ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 208 ਗਉੜੀ ਮਹਲਾ ੫ ॥ ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥ ਮੋ ਕਉ ਸਤਿਗੁਰ ਸਬਦਿ ਬੁਝਾਇਓ ॥੧॥ ਰਹਾਉ ॥ ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ॥ ਦੀਖਿਆ ਗੁਰ ਕੀ ਮੁੰਦ੍ਰਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ ॥੧॥ ਪੰਚ ਚੇਲੇ ਮਿਲਿ ਭਏ ਇਕਤ੍ਰਾ ਏਕਸੁ ਕੈ ਵਸਿ ਕੀਏ ॥ ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥੨॥ ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥ ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ ॥੩॥ ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥ ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥੪॥ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ॥ ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ ॥੫॥੧੧॥੧੩੨॥ {ਪੰਨਾ 208} ਪਦ ਅਰਥ: ਜੋਗ ਜੁਗਤਿ = (ਅਸਲ) ਜੋਗ ਦਾ ਤਰੀਕਾ, ਪਰਮਾਤਮਾ ਨਾਲ ਮਿਲਾਪ ਦਾ ਢੰਗ। ਤੇ = ਤੋਂ। ਮੋ ਕਉ = ਮੈਨੂੰ। ਸਤਿਗੁਰ ਸਬਦਿ = ਗੁਰੂ ਦੇ ਸ਼ਬਦ ਨੇ।1। ਰਹਾਉ। ਨਉ ਖੰਡ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ (ਉਤੇ ਫਿਰਦੇ ਰਹਿਣਾ) । ਰਵਿਆ = ਮੌਜੂਦ, ਵਿਆਪਕ। ਨਿਮਖ = ਅੱਖ ਝਮਕਣ ਜਿਤਨਾ ਸਮਾ। ਦੀਖਿਆ = ਸਿੱਖਿਆ। ਕਾਨੀ = ਕੰਨਾਂ ਵਿਚ। ਦ੍ਰਿੜਿਓ = ਹਿਰਦੇ ਵਿਚ ਪੱਕੀ ਤਰ੍ਹਾਂ ਟਿਕਾ ਲਿਆ ਹੈ।1। ਪੰਚ ਚੇਲੇ = ਪੰਜੇ ਗਿਆਨ-ਇੰਦ੍ਰੇ। ਏਕਸੁ ਕੈ ਵਸਿ = ਇਕ ਉੱਚੀ ਸੁਰਿਤ ਦੇ ਵੱਸ ਵਿਚ। ਬੈਰਾਗਨਿ = ਵਿਕਾਰਾਂ ਵਲੋਂ ਉਪਰਾਮ ਹੋਈਆਂ ਇੰਦ੍ਰੀਆਂ।2। ਜਰਾਇ = ਸਾੜ ਕੇ। ਚਰਾਈ = ਚੜ੍ਹਾਈ, ਮਲੀ। ਬਿਭੂਤਾ = ਸੁਆਹ। ਪੰਥੁ = ਜੋਗ-ਮਾਰਗ। ਪੇਖਿਆ = ਵੇਖਿਆ। ਸਹਜ ਸੁਖ = ਆਤਮਕ ਅਡੋਲਤਾ ਦੇ ਸੁਖ। ਭੁਗਤਾ = ਜੋਗੀਆਂ ਵਾਲਾ ਚੂਰਮਾ। ਠਾਕੁਰਿ = ਠਾਕੁਰ ਨੇ। ਮਸਤਕਿ = ਮੱਥੇ ਉਤੇ।3। ਜਹ = ਜਿਸ ਆਤਮਕ ਅਵਸਥਾ ਵਿਚ। ਸਿੰਗੀ = ਸਿੰਙ ਦੀ ਸ਼ਕਲ ਦੀ ਨਿੱਕੀ ਜਿਹੀ ਤੁਰੀ ਜੋ ਜੋਗੀ ਵਜਾਂਦੇ ਹਨ। ਅਨਹਤ = ਇਕ-ਰਸ। ਬਾਨੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਤਤੁ = ਜਗਤ ਦਾ ਮੂਲ-ਪ੍ਰਭੂ। ਮਨਿ = ਮਨ ਵਿਚ। ਭਾਨੀ = ਪਿਆਰਾ ਲੱਗਣਾ।4। ਭੇਟੈ = ਮਿਲਦਾ ਹੈ। ਕਰਉ = ਕਰਉਂ, ਮੈਂ ਕਰਾਂ। ਤਿਸੁ ਮੂਰਤਿ ਕੀ = ਉਸ (ਪ੍ਰਭੂ-) ਸਰੂਪ ਦੀ। ਪਗ = ਪੈਰ। ਚਾਟੈ = ਚੱਟਦਾ ਹੈ, ਪਰਸਦਾ ਹੈ, ਛੁਂਹਦਾ ਹੈ।5। ਅਰਥ: (ਹੇ ਭਾਈ!) ਮੈਨੂੰ ਸਤਿਗੁਰੂ ਦੇ ਸ਼ਬਦ ਨੇ (ਪਰਮਾਤਮਾ ਦੇ ਮਿਲਾਪ ਦੀ ਜਾਚ) ਸਮਝਾ ਦਿੱਤੀ ਹੈ। ਮੈਂ ਗੁਰੂ ਪਾਸੋਂ ਅਸਲ ਜੋਗ ਦਾ ਤਰੀਕਾ ਸੁਣ ਕੇ ਆਇਆ ਹਾਂ।1। ਰਹਾਉ। (ਹੇ ਭਾਈ!) ਮੈਂ ਪਲ ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਰਹਿੰਦਾ ਹਾਂ, ਜੇਹੜਾ ਇਸ ਮਨੁੱਖਾ ਸਰੀਰ ਦੇ ਵਿਚ ਹੀ ਮੌਜੂਦ ਹੈ (ਇਹੀ ਹੈ ਮੇਰੇ ਵਾਸਤੇ ਜੋਗੀਆਂ ਵਾਲਾ) ਸਾਰੀ ਧਰਤੀ (ਦਾ ਰਟਨ) । ਮੈਂ ਆਪਣੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਦ੍ਰਿੜ੍ਹ ਕਰ ਲਿਆ ਹੈ (ਇਹੀ ਹੈ ਮੇਰੇ ਵਾਸਤੇ) ਕੰਨਾਂ ਵਿਚ ਮੁੰਦ੍ਰਾਂ (ਜੋ ਜੋਗੀ ਲੋਕ ਪਾਂਦੇ ਹਨ) ਮੈਂ ਇਕ ਨਿਰੰਕਾਰ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹਾਂ।1। (ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ) ਮੇਰੇ ਪੰਜੇ ਗਿਆਨ-ਇੰਦ੍ਰੇ (ਦੁਨੀਆ ਦੇ ਪਦਾਰਥਾਂ ਵਲ ਭਟਕਣ ਦੇ ਥਾਂ) ਮਿਲ ਕੇ ਇਕੱਠੇ ਹੋ ਗਏ ਹਨ। (ਭਟਕਣੋਂ ਹਟ ਗਏ ਹਨ) , ਇਹ ਸਾਰੇ ਇਕ ਉੱਚੀ ਸੁਰਤਿ ਦੇ ਅਧੀਨ ਹੋ ਗਏ ਹਨ। (ਗੁਰੂ ਦੇ ਉਪਦੇਸ਼ ਦੀ ਰਾਹੀਂ ਜਦੋਂ ਤੋਂ) ਵਿਕਾਰਾਂ ਵਲੋਂ ਉਪਰਾਮ ਹੋ ਕੇ ਮੇਰੀਆਂ ਦਸੇ ਇੰਦ੍ਰੀਆਂ (ਉੱਚੀ ਮਤਿ ਦੀ) ਆਗਿਆ ਵਿਚ ਤੁਰਨ ਲੱਗ ਪਈਆਂ ਹਨ, ਤਦੋਂ ਤੋਂ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ ਹਾਂ।2। (ਹੇ ਭਾਈ! ਮਨ ਦੀ) ਭਟਕਣਾ ਨੂੰ ਸਾੜ ਕੇ (ਇਹ) ਸੁਆਹ ਮੈਂ (ਆਪਣੇ ਪਿੰਡੇ ਉਤੇ) ਮਲ ਲਈ ਹੈ, ਮੈਂ ਇਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਵਿਚ ਵਿਆਪਕ ਵੇਖਦਾ ਹਾਂ = ਇਹ ਹੈ ਮੇਰਾ ਜੋਗ-ਪੰਥ। (ਹੇ ਭਾਈ!) ਮੈਂ ਉਸ ਆਤਮਕ ਅਡੋਲਤਾ ਦੇ ਆਨੰਦ ਨੂੰ (ਆਪਣੀ ਆਤਮਕ ਖ਼ੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ) ਚੂਰਮਾ ਬਣਾਇਆ ਹੈ, ਜਿਸ ਦੀ ਪ੍ਰਾਪਤੀ ਠਾਕੁਰ-ਪ੍ਰਭੂ ਨੇ ਮੇਰੇ ਮੱਥੇ ਉਤੇ ਲਿਖ ਦਿੱਤੀ।3। (ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਇਕ-ਰਸ ਸਿੰਙੀ ਵਜਾ ਰਿਹਾ ਹਾਂ (ਇਸ ਦੀ ਬਰਕਤਿ ਨਾਲ) ਮੈਂ ਉਸ ਆਤਮਕ ਅਵਸਥਾ ਵਿਚ ਆਪਣਾ ਆਸਣ ਜਮਾਇਆ ਹੋਇਆ ਹੈ ਜਿਥੇ (ਦੁਨੀਆ ਵਾਲਾ) ਕੋਈ ਡਰ ਮੈਨੂੰ ਪੋਹ ਨਹੀਂ ਸਕਦਾ। (ਹੇ ਭਾਈ!) ਜਗਤ ਦੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦੇ ਰਹਿਣਾ = ਇਸ ਨੂੰ (ਜੋਗੀਆਂ ਵਾਲਾ) ਡੰਡਾ ਬਣਾ ਕੇ ਮੈਂ ਆਪਣੇ ਪਾਸ ਰੱਖਿਆ ਹੋਇਆ ਹੈ। (ਪਰਮਾਤਮਾ ਦੇ) ਨਾਮ (ਨੂੰ ਸਿਮਰਦੇ ਰਹਿਣਾ ਬੱਸ! ਇਹੀ ਜੋਗੀ ਦੀ) ਜੁਗਤਿ ਮੇਰੇ ਮਨ ਵਿਚ ਚੰਗੀ ਲੱਗ ਰਹੀ ਹੈ। (ਹੇ ਭਾਈ!) ਇਹੋ ਜਿਹੀ (ਜੁਗਤਿ ਨਿਬਾਹੁਣ ਵਾਲਾ) ਜੋਗੀ (ਜਿਸ ਮਨੁੱਖ ਨੂੰ) ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, ਉਹ ਉਸ ਦੇ ਮਾਇਆ ਦੇ (ਮੋਹ ਦੇ) ਸਾਰੇ ਬੰਧਨ ਕੱਟ ਦੇਂਦਾ ਹੈ। ਮੈਂ ਭੀ ਪਰਮਾਤਮਾ-ਦੇ-ਰੂਪ ਅਜੇਹੇ ਜੋਗੀ ਦੀ ਸੇਵਾ ਕਰਦਾ ਹਾਂ ਪੂਜਾ ਕਰਦਾ ਹਾਂ। ਨਾਨਕ ਅਜੇਹੇ ਜੋਗੀ ਦੇ ਪੈਰ ਪਰਸਦਾ ਹੈ।5।11। 132। ਗਉੜੀ ਮਹਲਾ ੫ ॥ ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥ ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥ ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥ ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥ ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥ ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥੨॥ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥ ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥ {ਪੰਨਾ 208} ਪਦ ਅਰਥ: ਅਨੂਪ = {ਅਨ-ਊਪ} ਜਿਸ ਵਰਗਾ ਹੋਰ ਕੋਈ ਨਹੀਂ, ਬੇ-ਮਿਸਾਲ। ਧਿਆਇਲੇ = ਸਿਮਰੋ। ਮੀਤਾ = ਹੇ ਮਿੱਤਰੋ! ਅਉਖਧੁ = ਦਵਾਈ। ਜਾ ਕਉ = ਜਿਨ੍ਹਾਂ ਨੂੰ। ਗੁਰਿ = ਗੁਰੂ ਨੇ। ਤਾ ਕੇ = ਉਹਨਾਂ ਦੇ।1। ਰਹਾਉ। ਅੰਧਕਾਰੁ = ਮਾਇਆ ਦੇ ਮੋਹ ਦਾ ਹਨੇਰਾ। ਤਿਹ ਤਨ ਤੇ = ਉਸ ਮਨੁੱਖ ਦੇ ਸਰੀਰ ਤੋਂ। ਸਬਦਿ = ਸ਼ਬਦ ਦੀ ਰਾਹੀਂ। ਦੀਪਕੁ = ਦੀਵਾ। ਭ੍ਰਮ = ਭਟਕਣਾ। ਬਿਸ੍ਵਾਸਾ = ਸਰਧਾ, ਨਿਸ਼ਚਾ।1। ਤਾਰੀਲੇ = ਤਰ ਲਿਆ। ਭਵਜਲੁ = ਸੰਸਾਰ-ਸਮੁੰਦਰ। ਤਾਰੂ = ਡੂੰਘਾ, ਅਥਾਹ। ਬਿਖੜਾ = ਔਖਾ। ਬੋਹਿਥ = ਜਹਾਜ਼। ਹਰਿ ਰੰਗਾ = ਹਰੀ ਨਾਲ ਪਿਆਰ ਕਰਨ ਵਾਲਾ।2। ਭਗਤੀ = ਭਗਤਾਂ ਨੇ, ਭਗਤੀਂ। ਅਘਾਏ = ਰੱਜ ਗਏ। ਹੁਕਮੁ ਮਨਾਏ = ਹੁਕਮ ਮੰਨਣ ਲਈ ਪ੍ਰੇਰਦਾ ਹੈ।3। ਅਰਥ: ਹੇ ਮਿੱਤਰੋ! ਸੁਣੋ, ਪਰਮਾਤਮਾ ਦਾ ਨਾਮ ਇਕ ਐਸਾ ਪਦਾਰਥ ਹੈ ਜਿਸ ਵਰਗਾ ਕੋਈ ਹੋਰ ਨਹੀਂ। (ਇਸ ਵਾਸਤੇ, ਹੇ ਮਿੱਤਰੋ!) ਸਾਰੇ (ਇਸ ਨਾਮ ਨੂੰ) ਸਿਮਰੋ। ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦਿੱਤਾ ਉਹਨਾਂ ਦੇ ਚਿੱਤ (ਹਰੇਕ ਕਿਸਮ ਦੇ ਵਿਕਾਰ ਦੀ) ਮੈਲ ਤੋਂ ਸਾਫ਼ ਹੋ ਗਏ।1। ਰਹਾਉ। (ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰ ਆਪਣੇ) ਸ਼ਬਦ ਦੀ ਰਾਹੀਂ (ਆਤਮਕ ਗਿਆਨ ਦਾ) ਦੀਵਾ ਜਗਾ ਦਿੱਤਾ, ਉਸ ਦੇ ਹਿਰਦੇ ਵਿਚੋਂ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ। (ਹੇ ਭਾਈ!) ਸਾਧ ਸੰਗਤਿ ਵਿਚ ਜਿਸ ਮਨੁੱਖ ਦੀ ਸਰਧਾ ਬਣ ਗਈ, (ਗੁਰੂ ਨੇ) ਉਸ (ਦੇ ਮਨ) ਦਾ (ਮਾਇਆ ਦੀ ਖ਼ਾਤਰ) ਭਟਕਣਾ ਦਾ ਜਾਲ ਕੱਟ ਦਿੱਤਾ।1। (ਹੇ ਭਾਈ! ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ-ਰੂਪ ਜਹਾਜ਼ ਦਾ ਆਸਰਾ ਲਿਆ, ਉਹ ਇਸ ਅਥਾਹ ਤੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ। (ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਗੁਰੂ ਮਿਲ ਪਿਆ, ਉਸ ਦੇ ਮਨ ਦੀ (ਹਰੇਕ) ਕਾਮਨਾ ਪੂਰੀ ਹੋ ਗਈ।2। (ਹੇ ਭਾਈ! ਜਿਨ੍ਹਾਂ) ਭਗਤ ਜਨਾਂ ਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ, ਉਹਨਾਂ ਦੇ ਮਨ (ਮਾਇਆ ਵਲੋਂ ਤ੍ਰਿਪਤ ਹੋ ਗਏ, ਉਹਨਾਂ ਦੇ ਤਨ (ਹਿਰਦੇ ਮਾਇਆ ਵਲੋਂ) ਰੱਜ ਗਏ। ਹੇ ਨਾਨਕ! (ਆਖ– ਇਹ ਨਾਮ-ਖ਼ਜ਼ਾਨਾ) ਪਰਮਾਤਮਾ ਉਹਨਾਂ ਨੂੰ ਹੀ ਦੇਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ।3।12। 133। ਗਉੜੀ ਮਹਲਾ ੫ ॥ ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥ ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥ ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ॥੧॥ ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ ॥ ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥੨॥ ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥ ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ ॥੩॥ ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥ ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥ {ਪੰਨਾ 208} ਪਦ ਅਰਥ: ਮਇਆ = ਕਿਰਪਾ। ਪ੍ਰਾਨਪਤਿ ਮੋਰੇ = ਹੇ ਮੇਰੀ ਜਿੰਦ ਦੇ ਮਾਲਕ! ਮੋਹਿ = ਮੈਂ। ਪ੍ਰਭ = ਹੇ ਪ੍ਰਭੂ! ਕੂਪ = ਖੂਹ। ਅੰਧ = ਅੰਨ੍ਹਾ, ਹਨੇਰਾ। ਦੇ = ਦੇ ਕੇ। ਉਕਤਿ = ਦਲੀਲ। ਮੋਰੀ = ਮੇਰੀ।1। ਰਹਾਉ। ਸਮਰਥ = ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ। ਅਨ = {ANX} ਕੋਈ ਦੂਸਰਾ। ਗਤਿ = ਹਾਲਤ। ਮਿਤਿ = ਅੰਦਾਜ਼ਾ, ਮਾਪ। ਜਿਨ ਮਥੋਰੀ = ਜਿਨ੍ਹਾਂ ਦੇ ਮੱਥੇ ਉਤੇ।1। ਪ੍ਰਭ = ਹੇ ਪ੍ਰਭੂ! ਰਾਤੇ = ਰੱਤੇ ਹੋਏ, ਪਿਆਰ ਕਰਦੇ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤਿ, ਪ੍ਰੋਤੇ ਹੋਏ ਵਿਚ। ਜੋਰੀ = ਜੋੜੀ ਹੋਈ ਹੈ। ਪ੍ਰਿਉ ਪ੍ਰਿਉ = 'ਪਿਆਰਾ ਪ੍ਰਭੂ, ਪਿਆਰਾ ਪ੍ਰਭੂ' (ਆਖ ਆਖ ਕੇ) । ਦ੍ਰਿਸਟਿ = ਨਿਗਾਹ। ਓਹ ਦ੍ਰਿਸਟਿ = ਉਹੋ ਨਜ਼ਰ।2। ਭੇਦੁ = ਫ਼ਰਕ। ਜਾ ਕੈ ਹੀਐ = ਜਿਸ ਮਨੁੱਖ ਦੇ ਹਿਰਦੇ ਵਿਚ। ਅਨਦਿਨੁ = ਹਰ ਰੋਜ਼। ਰਸਨ = ਜੀਭ (ਨਾਲ) । ਰਮੋਰੀ = ਰਮਦਾ ਹੈ, ਸਿਮਰਦਾ ਹੈ।3। ਪ੍ਰਾਨ ਅਧੋਰੀ = ਪ੍ਰਾਣਾਂ ਦਾ ਆਧਾਰ। ਕਉ = ਨੂੰ, ਉਤੇ। ਸੰਗਿ = ਮੇਲਿ ਵਿਚ।4। ਅਰਥ: ਹੇ ਮੇਰੀ ਜਿੰਦ ਦੇ ਮਾਲਕ! (ਮੇਰੇ ਉਤੇ) ਦਇਆ ਕਰ ਮਿਹਰ ਕਰ। ਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ। (ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚ ਡਿੱਗਾ ਪਿਆ ਹਾਂ, ਆਪਣਾ) ਹੱਥ ਦੇ ਕੇ ਮੈਨੂੰ (ਇਸ ਹਨੇਰੇ ਖੂਹ ਵਿਚੋਂ) ਬਚਾ ਲੈ। ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ (ਇਥੇ) ਨਹੀਂ ਚੱਲ ਸਕਦੀ।1। ਰਹਾਉ। ਹੇ ਮੇਰੇ ਪ੍ਰਭੂ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈਂ, ਤੂੰ ਆਪ ਹੀ ਸਭ ਕੁਝ ਕਰਾ ਰਿਹਾ ਹੈਂ, ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ। (ਹੇ ਪ੍ਰਭੂ!) ਤੂੰ ਕਿਹੋ ਜਿਹਾ ਹੈਂ ਤੂੰ ਕੇਡਾ ਵੱਡਾ ਹੈਂ = ਇਹ ਭੇਦ ਤੂੰ ਆਪ ਹੀ ਜਾਣਦਾ ਹੈਂ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਤੇਰੀ ਬਖ਼ਸ਼ਸ਼ ਦੇ) ਭਾਗ ਜਾਗਦੇ ਹਨ, ਉਹ ਤੇਰੇ ਸੇਵਕ ਬਣ ਜਾਂਦੇ ਹਨ।1। ਹੇ ਮੇਰੇ ਪ੍ਰਭੂ! ਤੂੰ ਆਪਣੇ ਸੇਵਕਾਂ ਨਾਲ ਸਦਾ ਪਿਆਰ ਕਰਦਾ ਹੈਂ, ਆਪਣੇ ਭਗਤਾਂ ਨਾਲ ਤੂੰ ਆਪਣੀ ਪ੍ਰੀਤਿ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿਚ ਧਾਗੇ ਮਿਲੇ ਹੁੰਦੇ ਹਨ ਜਿਵੇਂ ਚਕੋਰ ਦੀ ਨਿਗਾਹ ਚੰਦ ਵਲ ਰਹਿੰਦੀ ਹੈ, ਉਹੀ ਨਿਗਾਹ ਤੇਰੇ ਭਗਤ ਦੀ ਹੁੰਦੀ ਹੈ। ਤੇਰਾ ਭਗਤ ਤੈਨੂੰ 'ਪਿਆਰਾ ਪਿਆਰਾ' ਆਖ ਆਖ ਕੇ ਤੇਰਾ ਨਾਮ ਜਪਦਾ ਹੈ, ਤੇ ਤੇਰਾ ਦੀਦਾਰ ਲੋਚਦਾ ਹੈ।2। (ਹੇ ਭਾਈ!) ਪਰਮਾਤਮਾ ਤੇ ਪਰਮਾਤਮਾ ਦੇ ਸੰਤ ਵਿਚ ਕੋਈ ਫ਼ਰਕ ਨਹੀਂ ਹੁੰਦਾ, ਪਰ ਇਹੋ ਜਿਹਾ ਮਨੁੱਖ ਕਈ ਲੱਖਾਂ ਕ੍ਰੋੜਾਂ ਵਿਚੋਂ ਕੋਈ ਇੱਕ ਹੀ ਹੁੰਦਾ ਹੈ। (ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਰਕਾਸ਼ ਕਰਦਾ ਹੈ, ਉਹ ਮਨੁੱਖ ਹਰ ਵੇਲੇ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਉਚਾਰਦਾ ਰਹਿੰਦਾ ਹੈ।3। ਹੇ ਮੇਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ! ਹੇ ਬੇਅੰਤ ਉੱਚੇ! ਹੇ ਸਭ ਨੂੰ ਸੁਖ ਦੇਣ ਵਾਲੇ! ਤੂੰ ਸਭ ਤਾਕਤਾਂ ਦਾ ਮਾਲਕ ਹੈਂ। ਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ, ਮੈਨੂੰ ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਥਾਂ ਦੇਈ ਰੱਖ।4।13। 134। |
Sri Guru Granth Darpan, by Professor Sahib Singh |