰਾ ਬ੍ਰਹਮੰਡ, ਸਭਨਾਂ ਵਿਚ ਇਕ ਉਹ ਪਰਮਾਤਮਾ ਹੀ ਸਮਾਇਆ ਹੋਇਆ ਹੈ। ਹੇ ਸਭ ਉਤੇ ਦਇਆ ਕਰਨ ਵਾਲੇ ਸਭ ਦੇ ਠਾਕੁਰ! ਸਾਰੇ ਜੀਵ ਤੈਨੂੰ 'ਸੁਖਾਂ ਦਾ ਦਾਤਾ' ਆਖ ਆਖ ਕੇ (ਤੇਰੇ ਅੱਗੇ) ਦੋਵੇਂ ਹੱਥ ਜੋੜਦੇ ਹਨ, ਤੇ ਤੇਰੇ ਦਰ ਤੇ ਹੀ ਸਹਾਇਤਾ ਲਈ ਪੁਕਾਰ ਕਰਦੇ ਹਨ।1।

ਹੇ ਠਾਕੁਰ! ਤੇਰਾ ਨਾਮ ਹੈ 'ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ'। ਤੂੰ ਸਭ ਨੂੰ ਸੁਖ ਦੇਣ ਵਾਲਾ ਹੈਂ, ਤੂੰ ਪਵਿੱਤਰ ਹਸਤੀ ਵਾਲਾ ਹੈਂ, ਤੂੰ ਸ਼ਾਂਤੀ-ਸਰੂਪ ਹੈਂ।

ਹੇ ਨਾਨਕ! (ਆਖ– ਹੇ ਪ੍ਰਭੂ!) ਤੇਰੇ ਸੰਤ ਜਨਾਂ ਨਾਲ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੀ (ਤੇਰੇ ਸੇਵਕਾਂ ਵਾਸਤੇ) ਗਿਆਨ-ਚਰਚਾ ਹੈ, ਸਮਾਧੀਆਂ ਹੈ, (ਲੋਕ ਪਰਲੋਕ ਦੀ) ਇੱਜ਼ਤ ਹੈ।2।8। 129।

ਗਉੜੀ ਮਹਲਾ ੫ ॥ ਮਿਲਹੁ ਪਿਆਰੇ ਜੀਆ ॥ ਪ੍ਰਭ ਕੀਆ ਤੁਮਾਰਾ ਥੀਆ ॥੧॥ ਰਹਾਉ ॥ ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥ ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥੨॥ ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥ ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥੩॥ ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥ ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥ {ਪੰਨਾ 207}

ਪਦ ਅਰਥ: ਪਿਆਰੇ ਜੀਆ = ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ! ਪ੍ਰਭ = ਹੇ ਪ੍ਰਭੂ! ਥੀਆ = ਹੋ ਰਿਹਾ ਹੈ।1। ਰਹਾਉ।

ਭ੍ਰਮਿਆ = ਭਟਕਦਾ ਫਿਰਿਆ। ਬਹੁਰਿ ਬਹੁਰਿ = ਮੁੜ ਮੁੜ। ਤੇ = ਤੋਂ, ਨਾਲ। ਦੇਹ = ਸਰੀਰ।1।

ਤਿਸੁ = ਉਸ (ਪ੍ਰਭੂ) ਨੂੰ। ਭਾਣਾ = ਪਸੰਦ ਆਇਆ। ਕਿਨ ਹੀ = ਕਿਨਿ ਹੀ, ਕਿਸੇ ਨੇ ਹੀ। ਭਰਮਿ = ਭਰਮ ਵਿਚ। ਮੋਹਿ = ਮੋਹ ਵਿਚ।2।

ਬਿਨਉ = ਬੇਨਤੀ। ਪ੍ਰਾਨਪਤਿ = ਹੇ ਮੇਰੀ ਜਿੰਦ ਦੇ ਮਾਲਕ! ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ!।3।

ਨੋ = ਨੂੰ। ਤੁਮਹਿ = ਤੂੰ ਹੀ। ਕੈ ਪਾਛੈ = ਦੇ ਆਸਰੇ। ਧੂਰਿ = ਚਰਨ-ਧੂੜ। ਬਾਛੈ = ਮੰਗਦਾ ਹੈ, ਲੋੜਦਾ ਹੈ।4।

ਅਰਥ: ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ! ਮੈਨੂੰ ਮਿਲ। ਹੇ ਪ੍ਰਭੂ! (ਜਗਤ ਵਿਚ) ਤੇਰਾ ਕੀਤਾ ਹੀ ਵਰਤ ਰਿਹਾ ਹੈ (ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ) ।1। ਰਹਾਉ।

ਹੇ ਪ੍ਰਭੂ ਪਾਤਿਸ਼ਾਹ! (ਮਾਇਆ-ਗ੍ਰਸਿਆ ਜੀਵ) ਅਨੇਕਾਂ ਜਨਮਾਂ ਵਿਚ ਬਹੁਤ ਜੂਨੀਆਂ ਵਿਚ ਭਟਕਦਾ ਚਲਿਆ ਆਉਂਦਾ ਹੈ, (ਜਨਮ ਮਰਨ ਦਾ) ਦੁੱਖ ਮੁੜ ਮੁੜ ਸਹਾਰਦਾ ਹੈ। ਤੇਰੀ ਮਿਹਰ ਨਾਲ (ਇਸ ਨੇ ਹੁਣ) ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ (ਇਸ ਨੂੰ ਆਪਣਾ) ਦਰਸਨ ਦੇਹ (ਤੇ ਇਸ ਦੀ ਵਿਕਾਰਾਂ ਵਲੋਂ ਰੱਖਿਆ ਕਰ) ।1।

ਹੇ ਭਾਈ! ਜਗਤ ਵਿਚ ਉਹੀ ਕੁਝ ਬੀਤਦਾ ਹੈ, ਜੋ ਉਸ ਪਰਮਾਤਮਾ ਨੂੰ ਪਸੰਦ ਆਉਂਦਾ ਹੈ। ਕੋਈ ਹੋਰ ਜੀਵ (ਉਸ ਦੀ ਰਜ਼ਾ ਦੇ ਉਲਟ ਕੁਝ) ਨਹੀਂ ਕਰ ਸਕਦਾ।

ਹੇ ਪ੍ਰਭੂ! ਜੀਵ ਤੇਰੀ ਰਜ਼ਾ ਅਨੁਸਾਰ ਹੀ ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਸਦਾ ਮੋਹ ਵਿਚ ਸੁੱਤਾ ਰਹਿੰਦਾ ਹੈ ਤੇ ਇਸ ਨੀਂਦ ਵਿਚੋਂ ਸੁਚੇਤ ਨਹੀਂ ਹੁੰਦਾ।2।

ਹੇ ਮੇਰੀ ਜਿੰਦ ਦੇ ਪਤੀ! ਹੇ ਪਿਆਰੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਅਲ ਪ੍ਰਭੂ! ਤੂੰ (ਮੇਰੀ) ਬੇਨਤੀ ਸੁਣ। ਹੇ ਮੇਰੇ ਪਿਤਾ-ਪ੍ਰਭੂ! ਅਨਾਥ ਜੀਵਾਂ ਦੀ ਪਾਲਣਾ ਕਰ (ਇਹਨਾਂ ਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ।3।

ਹੇ ਪ੍ਰਭੂ! ਜਿਸ ਭੀ ਮਨੁੱਖ ਨੂੰ ਤੂੰ ਆਪਣਾ ਦਰਸਨ ਦਿੱਤਾ ਹੈ, ਸਾਧ ਸੰਗਤਿ ਦੇ ਆਸਰੇ ਰੱਖ ਕੇ ਦਿੱਤਾ ਹੈ। (ਹੇ ਪ੍ਰਭੂ! ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ ਕਿ ਮੈਨੂੰ ਨਾਨਕ ਨੂੰ ਭੀ ਆਪਣੇ ਸੰਤ ਜਨਾਂ ਦੇ ਚਰਨਾਂ ਦੇ ਧੂੜ ਬਖ਼ਸ਼।4।9। 130।

ਗਉੜੀ ਮਹਲਾ ੫ ॥ ਹਉ ਤਾ ਕੈ ਬਲਿਹਾਰੀ ॥ ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥ ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥ ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥੧॥ ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥ ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥੨॥ ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥ ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ ॥੩॥ ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥ ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥੪॥੧੦॥੧੩੧॥ {ਪੰਨਾ 207}

ਪਦ ਅਰਥ: ਹਉ = ਮੈਂ। ਤਾ ਕੈ = ਉਸ ਤੋਂ। ਜਾ ਕੈ = ਜਿਸ ਦੇ ਹਿਰਦੇ ਵਿਚ। ਅਧਾਰੀ = ਆਸਰਾ।1। ਰਹਾਉ।

ਮਹਿਮਾ = ਆਤਮਕ ਵਡੱਪਣ। ਤਾ ਕੀ = ਉਹਨਾਂ ਦੀ। ਰੰਗਿ = ਪ੍ਰੇਮ ਵਿਚ। ਸਹਜ = ਆਤਮਕ ਅਡੋਲਤਾ। ਉਨ ਸਮਸਰਿ = ਉਹਨਾਂ ਦੇ ਬਰਾਬਰ।

ਸੇਈ = ਉਹੀ ਬੰਦੇ। ਜਗਤ ਉਧਾਰਣ = ਜਗਤ ਨੂੰ ਵਿਕਾਰਾਂ ਤੋਂ ਬਚਾਣ ਵਾਸਤੇ। ਸੰਗਿ = ਸੰਗਤਿ ਵਿਚ।2।

ਤਾ ਕੈ ਚਰਣਿ = ਉਹਨਾਂ ਦੇ ਪੈਰੀਂ। ਪਰਉ = ਪਰਉਂ, ਮੈਂ ਪਵਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਨਿਹਾਲ = ਪ੍ਰਸੰਨ-ਚਿੱਤ। ਰੇਣੁ = ਚਰਨ-ਧੂੜ।3।

ਅਵਧ = ਉਮਰ। ਜੁਗ ਮਹਿ = ਜਗਤ ਵਿਚ, ਮਨੁੱਖਾ ਜਨਮ ਵਿਚ {ਨੋਟ: ਲਫ਼ਜ਼ 'ਜੁਗ' ਦਾ ਅਰਥ ਇਥੇ ਸਤਜੁਗ ਕਲਿਜੁਗ ਆਦਿਕ ਨਹੀਂ ਹੈ}। ਘਾਟਿਆ = ਘਟਦਾ ਜਾਂਦਾ ਹੈ। ਨਵਤਨੁ = ਨਵਾਂ। ਸਦ = ਸਦਾ। ਨਿਧਾਨ = ਖ਼ਜ਼ਾਨਾ।4।

ਅਰਥ: (ਹੇ ਭਾਈ!) ਮੈਂ ਉਹਨਾਂ (ਸੰਤ ਜਨਾਂ) ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ (ਹੀ ਜ਼ਿੰਦਗੀ ਦਾ) ਆਸਰਾ ਹੈ।1। ਰਹਾਉ।

(ਹੇ ਭਾਈ!) ਸੰਤ ਜਨ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਆਤਮਕ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹਨਾਂ ਦੀ ਸੰਗਤਿ ਵਿਚ ਰਿਹਾਂ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹੁੰਦੇ ਹਨ, ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ।2।

(ਹੇ ਭਾਈ!) ਜਿਨ੍ਹਾਂ (ਸੰਤ) ਜਨਾਂ ਨੂੰ ਆਪ ਪਰਮਾਤਮਾ ਦੀ ਤਾਂਘ ਲੱਗੀ ਰਹੇ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਆਏ ਸਮਝੋ। ਉਹਨਾਂ ਦੀ ਸਰਨ ਜਿਹੜਾ ਮਨੁੱਖ ਆ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। (ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ।

(ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਮਨ ਖਿੜ ਆਉਂਦਾ ਹੈ। ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀਂ ਆ ਡਿੱਗਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।

ਹੇ ਪ੍ਰਭੂ! ਮੇਰੇ ਉਤੇ ਕਿਰਪਾਲ ਹੋਇਆ ਰਹੁ (ਤਾ ਕਿ ਤੇਰੀ ਕਿਰਪਾ ਨਾਲ) ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ।3।

ਹੇ ਨਾਨਕ! (ਆਖ– ਹੇ ਭਾਈ!) ਹਕੂਮਤ ਜਵਾਨੀ ਉਮਰ ਜੋ ਕੁਝ ਭੀ ਜਗਤ ਵਿਚ (ਸਾਂਭਣ-ਜੋਗ) ਦਿੱਸਦਾ ਹੈ ਇਹ ਘਟਦਾ ਹੀ ਜਾਂਦਾ ਹੈ। ਪਰਮਾਤਮਾ ਦਾ ਨਾਮ (ਹੀ ਇਕ ਐਸਾ) ਖ਼ਜ਼ਾਨਾ (ਹੈ ਜੋ) ਸਦਾ ਨਵਾਂ (ਰਹਿੰਦਾ) ਹੈ, ਤੇ ਹੈ ਭੀ ਪਵਿਤ੍ਰ (ਭਾਵ, ਇਸ ਖ਼ਜ਼ਾਨੇ ਨਾਲ ਮਨ ਵਿਗੜਨ ਦੇ ਥਾਂ ਪਵਿਤ੍ਰ ਹੁੰਦਾ ਜਾਂਦਾ ਹੈ) । (ਸੰਤ ਜਨ) ਇਹ ਨਾਮ-ਧਨ ਹੀ ਸਦਾ ਖੱਟਦੇ-ਕਮਾਂਦੇ ਰਹਿੰਦੇ ਹਨ।4।10। 131।

TOP OF PAGE

Sri Guru Granth Darpan, by Professor Sahib Singh